ਮੱਧ ਪ੍ਰਦੇਸ਼ ਦੇ ਸ਼ਿਓਪੁਰ ਸਥਿਤ ਕੁੂਨੋ ਨੈਸ਼ਨਲ ਪਾਰਕ ’ਚ ਜੰਗਲੀ ਜੀਵਨ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਨਾਮੀਬੀਆ ਤੋਂ ਲਿਆ ਕੇ ਅੱਠ ਚੀਤਿਆਂ ਨੂੰ ਛੱਡਿਆ ਗਿਆ। ਇਹ ਚੀਤੇ ਨਾਮੀਬੀਆ ਤੋਂ ਵਿਸ਼ੇਸ਼ ਤੌਰ ’ਤੇ ਚੀਤਾ ਪੇਂਟ ਕੀਤੇ ਜਹਾਜ਼ ਰਾਹੀਂ ਲਿਆਂਦੇ ਗਏ ਹਨ। ਭਾਵੇਂ ਇਸ ਮੌਕੇ ਨੂੰ ਪ੍ਰਧਾਨ ਮੰਤਰੀ ਦੇ ਜਨਮ ਦਿਨ ਨਾਲ ਜੋੜ ਕੇ ਸਿਆਸਤ ਦਾ ਰੂਪ ਦਿੱਤਾ ਗਿਆ ਤੇ ਸਾਡੇ ਕੌਮੀ ਮੀਡੀਆ ਨੇ ਟੀਆਰਪੀ ਦੀ ਖੇਡ ਨੂੰ ਅੱਗੇ ਵਧਾਉਣ ਲਈ ਬਹੁਤ ਜ਼ਿਆਦਾ ਰੌਲਾ ਪਾਇਆ ਪਰ ਅਸਲ ’ਚ ਇਸ ਮਹੱਤਵਕਾਂਸ਼ੀ ਯੋਜਨਾ ’ਤੇ ਕੰਮ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ।

ਜੇ ਅਸੀਂ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਭਾਰਤ ’ਚ ਚੀਤੇ ਲੰਬਾ ਸਮਾਂ ਪਹਿਲਾਂ ਹੀ ਖ਼ਤਮ ਹੋ ਗਏ ਸਨ। ਸਾਡੇ ਦੇਸ਼ ਦੇ ਰਾਜੇ-ਮਹਾਰਾਜਿਆਂ ਅਤੇ ਅੰਗਰੇਜ਼ ਅਫ਼ਸਰਾਂ ਨੇ ਸ਼ਿਕਾਰ ਖੇਡ ਕੇ ਦੇਸ਼ ’ਚੋਂ ਚੀਤਿਆਂ ਦੀ ਆਬਾਦੀ ਨੂੰ ਖ਼ਤਮ ਕਰ ਦਿੱਤਾ। ਭਾਰਤ ਦੇ ਆਖ਼ਰੀ ਤਿੰਨ ਚੀਤਿਆਂ ਦਾ

ਸ਼ਿਕਾਰ ਕਰਨ ਤੋਂ ਬਾਅਦ ਕੋਰੀਆ ਰਾਜ (ਹੁਣ ਛੱਤੀਸਗੜ੍ਹ ’ਚ) ਦੇ ਰਾਜਾ ਸਰਗੁਜਾ ਨੇ ਬੜੇ ਚਾਅ ਨਾਲ ਉਨ੍ਹਾਂ ਦੀਆਂ ਲਾਸ਼ਾਂ ਨਾਲ ਫੋਟੋਸ਼ੂਟ ਕਰਵਾਇਆ ਅਤੇ ਚੀਤਿਆਂ ਦੀ ਤਸਵੀਰ ਨੂੰ ਮਾਲਾ ਪਾਈ। ਇਹ ਮੰਨਿਆ ਜਾਂਦਾ ਹੈ ਕਿ 1947 ’ਚ ਹੋਇਆ ਇਹ ਸ਼ਿਕਾਰ ਭਾਰਤ ’ਚ ਛੱਡੇ ਗਏ ਆਖ਼ਰੀ ਤਿੰਨ ਚੀਤਿਆਂ ਦਾ ਸ਼ਿਕਾਰ ਸੀ। ਇਸ ਤੋਂ ਬਾਅਦ ਭਾਰਤ ’ਚ ਚੀਤੇ ਲੋਪ ਹੋ ਗਏ।

ਚੀਤੇ ਸਾਡੀ ਭਾਰਤੀ ਪ੍ਰੰਪਰਾ ਦਾ ਹਿੱਸਾ ਰਹੇ ਹਨ। ਇਤਿਹਾਸ ਨਾਲ ਸਬੰਧਿਤ ਫਿਲਮ ‘ਬਾਜ਼ੀਰਾਓ ਮਸਤਾਨੀ’ ਦਾ ਇਕ ਡਾਇਲਾਗ ਤੁਹਾਨੂੰ ਯਾਦ ਹੋਵੇਗਾ ,“ਚੀਤੇ ਦੀ ਚਾਲ, ਬਾਜ਼ ਦੀ ਨਜ਼ਰ ਅਤੇ ਬਾਜ਼ੀਰਾਓ ਦੀ ਤਲਵਾਰ ਉੱਤੇ ਸ਼ੱਕ ਨਾ ਕਰੋ।’’ ਆਖ਼ਰਕਾਰ ਕਿਸੇ ਨੇ ਸੋਚਿਆ ਕਿ ਪੇਸ਼ਵਾ ਬਾਜ਼ੀਰਾਓ ਨੇ ਸਿਰਫ਼ ਚੀਤੇ ਦੀ ਗਤੀ ਦਾ ਜ਼ਿਕਰ ਕਿਉਂ ਕੀਤਾ? ਕਿਉਂਕਿ ਬਾਜ਼ੀਰਾਓ ਨੇ ਉਸ ਸਮੇਂ ਸਾਡੇ ਦੇਸ਼ ਦੇ ਜੰਗਲਾਂ ’ਚ ਚੀਤੇ ਦੀ ਚਾਲ ਤੇ ਰਫ਼ਤਾਰ ਜ਼ਰੂਰ ਵੇਖੀ ਹੋਵੇਗੀ। ਸਾਡੇ ਭਾਰਤੀਆਂ ਦੇ ਮਨਾਂ ’ਚ ਇਕ ਗੱਲ ਘਰ ਕਰ ਗਈ ਹੈ ਕਿ ਇਹ ਧਰਤੀ ਸਿਰਫ਼ ਸਾਡੀ ਹੈ, ਇਸ ਲਈ ਉਹ ਕਿਸੇ ਵੀ ਜਾਨਵਰ ਨੂੰ ਉਸ ਦਾ ਬਣਦਾ ਸਥਾਨ ਦੇਣ ਤੋਂ ਇਨਕਾਰੀ ਹਨ ।

17 ਸਤੰਬਰ ਨੂੰ ਪ੍ਰਧਾਨ ਮੰਤਰੀ ਨੇ ਬਟਨ ਦਬਾ ਕੇ ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਚੀਤਿਆਂ ਨੂੰ ਕੁਨੋ ਨੈਸ਼ਨਲ ਪਾਰਕ ਲਈ ਛੱਡ ਦਿੱਤਾ। ਭਾਰਤ ਸਰਕਾਰ ਅਗਲੇ ਪੰਜ ਸਾਲਾਂ ’ਚ ਇਸ ਪ੍ਰਾਜੈਕਟ ’ਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਲਗਭਗ 11 ਮਿਲੀਅਨ ਡਾਲਰ ਖ਼ਰਚ ਕਰੇਗੀ। ਅੱਠ ਚੀਤੇ ਨਾਮੀਬੀਆ ਦੀ ਸਰਕਾਰ ਵੱਲੋਂ ਇਕ ਤੋਹਫ਼ਾ ਸਨ। ਇਹ ਯੋਜਨਾ ਦੱਖਣੀ ਅਫਰੀਕਾ ਤੋਂ ਚੀਤਿਆਂ ਦੇ ਸਮੂਹਾਂ ਨੂੰ ਉਦੋਂ ਤਕ ਤਬਦੀਲ ਕਰਨ ਦੀ ਹੈ ਜਦੋਂ ਤਕ ਭਾਰਤ ’ਚ ਚੀਤਿਆਂ ਦੀ ਗਿਣਤੀ ਚਾਲੀ ਨਹੀਂ ਹੋ ਜਾਂਦੀ।

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਨੂੰ ਚੀਤਿਆਂ ਦਾ ਨਵਾਂ ਘਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਕੁਨੋ ਨੈਸ਼ਨਲ ਪਾਰਕ (ਮੱਧ ਪ੍ਰਦੇਸ਼) ਭਾਰਤ ’ਚ ਰਾਜਸਥਾਨ ਸੂਬੇ ਦੀ ਹੱਦ ਨਾਲ ਲੱਗਦਾ ਇਕ ਰਾਸ਼ਟਰੀ ਪਾਰਕ ਹੈ, ਜਿਸ ਦੀ ਸਥਾਪਨਾ 1981 ’ਚ ਸ਼ਿਓਪੁਰ ਤੇ ਮੋਰੇਨਾ ਜ਼ਿਲ੍ਹਿਆਂ ’ਚ 344.686 2 (133.084 ) ਦੇ ਸ਼ੁਰੂਆਤੀ ਖੇਤਰ ਦੇ ਨਾਲ ਇਕ ਜੰਗਲੀ ਜੀਵ ਅਸਥਾਨ ਵਜੋਂ ਕੀਤੀ ਗਈ ਸੀ। 2018 ’ਚ ਇਸ ਨੂੰ ਰਾਸ਼ਟਰੀ ਪਾਰਕ ਦਾ ਦਰਜਾ ਦਿੱਤਾ ਗਿਆ। ਇਹ ਖਠਿਆੜ-ਗੀਰ ਸੁੱਕੇ ਪੱਤਝੜ ਵਾਲੇ ਜੰਗਲ ਵਾਤਾਵਰਨ ਖੇਤਰ ਦਾ ਹਿੱਸਾ ਹੈ। ਇੱਥੋਂ ਦੀ ਇਕ ਬਰਸਾਤੀ ਨਦੀ ਵੀ ਲੰਘਦੀ ਹੈ। ਇੱਥੋਂ ਦੇ ਜੰਗਲਾਂ ’ਚ ਇਨਸਾਨਾਂ ਦੀ ਆਬਾਦੀ ਬਹੁਤ ਘੱਟ ਹੈ। ਇਹ ਚੰਬਲ ਦਾ ਇਲਾਕਾ ਭਾਰਤ ਦੇ ਪ੍ਰਸਿੱਧ ਡਾਕੂਆਂ ਦੀ ਸ਼ਰਨਗਾਹ ਰਿਹਾ ਹੈ। ਡਾਕੂਆਂ ਦੇ ਡਰ ਕਾਰਨ ਇੱਥੋਂ ਦੇ ਲੋਕ ਜੰਗਲ ਤੋਂ ਬਾਹਰ ਹੀ ਵਸ ਗਏ ਹਨ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ਤੋਂ 200 ਦੇ ਕਰੀਬ ਸਾਂਬਰ, ਚਿਤਲ ਅਤੇ ਹੋਰ ਜਾਨਵਰ ਇੱਥੇ ਲਿਆਂਦੇ ਜਾ ਚੁੱਕੇ ਹਨ।

ਭਾਰਤ ’ਚ ਲਿਆਂਦੇ ਗਏ ਚੀਤਿਆਂ ’ਚ ਪੰਜ ਮਾਦਾ ਅਤੇ ਤਿੰਨ ਨਰ ਹਨ। ਚੀਤਿਆਂ ਨੂੰ ਭਾਰਤ ਲਿਆਉਣ ਲਈ ਪਹਿਲਾਂ ਈਰਾਨ ਨਾਲ ਗੱਲਬਾਤ ਹੋਈ ਸੀ ਪਰ ਕੁਝ ਸ਼ਰਤਾਂ ਕਾਰਨ ਸਮਝੌਤਾ ਨਹੀਂ ਸੀ ਹੋ ਸਕਿਆ। ਦਰਅਸਲ ਗੱਲ 1970 ਦੇ ਦਹਾਕੇ ਦੀ ਹੈ ਜਦੋਂ ਚੀਤਿਆਂ ਦੇ ਖ਼ਾਤਮੇ ਤੋਂ ਬਾਅਦ ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਚੀਤਿਆਂ ਨੂੰ ਈਰਾਨ ਤੋਂ ਲਿਆਉਣ ਬਾਰੇ ਸੋਚਿਆ ਸੀ। ਈਰਾਨੀ ਚੀਤਿਆਂ ਦੀ ਜੈਨੇਟਿਕਸ ਅਫਰੀਕੀ ਚੀਤਿਆਂ ਵਰਗੀ ਮੰਨੀ ਜਾਂਦੀ ਹੈ ਤੇ ਈਰਾਨ ਇਸ ਲਈ ਸਹਿਮਤ ਸੀ ਪਰ ਇਸ ਨੇ ਭਾਰਤ ਸਾਹਮਣੇ ਇਕ ਸ਼ਰਤ ਰੱਖੀ। ਈਰਾਨ ਨੇ ਚੀਤਿਆਂ ਦੇ ਬਦਲੇ ਭਾਰਤੀ ਸ਼ੇਰ ਮੰਗੇ ਸਨ, ਜਿਸ ਕਾਰਨ ਭਾਰਤ ਨੇ ਆਪਣਾ ਫ਼ੈਸਲਾ ਬਦਲ ਲਿਆ ਹੈ।

ਈਰਾਨ ਦੇ ਇਨਕਾਰ ਤੋਂ ਬਾਅਦ ਵੀ ਭਾਰਤੀ ਵਿਗਿਆਨੀਆਂ ਨੇ ਹਾਰ ਨਹੀਂ ਮੰਨੀ। ਸਾਲ 2000 ’ਚ ਹੈਦਰਾਬਾਦ ਦੇ ਵਿਗਿਆਨੀਆਂ ਨੇ ਪ੍ਰਸਤਾਵ ਦਿੱਤਾ ਕਿ ਜੇ ਸਾਨੂੰ ਚੀਤੇ ਦੇ ਸਿਰਫ਼ ਕੁਝ ਸੈੱਲ ਅਤੇ ਟਿਸ਼ੂ ਮਿਲਦੇ ਹਨ ਤਾਂ ਅਸੀਂ ਇਸ ਦਾ ਕਲੋਨ ਬਣਾਵਾਂਗੇ ਤੇ ਇਸ ਨੂੰ ਚੀਤਾ ਬਣਾ ਦੇਵਾਂਗੇ ਪਰ ਈਰਾਨ ਨੇ ਇਸ ਤੋਂ ਵੀ ਇਨਕਾਰ ਕਰ ਦਿੱਤਾ। ਬਾਅਦ ’ਚ ਸਾਲ 2009 ’ਚ ਚੀਤੇ ਨੂੰ ਭਾਰਤ ਲਿਆਉਣ ਦੀ ਕਵਾਇਦ ਫਿਰ ਸ਼ੁਰੂ ਹੋਈ ਤੇ ਭਾਰਤ ਸਰਕਾਰ ਨੇ ਭਾਰਤ ’ਚ ਅਫਰੀਕੀ ਚੀਤਿਆਂ ਦੇ ਬਚਾਅ ਲਈ ਇਕ ਅਧਿਐਨ ਕਰਵਾਇਆ, ਜਿੱਥੇ ਕਮੇਟੀ ਨੇ ਕੁਨੋ ਨੈਸ਼ਨਲ ਪਾਰਕ ਨੂੰ ਚੀਤਿਆਂ ਲਈ ਢੁੱਕਵਾਂ ਐਲਾਨਿਆ। ਫਿਰ ਸਰਕਾਰ ਨੇ ਚੀਤਿਆਂ ਲਈ ਇਸ ਵਾਰ ਨਾਮੀਬੀਆ ਤਕ ਪਹੁੰਚ ਕੀਤੀ।

ਨਾਮੀਬੀਆ ਤੋਂ ਇਲਾਵਾ ਕੀਨੀਆ ਤੋਂ ਵੀ ਚੀਤਿਆਂ ਨੂੰ ਭਾਰਤ ਲਿਆਉਣ ਦੀ ਗੱਲ ਕੀਤੀ ਗਈ ਸੀ ਪਰ ਨਾਮੀਬੀਆ ’ਚ ਚੀਤਾ ਫਾਊਂਡੇਸ਼ਨ ਵੱਲੋਂ ਚੀਤਿਆਂ ਦੀ ਦੇਖਭਾਲ ਲਈ ਕਾਫ਼ੀ ਕੰਮ ਕੀਤਾ ਗਿਆ ਹੈ। ਇਸੇ ਲਈ ਭਾਰਤ ਲੰਬੇ ਸਮੇਂ ਤੋਂ ਨਾਮੀਬੀਆ ਤੋਂ ਚੀਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੰਬੀ ਗੱਲਬਾਤ ਤੋਂ ਬਾਅਦ ਅੰਤ ’ਚ ਨਾਮੀਬੀਆ ਨਾਲ ਇਕ ਸਮਝੌਤਾ ਹੋਇਆ। ਉਸ ਸਮੇਂ 2010 ’ਚ ਤਤਕਾਲੀ ਜੰਗਲਾਤ ਮੰਤਰੀ ਜੈਰਾਮ ਰਮੇਸ਼ ਚੀਤਿਆਂ ਨੂੰ ਦੇਖਣ ਲਈ ਨਾਮੀਬੀਆ ਪਹੁੰਚੇ ਸਨ।

ਇਸ ਤੋਂ ਬਾਅਦ 2011 ’ਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ‘ਪ੍ਰਾਜੈਕਟ ਚੀਤਾ’ ਲਈ 50 ਕਰੋੜ ਰੁਪਏ ਜਾਰੀ ਕੀਤੇ ਸਨ ਤੇ ਚੀਤਿਆਂ ਦੀ ਸਾਂਭ-ਸੰਭਾਲ ’ਤੇ ਸਾਲਾਨਾ 300 ਕਰੋੜ ਰੁਪਏ ਦਾ ਬਜਟ ਰੱਖਿਆ ਸੀ ਪਰ ਕੁਝ ਜਥੇਬੰਦੀਆਂ ਨੇ ਇਤਰਾਜ਼ ਕੀਤਾ ਤੇ ਇਸ ਪ੍ਰਾਜੈਕਟ ਨੂੰ ਅਦਾਲਤ ’ਚ ਘੜੀਸਿਆ ਗਿਆ, ਜਿਸ ਤੋਂ ਬਾਅਦ 2012 ’ਚ ਸੁਪਰੀਮ ਕੋਰਟ ਨੇ ਇਸ ਪ੍ਰਾਜੈਕਟ ’ਤੇ ਰੋਕ ਲਾ ਦਿੱਤੀ ਸੀ। 2013 ’ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਚੀਤੇ ਲਿਆਉਣ ਦੀ ਬਜਾਏ ਗੁਜਰਾਤ ਦੇ ਗਿਰ ਤੋਂ ਸ਼ੇਰਾਂ ਨੂੰ ਇਸ ਪਾਰਕ ’ਚ ਆਬਾਦ ਕਰਨ ਲਈ ਕਿਹਾ ਸੀ। ਫਿਰ 2019 ’ਚ ਕੇਂਦਰ ਸਰਕਾਰ ਨੇ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ‘ਪ੍ਰਾਜੈਕਟ ਚੀਤਾ’ ’ਤੇ ਲੱਗੀ ਰੋਕ ਹਟਾ ਦਿੱਤੀ। ਭਾਰਤ ਸਰਕਾਰ ਨੇ ਇਕ ਵਾਰ ਫਿਰ ਤੋਂ ‘ਪ੍ਰਾਜੈਕਟ ਚੀਤਾ’ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਤਿੰਨ ਸਾਲ ਬਾਅਦ 17 ਸਤੰਬਰ 2022 ਨੂੰ 8 ਚੀਤੇ ਜਹਾਜ਼ ਰਾਹੀਂ ਭਾਰਤ ਲਿਆਂਦੇ ਗਏ, ਜਿਨ੍ਹਾਂ ਨੂੰ ਆਪਣੇ ਜਨਮ ਦਿਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਨੋ ਨੈਸ਼ਨਲ ਪਾਰਕ ’ਚ ਛੱਡਿਆ।

ਇਹ ਵੀ ਧਿਆਨਯੋਗ ਦੇਣ ਗੱਲ ਹੈ ਕਿ ਏਸ਼ਿਆਈ ਚੀਤੇ ਹੁਣ ਸਿਰਫ਼ ਈਰਾਨ ’ਚ ਹੀ ਮਿਲਦੇ ਹਨ। ਏਸ਼ਿਆਈ ਚੀਤੇ ਨੂੰ ਲੁਪਤ ਹੋਣ ਵਾਲੀਆਂ ਪ੍ਰਜਾਤੀਆਂ ’ਚੋਂ ਇਕ ਮੰਨਿਆ ਜਾਂਦਾ ਹੈ। ਇਹ ਈਰਾਨ ਦੇ ਵਿਸ਼ਾਲ ਕੇਂਦਰੀ ਮਾਰੂਥਲ ’ਚ ਬਾਕੀ ਦੇ ਢੁਕਵੇਂ ਨਿਵਾਸ ਸਥਾਨਾਂ ’ਚ ਰਹਿੰਦਾ ਹੈ। ਸਾਲ 2015 ਤਕ ਈਰਾਨ ’ਚ ਸਿਰਫ਼ 20 ਚੀਤੇ ਸਨ। ਮੌਜੂਦਾ ਜਾਣਕਾਰੀ ਅਨੁਸਾਰ ਏਸ਼ਿਆਈ ਚੀਤਿਆਂ ਦੀ ਕੁੱਲ ਆਬਾਦੀ 40 ਤੋਂ 70 ਦੇ ਕਰੀਬ ਹੈ। ਹੁਣ ਜੰਗਲੀ ਜੀਵ ਪ੍ਰੇਮੀਆਂ ਨੂੰ ਆਸ ਬੱਝੀ ਹੈ ਕਿ ਭਾਰਤ ’ਚ ਵੀ ਚੀਤੇ ਛੇਤੀ ਹੀ ਵਧ ਕੇ ਇਸ ਪ੍ਰਜਾਤੀ ਨੂੰ ਅੱਗੇ ਵਧਾਉਣਗੇ।

ਚੀਤਿਆਂ ਦੇ ਆਉਣ ਨਾਲ ਜੰਗਲੀ ਜਨਜੀਵਨ ਨੂੰ ਹੁਲਾਰਾ ਇਸ ਲਈ ਮਿਲੇਗਾ ਕਿਉਂਕਿ ਜਦੋਂ ਕੋਈ ਜੀਵ ਈਕੋਲੋਜੀ ਚੇਨ ਤੋਂ ਲੋਪ ਹੋ ਜਾਂਦਾ ਹੈ ਤਾਂ ਹੋਰ ਜੀਵ ਉਸ ਦੀ ਜਗ੍ਹਾ ਲੈ ਲੈਂਦੇ ਹਨ, ਜਿਸ ਕਾਰਨ ਵਾਤਾਵਰਨ ’ਚ ਵਿਗਾੜ ਜਾਰੀ ਰਹਿੰਦਾ ਹੈ। ਜੰਗਲੀ ਕੁੱਤਿਆਂ ਤੇ ਬਘਿਆੜਾਂ ਨੇ ਚੀਤਿਆਂ ਦੀ ਥਾਂ ਲੈ ਲਈ ਹੈ ਪਰ ਜਦੋਂ ਚੀਤਿਆਂ ਨੂੰ ਦੁਬਾਰਾ ਛੱਡ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ’ਚ ਟਕਰਾਅ ਪੈਦਾ ਹੋ ਸਕਦੇ ਹਨ। ਜੰਗਲੀ ਜੀਵਨ ਨੂੰ ਪਿਆਰ ਕਰਨ ਵਾਲੇ ਲੋਕ ਮੰਨਦੇ ਹਨ ਕਿ ਹਰ ਜੀਵ ਨੂੰ ਜਿਉਣ ਦਾ ਹੱਕ ਹੈ। ਜੇ ਅਸੀ ਜੰਗਲੀ ਜੀਵਨ ਨੂੰ ਖ਼ਤਮ ਕਰ ਦੇਵਾਂਗੇ ਤਾਂ ਮਨੁੱਖੀ ਜੀਵਨ ਵੀ ਸੁਰੱਖਿਅਤ ਨਹੀਂ ਰਹੇਗਾ । ਇਸ ਦੇ ਨਾਲ ਹੀ ਜੰਗਲੀ ਜੀਵਨ ਨੂੰ ਵਧਾਉਣ ਦੀ ਇਸ ਲਈ ਵੀ ਲੋੜ ਹੈ ਕਿਉਂਕਿ ਬਹੁਤ ਸਾਰੀਆਂ ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ । ਰਾਜਨੀਤੀ ਕਾਰਨ ਇਸ ਪ੍ਰਾਜੈਕਟ ਦਾ ਕੁਝ ਲੋਕ ਵਿਰੋਧ ਵੀ ਕਰ ਰਹੇ ਹਨ ਪਰ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਈਕੋਲੋਜੀ ਨੂੰ ਕਾਇਮ ਰੱਖਣਾ ਸਮੇਂ ਦੀ ਲੋੜ ਹੈ।

-ਭੁਪਿੰਦਰ ਸਿੰਘ ਮਾਨ

ਸੰਪਰਕ ਨੰਬਰ 94170-81419

Posted By: Jagjit Singh