-ਦੀਪਕ ਜਲੰਧਰੀ


ਪੰਜਾਬੀ ਦੇ ਇਕ ਪ੍ਰਸਿੱਧ ਸ਼ਾਇਰ ਪੁਸ਼ਪ ਸ਼ਾਹਕੋਟੀ ਨੇ ਬਹੁਤ ਚਿਰ ਪਹਿਲਾਂ ਇਕ ਨਜ਼ਮ ਲਿਖੀ ਸੀ :

‘‘ਸੋਚੋ ਸਮਝੋ ਮੰਨੋ ਕਹਿਣਾ, ਧਰਤੀ ਨੇ ਤਾਂ ਏਡੀ ਰਹਿਣਾ।

ਵਧਦੀ ਰਹੀ ਆਬਾਦੀ ਜੇਕਰ, ਕਿੱਥੇ ੳੱੁਠਣਾ, ਕਿੱਥੇ ਬਹਿਣਾ?’’ ਸ਼ਾਇਰ ਦਾ ਇਹ ਦਰਦ ਇਸ ਸਮੇਂ ਯਾਦ ਆਉਣ ਦਾ ਕਾਰਨ ਇਹ ਹੈ ਕਿ ਸੰਨ 2021 ਜਨਗਣਨਾ ਦਾ ਸਾਲ ਹੈ। ਪਿਛਲੀ ਵਾਰ ਜਨਗਣਨਾ ਸੰਨ 2011 ਵਿਚ ਹੋਈ ਸੀ। ਉਦੋਂ ਦੇਸ਼ ਦੀ ਆਬਾਦੀ, ਇਕ ਅਨੁਮਾਨ ਅਨੁਸਾਰ 125 ਕਰੋੜ ਦੇ ਲਗਪਗ ਸੀ। ਹੁਣ 135 ਕਰੋੜ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਅਤੇ ਸੰਸਾਰ ਦੀ ਆਬਾਦੀ ਹੈ ਸਾਢੇ ਸੱਤ ਸੌ ਕਰੋੜ ਤੋਂ ਵੀ ਵੱਧ।

ਇਹ ਖ਼ੁਸ਼ੀ ਦੀ ਗੱਲ ਨਹੀਂ ਹੈ ਕਿ ਸੰਸਾਰ ਨੇ ਸਾਢੇ ਸੱਤ ਸੌ ਕਰੋੜ ਦੇ ਅੰਕੜੇ ਨੂੰ ਛੂਹ ਲਿਆ ਹੈ। ਸਗੋਂ ਇਹ ਗੰਭੀਰ ਚਿੰਤਾ ਦਾ ਮੁੱਦਾ ਹੈ। ਧਰਮ-ਮਜ਼ਹਬ ਦੀ ਆੜ ਵਿਚ ਅਸੀਂ ਧਰਤੀ ਉੱਪਰ ਕਿੰਨਾ ਭਾਰ ਪਾ ਚੁੱਕੇ ਹਾਂ।

ਭਾਰਤ ਦੀ ਗੱਲ ਕਰੀਏ ਤਾਂ ਮਹਾਤਮਾ ਬੁੱਧ ਦੇ ਸਮੇਂ ਬਰਮਾ (ਮਿਆਂਮਾਰ) ਤੋਂ ਲੈ ਕੇ ਕਾਬਲ ਤਕ ਅਤੇ ਸ੍ਰੀਲੰਕਾ ਤੋਂ ਲੈ ਕੇ ਪੇਸ਼ਾਵਰ ਤਕ ਜਦੋਂ ਭਾਰਤ ਇਕ ਦੇਸ਼ ਸੀ ਤਾਂ ਇਸ ਦੀ ਆਬਾਦੀ ਇਕ ਕਰੋੜ ਸੀ। ਬਾਰਾਂ-ਬਾਰਾਂ ਕੋਹਾਂ ਤਕ ਦੀਵਾ ਜਗਣ ਦੇ ਕਿੱਸੇ ਤਾਂ ਵੱਡੇ-ਵਡੇਰੇ ਸੁਣਾਇਆ ਹੀ ਕਰਦੇ ਸਨ। ਜਨਸੰਖਿਆ ਵੱਧਦੀ ਗਈ ਤਾਂ ਵੱਧਦੀ ਹੀ ਗਈ। ਜਦੋਂ ਭਾਰਤ ਦੀ ਵੰਡ ਹੋਈ ਤਾਂ ਦੇਸ਼ ਦੀ ਆਬਾਦੀ 33 ਕਰੋੜ ਸੀ ਜਿਸ ’ਚੋਂ ਅੱਠ ਕਰੋੜ ਪਾਕਿਸਤਾਨ ਦੇ ਹਿੱਸੇ ਆਈ ਅਤੇ ਬਾਕੀ ਭਾਰਤ ਨੂੰ ਮਿਲ ਗਈ। ਇਸ ਵੰਡ ਸਮੇਂ ਦਸ ਲੱਖ ਲੋਕਾਂ ਦਾ ਕਤਲ ਵੀ ਹੋਇਆ ਸੀ। ਹੁਣ ਭਾਰਤ ਦੀ ਆਬਾਦੀ ਸਰਕਾਰੀ ਅੰਕੜਿਆਂ ਅਨੁਸਾਰ 135 ਕਰੋੜ ਹੈ।

ਸਾਨੂੰ ਲੱਗਦਾ ਹੈ ਕਿ ਇਹ ਅੰਕੜਾ ਡੇਢ ਅਰਬ ਦੇ ਕਰੀਬ ਹੈ ਕਿਉਂਕਿ ਦੂਰ-ਦਰਾਜ ਦੇ ਕਈ ਇਲਾਕਿਆਂ ਤਕ ਮਰਦਮਸ਼ੁਮਾਰੀ ਕਰਨ ਵਾਲੇ ਜਾਂਦੇ ਹੀ ਨਹੀਂ। ਸੰਨ 1804 ਵਿਚ ਦੁਨੀਆ ਦੀ ਕੁੱਲ ਆਬਾਦੀ ਇੱਕ ਸੌ ਕਰੋੜ ਸੀ। ਕੇਵਲ ਦੋ ਸੌ ਸੌਲਾਂ ਸਾਲਾਂ ਵਿਚ ਇਹ ਆਬਾਦੀ ਸਾਢੇ ਸੱਤ ਅਰਬ ਕਿਵੇਂ ਤੇ ਕਿਉਂ ਹੋ ਗਈ? ਇਹ ਚਿੰਤਾ ਦਾ ਮੁੱਦਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਬਰਥ ਕੰਟਰੋਲ ਪ੍ਰਤੀ ਖ਼ੂਬ ਪ੍ਰਚਾਰ ਕੀਤਾ ਜਾਂਦਾ ਹੈ।

ਸਾਧਨ ਵੀ ਮੁਹੱਈਆ ਕਰਾਏ ਗਏ ਪਰ ਆਬਾਦੀ ਦਾ ਬੇ-ਇੰਤਹਾ ਵਧਣਾ ਰੋਕਿਆ ਨਾ ਜਾ ਸਕਿਆ। ਸੰਨ 1652 ਵਿਚ ਇਕ ਫਿਲਮ ਆਈ ਸੀ, ਮਿਸਟਰ ਸੰਪਤ। ਉਸ ਫਿਲਮ ਵਿਚ ਆਬਾਦੀ ਦੇ ਵਧਣ ਪ੍ਰਤੀ ਖ਼ੂਬ ਵਿਅੰਗ ਕੀਤਾ ਗਿਆ ਸੀ। ਉਸ ਫਿਲਮ ਦੇ ਹੀਰੋ ਸਵ. ਮੋਤੀ ਲਾਲ ਸਨ। ਉਹ ਜਿੱਥੇ ਵੀ ਜਾਂਦੇ ਉਨ੍ਹਾਂ ਨੂੰ ਭੀੜ ਹੀ ਭੀੜ ਦਿਖਾਈ ਦਿੰਦੀ। ਉਹ ਕਹਿੰਦੇ ਸਨ ਕਿ ਏਡੀ ਲੰਬੀ-ਚੌੜੀ ਦੁਨੀਆ, ਫਿਰ ਵੀ ਇਸ ਵਿਚ ਜਗ੍ਹਾ ਨਹੀਂ ਹੈ। ਅੱਜ ਤਾਂ ਹਾਲਾਤ ਉਸ ਦੌਰ ਤੋਂ ਵੀ ਖ਼ਰਾਬ ਹੁੰਦੇ ਜਾ ਰਹੇ ਹਨ। ਇਕ ਵਿਚਾਰ ਅਨੁਸਾਰ ਆਬਾਦੀ ਦੇ ਵਾਧੇ ਨੂੰ ਰੋਕਣ ਦੇ ਦੋ ਹੀ ਤਰੀਕੇ ਹਨ। ਇਕ ਤਾਂ ਉਹ ਜੋ ਮਨੁੱਖ ਖ਼ੁਦ ਅਪਣਾਵੇ ਅਤੇ ਦੂਜਾ ਤਰੀਕਾ ਪਰਮਾਤਮਾ ਨੂੰ ਅਪਨਾਉਣਾ ਪੈਂਦਾ ਹੈ। ਮਨੁੱਖ ਜੇਕਰ ਵੱਧਦੀ ਆਬਾਦੀ ਦੀ ਰੋਕਥਾਮ ਲਈ ਉਪਲਬਧ ਤਰੀਕਿਆਂ ਦੀ ਵਰਤੋਂ ਨਹੀਂ ਕਰਦਾ ਜਾਂ ਇਸ ਪ੍ਰਤੀ ਅਸਫਲ ਰਹਿੰਦਾ ਹੈ ਤਾਂ ਕੁਦਰਤ ਨੂੰ ਕੋਈ ਨਾ ਕੋਈ ਵਸੀਲਾ (ਪ੍ਰਕੋਪ) ਅਪਨਾਉਣਾ ਪੈਂਦਾ ਹੈ।

ਫਿਰ ਆਬਾਦੀ ’ਤੇ ਕੰਟਰੋਲ ਕਰਨ ਲਈ ਯੁੱਧ ਹੁੰਦੇ ਹਨ, ਮਹਾਮਾਰੀ ਫੁੱਟ ਪੈਂਦੀ ਹੈ, ਹੜ੍ਹ, ਸੁਨਾਮੀ, ਭੂਚਾਲ ਅਤੇ ਤੂਫਾਨ ਆਦਿ ਆਬਾਦੀ ਨੂੰ ਕੰਟਰੋਲ ਕਰਦੇ ਹਨ। ਅਸੀਂ ਕੁਦਰਤ ਦੇ ਕਹਿਰ ਤੋਂ ਬਚਣ ਵਾਲੇ ਤਰੀਕਿਆਂ ਵੱਲ ਨੂੰ ਮਨੁੱਖ ਦੇ ਝੁਕਾਅ ਨੂੰ ਸਹੀ ਸਮਝਦੇ ਹਾਂ। ਧਰਤੀ ਸੀਮਤ ਹੈ, ਖਾਣ ਵਾਲੇ ਅੰਨ ਪਦਾਰਥ ਵੀ ਸੀਮਤ ਹਨ। ਜੇਕਰ ਆਬਾਦੀ ਇਸੇ ਤਰ੍ਹਾਂ ਹੀ ਵੱਧਦੀ ਰਹੀ ਤਾਂ ਕਿੱਥੇ ਉੱਠਣਾ, ਕਿੱਥੇ ਬਹਿਣਾ ਹੈ?

ਉਹੀ ਪੁਰਾਣੀ ਗੱਲ ਯਾਦ ਆਉਂਦੀ ਹੈ ਕਿ ਇਕ ਵਿਅੰਗਕਾਰ ਨੇ ਇਕ ਵਾਰ ਲਿਖਿਆ ਸੀ ਕਿ ਜਨਸੰਖਿਆ ਇਸੇ ਤਰ੍ਹਾਂ ਹੀ ਵੱਧਦੀ ਰਹੀ ਤਾਂ ਸਾਡੇ ਘਰਾਂ ’ਚੋਂ ਮੰਜੇ-ਬਿਸਤਰਿਆਂ ਦਾ ਗਾਇਬ ਹੋਣਾ ਤੈਅ ਹੈ। ਮੇਜ਼-ਕੁਰਸੀਆਂ ਵੀ ਅੱਖੋਂ ਓਹਲੇ ਹੋ ਜਾਣਗੀਆਂ। ਸਾਰਾ ਕੰਮ ਖੜੇ੍ਹ-ਖੜੇ੍ਹ ਹੀ ਹੋਵੇਗਾ। ਸੌਣਾ, ਖਾਣਾ ਆਦਿ। ਹਰ ਸਥਾਨ ’ਤੇ ਭੀੜ ਏਨੀ ਵੱਧ ਜਾਵੇਗੀ ਕਿ ਸਾਰਾ ਸੰਸਾਰ ਬੈਠਣ, ਲੇਟਣ ਬਾਰੇ ਇਤਿਹਾਸ ’ਚੋਂ ਹੀ ਪੜ੍ਹ ਸਕੇਗਾ।

ਚਲੋ ਮੰਨ ਲਓ ਕਿ ਅਜਿਹਾ ਨਾ ਵੀ ਹੋਵੇ ਪਰ ਤੰਗੀ ਤਾਂ ਸਾਹਮਣੇ ਆਵੇਗੀ ਹੀ। ਮਹਿੰਗਾਈ ਵਧਣ ਦਾ ਇਕ ਕਾਰਨ ਇਹ ਵੀ ਹੈ ਅਤੇ ਬੇਕਾਰੀ ਦਾ ਵਧਣਾ ਵੀ ਵੱਧਦੀ ਆਬਾਦੀ ਨੂੰ ਹੀ ਮੰਨਿਆ ਜਾਂਦਾ ਹੈ। ਇੰਜ ਕਹਿ ਲਓਕਿ ਅੱਜ ਦੀਆਂ ਸਾਰੀਆਂ ਸਮੱਸਿਆਵਾਂ ਇਸ ਵੱਧਦੀ ਆਬਾਦੀ ਕਾਰਨ ਹੀ ਹਨ। ਅੰਗਰੇਜ਼ਾਂ ਦੇ ਜ਼ਮਾਨੇ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵੱਧ ਤੋਂ ਵੱਧ ਗੁਲਾਮ ਚਾਹੀਦੇ ਸਨ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਤੋਪਾਂ ਦਾ ਚਾਰਾ ਮਿਲ ਸਕੇ। ਤਦ ਹੀ ਤਾਂ ਉਨ੍ਹਾਂ ਨੇ ਜ਼ਿਆਦਾ ਬੱਚੇ ਪੈਦਾ ਕਰਨ ’ਤੇ ਇਨਾਮ ਦੇਣ ਦਾ ਐਲਾਨ ਕਰ ਰੱਖਿਆ ਸੀ। ਹੁਣ ਅਸੀਂ ਆਜ਼ਾਦ ਹਾਂ ਅਤੇ ਸਾਨੂੰ ਆਪਣੇ ਹੀ ਪੈਰਾਂ ’ਤੇ ਕੁਹਾੜੀ ਮਾਰਨ ਤੋਂ ਪਹਿਲਾਂ ਲੱਖ ਵਾਰੀ ਸੋਚਣਾ ਪਵੇਗਾ। ਸੰਨ 1977 ਵਿਚ ਸਵ. ਰਾਜ ਨਾਰਾਇਣ ਕੇਂਦਰ ਸਰਕਾਰ ਵਿਚ ਸਿਹਤ ਮੰਤਰੀ ਸਨ। ਉਨ੍ਹਾਂ ਨੇ ਬਰਥ ਕੰਟਰੋਲ ਦਾ ਨਾਂ ਬਦਲ ਕੇ ਪਰਿਵਾਰ ਕਲਿਆਣ ਵਿਭਾਗ ਕਰ ਦਿੱਤਾ।

ਉਨ੍ਹਾਂ ਦਾ ਮੰਤਵ ਇਹ ਸੀ ਕਿ ਲੋਕ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਰਿਵਾਰ ਨਿਯੰਤਰਣ ਕਰ ਲੈਣ ਪਰ ਅਜਿਹਾ ਨਹੀਂ ਹੋਇਆ। ਇਸ ਪਿੱਛੇ ਇਕ ਵੱਡਾ ਕਾਰਨ ਇਹ ਹੈ ਕਿ ਕੁਝ ਧਰਮਾਂ ਵਿਚ ਬਹੁ-ਵਿਆਹ ਪ੍ਰਥਾ ਅਜੇ ਕਾਇਮ ਹੈ ਅਤੇ ਸੰਤਾਨ ਪੈਦਾ ਕਰਨਾ ਈਸ਼ਵਰ ਦੀ ਕਿਰਪਾ ਮੰਨਿਆ ਜਾਂਦਾ ਹੈ। ਦੇਸ਼ ’ਤੇ ਸ਼ਾਸਨ ਕਰਨ ਵਾਲੇ ਰਾਜਨੀਤਕ ਦਲਾਂ ਵੱਲੋਂ ਤੁਸ਼ਟੀਕਰਨ ਅਤੇ ਵੋਟ ਬੈਂਕ ਕਾਰਨ ਇਸ ਮੁੱਦੇ ਪ੍ਰਤੀ ਕੋਈ ਪ੍ਰਭਾਵਸ਼ਾਲੀ ਫ਼ੈਸਲਾ ਨਹੀਂ ਲਿਆ ਜਾਂਦਾ।

ਇਸ ਨੂੰ ਬਦਕਿਸਮਤੀ ਹੀ ਸਮਝੋ ਕਿ ਕੁਝ ਮਜ਼ਹਬ ਜਨਸੰਖਿਆ ਕੰਟਰੋਲ ਬਾਰੇ ਬਣਾਏ ਗਏ ਕਿਸੇ ਵੀ ਕਾਨੂੰਨ ਨੂੰ ਆਪਣੇ ਮਜ਼ਹਬ ਵਿਚ ਦਖ਼ਲ ਮੰਨਦੇ ਹਨ। ਕਾਮਨ-ਸਿਵਲ ਕੋਡ ’ਤੇ ਜਨਸੰਖਿਆ ਵਾਧਾ ਰੋਕਣ ਬਾਰੇ ਸਾਰੇ ਵਿਚਾਰ ਠੰਢੇ ਬਸਤੇ ਵਿਚ ਪਏ ਲੱਗਦੇ ਹਨ। ਜਦਕਿ ਚੀਨ ਨੇ ਇਸ ਤਰ੍ਹਾਂ ਦੇ ਨਿਰਣੇ ਨੂੰ ਬਹੁਤ ਹੀ ਸਖ਼ਤੀ ਨਾਲ ਲਾਗੂ ਕੀਤਾ ਅਤੇ ‘ਹਮ ਦੋ, ਹਮਾਰਾ ਏਕ’ ਕਾਨੂੰਨ ਲਾਗੂ ਕਰ ਦਿੱਤਾ।

ਇਹ ਵੀ ਹਕੀਕਤ ਹੈ ਕਿ ਸਾਡਾ ਦੇਸ਼ ਯੁਵਾ ਦੇਸ਼ ਕਹਾਉਂਦਾ ਹੈ ਅਤੇ ਚੀਨ ਪ੍ਰੌੜ੍ਹ ਦੇਸ਼। ਸਾਡੇ ਦੇਸ਼ ਵਿਚ ‘ਹਮ ਦੋ, ਹਮਾਰੇ ਦੋ’ ਦਾ ਨਾਅਰਾ ਕੇਵਲ ਕਾਗਜ਼ਾਂ ਵਿਚ ਅਤੇ ਬੋਰਡਾਂ ਉੱਪਰ ਹੀ ਚਿਪਕਿਆ ਰਿਹਾ। ਅਸੀਂ ਕੁਝ ਨੇਤਾਵਾਂ ਦਾ ਇੱਥੇ ਨਾਂ ਨਹੀਂ ਲੈਣਾ ਚਾਹੁੰਦੇ ਜਿਨ੍ਹਾਂ ਨੇ ਜਨਸੰਖਿਆ ਰੋਕਣ ਦੇ ਵਿਚਾਰ ਦੇ ਵਿਰੁੱਧ ਅੱਠ ਨੌ ਬੱਚੇ ਪੈਦਾ ਕਰ ਦਿੱਤੇ। ਹੁਣ ਜਦੋਂ ਮਰਦਮਸ਼ੁਮਾਰੀ ਹੋਵੇਗੀ ਅਤੇ ਕੁਝ ਰਾਜਨੇਤਾ ਇਸ ਦੇ ਵਿਰੋਧ ਵਿਚ ਧਰਨੇ ਵੀ ਲਾਉਣਗੇ ਪਰ ਜਦੋਂ ਤਕ ਜਨਸੰਖਿਆ ਦੀ ਸਹੀ ਜਾਣਕਾਰੀ ਨਹੀਂ ਮਿਲੇਗੀ, ਤਦ ਤਕ ਯੋਜਨਾਵਾਂ ਨਹੀਂ ਬਣ ਸਕਦੀਆਂ। ਇਸ ਬਾਰੇ ਬਹੁਤ ਸੰਜੀਦਗੀ ਨਾਲ ਵਿਚਾਰ ਕਰਨਾ ਪਵੇਗਾ।

ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ ਅਤੇ ਸਿਹਤ ਦੇ ਇਲਾਵਾ ਬਿਜਲੀ, ਪਾਣੀ, ਸੜਕਾਂ ਆਦਿ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕੇਗਾ। ਇਸ ਲਈ ਵਰਤਮਾਨ ਸ਼ਾਸਕਾਂ ਨੂੰ ਚੋਣਾਂ ਅਤੇ ਵੋਟ ਬੈਂਕ ਦਾ ਲਾਲਚ ਛੱਡ ਕੇ ਕੋਈ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ। ਨਹੀਂ ਤਾਂ ਇਹ ਗੱਲ ਸੱਚ ਹੋ ਨਿਬੜੇਗੀ ਕਿ ਲੋਕਾਂ ਨੂੰ ਬੈਠਣ, ਲੇਟਣ ਦੀ ਜਗ੍ਹਾ ਵੀ ਨਸੀਬ ਨਹੀਂ ਹੋਵੇਗੀ।

-ਸੰਪਰਕ : 0181-2458120

Posted By: Sunil Thapa