-ਲਕਸ਼ਮੀਕਾਂਤਾ ਚਾਵਲਾ

ਸਾਡਾ ਸਮਾਜ, ਸਾਡੇ ਬੱਚੇ ਜਿਸ ਪਾਸੇ ਜਾ ਰਹੇ ਹਨ, ਨਸ਼ਿਆਂ 'ਚ ਡੁੱਬ ਰਹੇ ਹਨ, ਵੱਡੀ ਗਿਣਤੀ ਵਿਚ ਬੱਚੇ ਤੇ ਨੌਜਵਾਨ ਜਬਰ-ਜਨਾਹ ਵਰਗੇ ਅਪਰਾਧਾਂ ਵੱਲ ਵੱਧ ਰਹੇ ਹਨ, ਇਸ 'ਤੇ ਭਾਸ਼ਣਬਾਜ਼ੀ ਤਾਂ ਦਿੱਲੀ ਤੋਂ ਲੈ ਕੇ ਪੂਰੇ ਦੇਸ਼ ਵਿਚ ਹੋ ਜਾਂਦੀ ਹੈ ਪਰ ਬਦਲਦਾ ਕੁਝ ਨਹੀਂ। ਸਵਾਲ ਉਨ੍ਹਾਂ ਤੋਂ ਵੀ ਹੈ ਜੋ ਸਾਨੂੰ ਦਿਨ-ਰਾਤ ਉਪਦੇਸ਼ ਦਿੰਦੇ ਹਨ। ਰੂਹਾਨੀਅਤ ਵੱਲ ਤੁਰਨ ਦਾ ਰਾਹ ਦੱਸਦੇ ਹਨ। ਮੇਰੀ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਕੰਮ ਵੀ ਕਰਨ। ਅਜਿਹਾ ਰਾਹ ਜਿਸ 'ਤੇ ਚੱਲ ਕੇ ਸਾਡੀਆਂ ਬੇਟੀਆਂ ਸੁਰੱਖਿਅਤ ਰਹਿਣ। ਉਹ ਘਰ ਦੀ ਚਾਰਦੀਵਾਰੀ ਵਿਚ ਵੀ ਸੁਰੱਖਿਅਤ ਨਹੀਂ ਹਨ। ਮੇਰਾ ਮੰਨਣਾ ਹੈ ਕਿ ਸਾਡੇ ਧਾਰਮਿਕ ਗੁਰੂਆਂ ਨੂੰ ਸਾਨੂੰ ਸਵਰਗ ਵਿਚ ਪਹੁੰਚਾਉਣ ਦੀ ਚਿੰਤਾ ਜ਼ਿਆਦਾ ਨਹੀਂ ਕਰਨੀ ਚਾਹੀਦੀ। ਸਵਰਗ ਦਾ ਰਸਤਾ ਤਾਂ ਬਹੁਤ ਸਿੱਧਾ ਹੈ, ਚੰਗੇ ਇਨਸਾਨ ਬਣੋ। ਦੂਜਿਆਂ ਦੇ ਕੰਮ ਆਓ, ਮਿਹਨਤ ਨਾਲ ਕਮਾਓ ਅਤੇ ਵੰਡ ਕੇ ਖਾਓ। ਸੰਸਾਰ ਵਿਚ ਸੁਰੱਖਿਅਤ ਜਿਊਣ ਦਾ ਰਸਤਾ ਬਹੁਤ ਔਖਾ ਹੈ। ਅਜਿਹੇ ਸਮਾਜ ਦੇ ਨਿਰਮਾਣ ਦਾ ਮਾਰਗ ਦੱਸੋ ਜਿਸ ਸਦਕਾ ਬਾਲੜੀਆਂ ਤੇ ਮਹਿਲਾਵਾਂ ਆਪਣੇ ਘਰ ਤੋਂ ਸਕੂਲ-ਕਾਲਜ ਅਤੇ ਦਫ਼ਤਰਾਂ ਤਕ ਤਾਂ ਪੁੱਜ ਸਕਣ। ਸਾਡੇ ਬੇਟੇ ਕਾਮੁਕ ਨਾ ਬਣਨ। ਸਮਾਜ ਵਿਚ ਨਸ਼ਾ ਅਤੇ ਹੋਰ ਅਪਰਾਧ ਨਾ ਫੈਲਣ। ਉਨ੍ਹਾਂ ਸਾਹਮਣੇ ਉਨ੍ਹਾਂ ਮਹਾਪੁਰਸ਼ਾਂ ਦਾ ਆਦਰਸ਼ ਰਹੇ ਜਿਨ੍ਹਾਂ ਦਾ ਨਾਂ ਲੈ ਕੇ ਅਸੀਂ ਜਿਊਂਦੇ-ਮਰਦੇ ਹਾਂ। ਮੈਂ ਅੱਖੀਂ ਦੇਖੀ ਕਹਿ ਰਹੀ ਹਾਂ। ਬੀਤੇ ਇਕ ਸਾਲ ਵਿਚ ਲਗਪਗ ਤੀਹ ਸਕੂਲਾਂ ਦੇ ਵਿਦਿਆਰਥੀਆਂ ਨਾਲ ਸੰਵਾਦ ਹੋਇਆ। ਬਹੁਤ ਦੁੱਖ ਹੁੰਦਾ ਹੈ ਉਦੋਂ ਜਦੋਂ ਉਨ੍ਹਾਂ ਨੂੰ ਇਹ ਜਾਣਕਾਰੀ ਵੀ ਨਹੀਂ ਹੁੰਦੀ ਕਿ ਜਲਿਆਂਵਾਲਾ ਬਾਗ਼ ਵਿਚ ਕਿਉਂ ਬੇਗੁਨਾਹ ਭਾਰਤੀਆਂ ਦਾ ਕਤਲੇਆਮ ਕੀਤਾ ਗਿਆ ਸੀ। ਕਿਉਂ ਦੀ ਗੱਲ ਤਾਂ ਛੱਡੋ, ਕਿਸ ਨੇ ਕੀਤਾ ਸੀ ਇਹ ਕਤਲੇਆਮ? ਇੰਨੀ ਜਿਹੀ ਗੱਲ ਵੀ ਇਕ ਫ਼ੀਸਦੀ ਤੋਂ ਵੱਧ ਬੱਚੇ ਨਹੀਂ ਜਾਣਦੇ। ਅੰਮ੍ਰਿਤਸਰ ਦੇ ਬੱਚਿਆਂ ਲਈ ਸ਼ਹੀਦ ਮਦਨ ਲਾਲ ਢੀਂਗਰਾ ਅਤੇ ਸ਼ਹੀਦ ਊਧਮ ਸਿੰਘ ਅਨਜਾਣ ਹਨ। ਸਿੱਧੀ-ਸੱਚੀ ਗੱਲ ਇਹ ਹੈ ਕਿ ਸਾਡੇ ਭਟਕ ਰਹੇ ਬੱਚਿਆਂ ਨਾਲੋਂ ਜ਼ਿਆਦਾ ਕਸੂਰਵਾਰ ਉਹ ਹਨ ਜੋ ਨਵੀਂ ਪੀੜ੍ਹੀ ਨੂੰ ਸਹੀ ਰਸਤਾ ਨਹੀਂ ਦਿਖਾਉਂਦੇ। ਸਿੱਖਿਆ ਸ਼ਾਸਤਰੀ ਵੀ ਇਸ ਦੋਸ਼ ਤੋਂ ਬਚ ਨਹੀਂ ਸਕਦੇ। ਕਦੇ ਅਜਿਹਾ ਵੀ ਲੱਗਦਾ ਹੈ ਕਿ ਅੱਜ ਦੀ ਸਿੱਖਿਆ ਪ੍ਰਣਾਲੀ ਮਹਿੰਗੇ ਸਕੂਲਾਂ ਅਤੇ ਮੈਕਾਲੇ ਦੇ ਪੈਰੋਕਾਰ ਬਣ ਰਹੇ ਦੇਸ਼ ਦੇ ਸ਼ਾਸਕਾਂ-ਪ੍ਰਸ਼ਾਸਕਾਂ ਦੀ ਸਿੱਖਿਆ ਨੀਤੀ ਨਾਲੋਂ ਉਹ ਸਿੱਖਿਆ ਦਾ ਰਸਤਾ ਚੰਗਾ ਸੀ ਜੋ ਸਵਾਮੀ ਦਯਾਨੰਦ ਨੇ ਦਿਖਾਇਆ ਸੀ ਅਤੇ ਸਵਾਮੀ ਸ਼ਰਧਾਨੰਦ ਨੇ ਗੁਰੂਕੁਲ ਪ੍ਰਣਾਲੀ ਸ਼ੁਰੂ ਕੀਤੀ ਸੀ।

ਸਮੇਂ ਦੀਆਂ ਸਰਕਾਰਾਂ ਨੂੰ ਜਵਾਬ ਦੇਣਾ ਹੋਵੇਗਾ ਕਿ ਕਿਸ ਦੀ ਕਮੀ ਕਾਰਨ ਸਾਡੇ ਮੁਲਕ ਦੇ ਛੋਟੇ-ਛੋਟੇ ਬੱਚੇ ਅਪਰਾਧਾਂ ਵੱਲ ਵੱਧ ਰਹੇ ਹਨ। ਅੱਲ੍ਹੜ ਉਮਰ ਵਿਚ ਹੀ ਸ਼ਰਾਬ, ਜੂਆ ਅਤੇ ਹੁੱਕੇ ਵਰਗੀਆਂ ਭੈੜੀਆਂ ਵਾਦੀਆਂ ਦਾ ਸ਼ਿਕਾਰ ਹੋਣ ਵਾਲੇ ਬੱਚੇ ਅਤੇ ਉਸ ਮਗਰੋਂ ਸਮਾਜਿਕ ਅਪਰਾਧ ਦੇ ਰਾਹ ਜਾ ਰਹੇ ਬੱਚਿਆਂ ਦਾ ਦੋਸ਼ੀ ਕੌਣ ਹੈ। ਸ਼ਰਾਬ ਕਾਰਨ ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ। ਕਤਲ, ਸੜਕ ਹਾਦਸੇ ਵੀ ਰੋਜ਼ਾਨਾ ਅਨੇਕਾਂ ਘਰ ਉਜਾੜ ਰਹੇ ਹਨ। ਕੀ ਸਰਕਾਰ ਨੂੰ ਇਹ ਸੁਣਾਈ-ਦਿਖਾਈ ਨਹੀਂ ਦਿੰਦਾ ਕਿ ਇਕ 16 ਸਾਲਾ ਬੱਚਾ ਆਪਣੀ ਮਾਂ ਨੂੰ ਇਸ ਲਈ ਮਾਰ ਦਿੰਦਾ ਹੈ ਕਿਉਂਕਿ ਮਾਂ ਨੇ ਸ਼ਰਾਬ ਪੀਣ ਲਈ ਉਸ ਨੂੰ ਪੈਸੇ ਨਹੀਂ ਦਿੱਤੇ ਸਨ। ਮਾਂ ਮੌਤ ਦੇ ਮੂੰਹ ਵਿਚ ਜਾ ਪਈ। ਬੱਚਾ ਸਾਰੀ ਉਮਰ ਲਈ ਸਲਾਖਾਂ ਪਿੱਛੇ ਚਲਾ ਗਿਆ। ਇਸ ਦਾ ਦੋਸ਼ੀ ਵੀ ਤਾਂ ਸਾਡਾ ਰਾਜਤੰਤਰ ਹੈ ਜਿਸ ਨੂੰ ਧਨ ਕਮਾਉਣ ਲਈ ਸ਼ਰਾਬ ਵੇਚਣ, ਪਿਲਾਉਣ ਦੇ ਇਲਾਵਾ ਕੋਈ ਆਸਾਨ ਰਸਤਾ ਨਹੀਂ ਲੱਭਦਾ। ਪਿੱਛੇ ਜਿਹੇ ਪੰਜਾਬ ਦਾ ਇਕ ਪਰਿਵਾਰ ਉੱਜੜ ਗਿਆ। ਸ਼ਰਾਬੀ ਪਤੀ ਨੇ ਪਤਨੀ ਨੂੰ ਮਾਰਿਆ ਅਤੇ ਨਸ਼ਾ ਉਤਰਨ 'ਤੇ ਖ਼ੁਦਕੁਸ਼ੀ ਕਰ ਲਈ। ਬੱਚੇ ਕਿਸ ਅਨਾਥ ਆਸ਼ਰਮ ਵਿਚ ਜਾਣਗੇ, ਇਸ ਦੀ ਫ਼ਿਲਹਾਲ ਜਾਣਕਾਰੀ ਨਹੀਂ। ਮੇਰੀ ਨਜ਼ਰ ਵਿਚ ਇਸ ਦਾ ਹੱਲ ਚੰਗੀ ਸਿੱਖਿਆ ਅਤੇ ਸਿੱਖਿਆ ਦੇ ਸੰਪੂਰਨ ਆਧੁਨਿਕੀਕਰਨ ਦੇ ਨਾਲ-ਨਾਲ ਭਵਿੱਖੀ ਚੁਣੌਤੀਆਂ ਨਾਲ ਸਿੱਝਣ ਵਾਲੀ ਸਿੱਖਿਆ ਪ੍ਰਣਾਲੀ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਆਪਣੀਆਂ ਯੂਨੀਵਰਸਿਟੀਆਂ ਵਿਚ ਇਕ ਖੋਜ ਕੇਂਦਰ ਇਸ ਲਈ ਸਥਾਪਤ ਕਰਨਾ ਚਾਹੀਦਾ ਹੈ ਕਿ ਜੋ ਇਹੀ ਖੋਜ ਕਰੇ ਕਿ ਜਦ ਗੁਰੂਕੁਲ ਵਿਵਸਥਾ ਦੇਸ਼ ਵਿਚ ਸੀ, ਉਦੋਂ ਨੌਜਵਾਨ ਪੀੜ੍ਹੀ ਦਾ ਚਰਿੱਤਰ ਕਿਹੋ ਜਿਹਾ ਸੀ। ਕੀ ਉੱਥੇ ਭ੍ਰਿਸ਼ਟਾਚਾਰ ਸੀ? ਜਬਰ-ਜਨਾਹ ਹੁੰਦੇ ਸਨ? ਮਾਤਾ-ਪਿਤਾ ਬਿਰਧ ਆਸ਼ਰਮਾਂ ਵਿਚ ਭੇਜੇ ਜਾਂਦੇ ਸਨ? ਕੀ 10 ਤੋਂ 17 ਸਾਲ ਦੀ ਉਮਰ ਦੇ ਕਰੋੜਾਂ ਬੱਚੇ ਸ਼ਰਾਬ ਪੀਂਦੇ ਸਨ? ਅਸੀਂ ਪੁਰਾਤੱਤਵ ਵਿਭਾਗ ਸਿਰਫ਼ ਭਵਨਾਂ ਦੀ ਖੁਦਾਈ ਅਤੇ ਪੁਰਾਣੀ ਰਹਿੰਦ-ਖੂੰਹਦ ਨੂੰ ਲੱਭਣ ਲਈ ਹੀ ਬਣਾਉਂਦੇ ਹਾਂ ਪਰ ਪੁਰਾਣੇ ਜੀਵਨ ਦੀਆਂ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਲੱਭਣ ਦਾ ਯਤਨ ਨਹੀਂ ਕਰਦੇ ਜਿਨ੍ਹਾਂ ਕਾਰਨ ਉਸ ਸਮਾਜ ਵਿਚ ਸਾਰੇ ਔਰਤ-ਮਰਦ ਪੜ੍ਹੇ-ਲਿਖੇ ਸਨ। ਵਰਣ-ਆਸ਼ਰਮ-ਧਰਮ ਦੀ ਪਾਲਣਾ ਕਰਦੇ ਸਨ। ਕਿਰਤ ਕਰਦੇ ਅਤੇ ਵੰਡ ਕੇ ਛਕਦੇ ਸਨ। ਯਕੀਨਨ ਇਸੇ ਕਾਰਨ ਭਾਰਤ ਨੂੰ ਵਿਸ਼ਵ ਗੁਰੂ ਕਿਹਾ ਜਾਂਦਾ ਸੀ। ਕੀ ਅੱਜ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਸੰਭਾਲ ਕੇ ਉਸ ਨੂੰ ਉਸੇ ਤਰ੍ਹਾਂ ਦੀ ਸਿੱਖਿਆ ਨਹੀਂ ਦੇ ਸਕਦੇ ਜਿਹੋ ਜਿਹੀ ਸਾਡੇ ਪੂਰਵਜਾਂ ਨੇ ਦਿੱਤੀ ਸੀ। ਗੁਰੂਕੁਲਾਂ ਵਿਚ ਸ਼ਸਤਰ ਤੇ ਸ਼ਾਸਤਰ ਦੋਵਾਂ ਵਿਚ ਹੀ ਮਾਹਰ ਬਣਾ ਕੇ ਵਿਦਿਆਰਥੀਆਂ ਨੂੰ ਕਰਮ ਖੇਤਰ ਵਿਚ ਭੇਜਿਆ ਜਾਂਦਾ ਸੀ। ਅੱਜ ਅਸੀਂ ਇਸ ਤੋਂ ਕਿਉਂ ਖੁੰਝ ਗਏ? ਕਿਉਂ ਸਾਡੇ ਬੱਚੇ ਆਪਣੀ ਸ਼ਾਮ ਸ਼ਰਾਬ, ਹੁੱਕੇ ਅਤੇ ਜੂਏ ਵਿਚ ਖ਼ਰਾਬ ਕਰ ਰਹੇ ਹਨ ਅਤੇ ਕਿਉਂ ਟੀਵੀ ਇਸ਼ਤਿਹਾਰਾਂ ਵਿਚ ਵਾਸਨਾ, ਅਸ਼ਲੀਲਤਾ ਦੀ ਭਰਮਾਰ ਹੈ? ਕੀ ਦੇਸ਼ ਦੇ ਸ਼ਾਸਕਾਂ ਨੂੰ ਇਹ ਦਿਖਾਈ ਨਹੀਂ ਦਿੰਦਾ ਕਿ ਬਹੁਤ ਸਾਰੇ ਇਸ਼ਤਿਹਾਰਾਂ, ਇੰਟਰਨੈੱਟ ਅਤੇ ਹੋਰ ਸੰਚਾਰ ਸਾਧਨਾਂ ਵਿਚ ਨਾਰੀ ਅੱਜ ਵੀ ਭੋਗ-ਵਿਲਾਸ ਦੀ ਵਸਤੂ ਵਜੋਂ ਹੀ ਦਿਖਾਈ ਜਾ ਰਹੀ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਸਮਾਜ ਵਿਚ ਗਿਰਾਵਟ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਸਾਡੀ ਇਕ ਪੀੜ੍ਹੀ ਸਹੀ ਸਿੱਖਿਆ ਤੋਂ ਦੂਰ ਬੇਯਕੀਨੀ ਦੀ ਹਾਲਤ ਵਿਚ ਘੁੰਮ ਰਹੀ ਹੈ। ਨਸ਼ਿਆਂ ਦੀ ਆਦੀ ਹੈ। ਭਟਕਣ ਕਾਰਨ ਵਿਦੇਸ਼ਾਂ ਵੱਲ ਭੱਜ ਰਹੀ ਹੈ। ਅਪਰਾਧਾਂ ਦੀ ਦੁਨੀਆ ਵਿਚ ਵੀ ਉਹੀ ਨੌਜਵਾਨ ਜਾ ਰਹੇ ਹਨ ਜਿਨ੍ਹਾਂ ਦੇ ਸਹਾਰੇ ਦੇਸ਼ ਨੂੰ ਨੌਜਵਾਨਾਂ ਦਾ ਦੇਸ਼ ਕਿਹਾ ਜਾਂਦਾ ਹੈ। ਚੰਗਾ ਹੋਵੇ ਜੇ ਸਰਕਾਰਾਂ ਹੁਣ ਵੀ ਸੰਭਲ ਜਾਣ। ਵਿੱਦਿਅਕ ਸੰਸਥਾਵਾਂ ਸਿੱਖਿਆ ਦੇ ਵਪਾਰੀਆਂ ਦੇ ਨੋਟ ਛਾਪਣ ਦੇ ਅੱਡੇ ਨਾ ਬਣਨ ਦਿੱਤੀਆਂ ਜਾਣ। ਜੇ ਸਰਕਾਰਾਂ ਹੁਣ ਤੋਂ ਹੀ ਸਾਰਾ ਧਨ-ਸੋਮੇ, ਨੀਤੀਆਂ ਸਿੱਖਿਆ ਨੂੰ ਸਹੀ ਬਣਾਉਣ ਅਤੇ ਹਰ ਬਾਲਕ-ਬਾਲਿਕਾ ਤਕ ਸਿੱਖਿਆ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦੇਣ ਤਾਂ ਅਗਲੇ ਇਕ ਦਹਾਕੇ ਤਕ ਅਸੀਂ ਅਨੇਕ ਬੁਰਾਈਆਂ ਤੋਂ ਛੁਟਕਾਰਾ ਪਾ ਲਵਾਂਗੇ। ਅਪਰਾਧਾਂ, ਵਿਭਚਾਰ, ਨਸ਼ਾਖੋਰੀ ਅਤੇ ਜਵਾਨੀ ਦੇ ਵਿਦੇਸ਼ਾਂ ਵਿਚ ਵਸਣ ਦੀ ਅੰਨ੍ਹੀ ਦੌੜ 'ਤੇ ਲਗਾਮ ਕੱਸੀ ਜਾ ਸਕਦੀ ਹੈ।

-(ਲੇਖਿਕਾ ਭਾਜਪਾ ਦੀ ਸੀਨੀਅਰ ਨੇਤਾ ਅਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਹੈ)।

-ਮੋਬਾਈਲ ਨੰ. : 94172-76242

Posted By: Susheel Khanna