ਸ਼ੰਕਰ ਸ਼ਰਨ

ਹਾਲ ਹੀ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੂੰ ਜਮੀਅਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਅਰਸ਼ਦ ਮਦਨੀ ਮਿਲਣ ਗਏ। ਇਸ ਮੁਲਾਕਾਤ ਨੇ ਦੇਸ਼ ਦਾ ਧਿਆਨ ਖਿੱਚਿਆ ਅਤੇ ਉਸ 'ਤੇ ਵਿਆਪਕ ਚਰਚਾ ਵੀ ਹੋਈ। ਇਸ ਮੁਲਾਕਾਤ ਮਗਰੋਂ ਜਮੀਅਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਮਦਨੀ ਨੇ ਇਸ ਬਾਰੇ ਮੀਡੀਆ ਨੂੰ ਦੱਸਿਆ ਕਿ ਭੀੜ ਦੀ ਹਿੰਸਾ, ਰਾਸ਼ਟਰੀ ਨਾਗਰਿਕਤਾ ਰਜਿਸਟਰ ਵਰਗੇ ਵਿਸ਼ਿਆਂ 'ਤੇ ਗੱਲ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਜਮੀਅਤ ਸਾਵਰਕਰ ਅਤੇ ਗੋਲਵਲਕਰ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ। ਦੂਜੇ ਪਾਸੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਬੁਲਾਰੇ ਵੱਲੋਂ ਬਿਆਨ ਆਇਆ ਕਿ ਸੰਘ ਰਾਸ਼ਟਰੀ ਏਕਤਾ ਅਤੇ ਸ਼ਾਂਤੀ ਲਈ ਕੰਮ ਕਰਦਾ ਹੈ ਅਤੇ ਜੋ ਵੀ ਇਸ ਵਿਚ ਹਿੱਸਾ ਲੈਣਾ ਚਾਹੁੰਦਾ ਹੈ, ਉਸ ਦਾ ਸਵਾਗਤ ਹੈ। ਸੰਭਵ ਤੌਰ 'ਤੇ ਮਦਨੀ ਦੇ ਦੱਸੇ ਬਿੰਦੂਆਂ 'ਤੇ ਮੀਡੀਆ ਵਿਚ ਕੁਝ ਅਜਿਹੀਆਂ ਟਿੱਪਣੀਆਂ ਆਈਆਂ ਜਿਨ੍ਹਾਂ ਸਦਕਾ ਇਹ ਸੰਦੇਸ਼ ਉੱਭਰਿਆ ਕਿ ਮੁਸਲਿਮ ਧਿਰ ਪੀੜਤ ਹੈ ਅਤੇ ਦੂਜੀ ਧਿਰ ਜ਼ੁਲਮ ਢਾਹ ਰਹੀ ਹੈ। ਆਖ਼ਰ ਅਜਿਹਾ ਸੰਦੇਸ਼ ਉੱਭਰਨਾ ਜਾਂ ਫਿਰ ਉਭਾਰਿਆ ਜਾਣਾ ਕਿੱਥੋਂ ਤਕ ਦਰੁਸਤ ਹੈ? ਕੀ ਹਿੰਦੂਆਂ ਨੂੰ ਜਿਹਾਦ ਜਾਂ ਛਲ-ਕਪਟ ਨਾਲ ਧਰਮ ਪਰਿਵਰਤਨ ਅਤੇ ਹੋਰ ਮਤਵਾਦੀ ਸਰਗਰਮੀਆਂ ਤੋਂ ਕੋਈ ਸ਼ਿਕਾਇਤ ਨਹੀਂ? ਕੀ ਕਸ਼ਮੀਰ ਵਿਚ ਵੱਖਵਾਦ, ਮਜ਼ਹਬੀ ਕੱਟੜਤਾ, ਲਵ-ਜਿਹਾਦ, ਕੈਰਾਨਾ ਵਰਗੀਆਂ ਸਰਗਰਮੀਆਂ, ਸੰਯੁਕਤ ਰਾਸ਼ਟਰ ਨੂੰ ਭਾਰਤ ਸਰਕਾਰ ਵਿਰੁੱਧ ਚਿੱਠੀ ਲਿਖਣੀ ਸਹੀ ਹੈ? ਅਜਿਹੀਆਂ ਮੁਲਾਕਾਤਾਂ ਦਾ ਇਕਪਾਸੜ ਅਤੇ ਗ਼ਲਤ ਸੰਦੇਸ਼ ਜਾਣਾ ਮੰਦਭਾਗਾ ਹੈ। ਇਹ ਦੇਸ਼ ਹਿੱਤ ਨੂੰ ਮੁੱਖ ਰੱਖਦਿਆਂ ਸਹੀ ਨਹੀਂ ਹੈ ਕਿ ਪੀੜਤ ਧਿਰ ਨੂੰ ਜ਼ਾਲਮ ਦੱਸਿਆ ਜਾਵੇ ਅਤੇ ਉਸ ਦਾ ਵਿਰੋਧ ਵੀ ਨਾ ਹੋਵੇ। ਮੌਲਾਨਾ ਮਦਨੀ ਨੇ ਸੰਵਾਦ ਦਾ ਇਸਤੇਮਾਲ ਇਕ ਤਰ੍ਹਾਂ ਹਿੰਦੂਆਂ ਅਤੇ ਸਰਕਾਰ 'ਤੇ ਦੋਸ਼ ਲਗਾਉਣ ਲਈ ਕੀਤਾ ਜਦਕਿ ਹਿੰਦੂਆਂ ਦੀ ਸ਼ਿਕਾਇਤ 'ਤੇ ਕੋਈ ਗੱਲ ਨਾ ਹੋਈ। ਇੰਜ ਕੌਮੀ ਏਕਤਾ ਜਾਂ ਸ਼ਾਂਤੀ ਬਰਕਰਾਰ ਨਹੀਂ ਰਹਿ ਸਕਦੀ। ਇਸ ਸਬੰਧੀ ਗਾਂਧੀ ਜੀ ਦੇ ਅਸਫਲ ਯਤਨ ਸਾਡੇ ਲਈ ਸਬਕ ਹਨ। ਉਨ੍ਹਾਂ ਦੀ ਸਦਭਾਵਨਾ ਦੇ ਬਾਵਜੂਦ ਉਨ੍ਹਾਂ ਦੇ ਤਰੀਕਿਆਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੇ ਉਲਟ ਨਤੀਜੇ ਦਿੱਤੇ।

ਸਿਆਸਤ ਵਿਚ ਇਕਪਾਸੜ ਪਹੁੰਚ ਕਦੇ ਵੀ ਦੁਪਾਸੜ ਭਲਾਈ ਨਹੀਂ ਕਰ ਸਕਦੀ। ਹਿੰਦੂ-ਮੁਸਲਮਾਨ ਸੰਵਾਦ ਚਲਾਉਣ ਦਾ ਸਹੀ ਆਧਾਰ ਸਾਨੂੰ ਸਵਾਮੀ ਵਿਵੇਕਾਨੰਦ, ਰਬਿੰਦਰਨਾਥ ਟੈਗੋਰ, ਸ੍ਰੀ ਅਰਵਿੰਦ ਵਰਗੀਆਂ ਸ਼ਖ਼ਸੀਅਤਾਂ ਦੀਆਂ ਸਿੱਖਿਆਵਾਂ ਵਿਚ ਮਿਲਦਾ ਹੈ। ਸੰਵਾਦ ਕਰਨ ਵਾਲੇ ਦੀ ਮਨ ਦੀ ਬਿਰਤੀ ਮੁਤਾਬਕ ਸੰਵਾਦ ਹੋਣਾ ਚਾਹੀਦਾ ਹੈ। ਇਕ ਧਿਰ ਸਿਰਫ਼ ਆਪਣੇ ਮਤਭੇਦਾਂ, ਵਿਸ਼ੇਸ਼ ਅਧਿਕਾਰਾਂ ਦੀ ਜ਼ਿੱਦ ਕਰੀ ਜਾਵੇ ਤਾਂ ਦੂਜੀ ਨੂੰ ਉਸ ਦੀ ਗ਼ਲਤੀ ਦੱਸਣੀ-ਦਿਖਾਉਣੀ ਚਾਹੀਦੀ ਹੈ। ਇਸ 'ਤੇ ਚੁੱਪ ਰਹਿਣ ਕਾਰਨ ਉਸ ਨੂੰ ਕਮਜ਼ੋਰ ਜਾਂ ਬੁਜ਼ਦਿਲ ਸਮਝਿਆ ਜਾਂਦਾ ਹੈ। ਨਤੀਜੇ ਵਜੋਂ ਦੂਜੀ ਧਿਰ ਆਪਣੀ ਮੰਗ ਵਧਾਉਂਦੀ ਜਾਂਦੀ ਹੈ। ਗਾਂਧੀ ਜੀ ਨੇ ਇਹੋ ਗ਼ਲਤੀ ਕੀਤੀ ਸੀ। ਉਹ ਇਹ ਦੇਖ ਹੀ ਨਹੀਂ ਸਕੇ ਕਿ ਉਨ੍ਹਾਂ ਦੀ ਉਦਾਰਤਾ ਨੂੰ ਦੂਜੀ ਧਿਰ ਕਿਸ ਤਰ੍ਹਾਂ ਲੈ ਰਹੀ ਹੈ? ਇਸ ਗਫ਼ਲਤ ਦਾ ਖਮਿਆਜ਼ਾ ਹਿੰਦੂਆਂ 'ਤੇ ਜ਼ੁਲਮੋ-ਸਿਤਮ ਅਤੇ ਬਰਬਾਦੀ ਦੇ ਰੂਪ ਵਿਚ ਭੁਗਤਣਾ ਪਿਆ।

ਰਾਸ਼ਟਰੀ ਏਕਤਾ ਜਾਂ ਸਮਾਜਿਕ ਭਾਈਚਾਰਕ ਸਾਂਝ ਦੋਵਾਂ ਧਿਰਾਂ ਦੀ ਬਰਾਬਰ ਜ਼ਿੰਮੇਵਾਰੀ ਹੈ। ਇਸ ਵਿਚ ਜ਼ਰਾ ਵੀ ਘੁਮੰਡ ਤੇ ਲਾਪਰਵਾਹੀ ਨੁਕਸਾਨਦਾਇਕ ਹੈ। ਸ੍ਰੀ ਅਰਵਿੰਦ ਨੇ ਕਿਹਾ ਸੀ, 'ਹਿੰਦੂ-ਮੁਸਲਿਮ ਏਕਤਾ ਦਾ ਅਰਥ ਹਿੰਦੂਆਂ ਨੂੰ ਹੇਠਾਂ ਰੱਖਣਾ ਨਹੀਂ ਹੋਣਾ ਚਾਹੀਦਾ। ਅਸੀਂ ਝੂਠੀ ਤਸੱਲੀ 'ਤੇ ਆਰਾਮ ਕਰਨ ਲੱਗਦੇ ਹਾਂ ਕਿ ਅਸੀਂ ਇਕ ਕਠਿਨ ਸਮੱਸਿਆ ਦਾ ਹੱਲ ਕਰ ਲਿਆ ਹੈ ਜਦਕਿ ਅਸਲ ਵਿਚ ਅਸੀਂ ਸਿਰਫ਼ ਉਸ ਨੂੰ ਟਾਲਿਆ ਹੀ ਹੈ।'

ਹਿੰਦੂਆਂ ਦੀਆਂ ਸ਼ਿਕਾਇਤਾਂ ਨੂੰ ਸਪੱਸ਼ਟ ਤੌਰ 'ਤੇ ਸਾਹਮਣੇ ਰੱਖਣ ਨਾਲ ਮੁਸਲਿਮ ਧਿਰ 'ਤੇ ਵੀ ਹਾਲਾਤ ਸੁਧਾਰਨ ਦੀ ਜ਼ਿੰਮੇਵਾਰੀ ਆਉਂਦੀ ਹੈ। ਉਹ ਨਿਆਂ-ਭਾਵਨਾ ਦਾ ਦਬਾਅ ਮਹਿਸੂਸ ਕਰਦੀ ਹੈ। ਜਨਮਤ ਦੀ ਵੀ ਚਿੰਤਾ ਕਰਦੀ ਹੈ। ਦੁਵੱਲੇ ਅਤੇ ਖੁੱਲ੍ਹੇ ਸੰਵਾਦ ਦੀ ਸਿਆਸੀ ਹੀ ਨਹੀਂ, ਵਿੱਦਿਅਕ ਮਹੱਤਤਾ ਵੀ ਹੈ। ਇਸ ਸਦਕਾ ਹਿੰਦੂ-ਮੁਸਲਮਾਨ ਦੋਵਾਂ ਧਿਰਾਂ ਦੇ ਭਟਕੇ ਹੋਏ ਲੋਕ ਸਿੱਖਦੇ ਹਨ। ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਦੋਵਾਂ ਧਿਰਾਂ ਦੀਆਂ ਮੰਗਾਂ, ਸ਼ਿਕਾਇਤਾਂ ਕੀ ਹਨ? ਇਕਪਾਸੜ ਸ਼ਿਕਾਇਤਬਾਜ਼ੀ ਤਾਂ ਮਾਮਲੇ ਨੂੰ ਹੋਰ ਖ਼ਰਾਬ ਕਰ ਦਿੰਦੀ ਹੈ।

ਗਾਂਧੀ ਜੀ ਨੇ ਹਿੰਦੂਆਂ 'ਤੇ 'ਵੱਧ ਜ਼ਿੰਮੇਵਾਰੀ' ਦੀ ਗ਼ਲਤ ਕਲਪਨਾ ਕੀਤੀ ਸੀ। ਉਸ ਦਾ ਮਾੜਾ ਅਸਰ ਹਿੰਦੂਆਂ 'ਤੇ ਹੀ ਪਿਆ ਜਦਕਿ ਟੈਗੋਰ ਨੇ ਦੋ-ਟੁੱਕ ਕਿਹਾ ਸੀ ਕਿ ਹਿੰਦੂਆਂ ਦੀ ਸਮਾਜਿਕ ਤਾਕਤ ਕਮਜ਼ੋਰ ਹੈ ਜਦਕਿ ਮੁਸਲਮਾਨਾਂ ਦੀ ਵੱਧ ਹੈ। ਇਸ ਨੂੰ ਬਰਾਬਰ ਕੀਤੇ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ। ਸ੍ਰੀ ਅਰਵਿੰਦ ਨੇ ਵੀ ਮੁਸਲਮਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨੂੰ ਕੂਟਨੀਤੀ ਦੱਸਿਆ ਸੀ। ਉਨ੍ਹਾਂ ਹਿੰਦੂ-ਮੁਸਲਿਮ ਏਕਾ ਕਰਵਾਉਣ ਦੀ ਕੋਸ਼ਿਸ਼ ਕਰਨ ਦੀ ਥਾਂ ਹਿੰਦੂਆਂ ਨੂੰ ਸੱਚੇ ਰਾਸ਼ਟਰੀ ਕਾਰਜ ਵਿਚ ਲੱਗਣ ਲਈ ਕਿਹਾ ਸੀ ਜਿਸ ਵਿਚ ਵਿਵੇਕਸ਼ੀਲ ਮੁਸਲਮਾਨ ਹੌਲੀ-ਹੌਲੀ ਖ਼ੁਦ ਜੁੜ ਜਾਂਦੇ ਪਰ 'ਏਕਤਾ ਦੀ ਕੋਸ਼ਿਸ਼ ਨੇ ਮੁਸਲਮਾਨਾਂ ਨੂੰ ਅਹਿਮੀਅਤ ਦੇ ਦਿੱਤੀ ਅਤੇ ਇਹੋ ਸਭ ਆਫ਼ਤਾਂ ਦੀ ਜੜ੍ਹ ਰਹੀ।' ਸਾਨੂੰ ਇਹ ਸਬਕ ਕਦੇ ਨਹੀਂ ਭੁੱਲਣਾ ਚਾਹੀਦਾ।

ਇਕ ਵਿਦੇਸ਼ੀ ਵਿਦਵਾਨ ਕੋਇਨਰਾਡ ਐਲਸਟ ਨੇ ਗਾਂਧੀ ਜੀ ਦੀ ਇਕਪਾਸੜ ਉਦਾਰਤਾ ਨੂੰ 'ਹਿੰਦੂ ਹੰਕਾਰ' ਕਿਹਾ ਹੈ। ਗਾਂਧੀ ਜੀ ਨੇ ਆਪਣੇ-ਆਪ ਨੂੰ ਵੱਧ ਜਾਣਕਾਰ, ਵੱਧ ਜਵਾਬਦੇਹ ਨੇਤਾ ਸਮਝਿਆ ਅਤੇ ਮੁਸਲਮਾਨਾਂ ਨੂੰ ਅਗਿਆਨੀ, ਜ਼ਿੱਦੀ ਬੱਚੇ ਵਰਗਾ ਮੰਨ ਕੇ ਵਿਵਹਾਰ ਕੀਤਾ। ਇਹ ਭਿਅੰਕਰ ਭੁੱਲ ਸੀ। ਸਾਡੇ ਰਿਸ਼ੀਆਂ-ਮੁਨੀਆਂ ਨੇ ਸਾਫ਼ ਕਿਹਾ ਸੀ ਕਿ 'ਮੁਸਲਮਾਨਾਂ ਨੂੰ ਭਾਰਤ ਮਾਤਾ ਦੀ ਸਮਾਨ ਸੰਤਾਨ ਸਮਝਦੇ ਹੋਏ ਉਨ੍ਹਾਂ ਨਾਲ ਹਰ ਤਰ੍ਹਾਂ ਸੱਚੇ ਦਿਲੋਂ ਸਮਾਨਤਾ ਦਾ ਵਿਵਹਾਰ ਕਰੋ। ਜੇ ਉਹ ਭਰਾ ਦੀ ਤਰ੍ਹਾਂ ਮਿਲਣਾ ਚਾਹੁੰਣ ਤਾਂ ਭਰਾ ਵਾਂਗ ਮਿਲਿਆ ਜਾਵੇ ਅਤੇ ਜੇ ਪਹਿਲਵਾਨ ਦੀ ਤਰ੍ਹਾਂ ਲੜਨਾ ਚਾਹੁੰਣ ਤਾਂ ਵੀ ਪਿੱਛੇ ਨਾ ਹਟਿਆ ਜਾਵੇ। ਗਾਂਧੀ ਜੀ ਨੇ ਇਸ ਦੀ ਅਣਦੇਖੀ ਕਰਦੇ ਹੋਏ ਉੱਚ ਭਾਵ ਵਾਲਾ ਵਿਵਹਾਰ ਕੀਤਾ ਜਿਸ ਕਾਰਨ ਭਾਰੀ ਹਾਨੀ ਹੋਈ। ਜੇ ਵਾਰਤਾ ਹੋਵੇ ਤਾਂ ਉਹ ਬਰਾਬਰੀ ਵਾਲੇ ਅਤੇ ਨਿਆਂਸੰਗਤ ਤਰੀਕੇ ਨਾਲ ਹੋਣੀ ਚਾਹੀਦੀ ਹੈ ਪਰ ਜੇ ਇਕ ਧਿਰ ਕੁਝ ਖੋਹਣਾ ਚਾਹੇ ਤਾਂ ਦੂਜੀ ਨੂੰ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ। ਲੜਨ ਤੋਂ ਬਚਣਾ ਕਾਇਰਤਾ ਦਾ ਸਬੂਤ ਸੀ ਜਿਸ ਨੂੰ ਗਾਂਧੀ ਜੀ ਉਦਾਰਤਾ ਸਮਝ ਬੈਠੇ। ਇਹ ਸ੍ਰੀਮਦ ਭਗਵਤ ਗੀਤਾ ਦੀ ਸਿੱਖਿਆ ਦੇ ਵਿਰੁੱਧ ਸੀ। ਸਿੱਟੇ ਵਜੋਂ ਦੂਜੀ ਧਿਰ ਨੇ ਉਸ ਤੋਂ ਆਪਣੇ ਮੁਤਾਬਕ ਅਰਥ ਕੱਢਿਆ। ਇਹ ਸਭ ਉਲਟ ਵਿਵਹਾਰ ਦਾ ਮਾੜਾ ਨਤੀਜਾ ਸੀ। ਗਾਂਧੀ ਜੀ ਦੇ ਨਰਮੀ ਦਿਖਾਉਣ ਅਤੇ ਝੁਕਣ ਵਾਲੇ ਰੁਖ਼ 'ਤੇ ਸ੍ਰੀ ਅਰਵਿੰਦ ਨੇ ਸਟੀਕ ਟਿੱਪਣੀ ਕੀਤੀ ਸੀ ਕਿ ਅਜਿਹੇ ਵਤੀਰੇ ਨਾਲ ਤਾਂ ਮੁਸਲਿਮ ਧਿਰ ਨੂੰ ਇਹੋ ਸੰਕੇਤ ਮਿਲੇਗਾ ਕਿ ਉਸ ਦੀ ਮਨਮਾਨੀ ਚੱਲਦੀ ਜਾਵੇਗੀ। ਮੁਸਲਿਮ ਨੇਤਾਵਾਂ ਨਾਲ ਸੱਚਾ ਹਿੰਦੂ ਵਿਵਹਾਰ ਨਿਡਰਤਾ, ਸਮਾਨਤਾ ਅਤੇ ਸੱਚ-ਨਿਸ਼ਠਾ ਨਾਲ ਹੀ ਹੋ ਸਕਦਾ ਸੀ। ਪਰ ਗ਼ੈਰ-ਵਾਜਿਬ ਗੱਲਾਂ 'ਤੇ ਚੁੱਪੀ, ਰਿਆਇਤ, ਦਿਖਾਵਾ, ਦੋਹਰਾਪਣ ਅਤੇ 'ਰਣਨੀਤੀ' ਦੇ ਨਾਂ 'ਤੇ ਚਤੁਰਾਈ ਮਹਿਜ਼ ਕੂਟਨੀਤੀ ਹੀ ਸਿੱਧ ਹੋਈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸਲਾਮੀ ਨੇਤਾ ਰਾਜਨੀਤੀ ਵਿਚ ਘਾਗ ਹਨ। ਉਨ੍ਹਾਂ ਨੂੰ ਭਾਰਤ 'ਤੇ ਲੰਬਾ ਸਮਾਂ ਸ਼ਾਸਨ ਕਰਨ ਦੀ ਗੱਲ ਚੇਤੇ ਹੈ ਅਤੇ ਹੰਕਾਰ ਵੀ ਹੈ। ਉਹ ਇਸ ਨੂੰ ਕਹਿੰਦੇ ਵੀ ਹਨ। ਹਾਲੇ ਮੌਲਾਨਾ ਮਦਨੀ ਨੇ ਦੁਨੀਆ ਨੂੰ ਇਕ ਤਰ੍ਹਾਂ ਇਹ ਸੁਨੇਹਾ ਦਿੱਤਾ ਹੈ ਕਿ ਇੱਥੇ ਮੁਸਲਮਾਨ ਪੀੜਤ ਹਨ ਅਤੇ ਹਿੰਦੂ ਉਨ੍ਹਾਂ 'ਤੇ ਜ਼ਿਆਦਤੀਆਂ ਕਰ ਰਹੇ ਹਨ ਜਦਕਿ ਕੇਰਲ ਤੋਂ ਕਸ਼ਮੀਰ ਅਤੇ ਅਸਾਮ-ਬੰਗਾਲ ਤਕ ਵਾਰ-ਵਾਰ ਹਿੰਸਾ, ਅਪਮਾਨ, ਜਾਨੀ ਤੇ ਮਾਲੀ ਨੁਕਸਾਨ ਅਤੇ ਉਜਾੜੇ ਦਾ ਦਰਦ ਸਿਰਫ਼ ਹਿੰਦੂਆਂ ਨੂੰ ਹੀ ਸਹਿਣਾ ਪਿਆ ਹੈ। ਇਹ ਸ਼ਿਕਾਇਤ ਕੌਣ ਕਰੇਗਾ ਅਤੇ ਕਦੋਂ? ਹਿੰਦੂਆਂ ਨੇ ਝੂਠੀਆਂ ਕੋਸ਼ਿਸ਼ਾਂ ਬਹੁਤ ਕਰ ਲਈਆਂ। ਇਕ ਵਾਰ ਸੱਚੀ ਕੋਸ਼ਿਸ਼ ਕਰ ਕੇ ਵੇਖੋ। ਮੁਸਲਮਾਨਾਂ ਨੂੰ ਵੀ ਭਾਰਤ ਮਾਤਾ ਦੀ ਸੰਤਾਨ ਅਤੇ ਆਪਣਾ ਭਰਾ ਮੰਨ ਕੇ ਵਿਵਹਾਰ ਕਰੋ। ਉਨ੍ਹਾਂ ਦੀ ਮਤਵਾਦੀ ਧਾਰਨਾ-ਹੰਕਾਰ ਨੂੰ ਉਸ ਦੀ ਅਸਲੀ ਥਾਂ ਦਿਖਾਈ ਜਾਵੇ। ਤਾਂ ਹੀ ਉਹ ਹਿੰਦੂ ਨੇਤਾਵਾਂ 'ਤੇ ਵਿਸ਼ਵਾਸ ਕਰਨਗੇ। ਵਰਨਾ ਉਹ ਉਨ੍ਹਾਂ ਨੂੰ ਕਮਜ਼ੋਰ, ਆਰਾਮ ਪਸੰਦ ਆਦਿ ਸਮਝ ਕੇ ਉਨ੍ਹਾਂ ਦਾ, ਦੇਸ਼ ਦਾ ਅਤੇ ਆਪਣਾ ਵੀ ਨੁਕਸਾਨ ਕਰਦੇ ਰਹਿਣਗੇ। ਜਦ ਤਕ ਮੁਸਲਿਮ ਧਿਰ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਸ ਮੁਲਕ ਦੀ ਤਰੱਕੀ ਤੇ ਬਿਹਤਰੀ ਵਿਚ ਉਨ੍ਹਾਂ ਨੇ ਵੀ ਯੋਗਦਾਨ ਦੇਣਾ ਹੈ, ਉਦੋਂ ਤਕ ਸਮਾਜ ਵਿਚ ਇਨ੍ਹਾਂ ਦੋਵਾਂ ਦੀ ਭਾਈਚਾਰਕ ਸਾਂਝ ਪਕੇਰੀ ਨਹੀਂ ਹੋ ਸਕਦੀ। ਇਸ ਲਈ ਬਿਹਤਰ ਇਹੋ ਹੋਵੇਗਾ ਕਿ ਸਭ ਭਾਰਤ ਵਾਸੀ ਰੰਗ-ਨਸਲ, ਜਾਤੀ, ਧਰਮ ਆਦਿ ਤੋਂ ਉੱਪਰ ਉੱਠ ਕੇ ਆਪਣੇ ਮੁਲਕ ਦੀ ਹਰ ਖੇਤਰ ਵਿਚ ਤਰੱਕੀ ਲਈ ਆਪੋ-ਆਪਣਾ ਬਣਦਾ ਯੋਗਦਾਨ ਪਾਉਣ।

-(ਲੇਖਕ ਰਾਜਨੀਤੀ ਸ਼ਾਸਤਰ ਦਾ ਪ੍ਰੋਫੈਸਰ ਤੇ ਸੀਨੀਅਰ ਕਾਲਮਨਵੀਸ ਹੈ)।

Posted By: Sukhdev Singh