ਰਾਸ਼ਟਰੀ ਜਾਂਚ ਏਜੰਸੀ ਅਤੇ ਹੋਰ ਏਜੰਸੀਆਂ ਨੂੰ ਫਰੀਦਾਬਾਦ ਅੱਤਵਾਦੀ ਮਾਡਿਊਲ ਦੀ ਤਫ਼ਤੀਸ਼ ਕਰਦੇ ਹੋਏ ਉਨ੍ਹਾਂ ਕਾਰਨਾਂ ਦੀ ਵੀ ਤਹਿ ਤੱਕ ਜਾਣਾ ਹੋਵੇਗਾ ਜਿਨ੍ਹਾਂ ਕਾਰਨ ਮਜ਼ਹਬੀ ਜਨੂੰਨ ਤੋਂ ਗ੍ਰਸਤ ਹੋ ਕੇ ਅੱਤਵਾਦ ਦੇ ਰਸਤੇ ’ਤੇ ਚੱਲਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਕਾਰ ਵਿਚ ਵਿਸਫੋਟ ਹੋਣ ਤੋਂ ਲੈ ਕੇ ਜਿਹੋ ਜਿਹੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ ਉਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਫਰੀਦਾਬਾਦ ਅੱਤਵਾਦੀ ਮਾਡਿਊਲ ਨੇ ਇਕ ਬਹੁਤ ਵੱਡੀ ਸਾਜ਼ਿਸ਼ ਘੜੀ ਸੀ। ਇਸ ਮਾਡਿਊਲ ਵਿਚ ਸ਼ਾਮਲ ਇਕ ਡਾਕਟਰ ਦੀ ਕਾਰ ਵਿਚ ਕਿਸੇ ਗਫਲਤ ਵਿਚ ਧਮਾਕਾ ਹੋਣ ਕਾਰਨ ਅੱਤਵਾਦੀ ਸਾਜ਼ਿਸ਼ ਦਾ ਭਾਂਡਾ ਤਾਂ ਭੰਨ ਹੋ ਗਿਆ ਪਰ ਇਸ ਦੀ ਅਣਦੇਖੀ ਨਾ ਕੀਤੀ ਜਾਵੇ ਕਿ ਉਹ 26/11 ਵਰਗੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। ਉਨ੍ਹਾਂ ਨੇ ਇਕੱਠੇ ਕਈ ਧਮਾਕੇ ਕਰਨ ਲਈ ਕਾਰਾਂ ਜੁਟਾਉਣ ਦੇ ਨਾਲ-ਨਾਲ ਘਾਤਕ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦਾ ਜ਼ਖੀਰਾ ਜਮ੍ਹਾ ਕਰ ਲਿਆ ਸੀ।
ਇਸ ਅੱਤਵਾਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਵਧਣ ਦੇ ਨਾਲ ਹੀ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਦੀ ਭੂਮਿਕਾ ਨੂੰ ਲੈ ਕੇ ਸ਼ੱਕ ਡੂੰਘਾ ਹੋਣ ਕਾਰਨ ਇਹੀ ਸਪਸ਼ਟ ਹੁੰਦਾ ਹੈ ਕਿ ਕਸ਼ਮੀਰ ਤੋਂ ਲੈ ਕੇ ਦੇਸ਼ ਦੇ ਹੋਰ ਹਿੱਸਿਆਂ ਵਿਚ ਅੱਤਵਾਦ ਦੀਆਂ ਜੜ੍ਹਾਂ ਕਿਤੇ ਜ਼ਿਆਦਾ ਡੂੰਘੀਆਂ ਹੋ ਚੁੱਕੀਆਂ ਹਨ। ਅਲ ਫਲਾਹ ਯੂਨੀਵਰਸਿਟੀ ਸਿਰਫ਼ ਇਸੇ ਲਈ ਕਟਹਿਰੇ ਵਿਚ ਨਹੀਂ ਕਿ ਉਹ ਅਣਕਿਆਸੇ ਢੰਗ ਨਾਲ ਵੱਡੀ ਗਿਣਤੀ ਵਿਚ ਕਸ਼ਮੀਰੀ ਡਾਕਟਰਾਂ ਨੂੰ ਨਿਯੁਕਤ ਕਰ ਰਹੀ ਸੀ ਬਲਕਿ ਇਸ ਲਈ ਵੀ ਹੈ ਕਿ ਉਸ ਨੇ ਅਜਿਹੇ ਡਾਕਟਰਾਂ ਨੂੰ ਵੀ ਨੌਕਰੀ ਦਿੱਤੀ ਜੋ ਦੂਜੀਆਂ ਥਾਵਾਂ ਤੋਂ ਬਰਖ਼ਾਸਤ ਕੀਤੇ ਗਏ ਸਨ।
ਇਨ੍ਹਾਂ ’ਚੋਂ ਇਕ ਕਸ਼ਮੀਰੀ ਡਾਕਟਰ ਨੂੰ ਤਾਂ ਅੱਤਵਾਦ ਅਤੇ ਵੱਖਵਾਦ ਦੀ ਖੁੱਲ੍ਹੀ ਤਰਫ਼ਦਾਰੀ ਕਰਨ ਲਈ ਬਰਖ਼ਾਸਤ ਕੀਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਅਲ ਫਲਾਹ ਪ੍ਰਬੰਧਨ ਕਿਸੇ ਦੀ ਨਿਯੁਕਤੀ ਤੋਂ ਪਹਿਲਾਂ ਉਸ ਦਾ ਪਿਛੋਕੜ ਜਾਂਚਣ ਦਾ ਕੰਮ ਜਾਂ ਤਾਂ ਕਰਦਾ ਹੀ ਨਹੀਂ ਸੀ ਜਾਂ ਫਿਰ ਉਸ ਦੀ ਅਣਦੇਖੀ ਕਰਨੀ ਪਸੰਦ ਕਰਦਾ ਸੀ। ਇਸ ਨੂੰ ਦੇਖਦੇ ਹੋਏ ਇਸ ਵਿੱਦਿਅਕ ਅਦਾਰੇ ਦੀ ਡੂੰਘੀ ਜਾਂਚ ਜ਼ਰੂਰੀ ਹੋ ਜਾਂਦੀ ਹੈ।
ਰਾਸ਼ਟਰੀ ਜਾਂਚ ਏਜੰਸੀ ਅਤੇ ਹੋਰ ਏਜੰਸੀਆਂ ਨੂੰ ਫਰੀਦਾਬਾਦ ਅੱਤਵਾਦੀ ਮਾਡਿਊਲ ਦੀ ਤਫ਼ਤੀਸ਼ ਕਰਦੇ ਹੋਏ ਉਨ੍ਹਾਂ ਕਾਰਨਾਂ ਦੀ ਵੀ ਤਹਿ ਤੱਕ ਜਾਣਾ ਹੋਵੇਗਾ ਜਿਨ੍ਹਾਂ ਕਾਰਨ ਮਜ਼ਹਬੀ ਜਨੂੰਨ ਤੋਂ ਗ੍ਰਸਤ ਹੋ ਕੇ ਅੱਤਵਾਦ ਦੇ ਰਸਤੇ ’ਤੇ ਚੱਲਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਅੱਤਵਾਦ ਦੇ ਰਸਤੇ ’ਤੇ ਕੋਈ ਵੀ ਚੱਲਦਾ ਮਿਲ ਸਕਦਾ ਹੈ, ਉਹ ਚਾਹੇ ਅਨਪੜ੍ਹ ਹੋਵੇ ਜਾਂ ਉੱਚ ਸਿੱਖਿਆ ਪ੍ਰਾਪਤ, ਗ਼ਰੀਬ ਹੋਵੇ ਜਾਂ ਧਨਵਾਨ।
ਤੱਥ ਇਹ ਵੀ ਹੈ ਕਿ ਕੱਟੜ ਮਜ਼ਹਬੀ ਅਨਸਰਾਂ ਦੇ ਜ਼ਹਿਰੀਲੇ ਬਿਆਨ ਮਹਿਜ਼ ਕਿਸੇ ਨੂੰ ਅੱਤਵਾਦੀ ਨਹੀਂ ਬਣਾਉਂਦੇ। ਇਸ ਦੇ ਨਾਲ ਉਨ੍ਹਾਂ ਦਾ ਮਾਹੌਲ ਅਤੇ ਖ਼ਾਸ ਤੌਰ ’ਤੇ ਅਜਿਹਾ ਜ਼ਹਿਰੀਲਾ ਨਜ਼ਰੀਆ ਵੀ ਉਨ੍ਹਾਂ ਨੂੰ ਅੱਤਵਾਦ ਦੇ ਰਾਹ ’ਤੇ ਲਿਜਾਉਣ ਦਾ ਕੰਮ ਕਰਦਾ ਹੈ ਕਿ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ ਜਾਂ ਉਨ੍ਹਾਂ ਦੇ ਲੋਕਾਂ ਨਾਲ ਦੋਇਮ ਦਰਜੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਕੂੜ-ਪ੍ਰਚਾਰ ਵੀ ਉਨ੍ਹਾਂ ਨੂੰ ਜਨੂੰਨ ਅਤੇ ਬਦਲੇ ਦੀ ਅੱਗ ਨਾਲ ਭਰਦਾ ਹੈ ਕਿ ਉਨ੍ਹਾਂ ਦੀਆਂ ਮਜ਼ਹਬੀ ਮਾਨਤਾਵਾਂ ਜਾਂ ਫਿਰ ਮਜ਼ਹਬ ਹੀ ਖ਼ਤਰੇ ਵਿਚ ਹੈ।
ਅਜਿਹਾ ਕੂੜ ਪ੍ਰਚਾਰ ਸਿਰਫ਼ ਕੱਟੜਪੰਥੀ ਅਨਸਰ ਹੀ ਨਹੀਂ ਕਰਦੇ ਸਗੋਂ ਵੋਟ ਬੈਂਕ ਦੀ ਸਸਤੀ ਸਿਆਸਤ ਕਾਰਨ ਪਾਰਟੀ ਵਿਸ਼ੇਸ਼ ਦੇ ਨੇਤਾ ਵੀ ਅਜਿਹਾ ਹੀ ਕੁਝ ਮਾਹੌਲ ਬਣਾਉਂਦੇ ਰਹਿੰਦੇ ਹਨ ਜੋ ਕੌਮੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਇਹ ਮਾਹੌਲ ਜਨੂੰਨੀ ਅਨਸਰਾਂ ਲਈ ਵਿਕਟਿਮ ਕਾਰਡ ਖੇਡਣ ਅਤੇ ਕਈ ਵਾਰ ਅੱਤਵਾਦ ਦੇ ਰਾਹ ’ਤੇ ਚੱਲਣ ਦਾ ਜ਼ਰੀਆ ਬਣ ਜਾਂਦਾ ਹੈ।