ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੇ ਨਤੀਜਿਆਂ ’ਚ ਪਹਿਲੇ ਚਾਰ ਸਥਾਨ ਦੇਸ਼ ਦੀਆਂ ਧੀਆਂ ਵੱਲੋਂ ਹਾਸਲ ਕੀਤੇ ਜਾਣ ਨਾਲ ਇਹ ਗੱਲ ਇਕ ਵਾਰ ਮੁੜ ਸਿੱਧ ਹੋ ਗਈ ਹੈ ਕਿ ਉਹ ਕਿਸੇ ਵੀ ਗੱਲੋਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ’ਚ ਵੀ ਸੂਬੇ ਦੀਆਂ ਧੀਆਂ ਨੇ ਪਹਿਲੇ ਤਿੰਨ ਸਥਾਨ ਹਾਸਲ ਕਰ ਕੇ ਜਿੱਥੇ ਮਾਪਿਆਂ ਦਾ ਨਾਂ ਚਮਕਾਇਆ ਹੈ ਉੱਥੇ ਹੀ ਇਹ ਵੀ ਦੱਸ ਦਿੱਤਾ ਹੈ ਕਿ ਕੁੜੀਆਂ ਨੂੰ ਜੇ ਪਰਿਵਾਰ ਤੇ ਅਧਿਆਪਕਾਂ ਵੱਲੋਂ ਥੋੜ੍ਹੀ ਜਿਹੀ ਵੀ ਹੱਲਾਸ਼ੇਰੀ ਦਿੱਤੀ ਜਾਵੇ ਤਾਂ ਉਹ ਪੜ੍ਹਾਈ ’ਚ ਮੁੰਡਿਆਂ ਨਾਲੋਂ ਬਿਹਤਰ ਨਤੀਜੇ ਲਿਆਉਣ ਦੇ ਸਮਰੱਥ ਹਨ। ਪੀਐੱਸਈਬੀ ਦੀ ਮੈਰਿਟ ਸੂਚੀ ਵਿਚ ਪਹਿਲੀਆਂ 10 ਪੁਜ਼ੀਸ਼ਨਾਂ ’ਚੋਂ 9 ’ਤੇ ਕੁੜੀਆਂ ਕਾਬਜ਼ ਹਨ।

ਸਿਵਲ ਸੇਵਾਵਾਂ ਪ੍ਰੀਖਿਆ ’ਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਧੀਆਂ ਗ੍ਰੇਟਰ ਨੋਇਡਾ ਦੀ ਇਸ਼ਿਤਾ ਕਿਸ਼ੋਰ, ਬਿਹਾਰ ਦੇ ਬਕਸਰ ਦੀ ਗਰਿਮਾ ਲੋਹੀਆ ਤੇ ਤੇਲੰਗਾਨਾ ਦੇ ਨਾਲਗੌਂਡਾ ਦੀ ਰਹਿਣ ਵਾਲੀ ਓਮਾ ਹਰਾਤੀ ਦਾ ਪ੍ਰੇਰਨਾਦਾਇਕ ਪਹਿਲੂ ਇਹ ਹੈ ਕਿ ਇਹ ਤਿੰਨੇ ਸਾਧਾਰਨ ਪਰਿਵਾਰਾਂ ਨਾਲ ਸਬੰਧਤ ਹਨ। ਇਨ੍ਹਾਂ ਨੇ ਸਖ਼ਤ ਮਿਹਨਤ ਨਾਲ ਅਸਾਧਾਰਨ ਸਫਲਤਾ ਹਾਸਲ ਕੀਤੀ ਹੈ। ਓਧਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ’ਚ ਪੰਜਾਬ ਦੇ ਪੱਛੜੇ ਸਮਝੇ ਜਾਂਦੇ ਮਾਨਸਾ ਜ਼ਿਲ੍ਹੇ ਦੀ ਧੀ ਸੁਜਾਨ ਕੌਰ ਪਹਿਲੇ, ਬਠਿੰਡਾ ਦੀ ਸ਼ਰੇਆ ਸਿੰਗਲਾ ਦੂਜੇ ਤੇ ਲੁਧਿਆਣਾ ਦੀ ਨਵਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਇਨ੍ਹਾਂ ਕੁੜੀਆਂ ਨੇ ਵੀ ਇਹ ਗੱਲ ਸਾਬਿਤ ਕਰ ਦਿਖਾਈ ਹੈ ਕਿ ਜੇ ਮਨ ’ਚ ਪੜ੍ਹਨ ਦੀ ਲਗਨ ਹੋਵੇ ਤਾਂ ਪੱਛੜਿਆ ਜਾਂ ਆਧੁਨਿਕ ਇਲਾਕਾ ਕੋਈ ਮਾਅਨੇ ਨਹੀਂ ਰੱਖਦਾ।

ਇਹ ਕੋਈ ਪਹਿਲਾ ਮੌਕਾ ਨਹੀਂ ਕਿ ਦੇਸ਼ ਦੀਆਂ ਧੀਆਂ ਨੇ ਕਿਸੇ ਖੇਤਰ ’ਚ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ ਹੋਵੇ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੀ ਬੀਐੱਸਐੱਫ ’ਚ ਵੀ ਕੁੜੀਆਂ ਹੱਥ ’ਚ ਆਧੁਨਿਕ ਹਥਿਆਰ ਫੜੀ ਮੋਹਰਲੀਆਂ ਚੌਕੀਆਂ ’ਤੇ ਡਿਊਟੀਆਂ ਦੇ ਰਹੀਆਂ ਹਨ। ਪੁਲਿਸ ਫੋਰਸ ’ਚ ਤਾਂ ਪਹਿਲਾਂ ਹੀ ਉਹ ਡਿਊਟੀ ਨਿਭਾਅ ਰਹੀਆਂ ਹਨ। ਭਾਰਤੀ ਹਵਾਈ ਫ਼ੌਜ ’ਚ ਵੀ ਦੇਸ਼ ਦੀਆਂ ਧੀਆਂ ਆਧੁਨਿਕ ਕਿਸਮ ਦੇ ਲੜਾਕੂ ਜਹਾਜ਼ ਉਡਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੀਆਂ ਹਨ। ਇਹੀ ਨਹੀਂ, ਅਜੇ ਪਿੱਛੇ ਜਿਹੇ ਹੀ ਭਾਰਤੀ ਫ਼ੌਜ ਦੀ ਤੋਪਖ਼ਾਨਾ ਰੈਜੀਮੈਂਟ ’ਚ ਵੀ ਮਹਿਲਾ ਅਫ਼ਸਰਾਂ ਦੀ ਤਾਇਨਾਤੀ ਕੀਤੀ ਗਈ ਹੈ ਜੋ ਆਧੁਨਿਕ ਤੋਪਾਂ ਚਲਾ ਕੇ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਹਨ।

ਓਧਰ ਇਸਰੋ (ਭਾਰਤੀ ਪੁਲਾੜ ਖੋਜ ਸੰਸਥਾ) ’ਚ ਵੀ ਵੱਖ-ਵੱਖ ਅਹੁਦਿਆਂ ’ਤੇ ਮਹਿਲਾ ਵਿਗਿਆਨੀ ਆਪਣੀ ਸੇਵਾਵਾਂ ਦੇ ਰਹੀਆਂ ਹਨ। ਕਦੇ ਸਮਾਂ ਸੀ ਜਦੋਂ ਧੀਆਂ ਨੂੰ ਬੋਝ ਸਮਝਿਆ ਜਾਂਦਾ ਸੀ ਜਿਸ ਕਾਰਨ ਉਨ੍ਹਾਂ ਨੂੰ ਕੁੱਖ ’ਚ ਕਤਲ ਕਰਵਾ ਦਿੱਤਾ ਜਾਂਦਾ ਸੀ। ਸਮਾਂ ਬਦਲਣ ਨਾਲ ਲੋਕਾਂ ਦੀ ਧੀਆਂ ਪ੍ਰਤੀ ਸੋਚ ਵੀ ਬਦਲੀ ਹੈ ਪਰ ਹਾਲੇ ਵੀ ਕੁਝ ਲੋਕ ਰੂੜੀਵਾਦੀ ਮਾਨਸਿਕਤਾ ਦੇ ਸ਼ਿਕਾਰ ਹਨ, ਜਿਨ੍ਹਾਂ ਨੂੰ ਧੀਆਂ ਦੀ ਕਾਮਯਾਬੀ ਤੋਂ ਸਬਕ ਲੈਣ ਦੀ ਜ਼ਰੂਰਤ ਹੈ।

ਸਪਸ਼ਟ ਹੈ ਕਿ ਦੇਸ਼ ਦੀ ਤਰੱਕੀ ਦੇ ਹਰ ਖੇਤਰ ’ਚ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਔਰਤਾਂ ਆਪਣਾ ਯੋਦਗਾਨ ਦੇ ਰਹੀਆਂ ਹਨ। ਆਧੁਨਿਕ ਭਾਰਤ ਉਸਾਰਨ ’ਚ ਦੇਸ਼ ਦੀਆਂ ਬੇਟੀਆਂ ਆਪਣਾ ਭਰਪੂਰ ਹਿੱਸਾ ਪਾ ਰਹੀਆਂ ਹਨ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰਾਂ ਤੇ ਸਮਾਜ ਜੇ ਕੁੜੀਆਂ ਨੂੰ ਹੋਰ ਵਧੀਆ ਢੰਗ ਨਾਲ ਹੱਲਾਸ਼ੇਰੀ ਦੇਣ ਤਾਂ ਧੀਆਂ ਦੇਸ਼ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਜਾਣਗੀਆਂ।

Posted By: Jagjit Singh