ਪੰਜਾਬ ਦੇ ਅਖ਼ਬਾਰ ਹਰ ਰੋਜ਼ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ। ਆਖ਼ਰ ਇੰਨਾ ਆਸਾਨ ਕਿਉਂ ਹੋ ਜਾਂਦਾ ਹੈ ਇਨਸਾਨ ਲਈ ਆਪਣੇ ਜੀਵਨ ਨੂੰ ਸਮਾਪਤ ਕਰਨਾ। ਕਿਉਂ ਹਰ ਰੋਜ਼ ਅਣਗਿਣਤ ਲੋਕ ਆਪਣੇ ਜੀਵਨ ਨੂੰ ਸਮਾਪਤ ਕਰਨ ਲਈ ਮਜਬੂਰ ਹੋ ਜਾਂਦੇ ਹਨ? ਜ਼ਿਆਦਾਤਰ ਕਾਰਨ ਤਾਂ ਇਹ ਸਾਹਮਣੇ ਆਉਂਦੇ ਹਨ ਕਿ ਕਰਜ਼ਾਈ ਹੋ ਜਾਣ 'ਤੇ ਖ਼ੁਦਕੁਸ਼ੀ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹੇ ਲੋਕਾਂ 'ਤੇ 'ਅੱਡੀਆਂ ਚੁੱਕ ਕੇ ਫਾਹਾ ਲੈਣਾ' ਅਖਾਣ ਪੂਰੀ ਤਰ੍ਹਾਂ ਢੁੱਕਦਾ ਹੈ। ਅੱਜਕੱਲ੍ਹ ਲੋਕਾਂ ਦੀ ਰਹਿਣੀ-ਸਹਿਣੀ ਸ਼ਾਹੀ ਹੋ ਚੁੱਕੀ ਹੈ। ਵਿਆਹਾਂ 'ਤੇ ਹੱਦੋਂ ਵੱਧ ਫ਼ਜ਼ੂਲਖ਼ਰਚੀ ਕੀਤੀ ਜਾਂਦੀ ਹੈ। ਹੁਣ ਲਾਕਡਾਊਨ ਵਿਚ ਜੇ ਸਾਦੇ ਵਿਆਹ ਹੋ ਸਕਦੇ ਹਨ ਤਾਂ ਆਮ ਦਿਨਾਂ ਵਿਚ ਕਿਉਂ ਨਹੀਂ। ਅਸੀਂ ਆਪ ਜਾਣਬੁੱਝ ਕੇ ਮਹਿੰਗੇ ਵਿਆਹਾਂ ਦਾ ਫਾਹਾ ਲੈ ਰਹੇ ਹਾਂ। ਲਾਕਡਾਊਨ ਵਿਚ ਅਜਿਹੇ ਵੀ ਲੋਕ ਸਨ ਜਿਨ੍ਹਾਂ ਨੇ ਇਹ ਸੋਚ ਕੇ ਹੀ ਵਿਆਹ ਨਹੀਂ ਕੀਤੇ ਕਿ ਖੁੱਲ੍ਹਾ ਖ਼ਰਚਾ ਨਹੀਂ ਕਰ ਸਕਾਂਗੇ। ਸਾਦੇ ਵਿਆਹ ਕਾਰਨ ਸਾਡੀ ਹੇਠੀ ਹੋਵੇਗੀ। ਪੰਜਾਬ 'ਚ ਕਰਜ਼ਾਈ ਹੋਣ ਦਾ ਸਭ ਤੋਂ ਵੱਡਾ ਕਾਰਨ ਵਿਆਹ ਹੀ ਹਨ। ਇਸ ਤੋਂ ਇਲਾਵਾ ਮਹਿੰਗੀਆਂ ਗੱਡੀਆਂ, ਆਲੀਸ਼ਾਨ ਕੋਠੀਆਂ ਦਾ ਸ਼ੌਕ ਹੈ। ਇਹੋ ਜਿਹੇ ਲੋਕ ਅਖ਼ੀਰ ਆਪ ਤਾਂ ਮਰਦੇ ਹੀ ਹਨ ਉਨ੍ਹਾਂ ਦੀ ਦੇਖਾ-ਦੇਖੀ ਪਿੰਡ 'ਚੋਂ ਪੰਜ-ਸੱਤ ਹੋਰ ਕਰਜ਼ਾਈ ਹੋ ਜਾਂਦੇ ਹਨ। ਜਦ ਕਰਜ਼ਾ ਨਹੀਂ ਲਹਿੰਦਾ ਤਾਂ ਖ਼ੁਦਕੁਸ਼ੀ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ। ਘਰੇਲ਼ੂ ਕਲੇਸ਼ ਵੀ ਖ਼ੁਦਕੁਸ਼ੀ ਦਾ ਇਕ ਮੁੱਖ ਕਾਰਨ ਹੈ। ਵਿਅਕਤੀ ਹਰ ਰੋਜ਼ ਦੀ ਲੜਾਈ ਤੋਂ ਦੁਖੀ ਹੋ ਕੇ ਗੁੱਸੇ 'ਚ ਅਜਿਹਾ ਕਦਮ ਚੁੱਕ ਲੈਂਦਾ ਹੈ। ਸਹਿਣਸ਼ੀਲਤਾ ਘਟਣ ਕਾਰਨ ਅਜਿਹੇ ਕਦਮ ਜਲਦਬਾਜ਼ੀ 'ਚ ਉਠਾ ਲਏ ਜਾਂਦੇ ਹਨ। ਘਰੇਲੂ ਕਲੇਸ਼ ਦਾ ਇਕ ਮੁੱਖ ਕਾਰਨ ਆਪਸੀ ਵਿਸ਼ਵਾਸ ਦੀ ਕਮੀ ਹੈ ਜੋ ਹੌਲੀ-ਹੌਲੀ ਸ਼ੱਕ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਦਾ ਅੰਤ ਭਿਆਨਕ ਹੁੰਦਾ ਹੈ। ਇਸ ਤੋਂ ਇਲਾਵਾ ਮਹਿੰਗਾਈ ਨੇ ਵੀ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਹਰ ਵਿਅਕਤੀ ਸ਼ੌਕ ਨਾਲ ਹੀ ਕਰਜ਼ਾਈ ਨਹੀਂ ਹੁੰਦਾ। ਉਸ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਵੀ ਉਸ ਨੂੰ ਕਰਜ਼ਾਈ ਕਰ ਦਿੰਦੀਆਂ ਹਨ। ਮਹਿੰਗੀਆਂ ਪੜ੍ਹਾਈਆਂ, ਮਹਿੰਗੇ ਡਾਕਟਰੀ ਇਲਾਜ, ਘਾਤਕ ਜਾਨਲੇਵਾ ਬਿਮਾਰੀਆਂ ਵੀ ਉਸ ਨੂੰ ਇਹੋ ਜਿਹਾ ਕਦਮ ਉਠਾਉਣ ਲਈ ਮਜਬੂਰ ਕਰ ਦਿੰਦੀਆਂ ਹਨ। ਕਿਸੇ ਕੋਲ ਨਾ ਬੈਠਣਾ, ਕਿਸੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਨਾ ਕਰਨੀਆਂ ਹੌਲੀ-ਹੌਲੀ ਵਿਅਕਤੀ ਨੂੰ ਡਿਪ੍ਰੈਸ਼ਨ ਵਿਚ ਲੈ ਜਾਂਦੀਆਂ ਹਨ। ਕਿਸੇ ਕੋਲ ਅੱਜਕੱਲ੍ਹ ਸਮਾਂ ਹੀ ਨਹੀਂ ਹੈ ਕਿ ਉਹ ਕਿਸੇ ਹੋਰ ਦੇ ਦੁੱਖ-ਦਰਦ ਸੁਣੇ ਜਾਂ ਕਿਸੇ ਨੂੰ ਦੱਸੇ। ਇਸ ਤੋਂ ਇਲਾਵਾ ਮਹਿੰਗੀਆਂ ਪੜ੍ਹਾਈਆਂ ਕਰਨ ਤੋਂ ਬਾਅਦ ਨੌਕਰੀਆਂ ਨਾ ਮਿਲਣੀਆਂ, ਸਹੀ ਕੰਮ ਕਰਾਉਣ ਵਾਸਤੇ ਵੀ ਭ੍ਰਿਸ਼ਟਾਚਾਰ ਦੀ ਦਲਦਲ 'ਚੋਂ ਲੰਘਣਾ, ਦਾਜ, ਬਲੈਕਮੇਲਿੰਗ, ਕੰਮਕਾਰ ਨਾ ਚੱਲਣੇ, ਇਕਤਰਫਾ ਜਾਂ ਦੋਤਰਫਾ ਪਿਆਰ-ਮਹੁੱਬਤ ਦੇ ਚੱਕਰ ਵੀ ਖ਼ੁਦਕੁਸ਼ੀਆਂ ਦੇ ਆਮ ਕਾਰਨ ਹਨ।

-ਸਰਬਜੀਤ ਧਨੋਆ,

ਤਲਵੰਡੀ ਕਲਾਂ (ਲੁਧਿਆਣਾ)। (94631-10010)

Posted By: Jagjit Singh