ਮਨੁੱਖ ਦੇ ਜੀਵਨ 'ਤੇ ਉਸ ਦੇ ਖਾਣ-ਪੀਣ ਤੇ ਰਹਿਣ-ਸਹਿਣ ਦਾ ਸਿੱਧਾ ਅਸਰ ਪੈਂਦਾ ਹੈ। ਧਰਮ ਗ੍ਰੰਥਾਂ 'ਚ ਦਰਜ 'ਯਥਾ ਅੰਨ ਤਥਾ ਮਨ' ਦੇ ਵਿਚਾਰ ਨੂੰ ਡਾਕਟਰ ਵੀ ਤਸਲੀਮ ਕਰਦੇ ਹਨ। ਸਰੀਰ 'ਚ ਕੋਈ ਬਿਮਾਰੀ ਆਉਣ 'ਤੇ ਖਾਣ-ਪੀਣ ਵਿਚ ਪ੍ਰਹੇਜ਼ ਦੀ ਸਲਾਹ ਦਿੱਤੀ ਜਾਂਦੀ ਹੈ। ਖਾਣ-ਪੀਣ ਦਾ ਸਬੰਧ ਸਰੀਰ ਨਾਲ ਹੀ ਨਹੀਂ, ਮਨ ਨਾਲ ਵੀ ਜੁੜਿਆ ਹੋਇਆ ਹੈ। ਇਸ ਦਾ ਜ਼ਿਕਰ ਗੀਤਾ ਉਪਦੇਸ਼ 'ਚ ਵੀ ਹੈ। ਜੰਗ ਨਾ ਕਰਨ ਦਾ ਇਰਾਦਾ ਪ੍ਰਗਟ ਕਰਨ ਵਾਲੇ ਅਰਜਨ ਦੇ ਮਨ ਨੂੰ ਬਦਲਣ ਲਈ ਸ੍ਰੀਕ੍ਰਿਸ਼ਨ ਉਚਿਤ ਆਹਾਰ ਸਬੰਧੀ ਉਪਦੇਸ਼ ਵੀ ਦਿੰਦੇ ਹਨ। ਸ੍ਰੀਕ੍ਰਿਸ਼ਨ ਸਾਤਵਿਕ, ਰਾਜਸ ਤੇ ਤਾਮਸ ਆਹਾਰ ਦੀ ਵਿਆਖਿਆ ਕਰਦੇ ਹਨ ਤੇ ਉਸ ਤੋਂ ਪੈਣ ਵਾਲੇ ਸਤ-ਰਜ-ਤਮ ਗੁਣਾਂ ਦਾ ਵੀ ਮਤਲਬ ਦੱਸਦੇ ਹਨ। ਸ੍ਰੀਕਿਸ਼ਨ ਦੀ ਇਸ ਵਿਆਖਿਆ ਵਿਚ ਡੂੰਘੇ ਭਾਵ ਲੁਕੇ ਹੋਏ ਹਨ। ਸਾਤਵਿਕ ਆਹਾਰ ਸਦਕਾ ਵਿਅਕਤੀ ਦਾ ਮਨ ਮਜ਼ਬੂਤ ਬਣਦਾ ਹੈ। ਡਾਕਟਰ ਵੀ ਥੋੜ੍ਹਾ ਭੋਜਨ ਖਾਣ ਦੀ ਸਲਾਹ ਦਿੰਦੇ ਹਨ ਕਿਉਂਕਿ ਜ਼ਿਆਦਾ ਭੋਜਨ ਨਾਲ ਸਰੀਰ ਵਿਚ ਵਿਕਾਰ ਉਤਪੰਨ ਹੁੰਦੇ ਹਨ। ਬਹੁਤ ਸਾਰੇ ਲੋਕ ਢੁੱਕਵੇਂ ਤਰੀਕੇ ਨਾਲ ਭੋਜਨ ਨਾ ਕਰਨ 'ਤੇ ਸਰੀਰਕ ਹੀ ਨਹੀਂ, ਮਾਨਸਿਕ ਤੌਰ 'ਤੇ ਵੀ ਬਿਮਾਰ ਦੇਖੇ ਜਾਂਦੇ ਹਨ। ਵਿਅਕਤੀ ਦਾ ਆਹਾਰ ਦੇ ਰੂਪ ਵਿਚ ਜੋ ਵੀ ਖਾਣ-ਪੀਣ ਹੈ, ਉਹ ਕਿੰਨਾ ਸਾਤਵਿਕ ਹੈ, ਇਹ ਕੋਈ ਹੋਰ ਜਾਣੇ ਜਾਂ ਨਾ, ਉਹ ਖ਼ੁਦ ਤਾਂ ਜਾਣਦਾ ਹੀ ਹੈ। ਛਲ-ਕਪਟ, ਧੋਖਾ, ਠੱਗੀ, ਪਰਾਏ ਵਿਅਕਤੀ ਦੇ ਹਿੱਸੇ ਦਾ ਧਨ ਇਸਤੇਮਾਲ ਕਰਨਾ ਮਹਾਘਾਤਕ ਸਿੱਧ ਹੁੰਦਾ ਹੈ। ਆਮ ਤੌਰ 'ਤੇ ਲੋਕ ਕਹਿੰਦੇ ਹਨ ਕਿ ਉਹ ਅਤੇ ਉਨ੍ਹਾਂ ਦੇ ਘਰ ਦੇ ਲੋਕ ਤਾਂ ਬਹੁਤ ਸਾਦਾ ਭੋਜਨ ਖਾਂਦੇ ਹਨ, ਫਿਰ ਵੀ ਉਨ੍ਹਾਂ ਦੇ ਘਰ ਵਿਚ ਕੋਈ ਨਾ ਕੋਈ ਬਿਮਾਰ ਰਹਿੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਭੋਜਨ 'ਚ ਸਾਤਵਿਕਤਾ ਨਹੀਂ ਹੈ। ਸਾਤਵਿਕ ਅਤੇ ਮਿਹਨਤ ਨਾਲ ਕਮਾਏ ਧਨ ਦੀ ਵਰਤੋਂ ਨਾਲ ਸਰੀਰ ਹੀ ਨਹੀਂ, ਆਤਮ ਬਲ ਵੀ ਮਜ਼ਬੂਤ ਹੁੰਦਾ ਹੈ। ਮਿਹਨਤ ਕਰਨ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਬਹੁਤ ਸਾਰੀਆਂ ਬਿਮਾਰੀਆਂ ਸਰੀਰਕ ਮਿਹਨਤ ਨਾ ਕਰਨ 'ਤੇ ਲੱਗ ਜਾਂਦੀਆਂ ਹਨ। ਸਪਸ਼ਟ ਹੈ ਕਿ ਅੰਨ ਦਾ ਪ੍ਰਭਾਵ ਮਨ 'ਤੇ ਪੈਂਦਾ ਹੈ। ਦੂਸ਼ਿਤ ਤਰੀਕੇ ਨਾਲ ਇਕੱਠੇ ਕੀਤੇ ਅੰਨ ਕਾਰਨ ਮਨ ਵੀ ਦੂਸ਼ਿਤ ਹੁੰਦਾ ਹੈ। ਫਿਰ ਉਹ ਬੇਕਾਬੂ ਹੋ ਜਾਂਦਾ ਹੈ। ਸਿਰਫ਼ ਹਾਂ-ਪੱਖੀ ਤਰੀਕੇ ਨਾਲ ਕਮਾਏ ਧਨ ਦੀ ਵਰਤੋਂ ਕਰ ਕੇ ਹੀ ਆਹਾਰ ਕੀਤਾ ਜਾਵੇ ਤਾਂ ਜੀਵਨ ਹਮੇਸ਼ਾ ਖ਼ੁਸ਼ੀਆਂ ਨਾਲ ਭਰਿਆ ਰਹੇਗਾ। ਪਰਿਵਾਰ ਵਿਚ ਹਾਂ-ਪੱਖੀ ਪ੍ਰਾਪਤੀਆਂ ਵੀ ਹੋਣਗੀਆਂ।

-ਸਲਿਲ ਪਾਂਡੇ।Posted By: Amita Verma