ਅਮਰੀਕਾ ਦੇ ਸਭ ਤੋਂ ਵੱਡੇ ਦੁਸ਼ਮਣ, ਅਲ-ਕਾਇਦਾ ਦੇ ਮੁਖੀ ਅਲ-ਜ਼ਵਾਹਿਰੀ ਨੂੰ ਕਾਬੁਲ ਦੇ ਰਿਹਾਇਸ਼ੀ ਘਰ ਦੀ ਬਾਲਕੋਨੀ ਵਿਚ ਡਰੋਨ ਰਾਹੀਂ ਢੇਰ ਕਰਨ ਦੀ ਖ਼ਬਰ ਦੇ ਨਸ਼ਰ ਹੁੰਦਿਆਂ ਸਾਰ ਵਿਸ਼ਵ ਪੱਧਰ ’ਤੇ ਤਹਿਲਕਾ ਮਚ ਗਿਆ। ਅਲ-ਜ਼ਵਾਹਿਰੀ ਦਰਅਸਲ 9/11 (ਗਿਆਰਾਂ ਸਤੰਬਰ, 2001 ) ਵਾਲੇ ਦਿਨ ਅਮਰੀਕਾ ਦੇ ਜੋੜੇ-ਮੀਨਾਰਾਂ ਨੂੰ ਨੇਸਤੋ-ਨਾਬੂਦ ਕਰਨ ਦਾ ਮੁੱਖ ਸਾਜ਼ਿਸ਼ਘਾੜਾ ਸੀ। ਦੁਨੀਆ ਨੂੰ ਹਿਲਾ ਦੇਣ ਵਾਲੀ ਇਸ ਘਟਨਾ ਦੇ ਇਕ ਦਹਾਕੇ (2011) ਪਿੱਛੋਂ ਅਮਰੀਕਾ ਨੇ ਪਾਕਿਸਤਾਨ ਦੇ ਐਬਟਾਬਾਦ ’ਚ ਦੁਨੀਆ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਓਸਾਮਾ-ਬਿਨ-ਲਾਦੇਨ ਨੂੰ ਢੇਰੀ ਕਰ ਕੇ ਉਸ ਦੀ ਲਾਸ਼ ਸਮੁੰਦਰ ਦੀਆਂ ਲਹਿਰਾਂ ਹਵਾਲੇ ਕਰ ਦਿੱਤੀ ਸੀ।

ਮੰਗਲਵਾਰ ਸਵੇਰੇ ਅਮਰੀਕਾ ਦੀਆਂ ਨਿੰਜਾ ਮਿਜ਼ਾਈਲਾਂ ਨੇ ਅਲ-ਜ਼ਵਾਹਿਰੀ ਨੂੰ ਕਾਬੁਲ ਦੇ ਇਕ ਪੌਸ਼ ਇਲਾਕੇ ਵਿਚ ਉਸ ਵੇਲੇ ਉਡਾ ਦਿੱਤਾ ਜਦੋਂ ਉਹ ਬਾਲਕੋਨੀ ਵਿਚ ਖੜ੍ਹਾ ਸੀ। ਉਸ ਦਾ ਅਸਲ ਨਾਮ ਇਮਨ-ਅਲ-ਜ਼ਵਾਹਿਰੀ ਸੀ ਤੇ ਉਹ ਦੁਨੀਆ ਵਿਚ ਆਤੰਕ ਦੀ ਫੈਕਟਰੀ ਦਾ ਮੋਹਰੀ ਸੀ। ਉਸ ਨੇ ਯੂਰਪ, ਅਮਰੀਕਾ ਤੋਂ ਲੈ ਕੇ ਅਰਬ ਦੇਸ਼ਾਂ ਤੇ ਅਫ਼ਰੀਕਾ ਵਿਚ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਤੇ ਪੂਰੀ ਦੁਨੀਆ ਨੂੰ ਡਰ, ਭੈਅ, ਦਹਿਸ਼ਤ ਤੇ ਮੌਤ ਦੇ ਮੂੰਹ ਵਿਚ ਪਾਇਆ। ਸੰਨ 2011 ਵਿਚ ਵਿਸ਼ਵ ਪ੍ਰਸਿੱਧ ਅੱਤਵਾਦੀ ਓਸਾਮਾ-ਬਿਨ-ਲਾਦੇਨ ਦੀ ਮੌਤ ਤੋਂ ਬਾਅਦ ਅਲ-ਜ਼ਵਾਹਿਰੀ ਨੂੰ ਦੁਨੀਆ ਦੇ ਸਭ ਤੋਂ ਵੱਡੇ ਸੰਗਠਨ ਅਲਕਾਇਦਾ ਦਾ ਮੁਖੀ ਬਣਾਇਆ ਗਿਆ ਸੀ। ਇਹ ਉਹੀ ਅਲਕਾਇਦਾ ਸੰਗਠਨ ਹੈ ਜਿਸ ਨੇ ਈਰਾਨ, ਇਰਾਕ ਤੋਂ ਲੈ ਕੇ ਅਮਰੀਕਾ, ਚੀਨ ਤੇ ਭਾਰਤ ਤਕ ਆਪਣੇ ਅੱਡੇ ਬਣਾਏ ਤੇ ਅੱਤਵਾਦ ਲਈ ਮੌਤ ਤੇ ਤਬਾਹੀ ਦੇ ਨਾਲ-ਨਾਲ ਪੂਰੀ ਦੁਨੀਆ ਵਿਚ ਧਾਰਮਿਕ ਕੱਟੜਤਾ ਦਾ ਬੂਟਾ ਲਾਇਆ। ਭਾਰਤ ਵਿਚ ਵੀ ਉਸ ਦੀਆਂ ਕਾਰਵਾਈਆਂ ਹੋਈਆਂ। ਪਿਛਲੇ ਦਿਨੀਂ ਅਲ-ਜ਼ਵਾਹਿਰੀ ਉਸ ਸਮੇਂ ਵੀ ਚਰਚਾ ਵਿਚ ਆਇਆ ਸੀ ਜਦੋਂ ਉਸ ਨੇ ਕਰਨਾਟਕ ਦੇ ਹਿਜਾਬ ਕਾਂਡ ਵਿਚ ਉਸ ਮੁਸਲਿਮ ਕੁੜੀ ਦੀ ਸ਼ਲਾਘਾ ਕੀਤੀ ਸੀ ਜੋ ਭੀੜ ਦੇ ਅੱਗੇ ਖੜ੍ਹੀ ਹੋ ਗਈ ਸੀ। ਆਇਮਨ-ਅਲ-ਜ਼ਵਾਹਿਰੀ ਦੀ ਆਪਣੀ ਨਿੱਜੀ ਜ਼ਿੰਦਗੀ ਵੀ ਬੜੀ ਦਿਲਚਸਪ ਰਹੀ ਹੈ। ਅਸਲ ਵਿਚ ਉਹ ਮਿਸਰ ਦਾ ਇਕ ਅੱਖਾਂ ਦਾ ਮਾਹਿਰ ਸਰਜਨ ਸੀ। ਜਵਾਹਰੀ ਦਾ ਜਨਮ 19 ਜੂਨ 1951 ਨੂੰ ਹੋਇਆ ਸੀ। ਉਸ ਦਾ ਪੂਰਾ ਪਰਿਵਾਰ ਪੜਿ੍ਹਆ-ਲਿਖਿਆ ਸੀ। ਪੇਸ਼ੇ ਵਜੋਂ ਇਕ ਸਰਜਨ ਡਾਕਟਰ ਅਸਲ ਵਿਚ ਛੋਟੀ ਉਮਰ ਵਿਚ ਹੀ ਮੁਸਲਿਮ ਬ੍ਰਦਰਹੁੱਡ ਦਾ ਮੈਂਬਰ ਬਣ ਗਿਆ ਸੀ। ਉਸ ਨੇ ਈਆਈਜੇ ਅਰਥਾਤ ਇਜਿਪਟਨ ਇਸਲਾਮਕ ਜਹਾਦ ਦਾ ਗਠਨ ਕੀਤਾ ਸੀ। ਇਸ ਸੰਗਠਨ ਨੇ ਹੀ 1970 ਵਿਚ ਮਿਸਰ ਵਿਚ ਸੱਤਾ ਦਾ ਵਿਰੋਧ ਸ਼ੁਰੂ ਕੀਤਾ ਸੀ।

ਅਸਲ ਵਿਚ 9/11 ਤੋਂ ਬਾਅਦ ਲਾਦੇਨ ਤੇ ਅਲ-ਜ਼ਵਾਹਿਰੀ ਦੋਵੇਂ, ਅਮਰੀਕੀ ਫ਼ੌਜਾਂ ਦੇ ਨਿਸ਼ਾਨੇ ’ਤੇ ਸਨ। ਦਿਲਚਸਪ ਤੱਥ ਇਹ ਹੈ ਕਿ ਅਲ-ਜ਼ਵਾਹਿਰੀ ਜ਼ਿੰਦਗੀ ਬਾਰੇ ਡੂੰਘੀ ਫਿਲਾਸਫ਼ੀ ਰੱਖਦਾ ਸੀ। ਇਕ ਕਾਬਲ ਸਰਜਨ ਤੇ ਧੜੱਲੇਦਾਰ ਆਦਮੀ ਸੀ ਜਿਸ ਨੇ 1978 ਵਿਚ ਕਾਹਿਰਾ ਯੂਨੀਵਰਸਿਟੀ ਦੀ ਦਰਸ਼ਨ-ਸ਼ਾਸਤਰ ਦੀ ਵਿਦਿਆਰਥਣ ਅਜਾ ਨੇਵਾਰੀ ਨਾਲ ਸ਼ਾਦੀ ਕੀਤੀ ਸੀ। ਉਸ ਸ਼ਾਦੀ ਵਿਚ ਫੋਟੋਗ੍ਰਾਫਰ ਤੇ ਹੋਰ ਲੋਕ ਸਭ ਅਲੱਗ-ਅਲੱਗ ਆਏ ਸਨ। ਸੰਨ 1981 ਵਿਚ ਮਿਸਰ ਦੇ ਪ੍ਰਧਾਨ ਅਨਵਰ ਸਾਦਾਤ ਦੀ ਹੱਤਿਆ ਤੋਂ ਬਾਅਦ ਉਸ ਨੂੰ ਤੰਗ ਕੀਤਾ ਗਿਆ ਸੀ। ਤਿੰਨ ਸਾਲ ਜੇਲ੍ਹ ਵਿਚ ਰਹਿ ਕੇ ਉਹ ਸਾਊਦੀ ਅਰਬ ਚਲਾ ਗਿਆ। ਸਾਊਦੀ ਅਰਬ ਵਿਚ ਉਸ ਨੇ ਮੈਡੀਕਲ ਪ੍ਰੈਕਟਿਸ ਸ਼ੁਰੂ ਕੀਤੀ। ਇਹ 1985 ਦੇ ਦਿਨ ਸਨ ਜਦੋਂ ਉਸ ਦੀਆਂ ਮੁਲਾਕਾਤਾਂ ਧਰਮ ਦੀ ਕੱਟੜਤਾ ਨੂੰ ਲੈ ਕੇ ਓਸਾਮਾ-ਬਿਨ-ਲਾਦੇਨ ਨਾਲ ਹੋਈਆਂ। ਸੰਨ 2001 ਵਿਚ ਈਆਈਜੇ ਦਾ ਉਸ ਨੇ ਅਲਕਾਇਦਾ ਵਿਚ ਰਲੇਵਾਂ ਕਰ ਦਿੱਤਾ ਅਤੇ ਫਿਰ ਜੋ ਉਨ੍ਹਾਂ ਨੇ ਕੀਤਾ, ਉਸ ਨਾਲ ਪੂਰੀ ਦੁਨੀਆ ਹਿੱਲ ਗਈ। ਸੰਨ 2011 ਵਿਚ ਉਹ ਖ਼ੁਦ ਅਲਕਾਇਦਾ ਦਾ ਮੁਖੀ ਬਣ ਗਿਆ। ਕਾਬੁਲ ’ਤੇ ਤਾਲਿਬਾਨੀ ਕਬਜ਼ੇ ਪਿੱਛੋਂ ਜ਼ਵਾਹਿਰੀ ਉੱਥੇ ਰਹਿ ਰਿਹਾ ਸੀ। ਅਮਰੀਕਾ ਨੂੰ ਇਹ ਸੂਚਨਾ ਮਿਲੀ ਸੀ ਤੇ ਕਈ ਦਿਨਾਂ ਤੋਂ ਉਹ ਉਸ ’ਤੇ ਨਜ਼ਰ ਰੱਖ ਰਿਹਾ ਸੀ। ਇਸ ਸਮੇਂ ਉਹ 71 ਸਾਲਾਂ ਦਾ ਸੀ। ਉਹ ਧਾਰਮਿਕ ਤੌਰ ’ਤੇ ਬੇਹੱਦ ਕੱਟੜ ਸੀ। ਉਸ ਦੇ ਪਰਿਵਾਰ ਬਾਰੇ ਜਾਣਕਾਰੀ ਦਿਲਚਸਪ ਹੈ। ਉਸ ਦਾ ਪੜਦਾਦਾ ਅਬਦੁਲ ਰਹਿਮਾਨ ਆਜ਼ਮ ਅਰਬ ਲੀਗ ਦਾ ਪਹਿਲਾ ਸੈਕਟਰੀ ਤੇ ਦਾਦਾ ਗਬੀਆ ਅਲ-ਜ਼ਵਾਹਿਰੀ ਕਾਹਿਰਾ ਯੂਨੀਵਰਸਿਟੀ ਦਾ ਇਮਾਮ ਸੀ। ਪਰ ਜ਼ਵਾਹਿਰੀ ਨੇ ਜਿਸ ਤਰ੍ਹਾਂ ਤਬਾਹੀ ਨੂੰ ਅੰਜਾਮ ਦਿੱਤਾ, ਉਸ ਦੀ ਦੂਜੇ ਧਰਮਾਂ ਪ੍ਰਤੀ ਕੱਟੜਤਾ ਨੂੰ ਵੇਖਿਆ ਜਾ ਸਕਦਾ ਹੈ। ਅਲ-ਜ਼ਵਾਹਿਰੀ ਧਾਰਮਿਕ ਕੱਟੜਤਾ ਦੇ ਨਾਲ-ਨਾਲ ਧਾਰਮਿਕ ਗੁਰੂ ਦਾ ਰੁਤਬਾ ਵੀ ਰੱਖਦਾ ਸੀ।

ਉਸ ਦੀ ਮੌਤ ਦੇ ਪਿੱਛੇ ਹਾਲਾਂਕਿ ਪਾਕਿਸਤਾਨ ਦਾ ਹੱਥ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨੀ ਫ਼ੌਜ ਨੂੰ ਉਸ ਦੀ ਹਰ ਮੂਵਮੈਂਟ ਦਾ ਪਤਾ ਸੀ। ਜ਼ਵਾਹਿਰੀ ਦੀ ਜ਼ਿੰਦਗੀ ਵੀ ਆਮ ਨਹੀਂ ਸੀ। ਉਸ ਦੀ ਮਾਂ ਉਮਆਮਾ ਆਜ਼ਮ ਰਾਜਨੀਤਕ ਤੌਰ ’ਤੇ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧਤ ਅਬਦੁਲ ਵਹਾਬ ਦੀ ਪੁੱਤਰੀ ਸੀ ਜੋ ਕਾਹਿਰਾ ਯੂਨੀਵਰਸਿਟੀ ਵਿਚ ਪ੍ਰੋਫੈਸਰ ਤੇ ਸਾਊਦੀ ਅਰਬ ਵਿਚ ਸਾਊਦ ਯੂਨੀਵਰਸਿਟੀ ਵਿਚ ਇਸਲਾਮੀ ਫਿਲਾਸਫ਼ਰ ਰਹੇ। ਉਹ ਪਾਕਿਸਤਾਨ ਵਿਚ ਰਾਜਦੂਤ ਵੀ ਰਹੇ। ਜ਼ਵਾਹਿਰੀ ਦਾ ਕਬੀਲਾ ਲਾਲ ਸਾਗਰ ਦੇ ਹਰਬੀ ਟਰਾਈਬ ਦਾ ਹਿੱਸਾ ਹੈ ਜੋ ਜਵਾਹਰ ਸਾਊਦੀ ਅਰਬ ਵਿਚ ਹੈ। ਜ਼ਵਾਹਿਰੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦਾ ਸੀ। ਜ਼ਵਾਹਿਰੀ ਦਾ ਇਕ ਭਰਾ ਮੁਹੰਮਦ ਜ਼ਵਾਹਿਰੀ ਤੇ ਜੁੜਵਾਂ ਭੈਣ ਹੰਬਾ ਹੈ ਜੋ ਇਕ ਨਾਮੀ ਮੈਡੀਕਲ ਡਾਕਟਰ ਹੈ। ਉਸ ਮੁਤਾਬਕ ਉਸ ਦਾ ਭਰਾ ਬੇਹੱਦ ਸਾਊ ਤੇ ਸ਼ਰਮੀਲਾ ਹੈ। ਜਵਾਨੀ ਵਿਚ ਕਵਿਤਾ ਨੂੰ ਪਿਆਰ ਕਰਨ ਵਾਲਾ ਤੇ ਤਿੰਨ ਵਰ੍ਹੇ ਮਿਸਰ ਦੀ ਆਰਮੀ ਵਿਚ ਡਾਕਟਰ ਵਜੋਂ ਸੇਵਾਵਾਂ ਦੇਣ ਵਾਲਾ ਅਲ-ਜ਼ਵਾਹਿਰੀ ਕਦੋਂ ਅੱਤਵਾਦੀ ਸਰਗਨਾ ਬਣ ਗਿਆ, ਇਹ ਉਸ ਦੇ ਪਰਿਵਾਰ ਲਈ ਵੀ ਬੁਝਾਰਤ ਹੈ। ਉਹ ਅਰਬੀ, ਫਰੈਂਚ ਤੇ ਅੰਗਰੇਜ਼ੀ ਵਿਚ ਮੁਹਾਰਤ ਰੱਖਦਾ ਸੀ। ਸੰਨ 1978 ਵਿਚ ਜਦੋਂ ਉਸ ਨੇ ਅਜਾ ਨਾਲ ਸ਼ਾਦੀ ਕੀਤੀ ਸੀ ਤਾਂ ਕਾਮਯਾਬ ਸਰਜਨ ਸੀ ਜਿਸ ਦੀਆਂ ਚਾਰ ਬੇਟੀਆਂ ਹਨ। ਇਕ ਪੁੱਤਰ 1987 ਵਿਚ ਮੋਹਮੰਦ ਪੈਦਾ ਹੋਇਆ ਹਾਲਾਂਕਿ ਇਹ ਸਾਰੇ 2001 ਵਿਚ ਅਫ਼ਗਾਨਿਸਤਾਨ ਵਿਚ ਇਕ ਅਮਰੀਕੀ ਹਮਲੇ ਵਿਚ ਮਾਰੇ ਗਏ ਸਨ।

ਬਾਅਦ ਵਿਚ ਜ਼ਵਾਹਿਰੀ ਨੇ ਤਿੰਨ ਹੋਰ ਸ਼ਾਦੀਆਂ ਕੀਤੀਆਂ। ਸੰਨ 2012 ਵਿਚ ਉਸ ਦੀ ਚੌਥੀ ਪਤਨੀ ਓਹਸਨ ਨੇ ਅਰਬ ਸਪਰਿੰਗ ਦੀ ਤਾਰੀਫ਼ ਵਿਚ ਇਕ ਅਖ਼ਬਾਰ ਵੀ ਕੱਢਿਆ ਸੀ। ਉਸ ਨੇ ਅਫ਼ਗਾਨਿਸਤਾਨ ਨੂੰ ਰੂਸੀਆਂ ਤੋਂ ਛੁਡਾਉਣ ਲਈ ਅਮਰੀਕਾ ਤੋਂ ਫੰਡ ਵੀ ਇਕੱਠਾ ਕੀਤਾ ਸੀ। ਪਾਕਿਸਤਾਨ, ਸੂਡਾਨ, ਅਫ਼ਗਾਨਿਸਤਾਨ ਤੇ ਅਮਰੀਕਾ ਵਿਚ ਉਸ ਨੇ ਲਗਾਤਾਰ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ ਤੇ ਅੰਤ ਵਿਚ ਅਮਰੀਕਾ ਦੇ ਡਰੋਨ ਦੀ ਲਪੇਟ ਵਿਚ ਆ ਕੇ ਅਫ਼ਗਾਨਿਸਤਾਨ ਵਿਚ ਮਾਰਿਆ ਗਿਆ। ਅਲ-ਜ਼ਵਾਹਿਰੀ ਦਾ ਟੀਵੀ ਨੈੱਟਵਰਕ ਬਹੁਤ ਵੱਡਾ ਸੀ। ਉਸ ਦੇ ਸਾਰੇ ਵੀਡੀਓ ਦੁਨੀਆ ਭਰ ਦੇ ਟੀਵੀ ਨੈੱਟਵਰਕ ’ਤੇ ਪ੍ਰਚਾਰਿਤ ਹੁੰਦੇ ਰਹੇ। ਅਲ-ਜ਼ਜ਼ੀਰਾ, ਦੋਹਾ ਟੀਵੀ ਨੈੱਟਵਰਕ ਉਸ ਦੀ ਖ਼ਾਸ ਪਸੰਦ ਸਨ।

ਇਕ ਵੱਡੇ ਪੜ੍ਹੇ-ਲਿਖੇ ਘਰਾਣੇ ਦਾ ਪੜਿ੍ਹਆ-ਲਿਖਿਆ ਅੱਖਾਂ ਦਾ ਸਰਜਨ ਕਿਵੇਂ ਧਾਰਮਿਕ ਕੱਟੜਤਾ ਵਿਚ ਆ ਕੇ ਅੱਤਵਾਦ ਦਾ ਤੂਫ਼ਾਨ ਬਣ ਜਾਂਦਾ ਹੈ, ਉਸ ਦੀ ਇਕ ਮਿਸਾਲ ਅਲ-ਜ਼ਵਾਹਿਰੀ ਹੈ ਜੋ ਹੁਣ ਬੀਤੇ ਦੀ ਗੱਲ ਹੋ ਚੁੱਕਾ ਹੈ। ਪਰ ਅੱਤਵਾਦ ਦੀ ਖਾਣ ਅਲਕਾਇਦਾ ਕਦੋਂ ਖ਼ਤਮ ਹੋਵੇਗੀ, ਇਹ ਸਵਾਲ ਅਜੇ ਵੀ ਸੰਸਾਰ ਦੇ ਸਾਹਮਣੇ ਮੂੰਹ ਅੱਡ ਕੇ ਖੜ੍ਹਾ ਹੈ। ਅਲ-ਜ਼ਵਾਹਿਰੀ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ‘‘ਅਮਰੀਕਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਵਚਨਬੱਧ ਹੈ ਤੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਦੇ ਨਹੀਂ ਬਖਸ਼ੇਗਾ। ਸਮਾਂ ਤਾਂ ਲੱਗ ਸਕਦਾ ਹੈ ਪਰ ਤੁਸੀਂ ਭਾਵੇਂ ਪਹਾੜਾਂ ਦੀਆਂ ਕੁੰਦਰਾਂ ਵਿਚ ਜਾਂ ਪਤਾਲ ਵਿਚ ਵੀ ਲੁਕ ਜਾਵੋ, ਅਮਰੀਕਾ ਤੁਹਾਨੂੰ ਹਰ ਹਾਲਤ ਵਿਚ ਲੱਭ ਕੇ ਫੁੰਡੇਗਾ।’’ ਬਾਇਡਨ ਨੇ ਕਿਹਾ ਕਿ ਸਮਾਂ ਭਾਵੇਂ ਲੱਗ ਗਿਆ ਹੈ ਪਰ ਆਖ਼ਰ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਜ਼ਰੂਰ ਮਿਲ ਗਿਆ ਜਿਨ੍ਹਾਂ ਦੇ ਆਪਣੇ 9/11 ਵਿਚ ਅਣਿਆਈ ਮੌਤੇ ਮਾਰੇ ਗਏ ਸਨ।

ਦੂਜੇ ਪਾਸੇ ਤਾਲਿਬਾਨ ਦੇ ਬੁਲਾਰੇ ਨੇ ਅਮਰੀਕਾ ਦੀ ਕਾਰਵਾਈ ਨੂੰ ਕੌਮਾਂਤਰੀ ਸਿਧਾਂਤਾਂ ਦੇ ਖ਼ਿਲਾਫ਼ ਦੱਸਿਆ ਹੈ। ਲੁਕਵੀਂ ਧਮਕੀ ਦਿੰਦਿਆਂ ਤਾਲਿਬਾਨੀ ਬੁਲਾਰੇ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਅਮਰੀਕਾ ਦੇ ਦੋ ਦਹਾਕਿਆਂ ਦੇ ਅਸਫਲ ਤਜਰਬਿਆਂ ਨੂੰ ਦਰਸਾਉਂਦੀਆਂ ਹਨ। ਅਲ-ਜ਼ਵਾਹਿਰੀ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਨ ਵਾਲੀ ਘਟਨਾ ਨਿਸ਼ਚੇ ਹੀ ਅਮਰੀਕਾ, ਅਫ਼ਗਾਨਿਸਤਾਨ ਅਤੇ ਇਸ ਇਲਾਕੇ ਲਈ ਸ਼ੁਭ ਸ਼ਗਨ ਨਹੀਂ ਹੈ। ਓਧਰ ਅਮਰੀਕਾ ਨੇ ਇਸ ਨੂੰ ਹਰ ਪੱਖੋਂ ਕਾਨੂੰਨੀ ਤੇ ਵਾਜਿਬ ਦੱਸਿਆ ਹੈ। ਇੱਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਅਲ-ਜ਼ਵਾਹਿਰੀ ’ਤੇ ਹਮਲਾ ਅਮਰੀਕੀ ਫ਼ੌਜਾਂ ਦੇ ਅਫ਼ਗਾਨਿਸਤਾਨ ਤੋਂ ਵਾਪਸੀ ਦੇ ਇਕ ਕੁ ਸਾਲ ਬਾਅਦ ਹੋਇਆ ਹੈ। ਕੁਦਰਤੀ ਹੈ ਕਿ ਅਫ਼ਗਾਨਿਸਤਾਨ ਤੋਂ ਦੁੰਮ ਦਬਾ ਕੇ ਭੱਜਣ ਵੇਲੇ ਵਿਸ਼ਵ ਪੱਧਰ ’ਤੇ ਹੋਈ ਨਮੋਸ਼ੀ ਤੋਂ ਬਾਅਦ ਜ਼ਵਾਹਿਰੀ ਦੀ ਹੱਤਿਆ ਨੂੰ ਅਮਰੀਕਾ ਵੱਡੀ ਜਿੱਤ ਵਜੋਂ ਦੇਖ ਰਿਹਾ ਹੈ।

-ਕ੍ਰਿਸ਼ਨ ਕੁਮਾਰ ਰੱਤੂ

-ਮੋਬਾਈਲ : 94787-30156

Posted By: Jagjit Singh