ਸੰਨ 1857 ਦੇ ਗ਼ਦਰ ਦੇ ਪਹਿਲੇ ਸ਼ਹੀਦ ਮੰਗਲ ਪਾਂਡੇ ਦਾ ਜਨਮ 19 ਜੁਲਾਈ 1827 ਨੂੰ ਯੂਪੀ ਦੇ ਬਲੀਆ ਜ਼ਿਲ੍ਹੇ ਦੇ ਪਿੰਡ ਨਗਵਾ ’ਚ ਪਿਤਾ ਦਿਵਾਕਰ ਪਾਂਡੇ ਦੇ ਘਰ ਹੋਇਆ ਸੀ। ਵੱਡਾ ਹੋ ਕੇ ਉਹ ਫ਼ੌਜ ’ਚ ਭਰਤੀ ਹੋ ਗਿਆ। ਅੰਗਰੇਜ਼ ਹਾਕਮ ਹਿੰਦੁਸਤਾਨੀ ਸਿਪਾਹੀਆਂ ਨਾਲ ਘੋਰ ਵਿਤਕਰਾ ਕਰਦੇ ਸਨ ਅਤੇ ਉਨਾਂ ਨੂੰ ਅੰਗਰੇਜ਼ ਸਿਪਾਹੀਆਂ ਦੇ ਮੁਕਾਬਲੇ ਬਹੁਤ ਘੱਟ ਤਨਖ਼ਾਹ, ਗੰਦੀ ਰਿਹਾਇਸ਼ ਤੇ ਮਾੜੀ ਖ਼ੁਰਾਕ ਦਿੰਦੇ ਸਨ। ਇਸ ਨੂੰ ਭਾਰਤੀ ਸਿਪਾਹੀ ਆਪਣਾ ਨਿਰਾਦਰ ਸਮਝਦੇ ਸਨ। ਅੰਗਰੇਜ਼ਾਂ ਤੋਂ ਆਮ ਲੋਕ ਵੀ ਦੁਖੀ ਸਨ। ਬੰਗਾਲ ਦੇ ਕੱਪੜੇ ਦੀ ਸਨਅਤ ਜੋ ਦੁਨੀਆ ਭਰ ’ਚ ਮੰਨੀ-ਪ੍ਰਮੰਨੀ ਸੀ, ਉਸ ਦਾ ਖਾਤਮਾ ਕਰਨ ਵਾਸਤੇ ਅੰਗਰੇਜ਼ਾਂ ਨੇ ਕਾਰੀਗਰਾਂ ਦੀਆਂ ਉਂਗਲਾਂ ਤਕ ਵੱਢ ਦਿੱਤੀਆਂ ਸਨ। ਫ਼ੌਜੀਆਂ ਵਾਸਤੇ ਨਵੀਆਂ ਰਾਈਫਲਾਂ ਆ ਗਈਆਂ ਸਨ ਜਿਨ੍ਹਾਂ ’ਚ ਕਾਰਤੂਸ ਮੂੰਹ ਨਾਲ ਖੋਲ੍ਹ ਕੇ ਭਰਨਾ ਪੈਂਦਾ ਸੀ। ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਕਾਰਤੂਸ ’ਤੇ ਸੂਰ ਤੇ ਗਾਂ ਦੀ ਚਰਬੀ ਲੱਗੀ ਹੋਈ ਹੈ। ਸਿਪਾਹੀਆਂ ਨੇ ਸਮਝਿਆ ਕਿ ਅੰਗਰੇਜ਼ ਸਾਡਾ ਧਰਮ ਭ੍ਰਿਸ਼ਟ ਕਰਨਾ ਚਾਹੁੰਦੇ ਹਨ। ਬੈਰਕਪੁਰ ਛਾਉਣੀ ਦੇ ਸਿਪਾਹੀਆਂ ਨੂੰ ਜਦੋਂ ਅੰਗਰੇਜ਼ਾਂ ਨੇ ਜਬਰਦਸਤੀ ਕਾਰਤੂਸ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ 25 ਫਰਵਰੀ 1857 ਨੂੰ ਵਜ਼ੀਰ ਅਲੀ ਖਾਂ ਦੀ ਅਗਵਾਈ ਹੇਠ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ। ਅੰਗਰੇਜ਼ਾਂ ਨੇ ਫ਼ੌਜ ਕੋਲੋਂ ਹਥਿਆਰ ਖੋਹ ਕੇ ਰੈਜੀਮੈਂਟ ਤੋੜਨ ਦਾ ਫ਼ੈਸਲਾ ਲੈ ਲਿਆ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਸਭ ਛਾਉਣੀਆਂ ਵਿਚ ਫੈਲ ਗਈ। ਇਲਾਹਬਾਦ, ਆਗਰਾ, ਅੰਬਾਲਾ, ਮਦਰਾਸ, ਬੰਬਈ ਆਦਿ ਛਾਉਣੀਆਂ ਵਿਚ ਰੋਸ ਵਿਖਾਵੇ ਹੋਏ। ਪਿੰਡਾਂ ਦੇ ਲੋਕ ਵੀ ਵਿਦਰੋਹ ਵਿਚ ਸ਼ਾਮਿਲ ਹੋ ਗਏ। ਫ਼ੌਜੀਆਂ ਨੇ ਫ਼ੈਸਲਾ ਕਰ ਲਿਆ ਸੀ ਕਿ 31 ਮਈ 1857 ਨੂੰ ਸਾਰੀਆਂ ਛਾਉਣੀਆਂ ’ਚ ਇੱਕੋ ਵੇਲੇ ਬਗਾਵਤ ਕਰ ਦਿੱਤੀ ਜਾਵੇਗੀ। ਮੰਗਲ ਪਾਂਡੇ ਸਿਪਾਹੀਆਂ ’ਚੋਂ ਸਭ ਤੋਂ ਵੱਧ ਚੇਤੰਨ ਤੇ ਜੋਸ਼ੀਲਾ ਸੀ। ਜਦੋਂ ਉਸ ਨੂੰ ਰੈਜੀਮੈਂਟ ਤੋੜਨ ਦਾ ਪਤਾ ਲੱਗਾ ਤਾਂ ਉਸ ਨੇ ਚਾਹਿਆ ਕਿ ਦੇਸ਼ ਭਰ ਦੇ ਫ਼ੌਜੀਆਂ ਨੂੰ ਮਿੱਥੇ ਸਮੇਂ ਤੋਂ ਪਹਿਲਾਂ ਹੀ ਬਗਾਵਤ ਕਰ ਦੇਣੀ ਚਾਹੀਦੀ ਹੈ, ਨਹੀਂ ਤਾਂ ਕੁਝ ਨਹੀਂ ਹੋ ਸਕਣਾ। ਮੰਗਲ ਪਾਂਡੇ ਦੇ ਵਿਚਾਰ ਨਾਲ ਸਿਪਾਹੀ ਸਹਿਮਤ ਸਨ ਪਰ ਬਗਾਵਤ ਕਰਨ ਤੋਂ ਝਿਜਕਦੇ ਸਨ। ਮੰਗਲ ਪਾਂਡੇ ਨੇ ਇਕੱਲੇ ਹੀ ਬਗ਼ਾਵਤ ਕਰਨ ਦਾ ਫ਼ੈਸਲਾ ਲੈ ਲਿਆ। ਉਸ ਨੂੰ ਆਸ ਸੀ ਕਿ ਜਦੋਂ ਮੈਂ ਮੈਦਾਨ ਵਿਚ ਉੱਤਰ ਆਇਆ ਤਾਂ ਲਾਜ਼ਮੀ ਹੀ ਸਿਪਾਹੀ ਉਸ ਦੇ ਨਾਲ ਆ ਜਾਣਗੇ। ਮੰਗਲ ਪਾਂਡੇ ਨੇ ਬੰਦੂਕ ਵਿਚ ਗੋਲ਼ੀਆਂ ਭਰੀਆਂ ਅਤੇ 29 ਮਾਰਚ 1857 ਦੀ ਪਰੇਡ ਸਮੇਂ ਗਰਾਊਂਡ ਵਿਚ ਰਾਊਂਡ ਲਾਉਂਦਾ ਹੋਇਆ ਚਿਲਾ ਕੇ ਬੋਲਿਆ, ‘‘ਓ! ਭਰਾਵੋ, ਉੱਠੋ। ਤੁਸੀਂ ਪਿੱਛੇ ਕਿਉਂ ਹਟ ਰਹੇ ਹੋ? ਆਓ, ਮੈਂ ਤੁਹਾਨੂੰ ਲੋਕਾਂ ਨੂੰ ਧਰਮ ਦੀ ਸਹੁੰ ਖਵਾਉਂਦਾ ਹਾਂ। ਆਜ਼ਾਦੀ ਪੁਕਾਰ ਰਹੀ ਹੈ ਕਿ ਅਸੀਂ ਤੁਰੰਤ ਆਪਣੇ ਧੋਖੇਬਾਜ਼ ਦੁਸ਼ਮਣ ’ਤੇ ਹੱਲਾ ਬੋਲ ਦੇਈਏ। ਮੰਗਲ ਪਾਂਡੇ ਪਰੇਡ ਵਾਲੇ ਮੈਦਾਨ ’ਚ ਇਕ ਬੇਖ਼ੌਫ਼ ਸੂਰਮੇ ਦੀ ਤਰ੍ਹਾਂ ਘੁੰਮਦਾ ਰਿਹਾ ਪਰ ਸਿਪਾਹੀਆਂ ਨੇ ਬਗਾਵਤ ਵਿਚ ਹਿੱਸਾ ਨਾ ਲਿਆ। ਅੰਗਰੇਜ਼ ਅਫ਼ਸਰ ਸਾਰਜੈਂਟ ਮੇਜਰ ਹਿਉਸਨ ਨੇ ਉਸ ਨੂੰ ਗਿ੍ਰਫ਼ਤਾਰ ਕਰਨ ਦਾ ਹੁਕਮ ਦਿੱਤਾ ਪਰ ਸਿਪਾਹੀਆਂ ਨੇ ਮੰਗਲ ਪਾਂਡੇ ਨੂੰ ਹੱਥ ਨਾ ਲਾਇਆ। ਉਸ ਨੇ ਮੇਜਰ ਹਿਉਸਨ ਨੂੰ ਬੰਦੂਕ ਦੀ ਗੋਲ਼ੀ ਨਾਲ ਭੁੰਨ ਕੇ ਵਿਦਰੋਹ ਦਾ ਬਿਗਲ ਵਜਾ ਦਿੱਤਾ। ਦੂਜਾ ਅਫ਼ਸਰ ਲੈਫਟੀਨੈਂਟ ਬਾਗ ਘੋੜੇ ’ਤੇ ਸਵਾਰ ਹੋ ਕੇ ਪਾਂਡੇ ਵੱਲ ਵਧਿਆ ਤਾਂ ਉਸ ਨੇ ਉਸ ’ਤੇ ਗੋਲ਼ੀ ਚਲਾਈ ਅਤੇ ਉਹ ਘੋੜੇ ਸਮੇਤ ਭੋਂ ’ਤੇ ਡਿੱਗ ਪਿਆ। ਮੰਗਲ ਪਾਂਡੇ ਆਪਣੀ ਰਾਈਫਲ ਵਿਚ ਕਾਰਤੂਸ ਭਰਨ ਲੱਗ ਪਿਆ। ਇੰਨੇ ਚਿਰ ਨੂੰ ਅੰਗਰੇਜ਼ ਅਫ਼ਸਰ ਉੱਠਿਆ ਅਤੇ ਉਸ ਨੇ ਆਪਣੇ ਪਿਸਤੌਲ ਨਾਲ ਮੰਗਲ ਪਾਂਡੇ ’ਤੇ ਗੋਲ਼ੀ ਚਲਾਈ ਪਰ ਉਹ ਬਚ ਗਿਆ। ਪਾਂਡੇ ਨੇ ਮਿਆਨ ’ਚੋਂ ਤਲਵਾਰ ਖਿੱਚੀ ਤੇ ਅੰਗਰੇਜ਼ ਜ਼ਾਲਮ ਦਾ ਮੌਕੇ ’ਤੇ ਹੀ ਘਾਣ ਕਰ ਦਿੱਤਾ। ਇਕ ਹੋਰ ਗੋਰਾ ਅਫ਼ਸਰ ਮੰਗਲ ਪਾਂਡੇ ਵੱਲ ਆਇਆ। ਜਦ ਇਕ ਸਿਪਾਹੀ ਨੇ ਵੇਖਿਆ ਕਿ ਇਹ ਉਸ ਨੂੰ ਮਾਰ ਦੇਵੇਗਾ ਤਾਂ ਉਸ ਨੇ ਪਾਂਡੇ ’ਤੇ ਹਮਲਾ ਹੋਣ ਤੋਂ ਪਹਿਲਾਂ ਹੀ ਉਸ ਗੋਰੇ ਅਫ਼ਸਰ ਦੇ ਸਿਰ ਵਿਚ ਬੰਦੂਕ ਦਾ ਬੱਟ ਮਾਰ ਕੇ ਉਸ ਨੂੰ ਡੇਗ ਲਿਆ। ਭਾਰਤੀ ਸਿਪਾਹੀਆਂ ਨੇ ਕਿਹਾ ਕਿ ਕੋਈ ਵੀ ਅੰਗਰੇਜ਼ ਮੰਗਲ ਪਾਂਡੇ ਨੂੰ ਹੱਥ ਨਾ ਲਾਵੇ। ਅੰਗਰੇਜ਼ਾਂ ਦੇ ਹੁਕਮ ਦੇਣ ’ਤੇ ਕਿਸੇ ਵੀ ਸਿਪਾਹੀ ਨੇ ਮੰਗਲ ਪਾਂਡੇ ਨੂੰ ਗਿ੍ਰਫ਼ਤਾਰ ਨਾ ਕੀਤਾ। ਅੰਗਰੇਜ਼ਾਂ ਨੇ ਹੋਰ ਫ਼ੌਜੀ ਟੁਕੜੀ ਬੁਲਾ ਲਈ ਉਸ ਨੂੰ ਗਿ੍ਰਫ਼ਤਾਰ ਕਰਨ ਲਈ। ਮੰਗਲ ਪਾਂਡੇ ਨੇ ਆਪਣੀ ਹਿੱਕ ’ਚ ਗੋਲ਼ੀ ਦਾਗ਼ ਲਈ। ਅੰਗਰੇਜ਼ਾਂ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਤਾਂ ਕਿ ਸਾਜ਼ਿਸ਼ ਦਾ ਪਤਾ ਲਾਇਆ ਜਾ ਸਕੇ। ਮੰਗਲ ਪਾਂਡੇ ਦੇ ਠੀਕ ਹੋਣ ਉਪਰੰਤ ਅੰਗਰੇਜ਼ਾਂ ਨੇ ਉਸ ’ਤੇ ਘੋਰ ਤਸ਼ੱਦਦ ਕੀਤਾ ਪਰ ਉਸ ਨੇ ਕੁਝ ਨਾ ਦੱਸਿਆ। ਮੰਗਲ ਪਾਂਡੇ ਨੂੰ ਅੰਗਰੇਜ਼ ਹਾਕਮਾਂ ਨੇ 8 ਅਪ੍ਰੈਲ 1857 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।

-ਪਿਰਥੀਪਾਲ ਸਿੰਘ ਮਾੜੀਮੇਘਾ, ਅੰਮ੍ਰਿਤਸਰ। ਸੰਪਰਕ : 98760-78731

Posted By: Susheel Khanna