ਅੰਮ੍ਰਿਤਸਰ ਉਦਾਸ ਹੈ। ਪੰਜਾਬੀ ਗਾਇਕੀ ਦੀ ਅਮੀਰ ਵਿਰਾਸਤ ਦੇ ਇਕ ਯੁੱਗ ਦਾ ਅੰਤ ਹੋ ਗਿਆ। ਗੁਰਮੀਤ ਬਾਵਾ ਦੇ ਤੁਰ ਜਾਣ ਨਾਲ ਪੰਜਾਬੀ ਗਾਇਕੀ ਦਾ ਅੰਬਰ ਸੁੰਨਾ ਹੋ ਗਿਆ। ਸਿਖਰ ਦੁਪਹਿਰੇ ਰਾਤ ਪਈ ਵੇਖੀ ਅਸੀਂ ਆਪਣੇ ਘੁੱਗ ਵੱਸਦੇ ਸ਼ਹਿਰ ’ਚ। ਚੜ੍ਹਦੀ ਸਵੇਰ ਹੀ ਮਿਲੀ ਇਸ ਖ਼ਬਰ ’ਤੇ ਯਕੀਨ ਨਹੀਂ ਸੀ ਬੱਝਦਾ। ਆਪਣੇ ਸ਼ਾਇਰ ਮਿੱਤਰ ਦੇਵ ਦਰਦ ਨਾਲ ਮੈਂ ਅਣਮੰਨੇ ਜਿਹੇ ਮਨ ਨਾਲ ਬਾਵਾ ਜੀ ਦੇ ਘਰ ਨੂੰ ਜਾਂਦੀ ਗਲੀ ਦਾ ਮੋੜ ਮੁੜਿਆ ਸਾਂ। ਸੁੰਨ ਸੀ ਚਾਰੇ ਪਾਸੇ। ਸੁਰਜੀਤ ਜੱਜ ਦੀਆਂ ਸਤਰਾਂ ਜ਼ਿਹਨ ’ਚ ਆਉਂਦੀਆਂ ਹਨ, ‘ਔੜ ਹੈ, ਵਿਰਾਨਗੀ ਹੈ , ਨਾ ਉਮੀਦੀ ਹੈ ਮਗਰ ਪੈੜ ਦਸਦੀ ਹੈ ਕਿ ਇੱਥੋਂ ਕਾਫਲਾ ਲੰਘਿਆ ਤਾਂ ਸੀ।’ ਅੱਧ ਢੁਕੇ ਗੇਟ ਦੇ ਸਾਹਮਣੇ ਭੌਇੰ ’ਤੇ ਵਿਛੀ ਦਰੀ ਉੱਤੇ ਗੁਰਮੀਤ ਬਾਵਾ ਦੇ ਪਤੀ ਕਿਰਪਾਲ ਬਾਵਾ ਧੌਣ ਸੁੱਟੀ ਬੈਠੇ ਸਨ ਤੇ ਆਸਪਾਸ ਬਾਵਾ ਜੀ ਨੂੰ ਚਾਹੁਣ ਵਾਲੇ। ਕਦੀ- ਕਦੀ ਕੋਈ ਉਨ੍ਹਾਂ ਦੀ ਗੱਲ ਕਰਦਾ। ਕਿਰਪਾਲ ਬਾਵਾ ਰਿਸ਼ੀਆਂ ਵਾਂਗ ਧੌਣ ਉੱਪਰ ਚੁੱਕਦੇ ਨੇ। ਕੁਝ ਬੋਲਣਾ ਚਾਹੁੰਦੇ ਨੇ, ਸ਼ਬਦ ਸਾਥ ਨਹੀਂ ਦਿੰਦੇ। ਭਰੀਆਂ ਅੱਖਾਂ ਨਾਲ ਖ਼ਾਲੀ- ਖ਼ਾਲੀ ਝਾਕਦੇ ਨੇ ਆਸੇ- ਪਾਸੇ ਨੂੰ। ਮੈਨੂੰ ਯਾਦ ਆਉਂਦੈ ਇਸੇ ਘਰ ’ਚ ਇਕ ਵੇਰਾਂ ਗੁਰਮੀਤ ਬਾਵਾ ਜੀ ਨੇ ਗੱਲ ਕਰਦਿਆਂ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦੀਆਂ ਸਤਰਾਂ ਗੁਣਗੁਣਾਈਆਂ ਸਨ, ‘ਆਖ ਸੂ ਨੀ ਮਾਏ ਇਹਨੂੰ ਰੋਵੇ ਬੁੱਲ੍ਹ ਚਿੱਥ ਕੇ ਨੀ, ਜਗ ਕਿਤੇ ਸੁਣ ਨਾ ਲਵੇ। ਮਤਾਂ ਸਾਡੇ ਮੋਇਆਂ ਪਿੱਛੋਂ, ਜਗ ਇਹ ਸ਼ਰੀਕੜਾ ਨੀ ਗੀਤਾਂ ਨੂੰ ਚੰਦਰਾ ਕਹੇ।’ ਸਟੇਜ ਤੋਂ ਗੁਰਮੀਤ ਬਾਵਾ ਜੀ ਦੀ ਗਜ਼ ਲੰਬੀ ਹੇਕ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾਲ ਬਾਵਾ ਦੀ ਜ਼ੁਬਾਨ ਤੋਂ ਤਲਵਾਰ ਵਾਂਗੂ ਵਗਦੇ ਤੇ ਮੋਰ ਵਾਂਗ ਪੈਲਾਂ ਪਾਉਂਦੇ ਸ਼ਦ ਕਿਧਰੇ ਗੁੰਮ ਗਵਾਚ ਗਏ ਲੱਗਦੇ ਸਨ। ਲੋਕ ਗੀਤਾਂ ਵਾਂਗ ਹੀ ਕਿਰਪਾਲ ਬਾਵਾ ਜੀ ਨਾਲ ਸਾਥ ਸੀ ਗੁਰਮੀਤ ਬਾਵਾ ਹੁਰਾਂ ਦਾ। ਜਿਸ ਗੁਰਮੀਤ ਬਾਵਾ ਦੀ ਜੁਗਨੀ ਦੇ ਧਾਗੇ ਹਮੇਸ਼ਾ ਬੱਗੇ ਰਹੇ , ਅੱਜ ਅਛੋਪਲੇ ਜਿਹੇ ਬਾਂਹ ਛੁਡਵਾ ਕਿਤੇ ਅੰਬਰਾਂ ਦਾ ਤਾਰਾ ਜਾ ਬਣੀ ਸੀ। ‘ਕੋਹਾਰੋ ਡੋਲੀ ਨਾ ਚਾਇਓ, ਅਜੇ ਮੇਰਾ ਬਾਬੁਲ ਆਇਆ ਨਹੀਂ’ ਰਾਹੀਂ ਮਾਹੌਲ ਨੂੰ ਭਾਵੁਕ ਕਰਨ ਵਾਲੀ ਉਸ ਲੰਬੀ ਹੇਕ ਦੀ ਮਲਿਕਾ ਨੇ ਜਾਣ ਵੇਲੇ ਕਿਸੇ ਨੂੰ ਵੀ ਨਹੀਂ ਸੀ ਉਡੀਕਿਆ, ਕਿਸੇ ਤਪੱਸਵੀ ਵਾਂਗ ਚੁੱਪ ਚੁਪੀਤੇ ਅਗਲੇ ਜਹਾਨ ਨੂੰ ਰੁਖ਼ਸਤ ਹੋ ਗਈ ਸੀ। 1944 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਠੇ ਵਿਖੇ ਬਾਪ ਉੱਤਮ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ ਜਨਮੀ ਗੁਰਮੀਤ ਬਾਵਾ ਨੂੰ ਗੁੜਤੀ ਵੀ ਲੋਕ ਗੀਤਾਂ ਦੀ ਮਿਲੀ। ਉਨ੍ਹਾਂ ਨੂੰ ਸ਼ਰਫ਼ ਹਾਸਿਲ ਸੀ ਕਿ ਉਨ੍ਹਾਂ ਨੇ ਲੋਕ ਗੀਤ, ਘੋੜੀਆਂ , ਸੁਹਾਗ, ਸਿੱਠਣੀਆਂ ਆਪ ਪਿੰਡਾਂ ਦੀਆਂ ਬਜ਼ੁਰਗ ਔਰਤਾਂ ਕੋਲੋਂ ਇਕੱਠੇ ਕੀਤੇ ਅਤੇ ਉਸੇ ਤਰਜ਼ ’ਤੇ ਪੇਸ਼ ਕੀਤੇ। ਉਨ੍ਹਾਂ ਨੇ ਜਿੱਥੇ 45 ਮਿੰਟ ਲੰਬੀ ਹੇਕ ਲਾ ਕੇ ਆਲਮੀ ਰਿਕਾਰਡ ਕਾਇਮ ਕੀਤਾ, ਉੱਥੇ ਅਲਗੋਜ਼ੇ ਤੇ ਚਿਮਟਾ ਲੋਕ ਸਾਜ਼ਾਂ ਨਾਲ ਜੁਗਨੀ , ਮਿਰਜ਼ਾ ਤੇ ਵਾਰਾਂ ਗਾ ਕੇ ਆਪਣੀ ਲੋਕ ਗਾਇਕੀ ਦਾ ਲੋਹਾ ਮਨਵਾਇਆ। ਜ਼ਿੰਦਗੀ ਦੀਆਂ 77 ਬਹਾਰਾਂ ਮਾਣ ਕੇ ਰੁਖ਼ਸਤ ਹੋਈ ਪੰਜਾਬੀ ਜ਼ੁਬਾਨ ਦੀ ਇਸ ਮਾਣਮੱਤੀ ਗਾਇਕਾ ਦੀ ਝੋਲੀ ਦੁਨੀਆ ਭਰ ਦੇ ਇਨਾਮ- ਸਨਮਾਨ ਪਏ। ਉਸ ਦੇ ਚਾਹੁਣ ਵਾਲਿਆਂ ਨੇ ਉਸ ਨੂੰ ਪਲਕਾਂ ’ਤੇ ਬਿਠਾ ਕੇ ਰੱਖਿਆ। ਹਰ ਤਰ੍ਹਾਂ ਦੀ ਸ਼ੁਹਰਤ ਉਸ ਕੋਲੋਂ ਸਹਿਜੇ ਜਿਹੇ ਗੁਜ਼ਰ ਜਾਂਦੀ ਸੀ । ਐਤਵਾਰ ਨੂੰ ਸੱਚਮੁੱਚ ਇਕ ਯੁੱਗ ਦਾ ਅੰਤ ਹੋ ਗਿਆ। ਪੰਜਾਬੀ ਗਾਇਕੀ ’ਚ ਪਿਆ ਖਲਾਅ ਕਿੰਝ ਪੂਰਾ ਹੋਵੇਗਾ, ਇਸ ਦਾ ਮੈਨੂੰ ਜਵਾਬ ਨਹੀਂ ਅਹੁਲਦਾ। ਮੈਂ ਖ਼ਾਲੀ- ਖ਼ਾਲੀ ਨਜ਼ਰ ਉਦਾਸ ਬੈਠੇ ਕਿਰਪਾਲ ਬਾਵਾ ਜੀ ਵੱਲ ਝਾਕਦਾ ਹਾਂ। ਸਭ ਬੇਵੱਸ ਨੇ ਪਰ ਮੌਤ ਚੰਦਰੀ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਸਭ ਨੂੰ ਇਕ ਦਿਨ ਇਸ ਨੇ ਆਪਣੇ ਕਲਾਵੇ ’ਚ ਲੈ ਲੈਣਾ ਹੈ ਪਰ ਦੁਨੀਆ ’ਚ ਵਿਰਲੀਆਂ ਹਸਤੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਤੁਰ ਜਾਣ ਨਾਲ ਅਜਿਹਾ ਖਲਾਅ ਪੈਦਾ ਹੋ ਜਾਂਦਾ ਹੈ ਜਿਸ ਨੂੰ ਪੂਰਨਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਹੁੰਦਾ ਹੈ। ਪਹਿਲਾਂ ਪੰਜਾਬੀ ਸਾਹਿਤ ਦੀ ਨਾਮੀ ਹਸਤੀ ਨਾਨਕ ਸਿੰੰਘ ਦੇ ਸਪੁੱਤਰ ਤੇ ਉੱਘੇ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਤੇ ਫਿਰ ਗੁਰਮੀਤ ਬਾਵਾ! ਅੱਗੜ- ਪਿੱਛੜ ਤੁਰ ਗਏ ਦੋਵੇਂ ਗਰਾਂਈਆਂ ਨੂੰ ਸ਼ਰਧਾਂਜਲੀ!

-ਦੀਪ ਦੇਵਿੰਦਰ ਸਿੰਘ

98721- 65707

Posted By: Jatinder Singh