ਅੱਜ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਜਾ ਰਹੀਆਂ ਹਨ। ਸੰਗਰੂਰ, ਮਾਲੇਰਕੋਟਲਾ ਤੇ ਬਰਨਾਲਾ ਤਿੰਨ ਜ਼ਿਲ੍ਹਿਆਂ ਦੇ 15 ਲੱਖ 69 ਹਜ਼ਾਰ ਤੋਂ ਵੱਧ ਵੋਟਰ ਮਤਦਾਨ ਕਰਨ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ। ਇਸ ਹਲਕੇ ’ਚ 9 ਵਿਧਾਨ ਸਭਾ ਹਲਕੇ-ਲਹਿਰਾ, ਦਿੜ੍ਹਬਾ, ਸੁਨਾਮ, ਭਦੌੜ, ਬਰਨਾਲਾ, ਮਹਿਲ ਕਲਾਂ, ਮਾਲੇਰਕੋਟਲਾ, ਧੂਰੀ ਤੇ ਸੰਗਰੂਰ ਆਉਂਦੇ ਹਨ। ਅੱਜ ਵੋਟਾਂ ਵਾਲੇ ਦਿਨ ਸਰਕਾਰ ਨੇ ਸਮੁੱਚੇ ਸੰਗਰੂਰ ਲੋਕ ਸਭਾ ਹਲਕੇ ਵਿਚ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ। ਇਸ ਵਾਰ ਇੱਥੇ 3 ਮਹਿਲਾਵਾਂ ਸਮੇਤ ਕੁੱਲ 16 ਉਮੀਦਵਾਰ ਮੈਦਾਨ ’ਚ ਹਨ। ਇਹ ਸੀਟ ਭਗਵੰਤ ਮਾਨ ਦੇ ਅਸਤੀਫ਼ਾ ਦੇਣ ਕਰਕੇ ਖ਼ਾਲੀ ਹੋਈ ਸੀ ਜਿਨ੍ਹਾਂ ਨੇ ਤਦ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤਣ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਾ ਸੀ। ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕ ਨੇਤਾਵਾਂ ਨੇ ਚੋਣ ਪ੍ਰਚਾਰ ਵਿਚ ਭਾਗ ਲਿਆ ਤੇ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਜਦੋਂ ਇੰਜ ਜ਼ਿਮਨੀ ਚੋਣਾਂ ਹੁੰਦੀਆਂ ਹਨ ਤਾਂ ਸੂਝਵਾਨ ਵੋਟਰਾਂ ਕੋਲ ਸੋਚ-ਸਮਝ ਕੇ ਵੋਟ ਪਾਉਣ ਦਾ ਪੂਰਾ ਸਮਾਂ ਹੁੰਦਾ ਹੈ। ਹਲਕੇ ’ਚ ਕਿਸੇ ਤਰ੍ਹਾਂ ਦੀ ਹਵਾ ਦੇ ਵਹਿਣ ’ਚ ਵਹਿ ਜਾਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਅਜਿਹੇ ਹਾਲਾਤ ’ਚ ਆਮ ਵੋਟਰਾਂ ਨੂੰ ਅਮਨ-ਚੈਨ ਤੇ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸਭ ਕੁਝ ਸਰਕਾਰਾਂ ਦੇ ਸਿਰ ’ਤੇ ਛੱਡ ਕੇ ਆਪਣੀਆਂ ਜਵਾਬਦੇਹੀਆਂ ਤੋਂ ਟਲਾਂਗੇ ਤਾਂ ਦੇਸ਼ ਤਰੱਕੀ ਦੀ ਕੋਈ ਵੀ ਨਵੀਂ ਟੀਸੀ ਸਰ ਨਹੀਂ ਕਰ ਸਕੇਗਾ। ਪਹਿਲਾਂ ਤਾਂ ਆਜ਼ਾਦੀ ਹੀ ਦੇਸ਼ ਨੂੰ ਲੱਖਾਂ ਕੁਰਬਾਨੀਆਂ ਦੇਣ ਤੋਂ ਬਾਅਦ ਨਸੀਬ ਹੋਈ ਸੀ ਤੇ ਫਿਰ ਪੰਜਾਬ ’ਚ ਸ਼ਾਂਤੀ ਬਹਾਲ ਕਰਨ ਲਈ ਵੀ ਅਣਗਿਣਤ ਬਲੀਦਾਨ ਦੇਣੇ ਪਏ ਸਨ। ਸਮਾਜ-ਵਿਰੋਧੀ ਅਨਸਰ ਅਕਸਰ ਮਤਦਾਨ ਜਿਹੇ ਜਮਹੂਰੀ ਜਸ਼ਨਾਂ ਮੌਕੇ ਗੜਬੜੀਆਂ ਫੈਲਾਉਣ ਦਾ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਹਨ। ਸੰਗਰੂਰ ਹਲਕੇ ’ਚ ਅਜਿਹੇ ਸ਼ਰਾਰਤੀ ਤੱਤ ਬੀਤੇ ਦਿਨੀਂ ਇਕ ਧਾਰਮਿਕ ਅਸਥਾਨ ਦੀ ਕੰਧ ’ਤੇ ਇਤਰਾਜ਼ਯੋਗ ਨਾਅਰੇ ਲਿਖ ਕੇ ਮਾਹੌਲ ਵਿਗਾੜਨ ਦਾ ਕੋਝਾ ਜਤਨ ਕਰ ਚੁੱਕੇ ਹਨ। ਇਹ ਚੰਗੀ ਗੱਲ ਹੈ ਕਿ ਇਲਾਕੇ ਦੇ ਨਾਗਰਿਕਾਂ ਨੇ ਅਜਿਹੇ ਅਨਸਰਾਂ ਨੂੰ ਭਾਂਜ ਦਿੰਦਿਆਂ ਉਨ੍ਹਾਂ ਦੀ ਕਿਸੇ ਵੀ ਮਾੜੀ ਮਨਸ਼ਾ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ‘ਗੈਂਗਸਟਰਾਂ’ ਨੇ ਲੰਘੀ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ਇਹ ਸਭ ਹਲਕੇ ’ਚ ਦਹਿਸ਼ਤ ਫੈਲਾਉਣ ਦੀਆਂ ਸਾਜ਼ਿਸ਼ਾਂ ਹੀ ਸਨ। ਦੁਸ਼ਮਣ ਤਾਕਤਾਂ ਦੀ ਸਦਾ ਭਾਰਤ ’ਚ ਕਿਤੇ ਨਾ ਕਿਤੇ ਬਦਅਮਨੀ ਫੈਲਾਉਣ ਦੀ ਕੋਸ਼ਿਸ਼ ਰਹਿੰਦੀ ਹੈ। ਅਕਸਰ ਬਹੁਤ ਸਾਰੀਆਂ ਅਫ਼ਵਾਹਾਂ ਵੀ ਫੈਲਾਈਆਂ ਜਾਂਦੀਆਂ ਹਨ। ਇਸ ਸਭ ਦਾ ਮੰਤਵ ਦੇਸ਼ ਵਿਚ ਅਸਥਿਰਤਾ ਅਤੇ ਅਸ਼ਾਂਤੀ ਫੈਲਾਉਣਾ ਹੁੰਦਾ ਹੈ। ਅਜਿਹੇ ਹਾਲਾਤ ’ਚ ਵੋਟਿੰਗ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਭਾਵੇਂ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਪਰ ਆਮ ਜਨਤਾ ਦਾ ਸਹਿਯੋਗ ਡਾਢਾ ਜ਼ਰੂਰੀ ਹੈ। ਅੱਜ ਵੀ ਸਮੂਹ ਵੋਟਰਾਂ ਨੂੰ ਸਮੁੱਚੇ ਸੰਗਰੂਰ ਹਲਕੇ ’ਚ ਮੁਕੰਮਲ ਸਹਿਣਸ਼ੀਲਤਾ ਅਪਣਾਉਂਦੇ ਹੋਏ ਆਪਣੇ ਮਹਾਨ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ਉੱਤੇ ਚੱਲਣ ਦੀ ਮਿਸਾਲ ਕਾਇਮ ਕਰਨੀ ਹੋਵੇਗੀ। ਗੜਬੜੀ ਫੈਲਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਇੰਜ ਹੀ ਨਾਕਾਮ ਹੋਣਗੀਆਂ। ਸਾਡੇ ਪੰਜਾਬ ਦਾ ਰੰਗਲਾਪਣ ਤੇ ਖ਼ੁਸ਼ਹਾਲੀ ਸਿਰਫ਼ ਆਪਸੀ ਏਕਤਾ ਅਤੇ ਸਖ਼ਤ ਮਿਹਨਤ ਨਾਲ ਹੀ ਕਾਇਮ ਰਹਿ ਸਕਣਗੇ। ਵੋਟਾਂ ਪਾਉਣਾ ਇਕ ਤਰ੍ਹਾਂ ਨਾਲ ਸਰਬ-ਸਾਂਝਾ ਤਿਉਹਾਰ ਹੈ ਜੋ ਸਾਨੂੰ ਸਭ ਨੂੰ ਹਰ ਤਰ੍ਹਾਂ ਦੇ ਪੱਖਪਾਤ ਤੇ ਵਿਤਕਰੇ ਤੋਂ ਉਤਾਂਹ ਉੱਠ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਪੂਰੇ ਜ਼ੋਰ-ਸ਼ੋਰ ਨਾਲ ਮਨਾਉਣਾ ਚਾਹੀਦਾ ਹੈ। ਇਸੇ ਵਿਚ ਹੀ ਦੇਸ਼, ਸਮੁੱਚੀ ਲੋਕਾਈ ਤੇ ਖ਼ਲਕਤ ਦੀ ਵਡਿਆਈ ਹੈ।

Posted By: Jagjit Singh