-ਸੁਖਵਿੰਦਰ ਸਿੰਘ ਮੁੱਲਾਂਪੁਰ

ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਗੁੱਜਰਾਂਵਾਲੇ (ਹੁਣ ਪਾਕਿਸਤਾਨ 'ਚ) ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ ਸੀ। ਗੁੱਜਰਾਂਵਾਲਾ ਵਿਚ ਉਨ੍ਹਾਂ ਦੇ ਜਨਮ ਅਸਥਾਨ ਵਾਲੀ ਥਾਂ 'ਤੇ ਹੁਣ ਮਿਊਂਸੀਪਲ ਕਮੇਟੀ ਦਾ ਦਫ਼ਤਰ ਅਤੇ ਟਾਊਨ ਹਾਲ ਹੈ। ਜਿਸ ਕਮਰੇ ਵਿਚ ਉਨ੍ਹਾਂ ਦਾ ਜਨਮ ਹੋਇਆ ਉਸ ਦੇ ਬਾਹਰ ਸ਼ਿਲਾਲੇਖ ਲੱਗਾ ਹੋਇਆ ਹੈ ਜਿਸ 'ਤੇ 'ਜਨਮ ਮਹਾਰਾਜਾ ਰਣਜੀਤ ਸਿੰਘ' ਲਿਖਿਆ ਹੋਇਆ ਹੈ। ਇਕ ਹੋਰ ਲਿਖਤ 'ਤੇ ਮਹਾਰਾਜਾ ਦਾ ਜਨਮ 2 ਨਵੰਬਰ 1780 ਲਿਖਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ ਸਦਕਾ 'ਸ਼ੇਰ-ਏ-ਪੰਜਾਬ' ਵੀ ਕਿਹਾ ਜਾਂਦਾ ਸੀ। ਉਨ੍ਹਾਂ ਨੇ 10 ਸਾਲ ਦੀ ਉਮਰ ਵਿਚ ਆਪਣੇ ਪਿਤਾ ਨਾਲ ਮਿਲ ਕੇ ਪਹਿਲੀ ਵਾਰ ਜੰਗ ਲੜੀ ਸੀ। ਉਨ੍ਹਾਂ ਨੂੰ ਬਚਪਨ ਵਿਚ ਚੇਚਕ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਦੀ ਇਕ ਅੱਖ ਦੀ ਰੋਸ਼ਨੀ ਚਲੀ ਗਈ ਸੀ। ਉਹ ਬਹੁਤ ਨਿਆਂ-ਪਸੰਦ ਸ਼ਾਸਕ ਸਨ। ਉਨ੍ਹਾਂ ਦਾ ਪਹਿਲਾ ਵਿਆਹ 15 ਸਾਲ ਦੀ ਉਮਰ ਵਿਚ ਮਹਿਤਾਬ ਕੌਰ ਨਾਲ ਹੋਇਆ ਸੀ।

ਮਹਾਰਾਜਾ ਰਣਜੀਤ ਸਿੰਘ ਦੇ 8 ਪੁੱਤਰ ਹੋਏ। ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂ ਮਹਾਰਾਜਾ ਖੜਕ ਸਿੰਘ ਸੀ ਜੋ ਉਨ੍ਹਾਂ ਦੀ ਦੂਜੀ ਪਤਨੀ ਦਾਤਾਰ ਕੌਰ ਦੀ ਕੁੱਖੋਂ ਪੈਦਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ 14500 ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਸੀ। ਮਹਾਰਾਜੇ ਕੋਲ ਜੰਗ ਕਰਨ ਵਾਸਤੇ ਬੇਅੰਤ ਸਾਜ਼ੋ-ਸਾਮਾਨ ਅਤੇ ਸਿੱਖ ਰਾਜ ਲਈ ਮਰ-ਮਿਟਣ ਵਾਲੇ ਯੋਧੇ ਸਨ। ਅਪ੍ਰੈਲ 1837 ਵਿਚ ਪਠਾਣਾਂ ਨੇ ਜਮਰੌਦ ਦੇ ਕਿਲੇ 'ਤੇ ਹੱਲਾ ਬੋਲ ਦਿੱਤਾ। ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੇ ਮਹਾਰਾਜਾ ਨੂੰ ਸੁਨੇਹਾ ਭੇਜਿਆ ਕਿ ਛੇਤੀ ਤੋਂ ਛੇਤੀ ਫ਼ੌਜਾਂ ਭੇਜੀਆਂ ਜਾਣ। ਜਮਰੌਦ ਦੇ ਕਿਲੇ ਨੂੰ ਘੇਰਾ ਪੈ ਗਿਆ ਹੈ।ਪਰ ਬੇਈਮਾਨ ਧਿਆਨ ਸਿੰਘ ਡੋਗਰੇ ਨੇ ਇਹ ਖ਼ਬਰ ਮਹਾਰਾਜੇ ਤਕ ਨਾ ਪਹੁੰਚਾਈ। ਭਾਵੇਂ ਹਰੀ ਸਿੰਘ ਨਲੂਏ ਨੇ ਪਠਾਣਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਛਾਤੀ ਵਿਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਇਆ ਹਰੀ ਸਿੰਘ ਨਲੂਆ 30 ਅਪ੍ਰੈਲ 1837 ਨੂੰ ਸ਼ਹੀਦ ਹੋ ਗਿਆ। ਜਦ ਇਸ ਖ਼ਬਰ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਨੇ ਕਿਹਾ, “ਮੈਨੂੰ ਪਤਾ ਵੀ ਨਾ ਹੋਵੇ ਕਿ ਮੇਰਾ ਜਰਨੈਲ ਮੇਰੀ ਗ਼ੈਰ-ਹਾਜ਼ਰੀ ਵਿਚ ਦੁਸ਼ਮਣਾਂ ਨਾਲ ਲੜਦਾ-ਲੜਦਾ ਸ਼ਹੀਦ ਹੋ ਜਾਵੇ। ਅਫ਼ਸੋਸ ਕਿ ਮੈਂ ਉਸ ਦੀ ਮਦਦ ਲਈ ਫ਼ੌਜ ਵੀ ਨਹੀਂ ਭੇਜ ਸਕਿਆ। ਇੰਨਾ ਕਹਿ ਕੇ ਮਹਾਰਾਜੇ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਹਰੀ ਸਿੰਘ ਨਲੂਏ ਦੇ ਸ਼ਹੀਦ ਹੋਣ ਪਿੱਛੋਂ ਉਸ ਦੇ ਕੰਮ ਦੀਆਂ ਜ਼ਿੰਮੇਵਾਰੀਆਂ ਮਹਾਰਾਜੇ ਦੇ ਸਿਰ ਆਣ ਪਈਆਂ। ਮਹਾਰਾਜਾ ਰਣਜੀਤ ਸਿੰਘ ਬਿਮਾਰ ਰਹਿਣ ਲੱਗ ਪਏ। ਜਦ ਉਨ੍ਹਾਂ ਦਾ ਅੰਤਿਮ ਸਮਾਂ ਨੇੜੇ ਆਉਣ ਲੱਗਾ ਤਾਂ ਉਨ੍ਹਾਂ ਨੂੰ ਆਪਣੇ ਵੱਧ ਰਹੇ ਰੋਗ ਦਾ ਅਹਿਸਾਸ ਹੋ ਗਿਆ। ਉਨ੍ਹਾਂ ਨੂੰ ਲੱਗਣ ਲੱਗਾ ਕਿ ਹੁਣ ਮੈਂ ਇਸ ਦੁਨੀਆ 'ਤੇ ਬਹੁਤਾ ਚਿਰ ਨਹੀਂ ਰਹਿ ਸਕਦਾ। ਮਹਾਰਾਜਾ ਨੇ ਹਜ਼ੂਰੀ ਬਾਗ ਵਿਚ ਅੰਤਿਮ ਦਰਬਾਰ ਲਾਇਆ। ਮਹਾਰਾਜਾ ਇੰਨਾ ਕਮਜ਼ੋਰ ਹੋ ਚੁੱਕਾ ਸੀ ਕਿ ਉਸ ਨੂੰ ਦਰਬਾਰ ਵਿਚ ਪਾਲਕੀ 'ਤੇ ਬਿਠਾ ਕੇ ਲਿਆਂਦਾ ਗਿਆ। ਦਰਬਾਰ ਵਿਚ ਸਾਕ-ਸਬੰਧੀਆਂ, ਸਰਦਾਰਾਂ, ਵਜ਼ੀਰਾਂ, ਯੋਧਿਆਂ ਅਤੇ ਜਰਨੈਲਾਂ ਨੂੰ ਬੁਲਾਇਆ ਹੋਇਆ ਸੀ।

ਮਹਾਰਾਜੇ ਨੇ ਸਭ ਨੂੰ ਆਖ਼ਰੀ ਫ਼ਤਿਹ ਬਲਾਉਣ ਦੇ ਲਹਿਜ਼ੇ ਨਾਲ ਕਿਹਾ, “ਖ਼ਾਲਸਾ ਜੀ, ਮੇਰਾ ਹੁਣ ਅਖੀਰੀ ਵਕਤ ਆ ਗਿਆ ਹੈ। ਮੈਂ ਤੁਹਾਡੇ ਕੋਲੋਂ ਸਦਾ ਲਈ ਚਲਿਆ ਜਾਵਾਂਗਾ। ਜੋ ਇਸ ਦੁਨੀਆ 'ਤੇ ਆਇਆ ਹੈ, ਅਖੀਰ ਉਸ ਨੂੰ ਜਹਾਨ ਤੋਂ ਜਾਣਾ ਪਿਆ ਹੈ। ਇਹ ਸੁਣ ਕੇ ਦਰਬਾਰ ਵਿਚ ਬੈਠੇ ਸਾਰੇ ਬੰਦੇ ਉਦਾਸ ਹੋ ਗਏ। ਮਹਾਰਾਜੇ ਨੂੰ ਆਪਣੇ ਚਲਾਣੇ ਤੋਂ ਬਾਅਦ ਸਿੱਖ ਰਾਜ 'ਤੇ ਪਾਟੋ-ਧਾੜ ਦਾ ਆਉਣ ਵਾਲਾ ਸਮਾਂ ਦਿਸ ਰਿਹਾ ਸੀ। ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਮੈਂ ਸਾਰੀਆਂ ਮਿਸਲਾਂ ਇਕੱਠੀਆਂ ਕਰ ਕੇ ਇਕ ਸਿੱਖ ਰਾਜ ਦੀ ਸਥਾਪਨਾ ਕੀਤੀ ਹੈ। ਸਿੱਖ ਰਾਜ ਨੂੰ ਇਸ ਤਰ੍ਹਾਂ ਹੀ ਕਾਇਮ ਰੱਖਿਓ। ਤੁਹਾਡੀ ਤੇਗ ਦੀ ਧਾਕ ਤੋਂ ਸਾਰੀ ਦੁਨੀਆ ਡਰਦੀ ਹੈ। ਇਸ ਨੂੰ ਇਸ ਤਰ੍ਹਾਂ ਹੀ ਤਿਆਰ-ਬਰ-ਤਿਆਰ ਰੱਖਿਓ। ਮੈਂ ਤਾਂ ਬਸ ਇਸ ਗੱਲ ਤੋਂ ਡਰਦਾ ਹਾਂ ਕਿ ਇਹ ਕਿਤੇ ਤੁਹਾਡੇ ਵਿਚ ਨਾ ਖੜਕਣ ਲੱਗ ਪਵੇ। ਦੁਸ਼ਮਣਾਂ ਦੀਆਂ ਚਾਲਾਂ ਤੋਂ ਬਚ ਕੇ ਰਹਿਣਾ। ਇਹ ਪੰਜਾਬ ਮੈਨੂੰ ਜਾਨੋਂ ਵੱਧ ਪਿਆਰਾ ਹੈ। ਜੇਕਰ ਬਾਹਰੀ ਦੁਸ਼ਮਣ ਪੰਜਾਬ ਦੀ ਧਰਤੀ 'ਤੇ ਪੈਰ ਧਰਨਗੇ ਤਾਂ ਸਮਝ ਲੈਣਾ ਕਿ ਉਨ੍ਹਾਂ ਨੇ ਮਹਾਰਾਜੇ ਦੀ ਛਾਤੀ 'ਤੇ ਪੈਰ ਰੱਖ ਲਿਆ ਹੈ। ਇਹੋ ਜਿਹੀਆਂ ਜਾਗ੍ਰਿਤ ਕਰਨ ਵਾਲੀਆਂ ਨਸੀਹਤਾਂ ਦੇਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਖੜਕ ਸਿੰਘ ਨੂੰ ਮੇਰੇ ਕੋਲ ਲੈ ਕੇ ਆਓ। ਬਾਈ ਮਈ 1839 ਨੂੰ ਮਹਾਰਾਜਾ ਨੇ ਆਪਣੇ ਵੱਡੇ ਪੁੱਤਰ ਖੜਕ ਸਿੰਘ ਦਾ ਰਾਜ ਤਿਲਕ ਆਪਣੇ ਹੱਥੀਂ ਕਰ ਦਿੱਤਾ। ਉਸ ਦੀ ਬਾਂਹ ਰਾਜਾ ਧਿਆਨ ਸਿੰਘ ਦੇ ਹੱਥ ਫੜਾ ਦਿੱਤੀ। ਨਾਲ ਹੀ ਐਲਾਨ ਕਰ ਦਿੱਤਾ ਕਿ ਅੱਜ ਤੋਂ ਇਹ ਖੜਕ ਸਿੰਘ ਮਹਾਰਾਜਾ ਬਣ ਗਿਆ ਹੈ। ਧਿਆਨ ਸਿੰਘ ਡੋਗਰਾ ਨੂੰ ਉਸ ਦਾ ਵਜ਼ੀਰ ਥਾਪ ਦਿੱਤਾ।ਗਿਆ। 'ਗੀਤਾ' ਉੱਤੇ ਹੱਥ ਧਰ ਕੇ ਧਿਆਨ ਸਿੰਘ ਨੇ ਸਿੱਖ ਰਾਜ ਅਤੇ ਮਹਾਰਾਜਾ ਖੜਕ ਸਿੰਘ ਦਾ ਵਫ਼ਾਦਾਰ ਰਹਿਣ ਦੀ ਕਸਮ ਖਾਧੀ। ਸਤਾਈ ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਕਿਲਾ ਲਾਹੌਰ ਦੇ ਸੰਮਨ ਬੁਰਜ ਦੀ ਇਮਾਰਤ 'ਚ ਅਕਾਲ ਚਲਾਣਾ ਕਰ ਗਏ। ਅਗਲੇ ਦਿਨ 28 ਜੂਨ ਨੂੰ ਮਹਾਰਾਜੇ ਦਾ ਸਸਕਾਰ ਸਰਕਾਰੀ ਰਸਮਾਂ ਨਾਲ ਕੀਤਾ ਗਿਆ।

ਮਹਾਰਾਜੇ ਦੇ ਸੁਰਗਵਾਸ ਹੋਣ ਦੀ ਖ਼ਬਰ ਜਿਵੇਂ-ਜਿਵੇਂ ਫੈਲਦੀ ਗਈ ਲਾਹੌਰ ਕਿਲੇ ਵਿਚ ਇਕੱਠ ਹੋਣਾ ਸ਼ੁਰੂ ਹੋ ਗਿਆ। ਸਸਕਾਰ ਮੌਕੇ ਮਾਤਮੀ ਧੁਨਾਂ ਵੱਜੀਆਂ। ਲੋਕਾਂ ਦੀਆਂ ਅੱਖਾਂ 'ਚ ਹੰਝੂ ਵਹਿ ਤੁਰੇ। ਜਿਹੜਾ ਮਹਾਰਾਜਾ ਕਿਲੇ ਅੰਦਰ ਤਖ਼ਤ 'ਤੇ ਬੈਠਿਆ ਕਰਦਾ ਸੀ ਅੱਜ ਉਹ ਚਿਖਾ 'ਤੇ ਲੇਟਿਆ ਹੋਇਆ ਸੀ। ਤੋਪਾਂ ਦਾਗ ਕੇ ਮਹਾਰਾਜੇ ਨੂੰ ਸਲਾਮੀ ਦਿੱਤੀ ਗਈ। ਮਹਾਰਾਜੇ ਦਾ ਕਿਲੇ ਦੇ ਸਾਹਮਣੇ ਹੀ ਡੇਹਰਾ ਸਾਹਿਬ ਗੁਰਦੁਆਰੇ ਦੇ ਲਾਗੇ ਚੰਨਣ ਦੀ ਚਿਖ਼ਾ ਤਿਆਰ ਕਰ ਕੇ ਸਸਕਾਰ ਕੀਤਾ ਗਿਆ। ਮਹਾਰਾਜੇ ਦੀ ਚਿਖ਼ਾ ਦੇ ਆਲੇ-ਦੁਆਲੇ ਚਾਰ ਰਾਣੀਆਂ, ਸੱਤ ਗੋਲੀਆਂ ਬਿਠਾ ਕੇ ਮਹਾਰਾਜਾ ਖੜਕ ਸਿੰਘ ਨੇ ਆਪਣੇ ਪਿਤਾ ਦੀ ਚਿਖਾ ਨੂੰ ਆਪ ਲਾਂਬੂ ਲਾਇਆ। 28 ਜੂਨ ਦਾ ਦਿਨ ਸੀ। ਗਰਮੀ ਪੂਰੇ ਜੋਬਨ 'ਤੇ ਸੀ। ਓਧਰ ਅੱਗ ਦੀਆਂ ਲਪਟਾਂ ਵੀ ਆਕਾਸ਼ ਨੂੰ ਛੂਹਣ ਲੱਗ ਪਈਆਂ ਸਨ। ਬਲਦੀ ਚਿਖਾ ਵਿਚ ਕਬੂਤਰਾਂ ਦਾ ਇਕ ਜੋੜਾ ਵੀ ਸੜ ਕੇ ਰਾਖ ਬਣ ਗਿਆ ਸੀ। ਧਿਆਨ ਸਿੰਘ ਡੋਗਰਾ ਤਿੰਨ-ਚਾਰ ਵਾਰ ਚਿਖਾ ਵਿਚ ਡਿਗਣ ਵਾਸਤੇ ਭੱਜਿਆ ਸੀ। ਉਸ ਨੂੰ ਫੜ ਕੇ ਰੋਕਣ ਵਾਲਾ ਵੀ ਉਸ ਦਾ ਭਰਾ ਗੁਲਾਬ ਸਿੰਘ ਹੀ ਸੀ। ਅਜੇ ਤਾਂ ਮਹਾਰਾਜਾ ਦੀ ਦੇਹ ਪੂਰੀ ਸੜ ਕੇ ਰਾਖ ਵੀ ਨਹੀਂ ਹੋਈ ਸੀ ਕਿ ਡੋਗਰਿਆਂ ਨੇ ਸਾਜ਼ਿਸ਼ਾਂ ਵੀ ਸ਼ੁਰੂ ਵੀ ਕਰ ਦਿੱਤੀਆਂ ਸਨ।

-ਮੋਬਾਈਲ ਨੰ. : 99141-84794

Posted By: Rajnish Kaur