ਬੀਤੇ ਐਤਵਾਰ ਦੀ ਸਵੇਰ ਨੂੰ ਅਮਰੀਕਾ ਨੇ ਕਾਬੁਲ ਵਿਚ ਇਕ ਡਰੋਨ ਹਮਲਾ ਕਰ ਕੇ ਅਲਕਾਇਦਾ ਦੇ ਮੁਖੀ ਅਯਮਾਨ ਅਲ-ਜ਼ਵਾਹਿਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜ਼ਵਾਹਿਰੀ ਨੇ ਮਈ 2011 ਵਿਚ ਓਸਾਮਾ-ਬਿਨ-ਲਾਦੇਨ ਦੀ ਹੱਤਿਆ ਤੋਂ ਬਾਅਦ ਅਲਕਾਇਦਾ ਦੀ ਵਾਗਡੋਰ ਸੰਭਾਲੀ ਸੀ। ਲਾਦੇਨ ਦੀ ਹੱਤਿਆ ਵੀ ਜ਼ਵਾਹਿਰੀ ਦੀ ਤਰ੍ਹਾਂ ਇਕ ਅਮਰੀਕੀ ਹਮਲੇ ਵਿਚ ਹੋਈ ਸੀ। ਫ਼ਰਕ ਸਿਰਫ਼ ਜਗ੍ਹਾ ਦਾ ਸੀ।

ਲਾਦੇਨ ਪਾਕਿਸਤਾਨੀ ਫ਼ੌਜ ਦੀ ਕਿਲ੍ਹਾਬੰਦੀ ਵਾਲੇ ਐਬਟਾਬਾਦ ਵਿਚ ਮਾਰਿਆ ਗਿਆ ਸੀ ਜਦਕਿ ਜ਼ਵਾਹਿਰੀ ਕਾਬੁਲ ਵਿਚ। ਜ਼ਵਾਹਿਰੀ ਦੀ ਦਸ ਸਾਲਾਂ ਦੀ ਅਗਵਾਈ ਵਿਚ ਅਲਕਾਇਦਾ ਨੇ 9-11 ਵਰਗੀਆਂ ਕਈ ਵੱਡੀਆਂ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਪਰ ਇਸ ਦਾ ਇਹ ਅਰਥ ਨਹੀਂ ਕਿ ਕੌਮਾਂਤਰੀ ਅੱਤਵਾਦ ’ਤੇ ਉਸ ਦਾ ਕੋਈ ਅਸਰ ਨਹੀਂ ਰਿਹਾ।

ਇਸ ਲਈ ਜ਼ਵਾਹਿਰੀ ਦਾ ਸਫ਼ਾਇਆ ਵਿਸ਼ਵ ਪੱਧਰੀ ਇਸਲਾਮਿਕ ਦਹਿਸ਼ਤ ਦੇ ਵਿਰੁੱਧ ਮੁਹਿੰਮ ਵਿਚ ਇਕ ਉਪਲਬਧੀ ਹੈ। ਜ਼ਵਾਹਿਰੀ ਮੂਲ ਰੂਪ ਵਿਚ ਮਿਸਰ ਦਾ ਸੀ। ਉਸ ਦਾ ਸਬੰਧ ਇਕ ਪੜ੍ਹੇ-ਲਿਖੇ ਪਰਿਵਾਰ ਨਾਲ ਸੀ। ਉਸ ਦੇ ਪੁਰਖੇ ਇਸਲਾਮੀ ਦੁਨੀਆ ਦੀ ਸਭ ਤੋਂ ਮੁੱਖ ਯੂਨੀਵਰਸਿਟੀ ਅਲ-ਅਜ਼ਹਰ ਦੇ ਮੁਖੀ ਰਹਿ ਚੁੱਕੇ ਸਨ। ਉਸ ਦੇ ਨਾਨਕੇ ਪੱਖ ਦਾ ਇਕ ਪੂਰਵਜ ਵੀ ਡਿਪਲੋਮੈਟ ਸੀ ਜੋ ਅਰਬ ਲੀਗ ਦਾ ਪਹਿਲਾ ਜਨਰਲ ਸਕੱਤਰ ਬਣਿਆ। ਵੈਸੇ ਤਾਂ ਜ਼ਵਾਹਿਰੀ ਨੇ ਮੈਡੀਕਲ ਅਰਥਤਾ ਡਾਕਟਰੀ ਦੀ ਸਿੱਖਿਆ ਹਾਸਲ ਕੀਤੀ ਹੋਈ ਸੀ ਪਰ ਆਰੰਭ ਤੋਂ ਹੀ ਉਸ ਦਾ ਝੁਕਾਅ ਕੱਟੜਪੰਥ ਵੱਲ ਸੀ। ਉਹ ‘ਇਸਲਾਮੀ ਜਹਾਦ’ ਨਾਂ ਦੇ ਕੱਟੜਪੰਥੀ ਸੰਗਠਨ ਦੀ ਸਥਾਪਨਾ ਵਿਚ ਸ਼ਾਮਲ ਰਿਹਾ। ਮੰਨਿਆ ਜਾਂਦਾ ਹੈ ਕਿ ਮਿਸਰ ਦੇ ਸਾਬਕਾ ਰਾਸ਼ਟਰਪਤੀ ਰਹੇ ਅਨਵਰ ਸਾਦਾਤ ਦੀ ਹੱਤਿਆ ਵਿਚ ਉਸ ਦੀ ਭੂਮਿਕਾ ਸੀ। ਉਸ ਨੂੰ ਸਜ਼ਾ ਵੀ ਹੋਈ। ਫਿਰ ਪਿਛਲੀ ਸਦੀ ਦੇ ਨੌਵੇਂ ਦਹਾਕੇ ਵਿਚ ਉਸ ਨੇ ਪਾਕਿਸਤਾਨ ਦਾ ਰੁਖ਼ ਕੀਤਾ। ਇਹ ਉਹੀ ਦੌਰ ਸੀ ਜਦ ਅਮਰੀਕਾ, ਸਾਊਦੀ ਅਰਬ ਤੇ ਚੀਨ ਨੇ ਸੋਵੀਅਤ ਫ਼ੌਜ ਵਿਰੁੱਧ ਸਰਗਰਮ ਅਫ਼ਗਾਨ ਜਹਾਦੀ ਸੰਗਠਨਾਂ ਨੂੰ ਸਹਾਰਾ ਦੇਣਾ ਸ਼ੁਰੂ ਕੀਤਾ। ਉਨ੍ਹਾਂ ਦੀ ਇਸ ਮੁਹਿੰਮ ਵਿਚ ਪਾਕਿਸਤਾਨ ਉਨ੍ਹਾਂ ਦਾ ਪਿੱਠੂ ਬਣਿਆ। ਅਫ਼ਗਾਨਿਸਤਾਨ ਵਿਚ ਹੀ ਜ਼ਵਾਹਿਰੀ ਦੀ ਲਾਦੇਨ ਨਾਲ ਮੁਲਾਕਾਤ ਹੋਈ। ਦੋਵਾਂ ਨੇ ਅਲਕਾਇਦਾ ਦੀ ਸਥਾਪਨਾ ਕੀਤੀ।

ਯਕੀਨਨ ਲਾਦੇਨ ਅਲਕਾਇਦਾ ਦਾ ਸਰਬਉੱਚ ਨੇਤਾ ਸੀ ਪਰ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਤੋਂ ਲੈ ਕੇ ਉਨ੍ਹਾਂ ਨੂੰ ਅੰਜਾਮ ਦੇਣ ਵਿਚ ਜ਼ਵਾਹਿਰੀ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਸੀ। ਇਸ ਅੱਤਵਾਦੀ ਧੜੇ ਦੇ ਸੰਚਾਲਨ ਵਿਚ ਵੀ ਉਸ ਦੀ ਖ਼ਾਸ ਭੂਮਿਕਾ ਰਹਿੰਦੀ ਸੀ। ਅਮਰੀਕੀ ਤਾਂ ਇੱਥੋਂ ਤਕ ਮੰਨਦੇ ਹਨ ਕਿ ਪਿਛਲੀ ਸਦੀ ਦੇ ਅੰਤਿਮ ਦਹਾਕੇ ਵਿਚ ਅਮਰੀਕੀ ਜੰਗੀ ਬੇੜੇ ਯੂਐੱਸਐੱਸ ਕੋਲ ਦੇ ਨਾਲ ਤਨਜ਼ਾਨੀਆ ਅਤੇ ਕੀਨੀਆ ਵਿਚ ਅਮਰੀਕੀ ਦੂਤਘਰਾਂ ’ਤੇ ਹੋਏ ਹਮਲਿਆਂ ਅਤੇ ਫਿਰ 9-11 ਹਮਲੇ ਵਿਚ ਵੀ ਜ਼ਵਾਹਿਰੀ ਦੀ ਮੁੱਖ ਭੂਮਿਕਾ ਸੀ। ਸੰਨ 2001 ਵਿਚ ਜਦ ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਪਤਨ ਹੋਇਆ ਤਾਂ ਮੰਨਿਆ ਗਿਆ ਕਿ ਜ਼ਵਾਹਿਰੀ ਨੇ ਵੀ ਪਾਕਿਸਤਾਨ ਵਿਚ ਪਨਾਹ ਲੈ ਲਈ ਹੈ। ਉੱਥੇ ਉਹ ਵੀ ਲਾਦੇਨ ਦੇ ਨਾਲ ਅਮਰੀਕਾ ਦੇ ਨਿਸ਼ਾਨੇ ’ਤੇ ਸੀ।

ਅਲਕਾਇਦਾ ਮੈਂਬਰਾਨ ਦਾ ਮਨੋਬਲ ਵਧਾਉਣ ਲਈ ਉਹ ਸਮੇਂ-ਸਮੇਂ ’ਤੇ ਵੀਡੀਓ-ਆਡੀਓ ਮੈਸੇਜ ਜਾਰੀ ਕਰਦਾ ਰਿਹਾ। ਅਸਲ ਵਿਚ ਤਾਲਿਬਾਨ ਅਤੇ ਅਲਕਾਇਦਾ ਦੇ ਸਬੰਧ 1996-97 ਤੋਂ ਬਾਅਦ ਗੂੜ੍ਹੇ ਹੋਏ ਹਨ। ਤਾਲਿਬਾਨ ਦਾ ਇਕ ਵਰਗ ਮੁੱਲਾ ਉਮਰ ’ਤੇ ਦਬਾਅ ਪਾਉਂਦਾ ਸੀ ਕਿ ਅਲਕਾਇਦਾ ਨਾਲ ਸਬੰਧਾਂ ਕਾਰਨ ਤਾਲਿਬਾਨ ਨੂੰ ਨੁਕਸਾਨ ਹੋਵੇਗਾ ਪਰ ਉਮਰ ਅਤੇ ਉਸ ਦੇ ਸਾਥੀ ਹੱਕਾਨੀ ਧੜੇ ਦੇ ਸਰਗਨਾ ਜਲਾਲੁਦੀਨ ਦਾ ਇਸ ’ਤੇ ਅਸਰ ਨਹੀਂ ਪਿਆ। ਕਾਬੁਲ ਵਿਚ ਅਲ-ਜ਼ਵਾਹਿਰੀ ਦਾ ਮਾਰਿਆ ਜਾਣਾ ਇਹੀ ਸਾਬਿਤ ਕਰਦਾ ਹੈ ਕਿ ਤਾਲਿਬਾਨ ਦਾ ਉਹ ਭਰੋਸਾ ਹਵਾ-ਹਵਾਈ ਸਾਬਿਤ ਹੋਇਆ ਕਿ ਉਹ ਅਫ਼ਗਾਨ ਧਰਤੀ ’ਤੇ ਕਿਸੇ ਅੰਤਰਰਾਸ਼ਟਰੀ ਅੱਤਵਾਦੀ ਧੜੇ ਨੂੰ ਪਨਾਹ ਨਹੀਂ ਦੇਵੇਗਾ। ਤਾਲਿਬਾਨ ਨੇ ਅਮਰੀਕਾ ਨੂੰ ਇਹ ਭਰੋਸਾ 2020 ਵਿਚ ਉਸ ਨਾਲ ਹੋਏ ਸਮਝੌਤੇ ਵਿਚ ਦਿੱਤਾ ਸੀ। ਤਾਲਿਬਾਨ ਦੇ ਪ੍ਰਤੀਨਿਧ ਨੇ ਕਾਬੁਲ ਵਿਚ ਅਮਰੀਕੀ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। ਹਾਲਾਂਕਿ ਇਸ ਨਾਲ ਕੌਮਾਂਤਰੀ ਭਾਈਚਾਰੇ ’ਤੇ ਕੋਈ ਅਸਰ ਨਹੀਂ ਹੋਵੇਗਾ। ਉਲਟਾ ਉਹ ਤਾਲਿਬਾਨ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰੇਗਾ ਕਿ ਕੌਮਾਂਤਰੀ ਅੱਤਵਾਦੀ ਧੜਿਆਂ ਨਾਲ ਉਸ ਦੇ ਸਬੰਧ ਜਿਹੋ ਜਿਹੇ ਸਨ, ਉਹੋ ਜਿਹੇ ਹੁਣ ਵੀ ਹਨ। ਇਸ ਦਾ ਤਾਲਿਬਾਨ ’ਤੇ ਨਾਂਹ-ਪੱਖੀ ਅਸਰ ਹੀ ਪਵੇਗਾ।

ਕੌਮਾਂਤਰੀ ਡਿਪਲੋਮੈਟਿਕ ਸਵੀਕਾਰਤਾ-ਮਾਨਤਾ ਦੀ ਉਸ ਦੀ ਮੁਰਾਦ ਹੁਣ ਹੋਰ ਦੂਰ ਦੀ ਕੌਡੀ ਹੋ ਜਾਵੇਗੀ। ਇਸ ਵਿਚ ਸ਼ੱਕ ਨਹੀਂ ਕਿ ਅਮਰੀਕਾ ਅਤੇ ਯੂਰਪ ਤੋਂ ਲੈ ਕੇ ਰੂਸ ਅਤੇ ਚੀਨ ਵਿਚ ਭਾਵੇਂ ਹੀ ਕਿੰਨੀ ਵੀ ਖੇਮੇਬੰਦੀ ਅਤੇ ਮਤਭੇਦ ਹੋਣ ਪਰ ਇਹ ਸਾਰੇ ਮੁਲਕ ਅਤੇ ਕੌਮਾਂਤਰੀ ਭਾਈਚਾਰਾ ਇਸ ’ਤੇ ਇਕਮਤ ਹਨ ਕਿ ਤਾਲਿਬਾਨ ਅਫ਼ਗਾਨ ਜ਼ਮੀਨ ’ਤੇ ਕਿਸੇ ਅੱਤਵਾਦੀ ਸੰਗਠਨ ਨੂੰ ਨਾ ਪਨਪਣ ਦੇਵੇ। ਜ਼ਵਾਹਿਰੀ ਦੀ ਮੌਤ ਕਾਬੁਲ ਦੇ ਜਿਸ ਸ਼ੇਰਪੁਰ ਇਲਾਕੇ ਵਿਚ ਹੋਈ, ਉਹ ਸ਼ਹਿਰ ਦੇ ਕੇਂਦਰ ਵਿਚ ਸਥਿਤ ਹੈ। ਸਰਕਾਰ ਸੰਸਥਾਵਾਂ ਅਤੇ ਕੂਟਨੀਤਕ ਅਦਾਰੇ ਇਸ ਦੇ ਇਕਦਮ ਲਾਗੇ ਹਨ। ਸਵਾਲ ਇਹ ਉੱਠਦਾ ਹੈ ਕਿ ਜ਼ਵਾਹਿਰੀ ਨੂੰ ਅਜਿਹੇ ਇਲਾਕੇ ਵਿਚ ਤਾਲਿਬਾਨ ਦੇ ਕਿਸ ਧੜੇ ਨੇ ਰੱਖਿਆ ਤੇ ਕਿਉਂ? ਕੀ ਉਹ ਇਹ ਸਮਝਦਾ ਸੀ ਕਿ ਜੇਕਰ ਅਮਰੀਕਾ ਨੂੰ ਪਤਾ ਵੀ ਲੱਗ ਗਿਆ ਤਾਂ ਉਹ ਇਸ ਇਲਾਕੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਹਮਲਾ ਕਰਨ ਤੋਂ ਝਿਜਕੇਗਾ। ਜ਼ਵਾਹਿਰੀ ਦੇ ਟਿਕਾਣੇ ’ਤੇ ਅਮਰੀਕੀ ਹਮਲੇ ਦੀ ਸਟੀਕਤਾ ਇਹੀ ਦੱਸਦੀ ਹੈ ਕਿ ਉਸ ਦੀ ਨਿਸ਼ਾਨਾ ਫੁੰਡਣ ਦੀ ਸਮਰੱਥਾ ਕਿੰਨੀ ਕਾਰਗਰ ਤੇ ਅਸਰਦਾਰ ਹੈ। ਇਹ ਵੀ ਸਾਫ਼ ਹੈ ਕਿ ਅਮਰੀਕਾ ਨੂੰ ਆਪਣੇ ਤਕਨੀਕੀ ਮਾਪਦੰਡਾਂ ਦੇ ਨਾਲ-ਨਾਲ ਕੁਝ ਨਾ ਕੁਝ ਮਨੁੱਖੀ ਖ਼ੁਫ਼ੀਆ ਇਨਪੁਟ ਵੀ ਜ਼ਰੂਰ ਮਿਲੀ ਹੋਵੇਗੀ। ਅਜਿਹੇ ਵਿਚ ਇਹ ਵੀ ਇਕ ਵੱਡਾ ਸਵਾਲ ਹੈ ਕਿ ਅਮਰੀਕਾ ਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ ਹੋਵੇਗੀ?

ਇਹ ਕਿਸੇ ਤੋਂ ਲੁਕਿਆ ਨਹੀਂ ਕਿ ਤਾਲਿਬਾਨ ਵਿਚ ਆਪਸੀ ਰੰਜ਼ਿਸ਼ ਅਤੇ ਫੁੱਟ ਬਹੁਤ ਜ਼ਿਆਦਾ ਹੈ। ਇਸ ਘਟਨਾ-ਚੱਕਰ ਤੋਂ ਬਾਅਦ ਤਾਲਿਬਾਨ ਵਿਚਾਲੇ ਪਾੜੇ ਹੋਰ ਵਧਣਗੇ। ਸੰਭਵ ਹੈ ਕਿ ਪਾਕਿਸਤਾਨੀ ਫ਼ੌਜ ਨੇ ਵੀ ਅਮਰੀਕੀਆਂ ਦੀ ਇਸ ਮਾਮਲੇ ਵਿਚ ਮਦਦ ਕੀਤੀ ਹੋਵੇ। ਪਾਕਿਸਤਾਨ ਦੀ ਆਰਥਿਕ, ਰਾਜਨੀਤਕ ਅਤੇ ਡਿਪਲੋਟਮੈਟਿਕ ਸਥਿਤੀ ਇਸ ਸਮੇਂ ਬਹੁਤ ਕਮਜ਼ੋਰ ਹੈ। ਪਾਕਿਸਤਾਨੀ ਸੈਨਾ ਦੇ ਚੋਟੀ ਦੇ ਜਨਰਲਾਂ ਵਿਚ ਵੀ ਮਤਭੇਦ ਦੀਆਂ ਖ਼ਬਰਾਂ ਹਨ। ਮੌਜੂਦਾ ਹਾਲਾਤ ਵਿਚ ਉਸ ਨੂੰ ਇਸ ਲਈ ਅਮਰੀਕੀ ਮਦਦ ਚਾਹੀਦੀ ਹੈ ਕਿ ਕਿਤੇ ਉਸ ਦਾ ਅਰਥਚਾਰਾ ਪੂਰੀ ਤਰ੍ਹਾਂ ਢਹਿ-ਢੇਰੀ ਨਾ ਹੋ ਜਾਵੇ। ਇਹ ਵੀ ਹੋ ਸਕਦਾ ਹੈ ਕਿ ਅਮਰੀਕਾ ਦੇ ਹੱਥੋਂ ਅਲ-ਜ਼ਵਾਹਿਰੀ ਦੀ ਮੌਤ ਕਾਰਨ ਤਾਲਿਬਾਨ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵੀ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾਉਣ ਕਿਉਂਕਿ ਬਦਲੇ ਦੀ ਪਰੰਪਰਾ ਪਸ਼ਤੂਨ ਕਬੀਲਿਆਂ ਵਿਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਭਾਰਤ ਨੇ ਹਾਲ ਹੀ ਵਿਚ ਇਕ ਟੈਕਨੀਕਲ ਟੀਮ ਕਾਬੁਲ ਵਿਚ ਤਾਇਨਾਤ ਕੀਤੀ। ਅਜਿਹੀਆਂ ਟੀਮਾਂ ਵਿਚ ਕੁਝ ਡਿਪਲੋਮੈਟ ਵੀ ਹੁੰਦੇ ਹਨ। ਇਸ ਤੋਂ ਪਹਿਲਾਂ ਭਾਰਤੀ ਪ੍ਰਤੀਨਿਧ ਵੀ ਕਾਬੁਲ ਦਾ ਦੌਰਾ ਕਰ ਚੁੱਕੇ ਹਨ। ਉਦੋਂ ਤਾਲਿਬਾਨ ਨੇ ਭਰੋਸਾ ਦਿੱਤਾ ਸੀ ਕਿ ਉਹ ਭਾਰਤ ਨਾਲ ਸਬੰਧ ਵਧਾਉਣਾ ਚਾਹੁੰਦੇ ਹਨ ਅਤੇ ਜੇਕਰ ਭਾਰਤ ਨੇ ਫਿਰ ਤੋਂ ਆਪਣਾ ਸਥਾਈ ਟਿਕਾਣਾ ਬਣਾਇਆ ਤਾਂ ਉਹ ਉਸ ਨੂੰ ਪੂਰੀ ਸੁਰੱਖਿਆ ਦੇਣਗੇ।

ਭਾਰਤ ਨੇ ਸੰਕੋਚ ਦੇ ਨਾਲ ਆਪਣੀ ਟੀਮ ਕਾਬੁਲ ਭੇਜੀ ਸੀ। ਹੁਣ ਸਵਾਲ ਇਹ ਹੈ ਕਿ ਕੀ ਅਲ-ਜ਼ਵਾਹਿਰੀ ਦੇ ਸਫ਼ਾਏ ਤੋਂ ਬਾਅਦ ਭਾਰਤ ਨੂੰ ਆਪਣੀ ਅਫ਼ਗਾਨ ਨੀਤੀ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ? ਬੇਸ਼ੱਕ ਭਾਰਤ ਨੂੰ ਸਪਸ਼ਟ ਸ਼ਬਦਾਂ ਵਿਚ ਮੰਗ ਕਰਨੀ ਚਾਹੀਦੀ ਹੈ ਕਿ ਤਾਲਿਬਾਨ ਨੂੰ ਅੰਤਰਰਾਸ਼ਟਰੀ ਅੱਤਵਾਦੀ ਧੜਿਆਂ ਜਿਨ੍ਹਾਂ ਵਿਚ ਪਾਕਿਸਤਾਨੀ ਧੜੇ ਵੀ ਸ਼ਾਮਲ ਹਨ, ਨਾਲ ਆਪਣੇ ਸਬੰਧ ਪੂਰੀ ਤਰ੍ਹਾਂ ਖ਼ਤਮ ਕਰਨੇ ਹੋਣਗੇ। ਅਫ਼ਗਾਨਿਸਤਾਨ ਵਿਚ ਕਿਉਂਕਿ ਭਾਰਤ ਦੇ ਹਿੱਤ ਸ਼ਾਮਲ ਹਨ, ਇਸ ਲਈ ਉਸ ਦੀ ਟੀਮ ਨੂੰ ਉੱਥੇ ਮੌਜੂਦ ਰਹਿਣਾ ਚਾਹੀਦਾ ਹੈ। ਅਜਿਹਾ ਨਾ ਹੋਣ ’ਤੇ ਪਾਕਿਸਤਾਨ ਅਤੇ ਚੀਨ ਵਰਗੇ ਦੇਸ਼ਾਂ ਨੂੰ ਅਫ਼ਗਾਨਿਸਤਾਨ ਵਿਚ ਆਪਣੇ ਹਿੱਤਾਂ ਨੂੰ ਪੋਸ਼ਿਤ ਕਰਨ ਅਤੇ ਭਾਰਤ ਵਿਰੁੱਧ ਕਾਰਵਾਈ ਕਰਨ ਵਿਚ ਖੁੱਲ੍ਹੀ ਛੋਟ ਮਿਲ ਜਾਵੇਗੀ।

ਅਫ਼ਗਾਨਿਸਤਾਨ ਤੇ ਭਾਰਤ ਗੁਆਂਢੀ ਦੇਸ਼ ਹਨ। ਭਾਰਤ ਨੇ ਉਸ ਦੇਸ਼ ਦੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਕਰੋੜਾਂ ਰੁਪਏ ਦੀ ਰਕਮ ਵੀ ਦਾਨ ਵਿਚ ਦਿੱਤੀ ਹੈ। ਬਹੁਤ ਸਾਰੇ ਪੁਲ਼, ਸੜਕਾਂ ਦੇ ਨਾਲ-ਨਾਲ ਸੰਸਦ ਭਵਨ ਦੀ ਉਸਾਰੀ ਤਕ ਭਾਰਤ ਨੇ ਕਰਵਾਈ ਹੈ। ਅਜਿਹੇ ਹਾਲਾਤ ਵਿਚ ਭਾਰਤ ਸਦਾ ਅਫ਼ਗਾਨਿਸਤਾਨ ਦੀ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਚਾਹੇਗਾ। ਸ਼ਰਤ ਇਹ ਹੈ ਕਿ ਉਹ ਅੱਤਵਾਦ ਵਿਰੁੱਧ ਸੰਜੀਦਗੀ ਨਾਲ ਜੰਗ ਲੜੇ।

-ਵਿਵੇਕ ਕਾਟਜੂ

-(ਲੇਖਕ ਅਫ਼ਗਾਨਿਸਤਾਨ ਵਿਚ ਰਾਜਦੂਤ ਰਿਹਾ ਹੈ)।

-response@jagran.com

Posted By: Jagjit Singh