ਕੋਰੋਨਾ ਨੂੰ ਲੈ ਕੇ ਕਈ ਮੁਲਕਾਂ 'ਚ ਹਾਲਾਤ ਮੁੜ ਖ਼ਤਰਨਾਕ ਬਣਦੇ ਜਾ ਰਹੇ ਹਨ। ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਤਬਾਹੀ ਅਮਰੀਕਾ 'ਚ ਮਚਾਈ ਹੋਈ ਹੈ। ਉੱਥੇ ਹਰ ਰੋਜ਼ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਪਰ ਉੱਥੋਂ ਖ਼ੁਸ਼ਖ਼ਬਰੀ ਵੀ ਹੈ ਕਿ ਦੋ ਕੰਪਨੀਆਂ ਨੇ ਕੋਰੋਨਾ ਦੇ ਟੀਕੇ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਪੂਰੀ ਦੁਨੀਆ ਨੇ ਕੋਰੋਨਾ ਦਾ ਪਹਿਲਾ ਗੇੜ ਹੰਢਾਇਆ ਹੈ ਜੋ ਬਹੁਤ ਡਰਾਉਣਾ ਸੀ। ਹੁਣ ਜਦੋਂ ਇਹ ਬਿਮਾਰੀ ਇਕ ਵਾਰ ਫਿਰ ਤੇਜ਼ੀ ਨਾਲ ਫੈਲ ਰਹੀ ਹੈ ਤਾਂ ਸਾਨੂੰ ਮੁੜ ਸੁਚੇਤ ਹੋਣ ਦੀ ਲੋੜ ਹੈ। ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੋਰੋਨਾ ਦਾ ਪ੍ਰਭਾਵ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਘੱਟ ਰਿਹਾ ਹੈ। ਇਹ ਚੰਗੀ ਗੱਲ ਹੈ ਕਿ ਦੇਸ਼ 'ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਬਾਰਾਂ ਸੂਬਿਆਂ 'ਚ ਰਿਕਵਰੀ ਰੇਟ 95 ਫ਼ੀਸਦ ਤੋਂ ਵੱਧ ਹੈ। ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਵੱਧ ਕੇ 88,74,172 ਹੋ ਗਿਆ ਹੈ। ਇਨ੍ਹਾਂ 'ਚੋਂ 82,88,169 ਠੀਕ ਵੀ ਹੋ ਚੁੱਕੇ ਹਨ ਪਰ ਹੁਣ ਦੂਜੇ ਗੇੜ 'ਚ ਸਾਨੂੰ ਵਧੇਰੇ ਚੌਕਸ ਰਹਿਣਾ ਹੋਵੇਗਾ। ਰਾਜਧਾਨੀ ਦਿੱਲੀ ਵਿਚ ਕੋਰੋਨਾ ਕੇਸਾਂ ਦੇ ਨਿਰੰਤਰ ਵਾਧੇ ਕਾਰਨ ਸਰਕਾਰ ਦੀ ਚਿੰਤਾ ਮੁੜ ਵੱਧ ਗਈ ਹੈ। ਦਿੱਲੀ ਸਰਕਾਰ ਬਾਜ਼ਾਰਾਂ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਉਸ ਨੇ ਕੋਰੋਨਾ ਨੂੰ ਰੋਕਣ ਲਈ ਛੋਟੇ ਪੈਮਾਨੇ ਦੇ ਲਾਕਡਾਊਨ ਦੀ ਵੀ ਗੱਲ ਕਹੀ ਹੈ। ਇਸ ਦੇ ਨਾਲ ਹੀ ਘਰੇਲੂ ਸਮਾਰੋਹ ਲਈ ਦਿੱਲੀ 'ਚ ਹੁਣ 200 ਦੀ ਥਾਂ 50 ਲੋਕ ਸ਼ਾਮਲ ਹੋ ਸਕਣਗੇ। ਦੇਸ਼ ਦੇ ਬਾਕੀ ਸੂਬਿਆਂ 'ਚ ਕੋਰੋਨਾ ਦੇ ਮਰੀਜ਼ ਮਾਮੂਲੀ ਰੂਪ 'ਚ ਵਧੇ ਹਨ। ਦੂਜੇ ਪਾਸੇ ਅਮਰੀਕਾ 'ਚ ਐਤਵਾਰ ਨੂੰ ਕੋਰੋਨਾ ਮਰੀਜ਼ਾਂ ਦੀ ਗਿਣਤੀ ਇਕ ਕਰੋੜ ਨੂੰ ਪਾਰ ਕਰ ਗਈ ਸੀ। ਸੋਮਵਾਰ ਤੋਂ ਸ਼ਨਿਚਰਵਾਰ ਤਕ ਸਿਰਫ਼ 6 ਦਿਨਾਂ 'ਚ 10 ਲੱਖ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਪਹਿਲੇ 10 ਲੱਖ ਕੇਸ ਆਉਣ ਵਿਚ 100 ਦਿਨ ਲੱਗੇ ਸਨ। ਇਹੀ ਨਹੀਂ, ਹਸਪਤਾਲਾਂ 'ਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ। ਅਮਰੀਕਾ ਦੀ ਬਾਇਓਟੈਕ ਕੰਪਨੀ ਮੋਡਰਨਾ ਨੇ ਸੋਮਵਾਰ ਨੂੰ ਕੋਵਿਡ-19 ਟੀਕੇ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਇਹ ਟੀਕਾ ਕੋਰੋਨਾ ਦੇ ਮਰੀਜ਼ਾਂ ਦੀ ਰੱਖਿਆ ਵਿਚ 94.5% ਤਕ ਪ੍ਰਭਾਵਸ਼ਾਲੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਟੀਕਾ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ਵਿਚ 30 ਦਿਨਾਂ ਲਈ ਸੁਰੱਖਿਅਤ ਰਹਿ ਸਕਦਾ ਹੈ। ਗਰਮ ਦੇਸ਼ਾਂ ਲਈ ਇਹ ਪੱਖ ਬਹੁਤ ਖ਼ਾਸ ਹੈ। ਜੇ ਅਸੀਂ ਭਾਰਤ ਵਿਚ ਚੱਲ ਰਹੇ ਟੀਕੇ ਦੇ ਪ੍ਰੀਖਣ ਦੀ ਗੱਲ ਕਰੀਏ ਤਾਂ ਇਹ ਅਗਲੇ ਸਾਲ ਦੀ ਪਹਿਲੀ ਤਿਮਾਹੀ ਤਕ ਉਪਲਬਧ ਹੋ ਸਕਦਾ ਹੈ। ਅਮਰੀਕਾ ਤੋਂ ਇਲਾਵਾ ਜਰਮਨੀ, ਇੰਗਲੈਂਡ, ਇਟਲੀ ਤੇ ਦੱਖਣੀ ਕੋਰੀਆ ਸਮੇਤ ਕਈ ਮੁਲਕਾਂ 'ਚ ਕੋਰੋਨਾ ਦਾ ਦੂਜਾ ਗੇੜ ਸ਼ੁਰੂ ਹੋ ਗਿਆ ਹੈ। ਟੀਕੇ ਬਾਰੇ ਆਉਣ ਵਾਲੀ ਖ਼ਬਰ ਰਾਹਤ ਦੇਣ ਵਾਲੀ ਹੈ। ਇਸ ਦੇ ਬਾਵਜੂਦ ਸਾਨੂੰ ਬੇਹੱਦ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਮਹਾਮਾਰੀ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਜੇ ਅਸੀਂ ਲਾਪਰਵਾਹੀ ਵਰਤਦੇ ਹਾਂ ਤਾਂ ਕੋਰੋਨਾ ਵਾਇਰਸ ਵਧੇਰੇ ਖ਼ਤਰਨਾਕ ਹੋ ਸਕਦਾ ਹੈ। ਭਾਰਤ 'ਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਸਥਿਤੀ ਕੁਝ ਬਦਲੀ ਹੈ। ਪਿਛਲੇ ਲਗਪਗ ਇਕ ਮਹੀਨੇ ਦੌਰਾਨ ਕੋਰੋਨਾ ਸਬੰਧੀ ਕੁਝ ਢਿੱਲ ਵਰਤੀ ਜਾ ਰਹੀ ਹੈ। ਲੋਕਾਂ ਨੇ ਮਾਸਕ ਪਾਉਣਾ ਛੱਡ ਦਿੱਤਾ ਹੈ। ਇਹੀ ਸਹੀ ਸਮਾਂ ਹੈ ਜਦੋਂ ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਕੋਰੋਨਾ ਦਾ ਦੂਜਾ ਗੇੜ ਸ਼ੁਰੂ ਹੋਣ 'ਤੇ ਇਸ ਨਾਲ ਬਾਖ਼ੂਬੀ ਨਜਿੱਠਿਆ ਜਾ ਸਕੇ।

Posted By: Jagjit Singh