(ਲੜੀ ਜੋੜਨ ਲਈ 20 ਸਤੰਬਰ ਦਾ ਅੰਕ ਦੇਖੋ)

ਜਦੋਂ ਅੰਗਰੇਜ਼ਾਂ ਨੇ ਆਪਣੇ ਸਾਮਰਾਜ ’ਚ ਸਾਜ਼ਿਸ਼ਾਂ ਤਹਿਤ ਪੰਜਾਬ ਨੂੰ ਮਿਲਾਉਣ ਦਾ ਸਫਲ ਕੂਟਨੀਤਕ ਕਾਰਜ ਕੀਤਾ ਤਾਂ ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ 18 ਵਰ੍ਹੇ ਦਾ ਹੋਣ ’ਤੇ ਲਾਹੌਰ ਦਾ ਮਹਾਰਾਜਾ ਬਣਾਉਣ ਦਾ ਬਹਾਨਾ ਵੀ ਕੀਤਾ ਗਿਆ। ਉਸ ਸਮੇਂ ਲਾਹੌਰ ਦੇ ਸ਼ਾਹੀ ਖ਼ਜ਼ਾਨੇ ਦੇ ਰੂਬਰੂ ਮਹਾਰਾਜਾ ਦਲੀਪ ਸਿੰਘ ਨੂੰ ਧੋਖੇਬਾਜ਼ੀ ਨਾਲ ਅੰਗਰੇਜ਼ ਇੰਗਲੈਂਡ ਲੈ ਗਏ। ਲਾਹੌਰ ਦੇ ਸਿੱਖ ਦਰਬਾਰ ’ਚ ਕੋਹਿਨੂਰ ਹੀਰਾ, ਤਖ਼ਤ-ਕੁਰਸੀ ਅਤੇ ਸਿੱਖ ਰਾਜ ਨਾਲ ਸਬੰਧਿਤ ਅਨੇਕਾਂ ਕਲਾਕਿ੍ਰਤੀਆਂ ਵੀ ਇੰਗਲੈਂਡ ਪੁੱਜੀਆਂ। ਇੰਗਲੈਂਡ ਪੁੱਜਣ ਤੋਂ ਪਹਿਲਾਂ ਇਹ ਸਾਰਾ ਖ਼ਜ਼ਾਨਾ ਗਵਰਨਰ ਜਨਰਲ 1850 ’ਚ ਬੰਬਈ ਲੈ ਗਿਆ ਜਿੱਥੇ ਉਸ ਨੇ ਕਰਨਲ ਸੀਬੀ ਮੈਕਸਨ ਤੇ ਕੈਪਟਨ ਰਾਮਸੇ ਦੇ ਹਵਾਲੇ ਕੀਤਾ ਜਿੱਥੋਂ ਉਹ ਯੂਰਪ ਲੈ ਗਏ। ਯੂਰਪ ਪੁੱਜ ਕੇ ਉਨ੍ਹਾਂ ਨੇ ਇਸ ਨੂੰ ਬੋਰਡ ਆਫ ਡਾਇਰੈਕਟਰਜ਼ ਦੇ ਹਵਾਲੇ ਕੀਤਾ ਤੇ ਆਖ਼ਰ ਉਨ੍ਹਾਂ ਨੇ 3 ਜੁਲਾਈ 1850 ਨੂੰ ਇਹ ਦੁਨੀਆ ਦਾ ਕੀਮਤੀ ਹੀਰਾ ਮਹਾਰਾਣੀ ਨੂੰ ਭੇਟ ਕੀਤਾ। ਪਹਿਲੀ ਵਾਰ 1851 ’ਚ ਲੰਡਨ ’ਚ ਹੋਈ ਪਹਿਲੀ ਵੱਡੀ ਪ੍ਰਦਰਸ਼ਨੀ ’ਚ ਇਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਹ ਹੀਰਾ ਪਹਿਲਾਂ ਬਰਤਾਨੀਆ ਦੀ ਰਾਣੀ ਮੈਰੀ ਦੀ ਸ਼ਾਹੀ ਤਖ਼ਤਪੋਸ਼ੀ ਲਈ ਤਿਆਰ ਕੀਤਾ ਗਿਆ ਸੀ। ਦੁਬਾਰਾ 1937 ’ਚ ਜਾਰਜ ਛੇਵੇਂ ਦੀ ਤਾਜਪੋਸ਼ੀ ਸਮੇਂ ਇਸ ਹੀਰੇ ਨੂੰ 2800 ਹੋਰ ਹੀਰਿਆਂ ਨਾਲ ਅਜੋਕੀ ਰਾਣੀ ਐਲਿਜ਼ਾਬੈਥ (ਦੂਜੀ) ਦੀ ਮਾਂ, ਰਾਜਮਾਤਾ ਐਲਿਜ਼ਾਬੈਥ ਦੇ ਸ਼ਾਹੀ ਤਾਜ ’ਚ ਜੋੜਿਆ ਗਿਆ। ਅੱਜਕੱਲ੍ਹ ਇੰਗਲੈਂਡ ਦੇ ‘ਟਾਵਰ ਆਫ ਲੰਡਨ’ ’ਚ ਇਸ ਨੂੰ ਸਖ਼ਤ ਸੁਰੱਖਿਆ ’ਚ ਰੱਖਿਆ ਗਿਆ ਹੈ। ਇਸ ਹੀਰੇ ਦੇ ਆਸ-ਪਾਸ ਸ਼ਾਹੀ ਘਰਾਣੇ ਦੇ ਹੋਰ ਸ਼ਾਹੀ ਤਾਜ ਵੀ ਰੱਖੇ ਗਏ ਹਨ। ਕੁਝ ਵਰ੍ਹੇ ਪਹਿਲਾਂ ਇਸ ਕੀਮਤੀ ਹੀਰੇ ਨੂੰ ‘ਕਰਿਸਟਲ ਮਹੱਲ’ ਚ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਹੀਰੇ ਨੂੰ 2800 ਛੋਟੇ-ਛੋਟੇ ਹੀਰਿਆਂ ਦੇ ਕੇਂਦਰ ’ਚ ਜੜ ਕੇ ਰੱਖਿਆ ਗਿਆ ਹੈ। ਬਰਤਾਨਵੀ ਸਰਕਾਰ ਕੋਲੋਂ ਸਮੇਂ-ਸਮੇਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਕੋਹਿਨੂਰ ਹੀਰੇ, ਸ਼ਾਹੀ ਸਿੱਖ ਖ਼ਜ਼ਾਨੇ ਅਤੇ ਹੋਰ ਕਲਾਕਿ੍ਰਤੀਆਂ ਦੀ ਵਾਪਸੀ ਦੀ ਮੰਗ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਵਰਿ੍ਹਆਂ ’ਚ ਭਾਰਤ ਦੇ ਸੰਸਦ ਮੈਂਬਰਾਂ ਨੇ ਵੀ ਇਸ ਦੀ ਮੰਗ ਰੱਖੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਤਾਜਪੋਸ਼ੀ ਦੇ 200 ਸਾਲਾ ਦਿਹਾੜੇ ’ਤੇ ਇਹ ਨੁਕਤਾ ਹੋਰ ਵੀ ਸੁਚੱਜੇ ਢੰਗ ਨਾਲ ਅਖ਼ਬਾਰਾਂ ਦਾ ਸ਼ਿੰਗਾਰ ਬਣੀ ਪਰ ਬਰਤਾਨਵੀ ਸਰਕਾਰ ਇਸ ਖ਼ਜ਼ਾਨੇ ਨੂੰ ਵਾਪਸ ਕਰਨ ਦੀ ਮੰਗ ’ਤੇ ਟਾਲ-ਮਟੋਲ ਕਰਨ ਦੀ ਉਸਤਾਦੀ ਵਰਤ ਜਾਂਦੀ ਹੈ। ਹੁਣ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਦੇਹਾਂਤ ਤੋਂ ਬਾਅਦ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਕੀਤੇ ਜਾਣ ਦਾ ਮੁੱਦਾ ਭਖ ਗਿਆ ਹੈ।

ਡਾ. ਜਸਬੀਰ ਸਿੰਘ ਸਰਨਾ

ਸੰਪਰਕ ਨੰਬਰ : 99065-66604

Posted By: Jagjit Singh