-ਇਕਬਾਲ ਸਿੰਘ ਲਾਲਪੁਰਾ


ਸ਼ਹੀਦ-ਏ- ਆਜ਼ਮ ਭਗਤ ਸਿੰਘ ਦਾ 114 ਵਾਂ ਜਨਮ ਦਿਹਾੜਾ ਮਨਾਉਂਦਿਆਂ ਉਸ ਮਹਾਨ ਹੀਰੋ ਦੇ ਪਦ ਚਿੰਨ੍ਹਾਂ 'ਤੇ ਚੱਲਣ ਦੀ ਗੱਲ ਹਰ ਕੋਈ ਕਰਦਾ ਹੈ ਪਰ ਕੀ ਕੋਈ ਭਗਤ ਸਿੰਘ ਬਣ ਸਕਦਾ ਹੈ? ਕੀ ਕਿਸੇ ਨੇ ਉਸ ਦੇ ਜੀਵਨ 'ਤੇ ਝਾਤੀ ਮਾਰੀ ਹੈ? ਕੌਣ ਬਣ ਸਕਦਾ ਹੈ ਸ਼ਹੀਦ-ਏ-ਆਜ਼ਮ? 'ਸ਼ਹੀਦ' ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਖ਼ੁਦਾ ਦੀ ਰਾਹ, ਦੇਸ਼ ਕੌਮ ਲਈ ਕੁਰਬਾਨ ਹੋਣ ਜਾਂ ਆਪਾ ਵਾਰਨ ਵਾਲਾ। ਭਾਰਤ ਨੂੰ ਗ਼ੁਲਾਮੀ ਤੋਂ ਮੁਕਤ ਕਰਾਉਣ ਲਈ ਅਨੇਕਾਂ ਸ਼ਹਾਦਤਾਂ ਹੋਈਆਂ ਪਰ ਭਗਤ ਸਿੰਘ ਨੂੰ 23 ਸਾਲ 6 ਮਹੀਨੇ 16 ਦਿਨ ਦੀ ਉਮਰ ਵਿਚ ਅੰਗਰੇਜ਼ਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ। ਉਸ ਨੂੰ ਸ਼ਹੀਦ-ਏ-ਆਜ਼ਮ ਦਾ ਖਿਤਾਬ ਇਸ ਲਈ ਪ੍ਰਾਪਤ ਹੋਇਆ ਕਿਉਂਕਿ ਉਸ ਨੇ ਆਪਣੀ ਵਿਚਾਰਧਾਰਾ ਤੇ ਆਪਣੇ ਨਿਸ਼ਾਨੇ ਨੂੰ ਸਪੱਸ਼ਟ ਰੂਪ ਵਿਚ ਸਮਾਜ ਦੇ ਸਾਹਮਣੇ ਪੇਸ਼ ਕੀਤਾ। ਸ਼ਹੀਦ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰਾ ਹੁੰਦੇ ਹਨ। ਉਨ੍ਹਾਂ ਦੀ ਅਸਲੀ ਵਿਰਾਸਤ ਉਨ੍ਹਾਂ ਦੇ ਨੇਕ ਆਦਰਸ਼, ਫਲਸਫ਼ਾ ਅਤੇ ਜੀਵਨ ਜਿਊਣ ਦਾ ਵਿਲੱਖਣ ਢੰਗ ਹੁੰਦਾ ਹੈ।

ਭਗਤ ਸਿੰਘ ਨੇ ਅੰਗਰੇਜ਼ ਸਾਮਰਾਜ ਵੱਲੋਂ ਦੇਸ਼ ਦੀ ਲੁੱਟ-ਖਸੁੱਟ, ਜ਼ੁਲਮ ਸਹਿ ਰਹੇ ਲੋਕਾਂ 'ਚ ਹੌਸਲਾ ਪੈਦਾ ਕਰਨ ਲਈ ਵਿਚਾਰਾਂ ਦੇ ਨਾਲ-ਨਾਲ ਭਾਰੀ ਮੁਸ਼ਕਲ ਸਮੇਂ ਹਥਿਆਰ ਚੁੱਕਣ ਦਾ ਰਾਹ ਵੀ ਚੁਣਿਆ। ਉਸ ਨੇ ਜਾਬਰ ਤੇ ਜ਼ੁਲਮ ਵਿਦੇਸ਼ੀ ਸ਼ਾਸਕਾਂ ਨੂੰ ਬਦਲ ਕੇ ਲੋਕ ਪ੍ਰਤੀਨਿਧੀ ਸਰਕਾਰ, ਜਿਸ ਦਾ ਨਿਸ਼ਾਨਾ ਹਰ ਆਦਮੀ ਲਈ ਸਨਮਾਨਯੋਗ ਜੀਵਨ ਅਤੇ ਬਰਾਬਰੀ ਦੇ ਅਧਿਕਾਰ ਪ੍ਰਾਪਤ ਕਰਨਾ ਹੋਵੇ, ਦਾ ਸੁਪਨਾ ਵੀ ਭਾਰਤੀਆਂ ਸਾਹਮਣੇ ਪੇਸ਼ ਕੀਤਾ। ਇਸ ਸੰਘਰਸ਼ 'ਚੋਂ ਆਪਣੇ ਲਈ ਕੁਝ ਵੀ ਪ੍ਰਾਪਤ ਕਰਨਾ ਉਸ ਦਾ ਮੰਤਵ ਨਹੀਂ ਸੀ।

ਭਗਤ ਸਿੰਘ ਦੇ ਵਿਲੱਖਣ ਫਲਸਫ਼ੇ ਨੂੰ ਜੇ ਵਿਚਾਰਿਆ ਜਾਵੇ ਤਾਂ ਸਮਾਜਿਕ ਰੂਪ 'ਚ ਜਾਤ-ਪਾਤ, ਊਚ-ਨੀਚ ਦਾ ਉਹ ਵਿਰੋਧੀ ਸੀ। ਉਹ ਆਖਦਾ ਸੀ, 'ਜੇ ਗੰਦ ਚੁੱਕਣ ਨਾਲ ਕੋਈ ਵਿਅਕਤੀ ਨੀਵਾਂ ਹੋ ਸਕਦਾ ਹੈ ਤਾਂ ਮੇਰੀ ਮਾਂ ਜਿਸ ਨੇ ਕਿ ਮੇਰਾ ਗੰਦ ਚੁੱਕਿਆ ਹੈ, ਸਭ ਤੋਂ ਨੀਵੀਂ ਹੋਣੀ ਚਾਹੀਦੀ ਹੈ ਪਰ ਉਹ ਮੇਰੇ ਲਈ ਸਭ ਤੋਂ ਉੱਤਮ ਤੇ ਪਰਉਪਕਾਰੀ ਹੈ।' ਇਸ ਲਈ ਉਹ ਜਾਤ ਕਰਕੇ ਨੀਵੀਂ ਆਖੇ ਜਾਣ ਵਾਲਿਆਂ ਨੂੰ ਮਾਂ-ਬੇਬੇ ਆਖ ਕੇ ਸੰਬੋਧਨ ਕਰਦਾ ਸੀ। ਜਾਤ-ਪਾਤ ਜਾਂ ਅਮੀਰ-ਗ਼ਰੀਬ ਦੇ

ਵਰਗੀਕਰਨ ਤੇ ਊਚ-ਨੀਚ ਉਸ ਨੂੰ ਕਿਸੇ ਵੀ ਰੂਪ 'ਚ ਪ੍ਰਵਾਨ ਨਹੀਂ ਸੀ।

ਆਰਥਿਕ ਰੂਪ 'ਚ ਉਹ ਸਭ ਲਈ ਬਰਾਬਰੀ ਦੇ ਮੌਕਿਆਂ ਦੇ ਹਾਮੀ ਅਤੇ ਲੈਨਿਨ ਤੇ ਮਾਰਕਸ ਦੇ ਸਮਾਜਵਾਦੀ ਫਲਸਫ਼ੇ ਤੋਂ ਪ੍ਰਭਾਵਿਤ ਸੀ। ਉਸ ਮੁਤਾਬਕ ਅਮੀਰ- ਗ਼ਰੀਬ ਦਾ ਪਾੜਾ ਘਟਾਉਣ ਲਈ ਸਾਧਨਾਂ ਦੀ ਸੁਚੱਜੀ ਵੰਡ ਹੋਣੀ ਚਾਹੀਦੀ ਹੈ। ਜ਼ਮੀਨਾਂ ਦੇ ਮਾਲਕ ਕਾਸ਼ਤਕਾਰ ਹੋਣੇ ਚਾਹੀਦੇ ਹਨ ਤੇ ਮਜ਼ਦੂਰਾਂ ਨੂੰ ਸਖ਼ਤ ਮਿਹਨਤ ਕਰ ਕੇ ਕਮਾਈ ਵਾਜਬ ਮਜ਼ਦੂਰੀ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ। ਸਿਆਸੀ ਰੂਪ 'ਚ ਉਹ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਦਾ ਅਲੰਬਰਦਾਰ ਸੀ। ਉਹ ਇਹ ਨਹੀਂ ਸੀ ਚਾਹੁੰਦਾ ਕਿ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤੀ ਪਾ ਕੇ ਅਸੀਂ ਉਸੀ ਪ੍ਰਣਾਲੀ ਦੇ ਦੇਸੀ ਹਾਕਮਾਂ ਦੇ ਗ਼ੁਲਾਮ ਬਣ ਜਾਈਏ। ਉਹ ਤਾਂ ਜ਼ਾਲਮ ਸਰਮਾਏਦਾਰਾਂ ਦੇ ਹੱਥੋਂ ਸੱਤਾ ਖੋਹ ਕੇ ਸਮਾਜਵਾਦ ਸਥਾਪਿਤ ਕਰਨਾ ਚਾਹੁੰਦਾ ਸੀ। ।

ਵਿਅਕਤੀਗਤ ਜੀਵਨ 'ਚ ਉਹ ਹਸੂੰ-ਹਸੂੰ ਕਰਦੀ, ਮਾਨਵਤਾ ਲਈ ਪ੍ਰੇਮ ਨਾਲ ਭਰੀ ਹੋਈ ਸ਼ਖ਼ਸੀਅਤ ਸੀ। ਉਹ ਜੀਵਨ ਦਾ ਪੂਰਾ ਅਨੰਦ ਮਾਣਨ ਦਾ ਇੱਛੁਕ ਸੀ। ਉਹ ਚੰਗਾ ਗਾਇਕ, ਡਰਾਮਿਆਂ 'ਚ ਨਾਇਕ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਪਾਸੋਂ ਸਨਮਾਨ ਹਾਸਲ ਕਰਨ ਵਾਲਾ, ਘੁੰਮ ਫਿਰ ਕੇ ਨਵੀਆਂ ਥਾਵਾਂ ਵੇਖਣ ਵਾਲਾ ਤੇ ਲਗਾਤਾਰ ਵਿਕਾਸਸ਼ੀਲ ਖੋਜ ਭਰਪੂਰ ਪੁਸਤਕਾਂ ਪੜ੍ਹਨ ਦਾ ਸ਼ੌਕੀਨ ਸੀ। ਉਹ ਅੰਗਰੇਜ਼ ਵਿਰੋਧੀ ਨਹੀਂ ਸੀ ਸਗੋਂ ਜ਼ਾਲਮ ਸੰਸਥਾ ਵਿਰੋਧੀ ਸੀ। ਉਸ ਦਾ ਵਿਚਾਰ ਸੀ ਕਿ ਤਾਕਤ ਦਾ ਇਸਤੇਮਾਲ ਉਦੋਂ ਕਰਨਾ ਚਾਹੀਦਾ ਹੈ, ਜਦੋਂ ਹੋਰ ਕੋਈ ਹੀਲਾ ਨਾ ਰਹਿ ਜਾਵੇ। ਉਸ ਦਾ ਵਿਚਾਰ ਸੀ ਕਿ ਵਿਅਕਤੀਗਤ ਰੂਪ 'ਚ ਕਿਸੇ ਨੂੰ ਮਾਰਨ ਦਾ ਕੋਈ ਫ਼ਾਇਦਾ ਨਹੀਂ। ਉਸ ਨੂੰ ਸ਼ਸ਼ਤਰ ਨਾਲੋਂ ਸ਼ਾਸਤਰ ਜ਼ਿਆਦਾ ਪਿਆਰਾ ਸੀ। ਇਸ ਲਈ ਉਹ ਹਮੇਸ਼ਾ ਹੀ ਕਿਤਾਬਾਂ ਰਾਹੀਂ ਦਾਰਸ਼ਨਿਕਾਂ ਨਾਲ ਜੁੜਿਆ ਰਹਿੰਦਾ ਸੀ। ਉਸ ਦਾ ਸਭ ਤੋਂ ਵੱਡਾ ਗੁਣ ਵਿਰੋਧੀਆਂ ਪ੍ਰਤੀ ਹਾਂ-ਪੱਖੀ ਨਜ਼ਰੀਆ ਸੀ। ਮਹਾਤਮਾ ਗਾਂਧੀ ਅਤੇ ਲਾਲਾ ਲਾਜਪਤ ਰਾਏ ਦੀ ਸ਼ਖ਼ਸੀਅਤ ਤੋਂ ਉਹ ਪ੍ਰਭਾਵਿਤ ਨਹੀਂ ਸੀ ਪਰ ਉਨ੍ਹਾਂ ਵੱਲੋਂ ਆਜ਼ਾਦੀ ਲਈ ਜਾਗ੍ਰਿਤੀ ਪੈਦਾ ਕਰਨ ਦਾ ਸਨਮਾਨ ਕਰਦਾ ਸੀ ਤੇ ਵਿਦੇਸ਼ੀਆਂ ਵੱਲੋਂ ਉਨ੍ਹਾਂ 'ਤੇ ਜ਼ੁਲਮ ਕਰਨ ਦਾ ਉਹ ਵਿਰੋਧੀ ਸੀ।

ਇਨ੍ਹਾਂ ਬਹੁਪੱਖੀ ਖ਼ੂਬੀਆਂ ਦਾ ਮਾਲਕ ਸ਼ਹੀਦ ਨਹੀਂ ਸਗੋਂ ਸ਼ਹੀਦ-ਏ-ਆਜ਼ਮ ਹੀ ਹੋਣਾ ਚਾਹੀਦਾ ਹੈ, ਜਿਸ ਨੇ ਮੌਤ ਦੇ ਸਾਹਮਣੇ ਵੀ ਆਦਰਸ਼ ਨੂੰ ਅੱਗੇ ਰੱਖਿਆ ਤੇ ਕਿਸੇ ਡਰ ਤੋਂ ਰਹਿਤ ਹੋ ਕੇ ਆਪਣੀ ਗੱਲ ਵਿਦੇਸ਼ੀ ਹਕੂਮਤ ਦੇ ਬੋਲ੍ਹੇ ਕੰਨਾਂ ਤਕ ਜ਼ੋਰਦਾਰ ਢੰਗ ਨਾਲ ਪਹੁੰਚਾਈ। ਇਸੇ ਲਈ ਉਸ ਦਾ ਜਨਮ ਤੇ ਸ਼ਹੀਦੀ ਦਿਨ ਇਕ ਮੇਲੇ ਦੇ ਰੂਪ 'ਚ ਮਨਾਉਣਾ ਹਰ ਭਾਰਤੀ ਆਪਣਾ ਕੌਮੀ ਫ਼ਰਜ਼ ਮਹਿਸੂਸ ਕਰਦਾ ਹੈ। ਹਰ ਵਰਗ ਦਾ ਚਹੇਤਾ ਨਾਇਕ ਹੋਣ ਕਰਕੇ ਉਸ ਦੇ ਬਾਰੇ ਵੱਧ ਤੋਂ ਵੱਧ ਜਾਣਨ ਦੀ ਲਾਲਸਾ ਤੇ ਅਜੋਕੇ ਸੰਦਰਭ 'ਚ ਉਸ ਦੇ ਫਲਸਫ਼ੇ ਦਾ ਪਹਿਰੇਦਾਰ ਲੱਭਣ ਦਾ ਯਤਨ ਆਮ ਭਾਰਤੀ ਦਾ ਰਿਹਾ ਹੈ ਪਰ ਕੀ ਉਸ ਦੀ ਵਿਰਾਸਤ ਤੇ ਫਲਸਫ਼ੇ ਨੂੰ ਆਮ ਆਦਮੀ ਤਕ ਪਹੁੰਚਾਇਆ ਜਾ ਸਕਿਆ ਹੈ?

ਭਗਤ ਸਿੰਘ ਦੇ ਪਰਿਵਾਰ ਨੂੰ ਆਜ਼ਾਦੀ ਤੋਂ ਬਾਅਦ ਵੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 1949 'ਚ ਪੰਜਾਬ ਦੇ ਇਕ ਮੰਤਰੀ ਵੱਲੋ ਉਸ ਦੇ ਭਰਾਵਾਂ ਕੁਲਤਾਰ ਸਿੰਘ ਤੇ ਕੁਲਵੀਰ ਸਿੰਘ ਨੂੰ ਬੰਗੇ ਨੇੜੇ ਹੋਏ ਕਤਲ ਦੇ ਝੂਠੇ ਮੁਕੱਦਮੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। 1962 'ਚ ਕੁਲਵੀਰ ਸਿੰਘ ਤੇ ਪ੍ਰਧਾਨ ਮੰਤਰੀ ਵਿਰੁੱਧ ਸਾਜ਼ਿਸ਼ ਕਰਨ ਦਾ ਵੀ ਦੋਸ਼ ਲਾਇਆ ਗਿਆ। ਭਗਤ ਸਿੰਘ ਦੇ ਮੁਕੱਦਮੇ ਦੀ ਪੈਰਵਾਈ ਕਰਨ ਵਾਲੇ ਪਰਮ ਮਿੱਤਰ ਹੰਸ ਰਾਜ ਜਿਸ ਨੂੰ ਉਸ ਨੇ ਆਪ ਕ੍ਰਾਂਤੀਕਾਰੀ ਦਾ ਨਾਂ ਦਿੱਤਾ ਸੀ, 1966 'ਚ ਦੰਗਾਕਾਰੀਆਂ ਨੇ ਪਾਣੀਪਤ 'ਚ ਸ਼ਹੀਦ ਕਰ ਦਿੱਤਾ, ਜਿਸ ਦੀ ਮੌਤ ਦਾ ਦੁੱਖ ਮਾਤਾ ਵਿੱਦਿਆਵਤੀ ਤੇ ਬੀਬੀ ਅਮਰ ਕੌਰ ਨੂੰ ਸਾਰੀ ਉਮਰ ਰਿਹਾ। ਭਗਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ 1989 'ਚ ਪੁਲਿਸ ਵੱਲੋਂ ਲਾਪਤਾ ਕਰ ਦੇਣ ਦੀ ਸਾਜ਼ਿਸ਼ 'ਚ ਦੋਸ਼ੀ ਅਧਿਕਾਰੀਆਂ ਨੂੰ ਅੱਜ ਤਕ ਸਜ਼ਾ ਨਹੀਂ ਹੋ ਸਕੀ। ਸ਼ਹੀਦਾਂ ਦੇ ਪਰਿਵਾਰ ਜਿਨ੍ਹਾਂ ਨੇ ਦੇਸ਼ ਕੌਮ ਲਈ ਅਜਿਹੇ ਵਡਮੁੱਲੇ ਹੀਰੇ ਪੈਦਾ ਕੀਤੇ ਹਨ, ਮਾਣ-ਸਨਮਾਨ ਦੇ ਹੱਕਦਾਰ ਹਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਇਸ ਦੀ ਅਣਦੇਖੀ ਕਰਦੀਆਂ ਹਨ।

ਨੌਜਵਾਨ ਭਾਰਤ ਸਭਾ ਦੀ ਸਥਾਪਨਾ ਭਗਤ ਸਿੰਘ ਨੇ ਕੀਤੀ, ਜਿਸ ਦੀ ਹੋਂਦ ਅੱਜ ਵੀ ਸੁਣਨ ਨੂੰ ਮਿਲਦੀ ਹੈ ਪਰ ਉਸ ਦੇ ਸੁਨਹਿਰੀ ਅਸੂਲ ਜਿਵੇਂ ਸਾਰੇ ਭਾਰਤ 'ਚ ਮਜ਼ਦੂਰਾਂ ਤੇ ਕਿਸਾਨਾਂ ਦਾ ਪੂਰੀ ਤਰ੍ਹਾਂ ਆਜ਼ਾਦ ਗਣਰਾਜ ਕਾਇਮ ਕਰਨ ਦਾ ਟੀਚਾ, ਦੇਸ਼ ਭਗਤੀ ਦੀਆਂ ਭਾਵਨਾਵਾਂ ਤੇ ਕੁਰਬਾਨੀ ਦਾ ਜਜ਼ਬਾ ਜਗਾ ਕੇ ਇਕਜੁੱਟ ਭਾਰਤੀ ਕੌਮ ਦਾ ਨਿਰਮਾਣ ਕਰਨਾ, ਧਰਮ ਦੇ ਮਾਮਲੇ 'ਚ ਆਮ ਸਹਿਣਸ਼ੀਲਤਾ ਤੇ ਧਰਮ-ਨਿਰਪੱਖ ਨਜ਼ਰੀਏ ਦੀ ਭਾਵਨਾ ਪੈਦਾ ਕਰਨਾ, ਹਰੇਕ ਉਸ ਆਰਥਿਕ ਅਤੇ ਸਮਾਜਿਕ ਲਹਿਰ ਨੂੰ ਮਜ਼ਬੂਤ ਕਰਨ ਦਾ ਅਹਿਦ ਜੋ ਪੂਰੇ ਭਾਰਤ ਵਿਚ ਮਜ਼ਦੂਰਾਂ ਤੇ ਕਿਸਾਨਾਂ ਦਾ ਮੁਕੰਮਲ ਤੌਰ 'ਤੇ ਆਜ਼ਾਦ ਗਣਰਾਜ ਕਾਇਮ ਕਰਨ ਦੇ ਕਾਰਜ ਲਈ ਸਹਾਈ ਹੋ ਸਕੇ, ਆਦਿ ਦੇ ਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਉਸ ਦੀ ਸ਼ਹਾਦਤ ਤੋਂ 89 ਸਾਲ ਬਾਅਦ ਵੀ ਹਕੀਕਤ 'ਚ ਕੁਝ ਹੋਇਆ ਨਜ਼ਰ ਨਹੀਂ ਆ ਰਿਹਾ, ਨਹੀਂ ਤਾਂ ਨੌਜਵਾਨ ਪੀੜ੍ਹੀ ਸਮਾਜ 'ਚ ਚੰਗੇ ਕੰਮ ਕਰਨ ਲਈ ਅੱਗੇ ਆਉਂਦੀ।

ਭਗਤ ਸਿੰਘ ਦੇ ਜੀਵਨ 'ਤੇ ਫਿਲਮਾਂ ਬਣਾ ਕੇ ਚੰਗੀ ਕਮਾਈ ਕੀਤੀ ਜਾ ਚੁੱਕੀ ਹੈ ਪਰ ਉਸ ਦਾ ਅਸਲੀ ਚਿਹਰਾ ਤੇ ਜੀਵਨ ਲੋਕਾਂ ਦੇ ਸਾਹਮਣੇ ਨਹੀਂ ਆ ਸਕਿਆ। ਹਥਿਆਰਬੰਦ ਭਗਤ ਸਿੰਘ ਦੇ ਪੋਸਟਰ ਤਾਂ ਹਰ ਜਗ੍ਹਾ ਆਸਾਨੀ ਨਾਲ ਵੇਖੇ ਜਾ ਸਕਦੇ ਹਨ ਪਰ ਵਿਚਾਰਵਾਨ ਭਗਤ ਸਿੰਘ ਦੇ ਆਦਰਸ਼ਾਂ ਨੂੰ ਪ੍ਰਚਾਰਨ ਬਾਰੇ ਕੰਮ ਅਜੇ ਸ਼ੁਰੂ ਨਹੀਂ ਹੋਇਆ। ਉਸ ਦੀ ਯਾਦ ਵਿਚ ਮੇਲੇ ਕਰਾਉਣਾ ਵੀ ਸਿਆਸੀ ਪਾਰਟੀਆਂ ਦੀ ਮਜਬੂਰੀ ਹੀ ਹੈ।।ਸੱਚ ਤਾਂ ਇਹ ਹੈ ਕਿ ਉਸ ਦੇ ਫਲਸਫ਼ੇ ਦੀ ਵਿਰਾਸਤ ਨੂੰ ਲਾਗੂ ਕਰਨ ਤੇ ਆਮ ਨਾਗਰਿਕ ਤਕ ਲਿਜਾਣ ਲਈ ਅਜੇ ਤਕ ਕੁਝ ਵੀ ਨਹੀਂ ਹੋਇਆ ਪਰ ਨੌਜਵਾਨਾਂ ਲਈ ਸ਼ਹੀਦ-ਏ-ਆਜ਼ਮ ਦੀ ਲਲਕਾਰ ਅੱਜ ਵੀ ਓਨੀ ਹੀ ਸਾਰਥਿਕ ਹੈ ਜਿੰਨੀ ਉਸ ਦੇ ਜੀਵਨ ਕਾਲ ਵਿਚ ਸੀ। ਉਸ ਦੇ ਇਹ ਵਿਚਾਰ ਮਨ ਵਿਚ ਵਸਾਉਣ ਦੀ ਲੋੜ ਹੈ, 'ਨੌਜਵਾਨੋ ਤੁਸੀਂ ਮੁਕਤੀ ਦਾ ਸੋਮਾ ਹੋ, ਦੇਸ਼ ਦੀ ਆਸ ਹੋ, ਮਾਂ ਧਰਤੀ ਦੇ ਰਖਵਾਲੇ ਹੋ।' ਨੌਜਵਾਨਾਂ ਲਈ ਇਹ ਸਮਾਂ ਵਿਚਾਰਨ ਦਾ ਹੈ ਕਿ ਉਹੋ ਹੀ ਸ਼ਹੀਦ-ਏ-ਆਜ਼ਮ ਦੇ ਅਸਲੀ ਵਿਰਾਸਤ ਅਸੂਲ ਹਨ ਤੇ ਉਸ ਨੂੰ ਸਲਾਮ ਅਸੂਲਾਂ 'ਤੇ ਪਹਿਰਾ ਦੇ ਕੇ ਹੀ ਕੀਤਾ ਜਾ ਸਕਦਾ ਹੈ।। ਉਸ ਦੇ ਇਹ ਬੋਲ ਸਾਨੂੰ ਅੱਗੇ ਵੱਧਣ ਲਈ ਪ੍ਰੇਰਨਾ ਦੇ ਰਹੇ ਹਨ: 'ਦਹਿਰ (ਦੁਨੀਆ) ਸੇ ਕਿਉਂ ਖ਼ਫ਼ਾ ਰਹੇਂ, ਦਰਖ (ਆਸਮਾਨ) ਕਾ ਕਿਉਂ ਗਿਲਾ ਕਰੇਂ ਸਾਰਾ ਜਹਾਂ ਅਦੂ (ਦੁਸ਼ਮਣ) ਸਹੀ, ਆਓ ਮੁਕਾਬਲਾ ਕਰੇਂ।'

ਸੰਪਰਕ ਨੰ : 98773-53321

Posted By: Sunil Thapa