ਬੰਗਲਾਦੇਸ਼ ’ਚ ਕੁਝ ਕੱਟੜਪੰਥੀਆਂ ਵੱਲੋਂ 14 ਹਿੰਦੂ ਮੰਦਰਾਂ ਦੀ ਭੰਨ–ਤੋੜ ਅਤੇ ਬੇਅਦਬੀ ਦੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉੱਥੇ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਮੰਦਰਾਂ ਅੰਦਰ ਜ਼ਬਰਦਸਤੀ ਘੁਸ ਕੇ ਦੇਵੀ–ਦੇਵਤਿਆਂ ਦੀਆਂ ਮੂਰਤੀਆਂ ਨੂੰ ਖੰਡਿਤ ਕਰ ਦਿੱਤਾ। ਇਹੋ ਜਿਹੇ ਫ਼ਿਰਕੂ ਅਨਸਰ ਹਰ ਦੇਸ਼ ਦੇ ਹਰੇਕ ਕੋਨੇ ’ਚ ਮੌਜੂਦ ਹੁੰਦੇ ਹਨ ਤੇ ਮੌਕਾ ਤਾੜ ਕੇ ਉਹ ਆਪਣੀ ਫ਼ਿਰਕਾਪ੍ਰਸਤੀ ਨੂੰ ਅੱਗੇ ਲੈ ਆਉਂਦੇ ਹਨ। ਭਾਸ਼ਾ ਦੇ ਆਧਾਰ ’ਤੇ 1971 ’ਚ ਬਣੇ ਦੇਸ਼ ਬੰਗਲਾਦੇਸ਼ ਦੀ ਸਥਾਪਨਾ ’ਚ ਭਾਰਤ ਦੀ ਬਹੁਤ ਅਹਿਮ ਭੂਮਿਕਾ ਰਹੀ ਹੈ। ਹਿੰਦੂਆਂ ਤੇ ਸਿੱਖਾਂ ਨੇ ਪੂਰੀ ਇਕਜੁੱਟਤਾ ਨਾਲ ਬੰਗਲਾਦੇਸ਼ੀਆਂ ਦੀ ਵੱਖਰੀ ਹੋਂਦ ਪਹਿਲ ਦੇ ਆਧਾਰ ’ਤੇ ਕਾਇਮ ਕਰਵਾਈ ਸੀ। ਉੱਥੋਂ ਦੇ ਫ਼ਿਰਕਾਪ੍ਰਸਤਾਂ ਨੂੰ ਤਾਂ ਹਿੰਦੂਆਂ ਸਮੇਤ ਹੋਰ ਸਾਰੇ ਧਰਮਾਂ ਦੀ ਦਿਲੋਂ ਕਦਰ ਕਰਨ ਦਾ ਤਰੀਕਾ ਸਿੱਖਣਾ ਚਾਹੀਦਾ ਹੈ। ਭਾਰਤੀ ਹਿੰਦੂਆਂ ਦੀ ਪ੍ਰਮੁੱਖ ਧਾਰਮਿਕ ਜੱਥੇਬੰਦੀ ‘ਰਾਸ਼ਟਰੀ ਸਵੈਮਸੇਵਕ ਸੰਘ’ (ਆਰਐੱਸਐੱਸ) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਬਹੁਤ ਸਪਸ਼ਟ ਸ਼ਬਦਾਂ ’ਚ ਕਿਹਾ ਹੈ –‘ਸਮਾਜ ਵਿਚ ਊਚ–ਨੀਚ ਦੀ ਸ਼੍ਰੇਣੀ ਭਗਵਾਨ ਨੇ ਨਹੀਂ, ਪੰਡਿਤਾਂ ਨੇ ਬਣਾਈ ਹੈ, ਜੋ ਗ਼ਲਤ ਹੈ।’ ਉਨ੍ਹਾਂ ਦੇ ਇਸ ਤਾਜ਼ਾ ਬਿਆਨ ਦੀ ਡਾਢੀ ਚਰਚਾ ਹੈ। ਜਿਸ ਦੇਸ਼ ਤੇ ਉਸ ਦੇ ਵਾਸੀਆਂ ਦੀ ਅਜਿਹੀ ਸੋਚ ਹੋਵੇ, ਉਨ੍ਹਾਂ ਦਾ ਕੋਈ ਵਿਰੋਧੀ ਤੇ ਦੋਖੀ ਕਿਵੇਂ ਹੋ ਸਕਦਾ ਹੈ। ਅਜਿਹੇ ਵੇਲੇ ਆਮ ਨਾਗਰਿਕਾਂ ਤੇ ਦੇਸ਼ ਦੀ ਸਰਕਾਰ ਅਤੇ ਪ੍ਰਸ਼ਾਸਨਾਂ ਨੂੰ ਸੰਤੁਲਨ ਬਣਾ ਕੇ ਅੱਗੇ ਵਧਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਤਵਾਜ਼ਨ ਦੀ ਅਣਹੋਂਦ ਕਾਰਨ ਹੀ ਅੱਗੇ ਦੇਸ਼ਾਂ ਤੇ ਕੌਮਾਂ ਦਾ ਅਮਨ ਤੇ ਚੈਨ ਭੰਗ ਹੁੰਦਾ ਹੈ ਤੇ ਬਦਅਮਨੀ ਫੈਲਦੀ ਹੈ। ਅਜਿਹੇ ਸਮਾਜ–ਵਿਰੋਧੀ ਤੱਤਾਂ ਨੂੰ ਭਾਂਜ ਦੇਣਾ ਹੀ ਆਧੁਨਿਕ ਸਮਾਜ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ, ਦੇਸ਼ ਤੇ ਸਮਾਜ ਭਾਵੇਂ ਕੋਈ ਵੀ ਹੋਵੇ। ਬੰਗਲਾਦੇਸ਼ ਦੁਨੀਆ ਦਾ 18ਵਾਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਗ਼ਰੀਬੀ, ਅਨਪੜ੍ਹਤਾ ਤੇ ਬੇਰੁਜ਼ਗਾਰੀ ਦੇ ਨਾਲ–ਨਾਲ ਬਹੁਤ ਸਾਰੇ ਬੁਨਿਆਦੀ ਮਸਲਿਆਂ ਨਾਲ ਜੂਝ ਰਹੇ ਬੰਗਲਾਦੇਸ਼ ’ਚ ਅਜਿਹੇ ਅਨਸਰਾਂ ਦੀ ਭਰਮਾਰ ਹੈ। ਉੱਥੋਂ ਦੀ ਸਰਕਾਰ ਤੇ ਸਮਾਜ ਨੂੰ ਬਾਕਾਇਦਾ ਮੁਹਿੰਮਾਂ ਚਲਾ ਕੇ ਅਜਿਹੇ ਫ਼ਿਰਕੂ ਲੋਕਾਂ ਦੇ ਮਨਾਂ ’ਚੋਂ ਮੈਲ ਕੱਢਣੀ ਚਾਹੀਦੀ ਹੈ। ਸੰਨ 1947 ’ਚ ਜੇ ਪੰਜਾਬ ਦੀ ਵੰਡ ਹੋਈ ਸੀ ਤਾਂ ਭਾਰਤ ਦੇ ਬੰਗਾਲ ਖੇਤਰ ਦੀ ਵੀ ਵੰਡ ਹੋਈ ਸੀ। ਪੰਜਾਬ ਤੇ ਬੰਗਾਲ ਦੇ ਵਾਸੀ ਜੁਝਾਰੂ ਹਨ। ਦੋਵਾਂ ਵਿਚਾਲੇ ਕਈ ਤਰ੍ਹਾਂ ਦੀਆਂ ਬੁਨਿਆਦੀ ਸੱਭਿਆਚਾਰਕ ਸਾਂਝਾਂ ਹਨ। ਬਿ੍ਰਟਿਸ਼ ਭਾਰਤ ’ਚ ਬੰਗਾਲ ਪ੍ਰੈਜ਼ੀਡੈਂਸੀ ਬਹੁਤ ਵਿਸ਼ਾਲ ਹੁੰਦੀ ਸੀ ਪਰ 1905 ’ਚ ਜਦੋਂ ਪਹਿਲੀ ਵਾਰ ਪੂਰਬੀ ਬੰਗਾਲ ਅਤੇ ਅਸਾਮ ਦੀ ਸਥਾਪਨਾ ਕੀਤੀ ਗਈ ਸੀ, ਬੰਗਲਾਦੇਸ਼ ਦੀ ਸਥਾਪਨਾ ਦੀ ਨੀਂਹ ਇਕ ਤਰ੍ਹਾਂ ਨਾਲ ਉਦੋਂ ਹੀ ਰੱਖੀ ਗਈ ਸੀ। ਸਾਲ 1970 ’ਚ ਪਾਕਿਸਤਾਨ ਦੀਆਂ ਆਮ ਚੋਣਾਂ ਦੌਰਾਨ ਉਦੋਂ ਦੇ ਪੂਰਬੀ ਪਾਕਿਸਤਾਨ ’ਚ ਬੰਗਾਲੀ ਰਾਸ਼ਟਰਵਾਦ ਤੇ ਜਮਹੂਰੀਅਤ–ਪੱਖੀ ਲਹਿਰਾਂ ਚੱਲੀਆਂ ਸਨ। ਸ਼ੇਖ਼ ਮੁਜੀਬੁਰ ਰਹਿਮਾਨ ਦੀ ਪਾਰਟੀ ‘ਅਵਾਮੀ ਲੀਗ’ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਪਰ ਪਾਕਿ ਫ਼ੌਜ ਨੂੰ ਇਹ ਪਸੰਦ ਨਹੀਂ ਸੀ ਕਿ ਇਕ ਬੰਗਾਲੀ ਆਗੂ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਬਣੇ। ਤਦ ਹੀ 1971 ’ਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲਹਿਰ ਚੱਲ ਪਈ। ਭਾਰਤ ਦੀ ਮਦਦ ਨਾਲ ‘ਮੁਕਤੀ–ਵਾਹਿਨੀ’ ਨੇ ਸਫਲ ਹਥਿਆਰਬੰਦ ਇਨਕਲਾਬ ਵਿਚ ਮੁਕੰਮਲ ਕਾਮਯਾਬੀ ਹਾਸਲ ਕੀਤੀ। ਅਜਿਹੇ ਸੰਘਰਸ਼ਾਂ ’ਚੋਂ ਨਿੱਤਰ ਕੇ ਸਾਹਮਣੇ ਆਉਣ ਵਾਲੇ ਲੋਕਾਂ ਦੇ ਮਨਾਂ ’ਚ ਫ਼ਿਰਕੂ ਮਾਨਸਿਕਤਾ ਕਿਵੇਂ ਬਚੀ ਰਹਿ ਸਕਦੀ ਹੈ, ਇਸ ਸਵਾਲ ਦਾ ਜਵਾਬ ਜ਼ਰੂਰ ਲੱਭਣਾ ਹੋਵੇਗਾ।

Posted By: Jagjit Singh