ਪ੍ਰਾਚੀਨ ਕਾਲ ਤੋਂ ਹੀ ਤਕੜਾ ਮਾੜੇ ਨੂੰ ਲਤਾੜਦਾ ਆਇਆ ਹੈ। ਤਕੜੇ ਦਾ ਸੱਤੀਂ ਵੀਹੀਂ ਸੌ ਮੰਨਿਆ ਜਾਂਦਾ ਹੈ। ਹਾਸ਼ੀਏ ਤੋਂ ਹੇਠਾਂ ਜੀਵਨ ਬਸਰ ਕਰਦੇ ਦੱਬੇ-ਕੁਚਲੇ ਲੋਕਾਂ ਦੀਆਂ ਅੱਖਾਂ ’ਚ ਹੰਝੂ ਤਾਂ ਹੁੰਦੇ ਹਨ ਪਰ ਉਨ੍ਹਾਂ ਵਿਚ ਕਮਲ ਦੇ ਫੁੱਲ ਤੈਰਦੇ ਨਜ਼ਰ ਨਹੀਂ ਆਉਂਦੇ। ਇਨ੍ਹਾਂ ਨੂੰ ਸਰਾਪੇ ਕਹਿ ਕੇ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਜਾਂ ਉਨ੍ਹਾਂ ਦੀ ਹੋਣੀ ਨੂੰ ਪੂਰਬਲੇ ਜਨਮ ਨਾਲ ਜੋੜ ਦਿੱਤਾ ਜਾਂਦਾ ਹੈ। ਨਰਕ ਵਰਗੀ ਜ਼ਿੰਦਗੀ ਹੰਢਾ ਰਹੇ ਇਨ੍ਹਾਂ ਲੋਕਾਂ ਦੇ ਸੁਪਨੇ ਵੀ ਸੰਨ੍ਹਮਾਰੀ ਦਾ ਸ਼ਿਕਾਰ ਹੁੰਦੇ ਹਨ। ਮਨੁੱਖ ਦੇ ਮਹਾਬਲੀ ਬਣਨ ਦਾ ਸਦੀਆਂ ਪੁਰਾਣਾ ਬਿਖਮ ਸਫ਼ਰ ਸਭ ਨੂੰ ਪਤਾ ਹੈ।

ਮਨੁੱਖ ਕਦੇ ਚੌਪਾਇਆਂ ਵਾਂਗ ਚਾਰ ਲੱਤਾਂ ’ਤੇ ਚੱਲਿਆ ਕਰਦਾ ਸੀ। ਜਦੋਂ ਉਸ ਨੇ ਆਪਣੇ ਅਗਲੇ ਦੋ ਪੈਰਾਂ ਨੂੰ ਆਜ਼ਾਦ ਕਰ ਕੇ ਹੱਥ ਬਣਾ ਲਿਆ ਤਾਂ ਉਸ ਨੇ ਬਾਕੀ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਨੁਕੀਲੇ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ। ਦਿਮਾਗ ਉਸ ਕੋਲ ਪਹਿਲਾਂ ਹੀ ਸੀ। ਬਸ ਫਿਰ ਕੀ ਸੀ, ਉਸ ਨੇ ਦੂਜੇ ਜਾਨਵਰਾਂ ’ਤੇ ਫ਼ਤਿਹ ਹਾਸਲ ਕਰ ਲਈ ਤੇ ਜੰਗਲ ਦਾ ਬੇਤਾਜ ਬਾਦਸ਼ਾਹ ਬਣ ਬੈਠਾ।

ਫਿਰ ਮਨੁੱਖ ਨੇ ਛੋਟੇ-ਛੋਟੇ ਕਬੀਲੇ ਬਣਾ ਲਏ। ਰੈਣ-ਬਸੇਰੇ ਲਈ ਚਾਰ-ਦੀਵਾਰੀ ਬਣਾ ਕੇ ਉਹ ਸੁਰੱਖਿਅਤ ਹੋ ਗਿਆ ਤੇ ਚੈਨ ਦੀ ਨੀਂਦ ਸੌਣ ਲੱਗਾ। ਮਨੁੱਖ ਦੀ ਤ੍ਰਿਸ਼ਨਾ ਵੱਧਦੀ ਗਈ। ਉਸ ਦੇ ਘਰ ਦੀਆਂ ਕੰਧਾਂ ਫੈਲ ਰਹੀਆਂ ਸਨ। ਉਹ ਲੋੜ ਤੋਂ ਵੱਧ ਪੈਰ ਪਸਾਰਨ ਲੱਗਾ। ਇਹ ਸਾਮਰਾਜੀ ਸੋਚ ਦਾ ਆਗਾਜ਼ ਸੀ। ਕਬੀਲਿਆਂ ਨੇ ਇਕ-ਦੂਜੇ ਦਾ ਖ਼ੂਨ ਡੋਲ੍ਹਣਾ ਸ਼ੁਰੂ ਕਰ ਦਿੱਤਾ।

ਮਨੁੱਖ ਨੇ ਮਨੁੱਖ ਦਾ ਖ਼ੂਨ ਚੱਖਿਆ ਤਾਂ ਇਸ ਦੇ ਜ਼ਾਇਕੇ ਨੇ ਖਾਨਾਜੰਗੀ ਦੀ ਰੀਤ ਤੋਰ ਦਿੱਤੀ। ਨਿਰਬਲ ਲੋਕ ਘਾਹ ਦੀਆਂ ਤਿੜਾਂ ਵਾਂਗ ਦੱਬਦੇ-ਕੁਚਲਦੇ ਰਹੇ। ਘਾਹ ਦੀਆਂ ਤਿੜਾਂ ਆਖ਼ਰ ਕਿੰਨੀ ਕੁ ਦੇਰ ਤਿੜੀਆਂ ਰਹਿ ਸਕਦੀਆਂ ਹਨ! ਮਹਾਬਲੀਆਂ ਦੀ ਹਉਮੈ ਨੂੰ ਪੱਠੇ ਪਾਉਣ ਲਈ ਗੁਲਾਮਾਂ ਦੀ ਲੋੜ ਪਈ। ਘੋੜਿਆਂ ਤੇ ਹੋਰ ਜਾਨਵਰਾਂ ਨੂੰ ਉਹ ਪਹਿਲਾਂ ਹੀ ਵੱਸ ਕਰ ਚੁੱਕਾ ਸੀ। ਮਨੁੱਖ ਦੀ ਹਿਰਸ, ਲੋਭ ਤੇ ਲਾਲਸਾ ਨੇ ਹੱਦਾਂ-ਸਰਹੱਦਾਂ ਨੂੰ ਜਨਮ ਦਿੱਤਾ।

ਧਰਤ ਸੁਹਾਵੀ ਨੂੰ ਟੁਕੜਿਆਂ ਵਿਚ ਵੰਡ ਦਿੱਤਾ। ਗੁਲਾਮ-ਪ੍ਰਥਾ ਨੇ ਇਨਸਾਨ ਨੂੰ ਹੈਵਾਨ ਬਣਾ ਦਿੱਤਾ। ‘ਜਿਸ ਕੀ ਲਾਠੀ ਉਸ ਕੀ ਭੈਂਸ’ ਅਖਾਣ ਮੁਤਾਬਕ ਬਾਹੂਬਲੀਆਂ ਨੇ ਨਿਰਬਲਾਂ ਨੂੰ ਭੇਡਾਂ ਬੱਕਰੀਆਂ ਦੇ ਇੱਜੜ ਵਾਂਗ ਹੱਕਣਾ ਸ਼ੁਰੂ ਕਰ ਦਿੱਤਾ। ਨਿਸ਼ਚੇ ਹੀ ਮਨੁੱਖ ਨੇ ਅਣਕਿਆਸੀ ਤਰੱਕੀ ਕਰ ਲਈ ਹੈ। ਚੰਦਰਮਾ ’ਤੇ ਪੈੜਾਂ ਛੱਡਣ ਤੋਂ ਬਾਅਦ ਉਹ ਕਈ ਹੋਰ ਧਰਤੀਆਂ ਦੀ ਤਲਾਸ਼ ਵਿਚ ਤੁਰਿਆ ਹੋਇਆ ਹੈ। ਜਿਸ ਧਰਤ ਦਾ ਉਹ ਵਾਸੀ ਹੈ, ਉਹ ਉਸ ਨੂੰ ਸੌੜੀ ਲੱਗਦੀ ਹੈ।

ਇਹ ਤ੍ਰਿਸ਼ਨਾ ਘਟਣ ਦੀ ਬਜਾਏ ਵੱਧਦੀ ਹੀ ਜਾ ਰਹੀ ਹੈ। ਪਰ ਮਨੁੱਖ ਵੱਲੋਂ ਹੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਤਕਲੀਫ਼ਦੇਹ ਹੈ। ਮਨੁੱਖੀ ਤਸਕਰੀ ਤੇ ਗੁਲਾਮ-ਪ੍ਰਥਾ ਭਾਵੇਂ ਪਿਛਲੀਆਂ ਸਦੀਆਂ ਵਿਚ ਚਰਮ ਸੀਮਾ ’ਤੇ ਸਨ ਪਰ ਇੱਕੀਵੀਂ ਸਦੀ ਵਿਚ ਵੀ ਇਸ ਦਾ ਪ੍ਰਚਲਨ ਬੇਹੱਦ ਰੜਕਦਾ ਹੈ। ਮਨੁੱਖ ਵਿਚੋਂ ਮਨੁੱਖਤਾ ਮਨਫ਼ੀ ਹੋਣਾ ਸ਼ੁਭ ਸ਼ਗਨ ਨਹੀਂ ਹੈ।

ਇੱਕੀਵੀਂ ਸਦੀ ਵਿਚ ਵੀ ਜੇ ‘ਬੰਧੂਆ ਮਜ਼ਦੂਰੀ’ ਦੀਆਂ ਖ਼ਬਰਾਂ ਨਸ਼ਰ ਹੋ ਰਹੀਆਂ ਹਨ ਤਾਂ ਇਸ ਨੂੰ ਗ਼ੈਰ-ਇਨਸਾਨੀਅਤ ਵਾਲਾ ਵਰਤਾਰਾ ਹੀ ਕਿਹਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਪੰਜਾਬ ਦੇ ਚਾਰ ਸਰਹੱਦੀ ਜ਼ਿਲ੍ਹਿਆਂ ’ਚੋਂ ਲਿਆਂਦੇ ਗਏ 58 ‘ਬੰਧੂਆ ਮਜ਼ਦੂਰਾਂ’ ਦਾ ਰੱਜ ਕੇ ਸ਼ੋਸ਼ਣ ਹੋ ਰਿਹਾ ਹੈ।

ਇਸ ਲਿਖਤੀ ਸੂਚਨਾ ਤੋਂ ਬਾਅਦ ਸਿਆਸਤ ਭਖ ਗਈ ਹੈ। ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਅਤੇ ਕਿਸਾਨ-ਮਜ਼ਦੂਰ ਲੀਡਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਹੀ ਅਜਿਹਾ ‘ਹਾਸੋਹੀਣਾ’ ਪੱਤਰ ਭੇਜਿਆ ਹੈ। ਖ਼ੈਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਦਾ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਇਸ ਪੱਤਰ ਦੀ ਭਾਸ਼ਾ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

ਸਪਸ਼ਟੀਕਰਨ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਪਰੋਕਤ ਪੱਤਰ ਦਾ ‘ਕਿਸਾਨ ਸੰਘਰਸ਼’ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਇਹ ਮਾਮਲਾ ਮਨੁੱਖੀ ਤਸਕਰੀ ਮਾਫ਼ੀਆ ਨਾਲ ਸਬੰਧਤ ਹੈ। ਦਰਅਸਲ, ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਮੁੱਦੇ ਨੂੰ ਸਿਆਸੀ ਰੰਗਤ ਮਿਲ ਜਾਣੀ ਕੁਦਰਤੀ ਗੱਲ ਹੈ। ਸੱਚਾਈ ਤਾਂ ਇਹ ਹੈ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੇ ਦਸਾਂ ਨਹੁੰਆਂ ਦੀ ਕਿਰਤ-ਕਮਾਈ ਦੇ ਦਸਵੰਧ ਨੂੰ ਹੀ ਮਾਨਤਾ ਦਿੱਤੀ ਸੀ। ਮਲਿਕ ਭਾਗੋ ਦੇ ਸ਼ਾਹੀ ਪਕਵਾਨ ਦਾ ਨਿਉਤਾ ਠੁਕਰਾ ਕੇ ਆਪ ਨੇ ਕਿਰਤੀ ਭਾਈ ਲਾਲੋ ਦੀ ਰੁੱਖੀ-ਮਿੱਸੀ ਰੋਟੀ ਨੂੰ ਭੋਗ ਲਗਾਇਆ ਸੀ।

ਗੁਰੂ ਨਾਨਕ ਸਾਹਿਬ ਨੇ ਹਲ ਦੀ ਹੱਥੀ ਫੜ ਕੇ ਹੱਥੀਂ-ਕਾਰ ਦੇ ਮਹਾਤਮ ਨੂੰ ਉਜਾਗਰ ਕੀਤਾ। ਇਹੀ ਕਾਰਨ ਹੈ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ‘ਬੰਧੂਆ ਮਜ਼ਦੂਰਾਂ’ ਦੀ ਸੰਖਿਆ ਨਾ-ਮਾਤਰ ਹੈ। ਇਸ ਦਾ ਇਹ ਮਤਲਬ ਵੀ ਨਹੀਂ ਕਿ ਪੰਜਾਬ ਵਿਚ ਮਜ਼ਦੂਰਾਂ ਦਾ ਸ਼ੋਸ਼ਣ ਬਿਲਕੁਲ ਨਹੀਂ ਹੁੰਦਾ। ਜੇ ਨਾ ਹੁੰਦਾ ਤਾਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਇਹ ਲਿਖਣਾ ਨਾ ਪੈਂਦਾ, ‘‘ਜਿੱਥੇ ਬੰਦਾ ਜੰਮਦਾ ਸੀਰੀ ਹੈ/ਟਕਿਆਂ ਦੀ ਮੀਰੀ ਪੀਰੀ ਹੈ/ਜਿੱਥੇ ਕਰਜ਼ੇ ਹੇਠ ਪੰਜੀਰੀ ਹੈ/ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜੇਹੜੇ।’’

ਸ਼ਾਹਾਂ ਤੇ ਲੰਬੜਾਂ ਦੇ ਵਹੀ-ਖਾਤਿਆਂ ਵਿਚ ਲੈਣਦਾਰਾਂ ਦਾ ਕਰਜ਼ ਸ਼ੈਤਾਨ ਦੀ ਆਂਦਰ ਵਾਂਘ ਵੱਧਦਾ ਹੀ ਰਹਿੰਦਾ ਹੈ। ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ/ਇਕ ਮੁੱਠੀ ਚੁੱਕ ਲੈ ਦੂਜੀ ਤਿਆਰ’ ਲੋਕ ਗੀਤ ਵਾਂਗ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਕਰਜ਼ੇ ਦਾ ਬੋਝ ਕਈ ਵਾਰ ਇੰਨਾ ਵੱਧ ਜਾਂਦਾ ਹੈ ਕਿ ਉਨ੍ਹਾਂ ਨੂੰ ਖ਼ੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਾ ਪੈਂਦਾ ਹੈ। ਸੀਰੀਆਂ, ਆਥੜੀਆਂ ਜਾਂ ਖੇਤ ਮਜ਼ਦੂਰਾਂ ਦਾ ਦਰਅਸਲ ਸਰੀਰ ਹੀ ਉਨ੍ਹਾਂ ਲਈ ਸਨਅਤ/ਉਦਯੋਗ ਹੁੰਦਾ ਹੈ।

ਸਰੀਰ ਖੜ੍ਹ ਜਾਵੇ ਤਾਂ ਘਰ ਦੀ ਆਰਥਿਕਤਾ ਚਰਮਰਾ ਜਾਂਦੀ ਹੈ। ਇਕ ਸਮਾਂ ਸੀ ਜਦੋਂ ਹਰ ਪਿੰਡ ਵਿਚ ਕੋਈ ਨਾ ਕੋਈ ਵੈਲੀ ਜਾਂ ਅਫ਼ੀਮਚੀ ਜ਼ਰੂਰ ਹੁੰਦਾ ਸੀ। ਜ਼ਿਮੀਦਾਰ ਖੇਤ ਮਜ਼ਦੂਰਾਂ ਦੀ ਊਰਜਾ ਵਧਾਉਣ ਲਈ ਭੁੱਕੀ ਜਾਂ ਅਫ਼ੀਮ ਦਾ ਸੇਵਨ ਕਰਵਾ ਦਿਆ ਕਰਦੇ ਸਨ। ਉਨ੍ਹਾਂ ਦੇ ਮੁੜ੍ਹਕੇ ’ਚੋਂ ਫ਼ਸਲਾਂ ਨਿਸਰਦੀਆਂ। ਅਜੋਕੇ ਸਮੇਂ ਪੰਜਾਬ ਵਿਚ ਬੰਧੂਆ ਮਜ਼ਦੂਰ ਦਿਖਾਈ ਨਹੀਂ ਦਿੰਦੇ। ਹਾਂ, ਮਨੁੱਖੀ ਤਸਕਰ ਦੂਜੇ ਸੂਬਿਆਂ ਤੋਂ ਮਜ਼ਦੂਰਾਂ ਨੂੰ ਟੱਬਰਾਂ ਸਮੇਤ ਭੱਠਿਆਂ ’ਤੇ ਇੱਟਾਂ ਪੱਥਣ ਲਈ ਅੱਜ ਵੀ ਲੈ ਕੇ ਆਉਂਦੇ ਹਨ। ਇੱਟਾਂ ’ਤੇ ਉਨ੍ਹਾਂ ਦੇ ਹੱਥਾਂ ਦੀਆਂ ਲਕੀਰਾਂ ਹੁੰਦੀਆਂ ਹਨ।

ਸੰਨ 2017 ਵਿਚ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪਿੰਡ ਮੀਰਪੁਰ ਜੱਟਾਂ ਵਿਚ ਪੁਲਿਸ ਦੀ ਇਮਦਾਦ ਨਾਲ 83 ਬੰਧੂਆ ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ ਗਿਆ ਸੀ ਜਿਨ੍ਹਾਂ ਵਿਚ 20 ਬੱਚੇ ਅਤੇ 29 ਔਰਤਾਂ ਸ਼ਾਮਲ ਸਨ। ਮਨੁੱਖੀ ਤਸਕਰ ਮਾਫ਼ੀਆ ਰਾਹੀਂ ਦੂਜੇ ਸੂਬਿਆਂ ਤੋਂ ਲਿਆਂਦੇ ਜਾਂਦੇ ‘ਬੰਧੂਆ ਮਜ਼ਦੂਰਾਂ’ ਦਾ ਸ਼ੋਸ਼ਣ ਜ਼ਰੂਰ ਹੁੰਦਾ ਹੈ। ਪਰ ਸਰਹੱਦੀ ਜ਼ਿਲ੍ਹਿਆਂ ਵਿਚ ‘ਬੰਧੂਆ ਮਜ਼ਦੂਰਾਂ’ ਦੀ ਮੌਜੂਦਗੀ ਗਲੇ ਤੋਂ ਹੇਠਾਂ ਨਹੀਂ ਉਤਰਦੀ। ਤਾਰੋਂ ਪਾਰ ਖੇਤੀ ਸੀਮਤ ਸਮੇਂ ਲਈ ਬੀਐੱਸਐੱਫ ਦੀਆਂ ਸੰਗੀਨਾਂ ਦੀ ਛਾਂ ਹੇਠ ਹੀ ਹੁੰਦੀ ਹੈ। ਸਖ਼ਤ ਸਕਿਉਰਿਟੀ ਹੋਣ ਕਾਰਨ ਮਜ਼ਦੂਰਾਂ ਨੂੰ ਨਸ਼ਾ-ਪੱਤਾ ਦੇਣਾ ਅਟਪਟਾ ਲੱਗਦਾ ਹੈ। ਹਾਂ, ਦੂਜੇ ਸੂਬਿਆਂ ਵਿਚ ਬੰਧੂਆ ਮਜ਼ਦੂਰਾਂ ਦਾ ਖ਼ੂਬ ਸ਼ੋਸ਼ਣ ਹੁੰਦਾ ਹੈ।

ਉਨ੍ਹਾਂ ’ਤੇ ਹੁੰਦਾ ਅਣ-ਮਨੁੱਖੀ ਤਸ਼ੱਦਦ ਲੂੰ-ਕੰਡੇ ਖੜ੍ਹੇ ਕਰਦਾ ਹੈ। ਕੁਝ ਮਹੀਨੇ ਪਹਿਲਾਂ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿਚ ਵਿਜੇ ਨਾਮ ਦੇ 26 ਸਾਲਾ ਬੰਧੂਆ ਮਜ਼ਦੂਰ ਨੂੰ ਉਸ ’ਤੇ ਤੇਲ ਛਿੜਕ ਕੇ ਅੱਗ ਦੇ ਹਵਾਲੇ ਇਸ ਲਈ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ 5000 ਦਾ ਕਰਜ਼ਾ ਮੋੜਨ ਦੀ ਬਜਾਏ ‘ਆਜ਼ਾਦ’ ਹੋਣ ਦੀ ਕੋਸ਼ਿਸ਼ ਕੀਤੀ ਸੀ। ਪੀੜਤ ਬਾਲ-ਬੱਚੇਦਾਰ ਸੀ ਜਿਸ ਦੀ ਅਰਥੀ ਨੂੰ ਮੋਢਾ ਦੇਣ ਲੱਗਿਆਂ ਉਸ ਦਾ ਪਿਤਾ ਬੇਹੋਸ਼ ਕੇ ਡਿੱਗ ਪਿਆ ਸੀ। ਇਹ ਮੱਧ ਪ੍ਰਦੇਸ਼ ਦੇ ਸਹਰਿਆ ਕਬੀਲੇ ਨਾਲ ਸਬੰਧਤ ਸੀ ਜਿਸ ਦੇ ਕਈ ਲੋਕ ਟੱਬਰਾਂ ਸਣੇ ਬਹਿਕਾਂ, ਡੇਰਿਆਂ ਅਤੇ ਭੱਠਿਆਂ ’ਤੇ ਆਥੜੀ ਹਨ।

ਇਨ੍ਹਾਂ ਦਾ ਕਰਜ਼ਾ ਵੀ ਪੀੜ੍ਹੀ-ਦਰ-ਪੀੜ੍ਹੀ ਚੱਲਦਾ ਰਹਿੰਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਥੋਂ ਦੀ ਸਰਕਾਰ ਜਾਗੀ ਜ਼ਰੂਰ ਪਰ ਕੁਝ ਦਿਨਾਂ ਬਾਅਦ ਫਿਰ ਕੁੰਭਕਰਨੀ ਨੀਂਦ ਸੌਂ ਗਈ। ਇੰਦਰਾ ਗਾਂਧੀ ਦੀ ਸਰਕਾਰ ਨੇ 1976 ਵਿਚ ਬੰਧੂਆ ਮਜ਼ਦੂਰੀ ਪ੍ਰਥਾ ਦੇ ਖ਼ਾਤਮੇ ਲਈ ਕਾਨੂੰਨ ਬਣਾਇਆ ਸੀ ਪਰ ਦੇਸ਼ ਦੇ ਕਈ ਹਿੱਸਿਆਂ ਵਿਚ ਇਸ ਦਾ ਅੱਜ ਵੀ ਉਲੰਘਣ ਹੋ ਰਿਹਾ ਹੈ।

ਆਜ਼ਾਦ ਦੇਸ਼ ਵਿਚ ਅਜਿਹੀ ਗੁਲਾਮੀ ਬਹੁਤ ਵੱਡਾ ਮਿਹਣਾ ਹੈ। ‘ਬੰਧੂਆ ਮਜ਼ਦੂਰਾਂ’ ਨੂੰ ਕਰਜ਼ੇ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣਾ ਪੁੰਨ ਵਾਲਾ ਕਾਰਜ ਹੈ। ਅਜਿਹੇ ਮੁੱਦਿਆਂ ਨੂੰ ਸਿਆਸੀ ਰੰਗਤ ਦੇਣ ਦੀ ਬਜਾਏ ਇਨ੍ਹਾਂ ਦਾ ਹੱਲ ਕਰਨਾ ਸਮੇਂ ਦੀ ਲੋੜ ਹੈ।

Posted By: Jagjit Singh