ਅੱਜ ਵਿਸ਼ਵ ਭਰ ਵਿਚ ਅਫ਼ਗਾਨਿਸਤਾਨ ਖ਼ਬਰਾਂ ਵਿਚ ਹੈ। ਪਿਛਲੇ ਕਈ ਦਿਨਾਂ ਤੋਂ ਟੀ.ਵੀ. ਅਤੇ ਅਖ਼ਬਾਰਾਂ ਵਿਚ ਕਾਬੁਲ ’ਚ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ ਬੜੀ ਵਿਸਤਾਰ ਨਾਲ ਲਿਖਿਆ ਜਾ ਰਿਹਾ ਹੈ। 30 ਅਗਸਤ ਨੂੰ ਇਹ ਐਲਾਨ ਕੀਤਾ ਗਿਆ ਕਿ 20 ਸਾਲ ਪਿੱਛੋਂ ਅਫ਼ਗਾਨਿਸਤਾਨ ਮੁੜ ਆਜ਼ਾਦ ਹੋ ਗਿਆ ਹੈ ਅਤੇ ਅਮਰੀਕਨ ਫ਼ੌਜ ਦਾ ਅਖੀਰਲਾ ਦਸਤਾ ਆਪਣੇ ਹਵਾਈ ਜਹਾਜ਼ਾਂ ਰਾਹੀਂ ਵਾਪਸ ਚਲਾ ਗਿਆ ਹੈ ਅਤੇ ਕਾਬੁਲ ਹਵਾਈ ਅੱਡਾ ਤਾਲਿਬਾਨ ਦਾ ਪੂਰਾ ਕਬਜ਼ਾ ਹੋ ਗਿਆ ਹੈ। ਅਫ਼ਗਾਨਿਸਤਾਨ ਵਿਚ ਸਦੀਆਂ ਤੋਂ ਬਾਦਸ਼ਾਹੀ ਰਾਜ ਰਿਹਾ ਹੈ ਪਰ 1965 ਵਿਚ ਉੱਥੇ ਬਗ਼ਾਵਤ ਹੋਈ ਤੇ ਪ੍ਰਧਾਨ ਮੰਤਰੀ ਨੇ ਸਰਕਾਰ ਸੰਭਾਲ ਲਈ। ਕਈ ਵਾਰ ਉਥਲ-ਪੁਥਲ ਹੋਈ। 1978 ਵਿਚ ਰੂਸ ਦੀਆਂ ਫ਼ੌਜਾਂ ਨੇ ਇਸ ਦੇਸ਼ ’ਤੇ ਕਬਜ਼ਾ ਕਰ ਲਿਆ ਅਤੇ ਆਪਣੀ ਮਰਜ਼ੀ ਦੇ ਪ੍ਰਧਾਨ ਮੰਤਰੀ ਨਿਯੁਕਤ ਕੀਤੇ। ਅਮਰੀਕਾ ਅਤੇ ਉਸ ਦੇ ਸਾਥੀ ਪੱਛਮੀ ਦੇਸ਼ਾਂ ਨੇ ਇਹ ਬਰਦਾਸ਼ਤ ਨਾ ਕੀਤਾ ਅਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਸ਼ਹਿ ਦੇ ਕੇ ਤਾਲਿਬਾਨ ਨਾਂ ਦੀ ਸੰਸਥਾ ਖੜ੍ਹੀ ਕਰ ਦਿੱਤੀ। ਇਨ੍ਹਾਂ ਨੌਜਵਾਨ ਨੂੰ ਅਮਰੀਕਾ ਨੇ ਹਥਿਆਰ ਅਤੇ ਪੈਸੇ ਦਿੱਤੇ ਅਤੇ ਇਨ੍ਹਾਂ ਨੇ ਗੁਰੀਲਾ ਜੰਗ ਲੜਕੇ ਰੂਸ ਨੂੰ ਕੱਢ ਕੇ ਆਪਣਾ ਕਬਜ਼ਾ ਕਰ ਲਿਆ। ਤਾਲਿਬਾਨ ਦੀ ਸਰਕਾਰ ਨੇ ਲੋਕਾਂ ’ਤੇ ਜ਼ੁਲਮ ਕੀਤੇ। ਸਾਰੇ ਹਿੰਦੂ ਸਿੱਖ ਕੱਢ ਕੇ ਅਤੇ ਇਸਲਾਮੀ ਕਾਨੰੂਨ ਬਣਾ ਕੇ ਰਾਜ ਕੀਤਾ। ਇਹ ਬਦਨਾਮ ਹੋ ਗਏ ਅਤੇ ਆਖ਼ਰ ਅਮਰੀਕਾ ਫ਼ੌਜ ਨੇ ਇਸ ਦੇਸ਼ ’ਤੇ ਕਬਜ਼ਾ ਕਰ ਲਿਆ। ਆਪਣੀ ਮਰਜ਼ੀ ਦੀਆਂ 20 ਸਾਲ ਵੱਖ-ਵੱਖ ਸਰਕਾਰਾਂ ਬਣਾਈਆਂ। ਤਾਲਿਬਾਨ ਇਸ ਸਰਕਾਰ ਦੇ ਖ਼ਿਲਾਫ਼ ਲੜਦੇ ਰਹੇ। ਉਸਾਮਾ-ਬਿਨ-ਲਾਦੇਨ ਜੋ ਤਾਲਿਬਾਨ ਦਾ ਮੁਖੀ ਸੀ ਅਤੇ ਛੁਪ ਕੇ ਪਾਕਿਸਤਾਨ ਰਹਿ ਰਿਹਾ ਸੀ ਅਮਰੀਕਾ ਨੇ ਉਸ ਨੂੰ ਮਾਰ ਦਿੱਤਾ। ਤਾਲਿਬਾਨ ਦੀ ਹੱਠ ਧਰਮੀ ਅਤੇ ਅਥਾਹ ਸ਼ਕਤੀ ਨੇ ਅਖੀਰ ਮੁੜ ਅਫ਼ਗਾਨਿਸਤਾਨ ਵਿਚ ਆਪਣਾ ਰਾਜ ਕਾਇਮ ਕਰ ਲਿਆ ਹੈ।

ਇਹ ਸਾਰਾ ਕੁਝ ਮੈਂ ਇਸ ਲਈ ਲਿਖਿਆ ਹੈ ਕਿ ਅਫ਼ਗਾਨਿਸਤਾਨ ਦੇ ਲੋਕ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਿਆ। ਦੁਨੀਆ ਦੀਆਂ ਸਭ ਤੋਂ ਵੱਡੀਆਂ ਫ਼ੌਜੀ ਤਾਕਤਾਂ ਰੂਸ ਅਤੇ ਅਮਰੀਕਾ ਵੀ ਉਨ੍ਹਾਂ ਸਾਹਮਣੇ ਨਾ ਟਿਕ ਸਕੇ।

ਇਸੇ ਦੇਸ਼ ਦੇ ਬਾਬਰ ਨੇ ਪੰਦਰਵੀਂ ਸਦੀ ਦੇ ਅਖੀਰ ਵਿਚ ਭਾਰਤ ’ਤੇ ਕਬਜ਼ਾ ਕਰ ਕੇ ਮੁਗ਼ਲ ਰਾਜ ਸਥਾਪਿਤ ਕੀਤਾ ਸੀ। ਇਸੇ ਮੁਲਕ ਦੇ ਧਾੜਵੀ, ਗ਼ਜ਼ਨੀ, ਦੁਰਾਨੀ ਅਤੇ ਅਹਿਮਦ ਸ਼ਾਹ ਅਬਦਾਲੀ ਨੇ ਕਈ ਵਾਰ ਭਾਰਤ ਨੂੰ ਲੁਟਿਆ ਸੀ ਇੱਥੋਂ ਹੀ ਉਹ ਕੋਹਿਨੂਰ ਚੱੁਕ ਕੇ ਕਾਬਲ ਲੈ ਗਏ ਸੀ।

ਅਸੀਂ ਆਪਣੇ ਇਤਿਹਾਸ ਨੂੰ ਕਦੇ ਪੜ੍ਹਨ ਦੀ ਖੇਚਲ ਨਹੀਂ ਕਰਦੇ। ਪਿਛਲੇ 75 ਸਾਲਾਂ ਵਿਚ ਸਾਡੀਆਂ ਸਰਕਾਰਾਂ ਨੇ ਭਾਰਤ ਦੇ ਯੋਧਿਆਂ ਦੇ ਕੀਤੇ ਕਾਰਨਾਮੇ ਆਪਣੇ ਸਲੇਬਸ ਵਿਚ ਪਾਏ ਨਹੀਂ ਹਨ। ਕਿਸੇ ਨੂੰ ਅੱਜ ਤਕ ਇਹ ਨਹੀਂ ਯਾਦ ਕਿ ਭਾਰਤ ਦੀ ਉੱਤਰੀ-ਪੱਛਮੀ ਹੱਦ ਦਰਿਆ ਸਿੰਧ ਸੀ ਤੇ ਸਿੰਧ ਤੋਂ ਪਾਰ ਦਾ ਇਲਾਕਾ ਅਫ਼ਗਾਨਿਸਤਾਨ ਦੇ ਤਹਿਤ ਸੀ। ਮਹਾਰਾਜਾ ਰਣਜੀਤ ਸਿੰਘ 1801 ਵਿਚ ਪੰਜਾਬ ਦਾ ਬਾਦਸ਼ਾਹ ਬਣਇਆ ਸੀ। 1813 ਵਿਚ ਸਿੰਧ ਦਰਿਆ ਟੱਪ ਕੇ ਪਿਸ਼ਾਵਰ ਤਕ ਦੇ ਇਲਾਕੇ ’ਤੇ ਕਬਜ਼ਾ ਕਰ ਲਿਆ ਸੀ ਤੇ ਪਿਸ਼ਾਵਰ ਦਾ ਵੱਖਰਾ ਸੂਬਾ ਬਣਾ ਕੇ ਫੇਰ ਦੱਰਾ ਖੈਬਰ ਨੂੰ ਆਪਣੀ ਹੱਦ ਬਣਾ ਲਿਆ ਸੀ। ਉਸ ਸਮੇਂ ਜਿੰਨੀਆਂ ਜੰਗਾਂ ਅਫ਼ਗਾਨ ਫ਼ੌਜ ਨਾਲ ਹੋਈਆਂ ਉਸ ਦਾ ਜਰਨੈਲ ਹਰੀ ਸਿੰਘ ਨਲੂਆ ਸੀ ਜੋ ਉਸ ਸਮੇਂ ਉਸ ਇਲਾਕੇ ਦਾ ਗਵਰਨਰ ਬਣਾ ਦਿੱਤਾ ਗਿਆ ਸੀ। ਨਲਵੇ ਦੀ ਦਹਿਸ਼ਤ ਪਠਾਨਾਂ ਤੇ ਕਬਾਲੀਆਂ ਵਿਚ ਹਮੇਸ਼ਾ ਰਹੀ ਤੇ ਮਾਵਾਂ ਬੱਚਿਆਂ ਨੂੰ ‘ਹਰਿਆਂ ਰਾਗਲੇ’’ ਕਹਿ ਕੇ ਡਰਾਉਦੀਆਂ ਸਨ। ਕੋਹਿਨੂਰ ਹੀਰਾ ਕਾਬਲ ਤੋਂ ਵਾਪਸ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਲੈ ਕੇ ਆਈ। ਅੰਗਰੇਜ਼ ਅਤੇ ਸਿੱਖ ਫ਼ੌਜਾਂ ਨੇ ਕਾਬਲ ਵੀ ਜਿੱਤ ਲਿਆ ਸੀ। ਸ੍ਰੀ ਜਗਮੋਹਨ ਗਵਰਨਰ ਕਸ਼ਮੀਰ ਨੇ ਇਹ ਲਿਖਿਆ ਸੀ ਕਿ ਸਿੱਖ ਫ਼ੌਜਾਂ ਨੇ ਕਾਬੁਲ ਤੋਂ ਸੋਮਨਾਥ ਮੰਦਿਰ ਦੇ ਦਰਵਾਜ਼ੇ ਵਾਪਸ ਭਾਰਤ ਲਿਆਂਦੇ ਸਨ।

ਅੱਜ 12 ਸਤੰਬਰ ਸਾਰਾਗੜ੍ਹੀ ਦੀ ਜੰਗ ਦੀ ਯਾਦ ਨੂੰ ਮਨਾਉਣ ਦਾ ਦਿਨ ਹੈ। ਇਹ ਇਤਿਹਾਸਕ ਜੰਗ ਜੋ 12 ਸਤੰਬਰ 1897 ਕਬਾਇਲੀ ਇਲਾਕੇ ਵਿਚ ਸਾਰਾਗੜ੍ਹੀ ਦੇ ਮੁਕਾਮ ’ਤੇ ਸਿੱਖ ਰੈਜਮੈਂਟ ਅਤੇ ਕਬਾਇਲੀ, ਧਾੜਵੀਆਂ ਵਿਚਕਾਰ ਹੋਈ ਸੀ। ਇਸ ਜੰਗ ਨੂੰ ਦੁਨੀਆ ਦੇ ਇਤਿਹਾਸ ਵਿਚ ਖ਼ਾਸ ਮਹੱਤਤਾ ਦਿੱਤੀ ਗਈ ਹੈ ਕਿਉਂ ਜੋ ਸਿੱਖ ਰੈਜਮੈਂਟ ਦੇ ਕੇਵਲ 21 ਜਵਾਨ ਅਤੇ ਉਨ੍ਹਾਂ ’ਤੇ ਹਮਲਾ ਕਰਨ ਵਾਲੇ 15,000 ਤੋਂ ਵੱਧ ਸਨ। ਅੰਗਰੇਜ਼ਾਂ ਨੇ ਪਿਸ਼ਾਵਰ ਅਤੇ ਕਾਬਲ ਦੇ ਵਿਚਕਾਰ ਕਿਲ੍ਹਾ ਲੋਹਗੜ੍ਹ ਅਤੇ ਗ਼ੁਲਸਿਤਾਨ ’ਤੇ ਆਪਣੀ ਫ਼ੌਜ ਬਿਠਾਈ ਹੋਈ ਸੀ। ਇਹ ਦੋਵੇਂ ਕਿਲੇ੍ਹ ਸ. ਹਰੀ ਸਿੰਘ ਨਲੂਆ ਨੇ ਬਣਾਏੇ ਸਨ। ਇਨ੍ਹਾਂ ਦੋਹਾਂ ਕਿਲ੍ਹਿਆਂ ਵਿਚਕਾਰ ਸਾਰਾਗੜ੍ਹੀ ਪਹਾੜੀ ’ਤੇ ਇਕ ਪਲਟਨ ਜਿਸ ਵਿਚ 21 ਜਵਾਨ ਸਨ ਉੱਥੇ ਕੈਦ ਕਰ ਰੱਖੀ ਸੀ। ਉਸ ਸਮੇਂ ਵਾਇਰਲੈੱਸ ਨਹੀਂ ਸੀ ਹੁੁੰਦੀ ਤੇ ਰੰਗਦਾਰ ਝੰਡੀਆਂ ਰਾਹੀਂ (heliography) ਸੁਨੇਹੇ ਭੇਜੇ ਜਾਂਦੇ ਸਨ। ਸਾਰਾਗੜ੍ਹੀ ਤੋਂ ਇਹ ਕੰਮ ਲਿਆ ਜਾਂਦਾ ਸੀ ।

ਸਾਰਾਗੜ੍ਹੀ ਵਿਚ ਸਿੱਖ ਰੈਜਮੈਂਟ ਦੇ 21 ਜਵਾਨ ਸਨ ਜਿਨ੍ਹਾਂ ਦਾ ਕਮਾਂਡਰ ਹੌਲਦਾਰ ਈਸ਼ਰ ਸਿੰਘ ਸੀ ਤੇ ਸਿਪਾਹੀ ਗੁਰਮੁੱਖ ਸਿੰਘ ਹੈਲੋਗ੍ਰਾਫਰ ਦਾ ਕੰਮ ਕਰਦਾ ਸੀ। 12 ਸਤੰਬਰ 1897 ਨੂੰ ਸਵੇਰੇ 9 ਵਜੇ ਹਜ਼ਾਰਾਂ ਧਾੜਵੀਆਂ ਨੇ ਸਾਰਾਗੜੀ ਨੂੰ ਘੇਰ ਲਿਆ। ਇਸ ਦੀ ਇਤਲਾਹ ਸਿਪਾਹੀ ਗੁਰਮੱੁਖ ਸਿੰਘ ਨੇ ਕਰਨਲ ਹੌਫਟਨ ਨੂੰ ਲੋਹਗੜ੍ਹ ਕਿਲ੍ਹੇ ਵਿਚ ਭੇਜ ਦਿੱਤੀ ਉਥੋਂ ਜਵਾਬ ਆ ਗਿਆ ਕਿ ਫ਼ੌਜੀ ਮਦਦ ਸਾਰਾਗੜ੍ਹੀ ਨਹੀਂ ਭੇਜੀ ਜਾ ਸਕਦੀ। ਹੌਲਦਾਰ ਈਸ਼ਰ ਸਿੰਘ ਨੇ ਸਾਰੀ ਯੂਨਿਟ ਨੂੰ ਇਕੱਠਾ ਕਰ ਕੇ ਇਹ ਪ੍ਰਣ ਲਿਆ ਕਿ ਉਹ ਇਸ ਗੜ੍ਹੀ ਦੀ ਰਖਿਆ ਕਰਨਗੇ ਅਤੇ ਕਿਸੇ ਹਾਲਾਤ ਵਿਚ ਵੀ ਦੁਸ਼ਮਣ ਅੱਗੇ ਹਥਿਆਰ ਨਹੀਂ ਸੱੁਟਣਗੇ ਤੇ ਲੜ ਕੇ ਆਪਣੀ ਫ਼ੌਜੀ ਡਿਊਟੀ ਨਿਭਾਉਣਗੇ।

ਦੁਸ਼ਮਣ ਫ਼ੌਜ ਵਲੋਂ ਆਏ ਸੁਨੇਹੇ ਠੁਕਰਾ ਦਿੱਤੇ ਗਏ। ਧਾੜਵੀ ਇਕੱਠ 15,000 ਤੋਂ ਵੱਧ ਗਿਆ ਫਿਰ ਉਨ੍ਹਾਂ ਨੇ ਗੜੀ ’ਤੇ ਹਮਲਾ ਕਰ ਦਿੱਤਾ। ਸਿਪਾਹੀ ਭਗਵਾਨ ਸਿੰਘ ਪਹਿਲਾ ਜਵਾਨ ਲੜਦਾ ਸ਼ਹੀਦ ਹੋ ਗਿਆ ਕਿ ਲਾਲ ਸਿੰਘ ਜ਼ਖ਼ਮੀ ਹੋ ਗਿਆ ਜਿਸ ਨੂੰ ਚੁੱਕ ਕੇ ਅੰਦਰ ਲਿਆਂਦਾ ਗਿਆ। ਇਹ ਲੜਾਈ ਵਿਚ ਇਕੱਲਾ-ਇਕੱਲਾ ਸਿੱਖ ਫ਼ੌਜੀ ਅੱਗੇ ਨਿਕਲਦਾ ਅਤੇ ਕਈਆਂ ਨੂੰ ਮਾਰ ਕੇ ਆਪਣੀ ਜਾਨ ਗਵਾੳਂੁਦਾ। ਇਸ ਤਰ੍ਹਾਂ ਹੌਲਦਾਰ ਈਸ਼ਰ ਸਿੰਘ ਸਮੇਤ ਨੇ ਕਈ ਘੰਟੇ ਲੜਦੇ ਹੋਏ 200 ਤੋਂ ਵੱਧ ਧਾੜਵੀਆਂ ਨੂੰ ਮਾਰ ਕੇ ਵੀਰਗਤੀ ਪਾਈ।

ਇਹ ਸਾਰੀ ਜੰਗ ਦੀ ਵਾਰਤਾ ਸਿਪਾਹੀ ਗੁਰਮੁੱਖ ਸਿੰਘ ਘੜੀ ਦੇ ਉਪਰਲੇ ਟਾਵਰ ’ਤੇ ਖੜੋ ਕੇ ਕਿਲ੍ਹਾ ਲੋਹਗੜ ਵਿਚ ਰਿਕਾਰਡ ਕਰਵਾ ਰਿਹਾ ਸੀ। ਅਖੀਰ ਵਿਚ ਉਸ ਨੇ ਇਹ ਸੁਨੇਹਾ ਭੇਜਿਆ ਕਿ ਸਾਰੀ ਪਲਟਨ ਸ਼ਹੀਦੀ ਪਾ ਚੁੱਕੀ ਹੈ ਅਤੇ ਉਹ ਵੀ ਹੁਣ ਬੰਦੂਕ ਚੁੱਕ ਕੇ ਲੜਨ ਜਾ ਰਿਹਾ ਹੈ। ਉਹ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਲਗਾ ਕੇ ਦੁਸ਼ਮਣ ’ਤੇ ਟੁੱਟ ਪਿਆ ਅਤੇ ਕਈਆਂ ਨੂੰ ਮਾਰ ਕੇ ਆਪਣੀ ਜਾਨ ਦੇ ਗਿਆ।

ਕਬਾਇਲੀ ਫ਼ੌਜਾਂ ਨੇ ਗੜ੍ਹੀ ਦੀਆਂ ਦੀਵਾਰਾਂ ਢਾਹ ਦਿੱਤੀਆਂ ਅਤੇ ਜਿੱਤ ਦੀਆਂ ਖ਼ੁਸ਼ੀਆਂ ਮਨਾਈਆਂ ਪਰ ਦੂਸਰੇ ਦਿਨ ਅੰਗਰੇਜ਼ ਫ਼ੌਜ ਜਿਸ ਵਿਚ ਸਾਰੀ ਸਿੱਖ ਪਲਟਨ ਸੀ ਉਨ੍ਹਾਂ ਨੂੰ ਉਥੋਂ ਉਖੇੜ ਦਿੱਤਾ। ਸਾਰਾਗੜ੍ਹੀ ਵਿਖੇ ਇਕ ਪੱਥਰ ਦੀ ਲਾਟ ਬਣਾਈ ਗਈ ਜਿਸ ’ਤੇ 21 ਜਵਾਨਾਂ ਦੇ ਨਾਂ ਲਿਖਾਏ ਗਏ।

ਅੱਜ ਜਦ ਤਾਲਿਬਾਨ ਨੂੰ ਵੇਖ-ਵੇਖ ਕੇ ਲੋਕ ਹੈਰਾਨ ਹੰੁਦੇ ਹਨ ਤੇ ਮਨ ਵਿਚ ਡਰ ਪੈਦਾ ਹੁੰਦਾ ਹੈ ਉਸ ਸਮੇਂ ਸਾਰਾਗੜ੍ਹੀ ਦਾ ਇਤਿਹਾਸ ਅਤੇ ਸ. ਹਰੀ ਸਿੰਘ ਨਲੂਆ ਦੀਆਂ ਜਿੱਤੀਆਂ ਜੰਗਾਂ ਪੜ੍ਹ ਕੇ ਲੋਕਾਂ ਵਿਚ ਉਤਸ਼ਾਹ ਪੈਦਾ ਹੁੰਦਾ ਹੈ। ਪੰਜਾਬੀ ਫ਼ੌਜੀਆਂ ਨੇ ਜਿੰਨੀਆਂ ਮੱਲਾਂ ਮਾਰੀਆਂ ਹਨ ਉਸ ਦਾ ਜਿੰਨਾ ਪ੍ਰਚਾਰ ਕੀਤਾ ਜਾਵੇ ਉਹ ਨੌਜਵਾਨਾਂ ਲਈ ਲਾਹੇਵੰਦ ਹੈ। ਅਸੀਂ ਅਫ਼ਗਾਨਿਸਤਾਨ ਦੇ ਲੋਕਾਂ ਦੇ ਹਮਦਰਦ ਹਾਂ ਸਾਡੀ ਉਨ੍ਹਾਂ ਨਾਲ ਸਦੀਵੀ ਦੋਸਤੀ ਰਹੀ ਹੈ। ਸਾਡੇ ਗੁਰੂ ਸਾਹਿਬਾਨ ਵੀ ਉੱਥੇ ਗਏ ਹਨ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨ ਵੀ ਹਨ।

ਇਤਿਹਾਸਕ ਸਾਰਾਗੜ੍ਹੀ ਗੁਰਦੁਆਰੇ ਬਣਾਏ

ਸਾਰਾਗੜ੍ਹੀ ਜੰਗ ਨੂੰ ਇਤਿਹਾਸ ਵਿਚ 2500 ਸਾਲ ਪਹਿਲਾਂ (Thermoplae) ਥਰਮੋਪਲੇ ਵਿਖੇ ਯੂਨਾਨੀ ਫ਼ੌਜ ਦੀ ਟੁਕੜੀ ਅਤੇ ਪਰਸ਼ੀਅਨ ਫ਼ੌਜ ਵਿਚ ਹੋਈ ਜੰਗ ਵਾਂਗ ਮਹੱੱਤਤਾ ਦਿੱਤੀ ਗਈ ਹੈ। ਯੂਨੈਸਕੋ ਨੇ ਦੁਨੀਆ ਦੇ ਇਤਿਹਾਸ ਦੀਆਂ ਜੋ ਬਹਾਦਰੀ ਦਿਖਾਉਣ ਵਾਲੀਆਂ 6 ਜੰਗਾਂ ਬਾਰੇ ਲਿਖਿਆ ਹੈ ਉਨ੍ਹਾਂ ਵਿਚ ਸਾਰਾਗੜ੍ਹੀ ਜੰਗ ਦਾ ਵੀ ਜ਼ਿਕਰ ਹੈ। ਫਰਾਂਸ ਦੇਸ਼ ਵਿਚ ਸਕੂਲਾਂ ਦੇ ਸਲੇਬਸ ਵਿਚ ਇਸ ਸਾਰਾਗੜ੍ਹੀ ਜੰਗ ਦੀ ਬਹਾਦਰੀ ਦੇ ਕਾਰਨਾਮੇ ਪੜ੍ਹਾਏ ਜਾਂਦੇ ਹਨ। ਅੰਗਰੇਜ਼ਾਂ ਨੇ ਫਿਰੋਜ਼ਪੁਰ ਛਾਉਣੀ ਅਤੇ ਅੰਮਿ੍ਰਤਸਰ ਵਿਚ ਇਤਿਹਾਸਕ ਸਾਰਾਗੜ੍ਹੀ ਗੁਰਦੁਆਰੇ ਬਣਾਏ ਸਨ। ਭਾਰਤ ਵਿਚ ਉਸ ਸਮੇਂ ਦਾ ਸਭ ਤੋਂ ਵੱਡਾ ਫ਼ੌਜੀ ਇਨਾਮ (order of merit ) ਇਨ੍ਹਾਂ 21 ਫ਼ੌਜੀਆਂ ਨੂੰ ਦਿੱਤਾ ਗਿਆ। ਇਹੋ ਜਿਹਾ ਸਨਮਾਨ ਪਹਿਲੀ ਵਾਰ ਦੀਤਾ ਗਿਆ ਸੀ। ਇੰਗਲੈਡ ਵਿਚ ਸੈਂਡਰਸ ਆਰਮੀ ਅਕੈਡਮੀ ਵਿਚ ਸਾਰਾਗੜ੍ਹੀ ਲੈਕਚਰ ਕਰਵਾਏ ਜਾਂਦੇ ਹਨ। ਪਿੱਛੇ ਜਿਹੇ ਭਾਰਤ ਵਿਚ ਕੇਸਰੀ ਨਾਂ ਦੀ ਫਿਲਮ ਸਾਰਾਗੜੀ੍ਹ ਸਾਕੇ ਬਾਰੇ ਬਣੀ ਸੀ ਜਿਸ ਦੀ ਹਰ ਪਾਸੇ ਪ੍ਰਸ਼ੰਸਾ ਹੋਈ। ਦੋ-ਤਿੰਨ ਹੋਰ ਫਿਲਮਾਂ ਸਾਰਾਗੜ੍ਹੀ ਬਾਰੇ ਬਣਨ ਦੀ ਚਰਚਾ ਚੱਲ ਰਹੀ ਹੈ। ਪੰਜਾਬ ਸਰਕਾਰ ਨੇ ਵੀ ਸਕੂਲ ਦੀਆਂ ਕਿਤਾਬਾਂ ਵਿਚ ਇਸ ਬਾਰੇ ਪੜ੍ਹਾਈ ਕਰਵਾਈ ਜਾਣ ਬਾਰੇ ਵਿਚਾਰ ਕੀਤਾ ਹੈ।

Posted By: Harjinder Sodhi