ਕੋਰੋਨਾ ਸੰਕਟ ਦੇ ਦੌਰ ਵਿਚ ਮਹਿੰਦਰ ਸਿੰਘ ਧੋਨੀ ਅਤੇ ਸਲਮਾਨ ਖ਼ਾਨ ਆਦਿ ਹੀ ਨਹੀਂ, ਮਹਾਨਗਰਾਂ ਤੋਂ ਪਿੰਡਾਂ ਵਿਚ ਪਰਤੇ ਤਮਾਮ ਪੜ੍ਹੇ-ਲਿਖੇ ਨੌਜਵਾਨ ਵੀ ਖੇਤੀ-ਕਿਸਾਨੀ ਵਿਚ ਹੱਥ ਅਜਮਾ ਰਹੇ ਹਨ। ਇਹ ਨੌਜਵਾਨ ਕਿਸਾਨ ਸਿਰਫ਼ ਉਤਪਾਦਨ 'ਤੇ ਹੀ ਨਹੀਂ ਬਲਕਿ ਮਾਰਕੀਟਿੰਗ, ਫੂਡ ਪ੍ਰੋਸੈਸਿੰਗ 'ਤੇ ਵੀ ਧਿਆਨ ਕੇਂਦ੍ਰਿਤ ਕਰ ਰਹੇ ਹਨ। ਕਿਉਂਕਿ ਇਹ ਸੂਚਨਾ ਤਕਨੀਕ ਅਪਣਾਉਂਦੇ ਹੋਏ ਪੇਸ਼ੇਵਰ ਤਰੀਕੇ ਨਾਲ ਖੇਤੀ ਕਰ ਰਹੇ ਹਨ, ਇਸ ਲਈ ਅੱਜ ਨਹੀਂ ਤਾਂ ਕੱਲ੍ਹ ਨੂੰ ਇਨ੍ਹਾਂ ਕੋਸ਼ਿਸ਼ਾਂ ਨਾਲ ਨਵੀਂ ਖੇਤੀ ਕ੍ਰਾਂਤੀ ਆਉਣੀ ਤੈਅ ਹੈ। ਜਦ ਖੇਤੀ ਕਾਰੋਬਾਰ ਦਾ ਰੂਪ ਲੈ ਲਵੇਗੀ ਉਦੋਂ ਆਮਦਨੀ-ਮਜਦੂਰੀ ਵਿਚ ਵਾਧਾ ਹੋਵੇਗਾ। ਅਜਿਹਾ ਹੋਣ 'ਤੇ ਵੱਡੇ-ਵੱਡੇ ਨਿਵੇਸ਼ਕ ਖੇਤੀ ਵਿਚ ਨਿਵੇਸ਼ ਕਰਨ ਲਈ ਅੱਗੇ ਆਉਣਗੇ । ਹਾਲ ਹੀ ਵਿਚ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਨੇ ਆਪਣੇ ਇਕ ਅਧਿਐਨ 'ਚ ਦੱਸਿਆ ਕਿ ਫ਼ਸਲਾਂ ਦਾ ਢੁੱਕਵਾਂ ਮੁੱਲ ਨਾ ਮਿਲਣ ਕਾਰਨ ਭਾਰਤੀ ਕਿਸਾਨਾਂ ਨੂੰ ਸਾਲ 2000 ਤੋਂ 2017 ਦੇ ਵਿਚਾਲੇ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਸਾਲਾਨਾ ਆਧਾਰ 'ਤੇ ਦੇਖੀਏ ਤਾਂ ਇਹ ਰਕਮ 2.6 ਲੱਖ ਕਰੋੜ ਰੁਪਏ ਬੈਠਦੀ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਵਿਵਸਥਾ ਦਿੱਤੀ ਹੈ ਕਿ ਕਿਸਾਨ ਖੇਤੀ ਉਤਪਾਦ ਬਾਜ਼ਾਰ ਕਮੇਟੀ ਤੋਂ ਬਾਹਰ ਆਪਣੀ ਉਪਜ ਵੇਚ ਸਕਣ। ਧਿਆਨ ਰਹੇ ਕਿ ਦੇਸ਼ ਦੇ 85 ਫ਼ੀਸਦੀ ਛੋਟੇ ਕਿਸਾਨ ਅਤੇ ਸੀਮਾਂਤ ਸ਼੍ਰੇਣੀ ਦੇ ਹਨ ਜਿਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਨਹੀਂ ਮਿਲਦਾ। ਹੁਣ ਇਹ ਕਿਸਾਨ ਆਪਣੇ ਘਰ ਤੋਂ ਸਿੱਧੇ ਕੰਪਨੀਆਂ, ਪ੍ਰੋਸੈਸਰਾਂ, ਸਹਿਕਾਰੀ ਕਮੇਟੀਆਂ ਨੂੰ ਆਪਣੀ ਉਪਜ ਵੇਚ ਸਕਣਗੇ। ਸਰਕਾਰ ਨੇ ਕਿਸਾਨਾਂ ਨੂੰ ਬਾਜ਼ਾਰ ਤਕ ਪਹੁੰਚਾਉਣ ਦਾ ਕੰਮ ਕੀਤਾ ਹੈ। ਭਾਵੇਂ ਕੇਂਦਰ ਨੇ ਖੇਤੀ ਸਰਗਰਮੀਆਂ ਨੂੰ ਲਾਕਡਾਊਨ ਦੀਆਂ ਬੰਦਿਸ਼ਾਂ ਤੋਂ ਮੁਕਤ ਕਰ ਦਿੱਤਾ ਸੀ, ਫਿਰ ਵੀ ਇਸ ਦੌਰਾਨ ਸਪਲਾਈ ਚੇਨ 'ਚ ਅੜਿੱਕਾ ਪੈਣ ਕਾਰਨ ਖੇਤੀ ਉਤਪਾਦਾਂ ਦੇ ਭਾਅ ਟੁੱਟੇ ਹਨ ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਇਆ। ਸਭ ਤੋਂ ਵੱਧ ਨੁਕਸਾਨ ਜਲਦ ਖ਼ਰਾਬ ਹੋਣ ਵਾਲੇ ਫਲਾਂ, ਸਬਜ਼ੀਆਂ ਤੇ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਿਣਾ ਪਿਆ। ਕੋਰੋਨਾ ਸੰਕਟ ਦੇ ਦੌਰ 'ਚ ਖੇਤੀ ਖੇਤਰ ਨੇ ਆਰਥਿਕ ਝਟਕਿਆਂ ਨੂੰ ਸਹਿਣ ਕਰਨ ਦੀ ਅਦੁੱਤੀ ਸਮਰੱਥਾ ਦਾ ਮੁਜ਼ਾਹਰਾ ਕੀਤਾ ਹੈ। ਜਿਸ ਦੌਰ 'ਚ ਅਰਥਚਾਰੇ ਦੇ ਬਾਕੀ ਖੇਤਰ ਮੰਦੀ ਨਾਲ ਜੂਝ ਰਹੇ ਹਨ, ਉਸ ਦੌਰ 'ਚ ਖੇਤੀ ਵਿਚ ਤੇਜ਼ ਵਾਧਾ ਦਰ ਬਣੀ ਹੋਈ ਹੈ। ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ। ਇਕ ਪਾਸੇ ਕਣਕ ਦੀ ਰਿਕਾਰਡ ਖ਼ਰੀਦ ਹੋਈ ਤਾਂ ਦੂਜੇ ਪਾਸੇ ਟਰੈਕਟਰ, ਖੇਤੀ ਮਸ਼ੀਨਰੀ ਤੇ ਖਾਦਾਂ ਦੀ ਮੰਗ ਵਧੀ ਹੈ। ਜੇਕਰ ਕੋਰੋਨਾ ਸੰਕਟ ਦੇ ਸਮੇਂ ਢੁੱਕਵਾਂ ਅਨਾਜ ਭੰਡਾਰ ਨਾ ਹੁੰਦਾ ਤਾਂ ਜੋ ਉਥਲ-ਪੁਥਲ ਮਚਦੀ, ਉਸ ਦੀ ਮਹਿਜ਼ ਕਲਪਨਾ ਹੀ ਕੀਤੀ ਜਾ ਸਕਦੀ ਹੈ। ਖੇਤੀ-ਕਿਸਾਨੀ 'ਚ ਸ਼ਾਮਲ ਸੰਭਾਵਨਾਵਾਂ ਦਾ ਲਾਹਾ ਲੈਣ ਲਈ ਕੇਂਦਰ ਸਰਕਾਰ ਖੇਤੀ 'ਚ ਨਵੀਨੀਕਰਨ ਕਰ ਰਹੀ ਹੈ ਤਾਂ ਕਿ ਖੇਤੀ ਮੁਨਾਫ਼ੇ ਦਾ ਸੌਦਾ ਬਣੇ ਤੇ 2022 ਤਕ ਕਿਸਾਨਾਂ ਦੀ ਆਮਦਨੀ ਦੁੱਗਣੀ ਕੀਤੀ ਜਾ ਸਕੇ।

-ਰਮੇਸ਼ ਕੁਮਾਰ ਦੁਬੇ।

Posted By: Jagjit Singh