ਕਿਤਾਬਾਂ ਇਨਸਾਨ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ ਅਤੇ ਉਸ ਨੂੰ ਜ਼ਿੰਦਗੀ ਜਿਊਣ ਦਾ ਵੱਲ ਸਿਖਾਉਂਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਜਿੱਥੇ ਇਨਸਾਨ ਦੀ ਸੋਚ ਵਿਕਾਸ ਕਰਦੀ ਹੈ, ਉੱਥੇ ਹੀ ਉਸ ਦੀ ਸੋਚ ਨੂੰ ਹਾਂ-ਪੱਖੀ ਰੱਖਣ ਦਾ ਕੰਮ ਵੀ ਪੁਸਤਕਾਂ ਕਰਦੀਆਂ ਹਨ। ਵਿਦਿਆਰਥੀ ਜੀਵਨ ਵਿਚ ਕਿਤਾਬਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਹੈ ਅਤੇ ਇਸ ਉਮਰ ਵਿਚ ਜੇਕਰ ਕਿਤਾਬਾਂ ਪੜ੍ਹਨ ਦੀ ਚੇਟਕ ਲੱਗ ਜਾਵੇ ਤਾਂ ਇਨਸਾਨ ਪੱਕੇ ਤੌਰ ’ਤੇ ਉਨ੍ਹਾਂ ਨਾਲ ਜੁੜ ਜਾਂਦਾ ਹੈ। ਇਸ ਲਈ ਵਿਦਿਆਰਥੀ ਜੀਵਨ ਤੋਂ ਹੀ ਸਕੂਲੀ ਸਿਲੇਬਸ ਦੇ ਨਾਲ-ਨਾਲ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਪੜ੍ਹਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ ਕਿਉਂਕਿ ਲਾਇਬ੍ਰੇਰੀ ਕੋਲ ਅਜਿਹੀਆਂ ਹਜ਼ਾਰਾਂ ਕਿਤਾਬਾਂ ਹੁੰਦੀਆਂ ਹਨ ਜੋ ਬਹੁਤ ਮਹਿੰਗੀਆਂ ਅਤੇ ਦੁਰਲਭ ਹੁੰਦੀਆਂ ਹਨ। ਹਰ ਵਿਦਿਆਰਥੀ ਦੇ ਹੱਥ-ਵੱਸ ਨਹੀਂ ਹੁੰਦਾ ਕਿ ਉਹ ਇਨ੍ਹਾਂ ਕਿਤਾਬਾਂ ਨੂੰ ਖ਼ਰੀਦ ਕੇ ਪੜ੍ਹ ਸਕੇ। ਇਸ ਲਈ ਉਸ ਨੂੰ ਲਾਇਬ੍ਰੇਰੀ ਵਿਚਲੀਆਂ ਪੁਸਤਕਾਂ ’ਤੇ ਜ਼ਿਆਦਾ ਟੇਕ ਰੱਖਣੀ ਚਾਹੀਦੀ ਹੈ। ਇਸ ਤੋਂ ਬਿਨਾਂ ਲਾਇਬ੍ਰੇਰੀ ਵਿਚ ਰੱਖੀ ਕੋਈ ਕਿਤਾਬ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਸੰਵਾਰ ਸਕਦੀ ਹੈ। ਲਾਇਬ੍ਰੇਰੀ ਦੀਆਂ ਕਿਤਾਬਾਂ ਵਿਚ ਮੁੱਖ ਤੌਰ ’ਤੇ ਮਹਾਨ ਇਨਸਾਨਾਂ ਦੇ ਜੀਵਨ ਨਾਲ ਸਬੰਧਤ ਕਿਤਾਬਾਂ, ਧਾਰਮਿਕ ਪੁਸਤਕਾਂ, ਸਵੈ-ਜੀਵਨੀਆਂ, ਸਫ਼ਰਨਾਮੇ, ਕਵਿਤਾਵਾਂ, ਕਹਾਣੀਆਂ ਅਤੇ ਬਾਲ ਸਾਹਿਤ ਪੁਸਤਕਾਂ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੀਆਂ ਪੁਸਤਕਾਂ ਮੌਜੂਦ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਇਨਸਾਨ ਆਪਣੇ ਜੀਵਨ ਲਈ ਚੰਗੇਰੀ ਸੇਧ ਲੈ ਸਕਦਾ ਹੈ। ਮਨੁੱਖੀ ਜੀਵਨ ਨੂੰ ਵਧੀਆ ਬਣਾਉਣ ਲਈ ਚੰਗੀਆਂ ਕਿਤਾਬਾਂ ਦੀ ਭੂਮਿਕਾ ਓਨੀ ਹੀ ਮਹੱਤਵਪੂਰਨ ਹੈ ਜਿੰਨਾ ਸਰੀਰ ਵਿਚ ਦਿਲ। ਇਹੀ ਕਿਤਾਬਾਂ ਜਿੱਥੇ ਸਾਡੀ ਰੋਜ਼ੀ-ਰੋਟੀ ਦਾ ਸਾਧਨ ਬਣਦੀਆਂ ਹਨ, ਉੱਥੇ ਹੀ ਸਾਨੂੰ ਸਹੀ ਦਿਸ਼ਾ ਵਿਚ ਸੋਚਣ-ਸਮਝਣ ਦਾ ਬਲ ਬਖਸ਼ਦੀਆਂ ਹਨ। ਜੇਕਰ ਪੱਛਮੀ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਲੋਕ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਕਿਤਾਬਾਂ ਪੜ੍ਹਨ ਲਈ ਸਮਾਂ ਕੱਢ ਲੈਂਦੇ ਹਨ ਅਤੇ ਕਿਸੇ ਖ਼ਾਸ ਮੌਕੇ ਪਦਾਰਥਵਾਦੀ ਵਸਤਾਂ ਦੇਣ ਦੀ ਜਗ੍ਹਾ ਕਿਤਾਬਾਂ ਦੇਣੀਆਂ ਪਸੰਦ ਕਰਦੇ ਹਨ ਪਰ ਸਾਡੇ ਮੁਲਕ ਵਿਚ ਇਨ੍ਹਾਂ ਚੀਜ਼ਾਂ ਦੀ ਅਣਹੋਂਦ ਹੈ। ਸਾਡੀ ਨੌਜਵਾਨ ਪੀੜ੍ਹੀ ਦਾ ਕਿਤਾਬਾਂ ਨਾਲੋਂ ਮੋਹ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਉਹ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ ਉੱਤੇ ਬਿਤਾ ਰਹੀ ਹੈ। ਘੰਟਿਆਂ ਬੱਧੀ ਮੋਬਾਈਲ ਦੀ ਵਰਤੋਂ ਕਰਨ ਲਈ ਅੱਜ ਦੀ ਪੀੜ੍ਹੀ ਕੋਲ ਸਮਾਂ ਹੈ ਪਰ ਕਿਤਾਬਾਂ ਪੜ੍ਹਨ ਲਈ ਬਹੁਤਿਆਂ ਕੋਲ ਸਮਾਂ ਨਹੀਂ ਹੈ। ਕਿਸੇ ਨੌਜਵਾਨ ਨੂੰ ਪੁੱਛਿਆ ਜਾਵੇ ਕਿ ਉਸ ਨੇ ਆਖ਼ਰੀ ਵਾਰ ਕਿਹੜੀ ਕਿਤਾਬ ਪੜ੍ਹੀ ਸੀ ਤਾਂ ਉਹ ਸ਼ਾਇਦ ਹੀ ਇਸ ਸਵਾਲ ਦਾ ਜਵਾਬ ਦੇ ਸਕੇ। ਇਸ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਈ ਜਾਵੇ ਤਾਂ ਜੋ ਬੱਚਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ।

-ਪਿ੍ੰਸ ਅਰੋੜਾ।

Posted By: Jagjit Singh