-ਪ੍ਰੋ. ਰਜਨੀਸ਼ ਕੁਮਾਰ ਸ਼ੁਕਲ

-------------------

ਇਕ ਵਿਸ਼ਾਣੂ ਅਰਥਾਤ ਕੋਰੋਨਾ ਵਾਇਰਸ ਨੇ ਐਟਮੀ ਹਥਿਆਰਾਂ ਨਾਲ ਲੈਸ ਦੁਨੀਆ ਵਿਚ ਖਲਬਲੀ ਮਚਾ ਦਿੱਤੀ ਹੈ। ਵਿਕਸਤ ਰਾਸ਼ਟਰਾਂ ਵਿਚ ਭੈਅ ਤੋਂ ਬਾਹਰ ਨਿਕਲ ਕੇ ਆਰਥਿਕ ਸਰਗਰਮੀਆਂ ਸ਼ੁਰੂ ਕਰਨ ਦੀ ਮੰਗ ਸੁਣਾਈ ਦੇ ਰਹੀ ਹੈ। ਇਸ ਮੰਗ ਦੇ ਸਮਾਨਾਂਤਰ ਕੁਝ ਅਹਿਮ ਪ੍ਰਸ਼ਨ ਵੀ ਹਨ। ਜਿਵੇਂ ਕਿ ਵਿਗਿਆਨ ਅਤੇ ਤਕਨੀਕ ਦੇ ਸਿਖ਼ਰ 'ਤੇ ਪੁੱਜੇ ਹੋਏ ਦੇਸ਼ ਆਖ਼ਰ ਸਿਹਤ ਸਹੂਲਤਾਂ ਅਤੇ ਜੀਵਨ ਰੱਖਿਅਕ ਸਾਜ਼ੋ-ਸਾਮਾਨ ਦੀ ਘਾਟ ਨਾਲ ਕਿਉਂ ਜੂਝ ਰਹੇ ਹਨ? ਲੰਡਨ, ਰੋਮ, ਪੈਰਿਸ ਅਤੇ ਇਨ੍ਹਾਂ ਸਭ ਤੋਂ ਵੱਧ ਕੇ ਨਿਊਯਾਰਕ ਇਸ ਮਹਾਮਾਰੀ ਦੇ ਸਭ ਤੋਂ ਵੱਧ ਲਪੇਟ ਵਿਚ ਆਉਣ ਵਾਲੇ ਨਗਰ ਕਿਉਂ ਸਿੱਧ ਹੋਏ? ਆਰਥਿਕ ਸਰਗਰਮੀਆਂ ਦਾ ਮਤਲਬ ਨਾ ਤਾਂ ਖੇਤੀ ਹੈ ਅਤੇ ਨਾ ਹੀ ਖੇਤੀ ਆਧਾਰਿਤ ਅਜਿਹੇ ਉਤਪਾਦ ਜੋ ਮਨੁੱਖ ਲਈ ਲਾਜ਼ਮੀ ਹਨ। ਭਾਰਤੀ ਸੰਦਰਭਾਂ ਵਿਚ ਸੱਭਿਅਤਾ ਦੀ ਦ੍ਰਿਸ਼ਟੀ ਨਾਲ ਦੋ ਮਹੱਤਵਪੂਰਨ ਸਥਿਤੀਆਂ ਹਨ। ਇਸ ਬਿਪਤਾ ਦੇ ਸਮੇਂ ਸ਼ਹਿਰ ਮਜ਼ਦੂਰਾਂ ਨੂੰ ਸੰਭਾਲਣ ਲਈ ਤਿਆਰ ਨਹੀਂ ਹਨ ਜਿਨ੍ਹਾਂ ਦੀ ਮਿਹਨਤ ਦੇ ਬਲ 'ਤੇ ਉਨ੍ਹਾਂ (ਸ਼ਹਿਰਾਂ) ਦੀ ਚਮਕ-ਦਮਕ ਸੰਭਵ ਹੋ ਸਕੀ ਹੈ। ਦੂਜੇ ਬੰਨੇ ਪਿੰਡ ਉਨ੍ਹਾਂ ਨੂੰ ਸਵੀਕਾਰ ਕਰਨ ਲਈ ਬਾਹਾਂ ਫੈਲਾ ਕੇ ਖੜ੍ਹੇ ਹਨ ਜਿਨ੍ਹਾਂ ਨੂੰ ਮਜ਼ਦੂਰਾਂ ਨੇ ਕੁਝ ਵੱਧ ਸਹੂਲਤਾਂ ਅਤੇ ਸੁੱਖ ਲਈ ਛੱਡ ਦਿੱਤਾ ਸੀ। ਲੱਖਾਂ ਦੀ ਗਿਣਤੀ ਵਿਚ ਸੜਕਾਂ ਅਤੇ ਰੇਲਵੇ ਟਰੈਕਾਂ 'ਤੇ ਬਾਲ-ਬੱਚਿਆਂ ਨਾਲ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕਰ ਕੇ ਘਰਾਂ ਨੂੰ ਪਰਤ ਰਹੇ ਪਰਵਾਸੀ ਮਜ਼ਦੂਰਾਂ ਦੀ ਦੁੱਖਭਰੀ ਗਾਥਾ ਨੂੰ ਸ਼ਬਦਾਂ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ। ਭਾਰਤ ਵਿਚ ਦਿੱਲੀ, ਮੁੰਬਈ, ਅਹਿਮਦਾਬਾਦ, ਹੈਦਰਾਬਾਦ, ਬੈਂਗਲੁਰੂ ਇਹ ਸਭ ਸਮਾਜ ਜੀਵਨ ਦੇ ਖੇਤਰ ਵਿਚ ਡਾਰਵਿਨ ਦੇ ਉਸ ਸਿਧਾਂਤ ਦੀ ਮਜ਼ਬੂਤ ਮਿਸਾਲ ਬਣ ਕੇ ਉੱਭਰੇ ਹਨ ਜਿਸ ਵਿਚ ਨਿਰਬਲ ਦੇ ਜੀਵਨ ਲਈ ਕੋਈ ਮਤਲਬ ਨਹੀਂ ਹੈ। ਮਹਾਮਾਰੀ ਦੇ ਇਸ ਕਾਲਖੰਡ ਤੋਂ ਬਾਅਦ ਭੌਤਿਕਵਾਦੀ ਲਾਲਚ ਅਤੇ ਉਦਾਰਵਾਦੀ ਹੰਕਾਰ ਦੇ ਵਿਚਾਲੇ ਦਾ ਪ੍ਰਤੱਖ ਯੁੱਧ ਵੀ ਹੋਵੇਗਾ। ਅਜਿਹੇ ਵਿਚ ਕੋਰੋਨਾ ਤੋਂ ਬਾਅਦ ਦਾ ਜੀਵਨ ਕਿਹੋ ਜਿਹਾ ਹੋਵੇਗਾ, ਇਸ ਨੂੰ ਲੈ ਕੇ ਸਾਰੀ ਦੁਨੀਆ ਦੇ ਨੀਤੀਘਾੜੇ, ਰਾਜਨੀਤੀ ਵਿਗਿਆਨੀ, ਸਮਾਜ ਸ਼ਾਸਤਰੀ ਅਤੇ ਮਨੋਵਿਗਿਆਨੀ ਵਿਚਾਰ-ਮੰਥਨ ਕਰ ਰਹੇ ਹਨ ਪਰ ਜਿਸ ਇਕ ਗੱਲ ਦੀ ਸਭਨਾਂ ਨੇ ਅਣਦੇਖੀ ਕੀਤੀ ਹੈ, ਉਹ ਇਹ ਕਿ ਉਤਪਾਦਿਕਤਾ ਅਤੇ ਖ਼ਪਤ ਦੀ ਆਧੁਨਿਕ ਸੱਭਿਅਤਾ ਨੇ ਮਨੁੱਖ ਨੂੰ ਇੰਦਰੀ ਸਵਾਦਾਂ ਦਾ ਕਿਸ ਕਦਰ ਗ਼ੁਲਾਮ ਬਣਾਇਆ ਹੈ। ਭਾਰਤ ਵਰਗੇ ਰਵਾਇਤੀ ਦੇਸ਼ ਵਿਚ ਲਾਕਡਾਊਨ ਵਿਚ ਥੋੜ੍ਹੀ ਢਿੱਲ ਤੋਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਦੇ ਸਾਹਮਣੇ ਲੱਗੀਆਂ ਲੰਬੀਆਂ ਕਤਾਰਾਂ ਇਸੇ ਦਾ ਸਬੂਤ ਸਨ। ਇਸ ਲਈ ਅੱਜ ਸਮਕਾਲੀ ਸੱਭਿਅਤਾ 'ਤੇ ਇਕ ਮੌਲਿਕ ਵਿਚਾਰ-ਚਰਚਾ ਹੋਣੀ ਵਕਤ ਦੀ ਨਜ਼ਾਕਤ ਹੈ ਜਿਵੇਂ ਗਾਂਧੀ ਜੀ ਨੇ 1909 ਵਿਚ ਹਿੰਦ ਸਵਰਾਜ ਪੁਸਤਕ ਜ਼ਰੀਏ ਕੀਤੀ ਸੀ। ਫਿਰ ਵੀ ਗਾਂਧੀ ਜੀ ਨੇ ਕਿਹਾ ਸੀ ਕਿ ਰੇਲਗੱਡੀ ਮਹਾਮਾਰੀ ਫੈਲਾਉਂਦੀ ਹੈ, ਇਸ ਲਈ ਇਹ ਬੰਦ ਹੋਣੀ ਚਾਹੀਦੀ ਹੈ। ਕੋਰੋਨਾ ਵਾਇਰਸ ਤੋਂ ਉਪਜੀ ਮਹਾਮਾਰੀ ਹਵਾਈ ਜਹਾਜ਼ਾਂ ਜ਼ਰੀਏ ਫੈਲੀ ਹੈ। ਚੀਨ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆ ਦੇ ਦੋ ਸੌ ਦੇਸ਼ਾਂ ਵਿਚ ਕੋਰੋਨਾ ਫੈਲਾਉਣ ਵਾਲੇ ਲੋਕ ਜਹਾਜ਼ਾਂ ਰਾਹੀਂ ਹੀ ਸਫ਼ਰ ਕਰ ਰਹੇ ਸਨ ਅਤੇ ਉਨ੍ਹਾਂ ਵਿਚੋਂ ਨਾ ਕੋਈ ਅਨਪੜ੍ਹ ਸੀ ਅਤੇ ਨਾ ਕੋਈ ਅਪਾਹਜ। ਮਹਾਮਾਰੀਆਂ ਤਾਂ ਹਰ ਸੌ-ਡੇਢ ਸੌ ਸਾਲ ਵਿਚ ਫੈਲੀਆਂ ਹਨ ਪਰ ਦੁਨੀਆ ਦੇ ਇੰਨੇ ਵੱਧ ਦੇਸ਼ਾਂ ਨੂੰ ਗ੍ਰਸਣ ਵਾਲੀ ਮਹਾਮਾਰੀ ਪਹਿਲੀ ਵਾਰ ਆਈ ਹੈ। ਇਸ ਲਈ ਪਹਿਲੀ ਵਾਰ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਵਿਕਸਤ ਹੋਣਾ, ਖ਼ੁਸ਼ਹਾਲ ਹੋਣਾ ਅਤੇ ਫ਼ੌਜੀ ਤੌਰ 'ਤੇ ਤਾਕਤਵਰ ਹੋਣਾ ਕਿਸੇ ਵੀ ਰਾਸ਼ਟਰ ਜਾਂ ਸਮਾਜ ਲਈ ਸੁੱਖਮਈ ਜੀਵਨ ਦੀ ਗਾਰੰਟੀ ਨਹੀਂ ਹੈ ਸਗੋਂ ਆਪਣੇ ਮੂਲ ਦੇ ਨਾਲ ਜੁੜੇ ਰਹਿਣਾ, ਧਰਤੀ ਦੇ ਹਜ਼ਾਰਾਂ ਸਾਲ ਦੇ ਤਜਰਬੇ ਤੋਂ ਵਿਕਸਤ ਜੀਵਨ ਪ੍ਰਣਾਲੀ ਨੂੰ ਸਵੀਕਾਰ ਕਰਨਾ ਅਤੇ ਸਵੈ-ਆਸ਼ਰਿਤ ਸਮਾਜ ਦਾ ਨਿਰਮਾਣ ਹੀ ਸੁਚੱਜੀ ਸੱਭਿਅਤਾ ਦੇ ਆਧਾਰ ਹਨ। ਕੋਰੋਨਾ ਵਾਇਰਸ ਨੇ ਇਕ ਹੋਰ ਸਵਾਲ ਖੜ੍ਹਾ ਕੀਤਾ ਹੈ। ਗਲੋਬਲ ਵਿਲੇਜ (ਵਿਸ਼ਵ ਪਿੰਡ) ਦੀ ਧਾਰਨਾ ਮਨੁੱਖਾਂ ਦੇ ਮੁਕਤ ਸੋਚ-ਵਿਚਾਰ, ਮੁਕਤ ਵਪਾਰ ਅਤੇ ਵਿਸ਼ਵ ਪੱਧਰੀ ਆਰਥਿਕ ਸਰਗਰਮੀਆਂ ਨਾਲ ਮੂਰਤ ਰੂਪ ਨਹੀਂ ਹੋਵੇਗੀ ਸਗੋਂ ਉਦੋਂ ਮੂਰਤ ਰੂਪ ਲਵੇਗੀ ਜਦ ਆਜ਼ਾਦੀ ਦੀ ਕਦਰ ਕੀਤੀ ਜਾਵੇਗੀ। ਸਥਾਈ ਤੇ ਸਥਿਰ ਸਮਾਜਿਕ ਵਿਵਸਥਾ ਦਾ ਨਿਰਮਾਣ ਕਰਨਾ ਹੋਵੇਗਾ, ਨਹੀਂ ਤਾਂ ਇਸ ਮਹਾਮਾਰੀ ਤੋਂ ਬਾਅਦ ਦੀ ਦੁਨੀਆ ਹੋਰ ਵੱਧ ਅਣ-ਮਨੁੱਖੀ ਹੋਵੇਗੀ। ਮੌਜੂਦਾ ਦੌਰ ਦੇਖਣ ਤੋਂ ਬਾਅਦ ਜ਼ਿਆਦਾਤਰ ਇਨਸਾਨ ਇਹ ਹਰਗਿਜ਼ ਨਹੀਂ ਚਾਹੁਣਗੇ ਕਿ ਸੰਸਾਰ ਵਿਚ ਅਣ-ਮਨੁੱਖੀ ਵਰਤਾਰਾ ਵਧੇ-ਫੁੱਲੇ। ਗਿਰਾਵਟ ਨਾਲ ਭਰਪੂਰ ਸਮਾਜ ਨੂੰ ਪਸੰਦ ਨਹੀਂ ਕੀਤਾ ਜਾ ਸਕਦਾ। ਦੇਸ਼ਾਂ ਵਿਚਾਲੇ ਨਫ਼ਰਤਾਂ ਤੋਂ ਮੁਕਤੀ ਵਾਲੇ ਸੰਸਾਰ ਦੀ ਕਲਪਨਾ ਕਰਨੀ ਬਣਦੀ ਹੈ। ਇਸ ਦੇ ਲਈ ਰਾਸ਼ਟਰਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਆਪਣੇ ਨਾਗਰਿਕਾਂ ਨੂੰ ਇੰਦਰੀਆਂ ਦੇ ਸੁੱਖ ਵਾਲੇ ਜੀਵਨ ਦੀ ਥਾਂ ਹਕੀਕੀ ਜੀਵਨ ਸੁੱਖ ਦੀ ਪ੍ਰਾਪਤੀ ਦੀ ਵਿਧੀ ਦੀ ਸਿਖਲਾਈ ਦੇਣੀ ਹੋਵੇਗੀ। ਜ਼ਰੂਰੀ ਨਹੀਂ ਕਿ ਉਹੀ ਵਸਤ ਚੰਗੀ ਹੋਵੇ ਜਾਂ ਸਾਨੂੰ ਚੰਗੀ ਲੱਗਦੀ ਹੈ। ਸੰਜਮ ਭਰਪੂਰ ਅਤੇ ਸਾਦਗੀ ਵਾਲੀ ਜੀਵਨ-ਸ਼ੈਲੀ ਦੀ ਦਰਕਾਰ ਹੋਵੇਗੀ।

ਭਾਰਤੀ ਸੰਦਰਭਾਂ ਵਿਚ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਰਵਾਇਤੀ ਭਾਰਤੀ ਜੀਵਨ ਦਾ ਢਾਂਚਾ ਫਿਰ ਤੋਂ ਖੜ੍ਹਾ ਕਰ ਕੇ ਸਮਾਜ ਨਵਾਂ ਹੋਵੇਗਾ ਪਰ ਪੁਰਾਣੀਆਂ ਕਦਰਾਂ-ਕੀਮਤਾਂ ਸਵੀਕਾਰ ਕਰ ਕੇ। ਗਾਂਧੀ ਜੀ ਨੇ 1909 ਵਿਚ ਹੀ ਇਸ ਗੱਲ ਨੂੰ ਸਾਫ਼ ਲਫ਼ਜ਼ਾਂ ਵਿਚ ਕਿਹਾ ਸੀ ਕਿ ਭਾਰਤ ਨੂੰ ਸੱਚੇ ਸਵਰਾਜ ਦੀ ਸਥਾਪਨਾ ਕਰਨੀ ਹੋਵੇਗੀ। ਭਾਰਤ ਦਾ ਸੱਚਾ ਸਵਰਾਜ ਕੇਵਲ ਭਾਰਤ ਲਈ ਜ਼ਰੂਰੀ ਨਹੀਂ ਹੈ ਸਗੋਂ ਪੂਰੀ ਦੁਨੀਆ ਲਈ ਜ਼ਰੂਰੀ ਹੈ। ਇਹ ਸਹੀ ਹੈ ਕਿ 21ਵੀਂ ਸਦੀ ਦਾ ਜੋ ਸਮਾਜ ਹੈ, ਉਸ ਨੂੰ 1909 ਵਿਚ ਨਹੀਂ ਲਿਜਾਇਆ ਜਾ ਸਕਦਾ ਪਰ ਮਨੁੱਖੀ ਸੱਭਿਅਤਾ ਦਾ ਇਤਿਹਾਸ ਹਜ਼ਾਰਾਂ ਸਾਲਾਂ ਦਾ ਹੈ। ਹਰ ਆਫ਼ਤ ਅਤੇ ਵੱਡੀ ਜੰਗ ਤੋਂ ਬਾਅਦ ਦੁਨੀਆ ਨੇ ਦਿਸ਼ਾ ਬਦਲੀ ਹੈ। ਟੀਚੇ ਬਦਲੇ ਹਨ। ਇਸ ਮਹਾਮਾਰੀ ਨੇ ਸਟਾਰਵਾਰ ਦੀ ਕਲਪਨਾ ਵਾਲੀ ਸੱਭਿਅਤਾ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਮੰਗੋਲੀਆ, ਕੰਬੋਡੀਆ, ਵੀਅਤਨਾਮ, ਭੂਟਾਨ ਅਤੇ ਕਾਫ਼ੀ ਹੱਦ ਤਕ ਭਾਰਤ ਵੀ ਖੜ੍ਹਾ ਹੈ ਤਾਂ ਇਸ ਲਈ ਕਿ ਇੱਥੇ ਪਿੰਡ ਜ਼ਿੰਦਾ ਹਨ, ਖੇਤੀ ਦੀ ਸੰਸਕ੍ਰਿਤੀ ਜ਼ਿੰਦਾ ਹੈ। ਇਨ੍ਹਾਂ ਸਭ ਥਾਵਾਂ 'ਤੇ ਖੇਤੀ ਵਪਾਰ ਨਹੀਂ ਹੈ। ਜੀਵਨ ਦਾ ਆਧਾਰ ਸੀ ਅਤੇ ਹੈ। ਖੇਤੀ ਦਾ ਮਤਲਬ ਹੈ ਉਗਾਉਣਾ। ਬਣਾਉਣਾ ਨਹੀਂ। ਬਣਾਉਂਦੇ ਹਾਂ ਤਾਂ ਮਸਨੂਈ ਹੁੰਦਾ ਹੈ, ਉਗਾਉਂਦੇ ਹਾਂ ਤਾਂ ਸਹਿਜ ਹੁੰਦਾ ਹੈ। ਜਦ ਅਸੀਂ ਉਗਾਉਣ ਜਾਂ ਉਪਜਾਉਣ ਤੋਂ ਮੂੰਹ ਮੋੜ ਕੇ ਬਣਾਉਣ ਅਤੇ ਉਤਪਾਦਿਤ ਕਰਨ ਦੀ ਸੱਭਿਅਤਾ ਦਾ ਨਿਰਮਾਣ ਕਰਦੇ ਹਾਂ ਤਾਂ ਉਹ ਮਸਨੂਈ ਹੁੰਦੀ ਹੈ ਅਤੇ ਸਹਿਜ-ਸੁਭਾਵਿਕ ਜੀਵਨ ਦੇ ਵਿਰੁੱਧ ਵੀ। ਇਸ ਨੂੰ ਫਿਰ ਇਕ ਵਾਰ ਦੁਨੀਆ ਨੂੰ ਸਮਝਣਾ ਹੋਵੇਗਾ, ਨਹੀਂ ਤਾਂ ਕੋਈ ਨਵਾਂ ਵਿਸ਼ਾਣੂ ਕਿਸੇ ਨਵੇਂ ਦੇਸ਼ ਵਿਚ ਪੈਦਾ ਹੋਵੇਗਾ ਅਤੇ ਫਿਰ ਦੁਨੀਆ ਵਿਚ ਤਹਿਲਕਾ ਮਚਾਵੇਗਾ। ਭੈਅ ਅਤੇ ਖ਼ਦਸ਼ੇ 'ਤੇ ਆਧਾਰਿਤ ਜੀਵਨ ਸੱਭਿਆ ਨਹੀਂ ਹੋ ਸਕਦਾ। ਸੱਭਿਅਤਾ ਤਾਂ ਉਹੀ ਹੈ ਜੋ ਸਭ ਵਿਚ ਨਿਡਰਤਾ ਪੈਦਾ ਕਰੇ। ਨਿਡਰਤਾ ਸਭ ਵਿਅਕਤੀਆਂ ਵਿਚ, ਸੂਬਿਆਂ ਵਿਚ, ਦੇਸ਼ਾਂ ਵਿਚ ਹੋਵੇ। ਮਨੁੱਖ ਅਤੇ ਕੁਦਰਤ ਦਾ ਆਪਸ ਵਿਚ ਕੋਈ ਵੈਰ ਨਾ ਹੋਵੇ। ਆਪਸੀ ਭਾਈਚਾਰਕ ਸਾਂਝ ਵਾਲੀ ਸੱਭਿਅਤਾ ਹੋਵੇ। ਕੋਰੋਨਾ ਤੋਂ ਬਾਅਦ ਦਾ ਕਾਲਖੰਡ ਅਜਿਹੀ ਸੱਭਿਅਤਾ ਦੀ ਹੀ ਮੰਗ ਕਰ ਰਿਹਾ ਹੈ। ਕੁਦਰਤ ਅਤੇ ਮਨੁੱਖੀ ਮੁਹਾਂਦਰੇ ਸਹਿ-ਹੋਂਦ ਵਾਲੇ ਹੋਣ, ਅਜਿਹੀ ਸੱਭਿਅਤਾ ਹੀ ਕੋਰੋਨਾ ਕਾਲ ਤੋਂ ਬਾਅਦ ਹੋਣੀ ਚਾਹੀਦੀ ਹੈ। ਕੋਰੋਨਾ ਨੇ ਕੁਝ ਸਬਕ ਵੀ ਸਿਖਾਏ ਹਨ। ਉਨ੍ਹਾਂ ਵਿਚ ਸਭ ਤੋਂ ਮਹੱਤਵਪੂਰਨ ਹੈ ਕਿ ਮਨੁੱਖ ਦੀਆਂ ਜ਼ਰੂਰਤਾਂ ਬਹੁਤ ਸੀਮਤ ਹਨ। ਦੁਨੀਆ ਬਿਨਾਂ ਤੇਲ ਫੂਕੇ ਵੀ ਚੱਲ ਸਕਦੀ ਹੈ। ਦੁਨੀਆ ਜਲ-ਥਲ ਅਤੇ ਆਕਾਸ਼ ਨੂੰ ਗੰਦਾ ਕੀਤੇ ਬਿਨਾਂ ਵੀ ਚੱਲ ਸਕਦੀ ਹੈ। ਜਿਸ ਰਸਤੇ 'ਤੇ ਦੁਨੀਆ ਪੰਜ ਮਹੀਨੇ ਚੱਲ ਸਕਦੀ ਹੈ, ਉਸ ਰਸਤੇ 'ਤੇ ਚੱਲਣ ਵਾਲੀ ਸੱਭਿਅਤਾ ਜਾਂ ਵਿਸ਼ਵ ਵਿਵਸਥਾ ਬਣਾਈ ਜਾਵੇ ਤਾਂ ਅਸੀਂ ਆਉਣ ਵਾਲੇ ਕਈ ਸੌ ਸਾਲਾਂ ਲਈ ਸਿਹਤਮੰਦ ਅਤੇ ਖ਼ਸ਼ੀਆਂ-ਖੇੜਿਆਂ ਵਾਲੇ ਸੰਸਾਰ ਦਾ ਨਿਰਮਾਣ ਕਰ ਸਕਦੇ ਹਾਂ। ਕੋਰੋਨਾ ਤੋਂ ਬਾਅਦ ਦੀ ਸੱਭਿਅਤਾ ਮਨੁੱਖ ਦੇ ਲਾਲਚ ਅਤੇ ਸਵਾਰਥਾਂ ਵਾਲੀ ਨਹੀਂ ਸਗੋਂ 'ਜੀਓ ਤੇ ਜਿਊਣ ਦਿਉ' ਵਾਲੀ ਸੱਭਿਅਤਾ ਹੋਣੀ ਚਾਹੀਦੀ ਹੈ। ਹੋਰਾਂ 'ਤੇ ਆਸ਼ਰਿਤ ਅਤੇ ਨਿਰਭਰਤਾ ਦੀ ਸੱਭਿਅਤਾ ਨਾ ਹੋ ਕੇ ਸਵੈ-ਆਸ਼ਰਿਤ ਤੇ ਆਪਸੀ ਸਾਂਝ ਵਾਲੀ ਸੱਭਿਅਤਾ ਹੋਵੇਗੀ। ਮਨੁੱਖ ਦੇ ਸਵੈ-ਮਾਣ ਅਤੇ ਮਨੁੱਖਤਾ ਦੇ ਕਲਿਆਣ ਵਾਲੀ ਸੱਭਿਅਤਾ ਹੋਵੇਗੀ।

-(ਲੇਖਕ ਮਹਾਤਮਾ ਗਾਂਧੀ ਕੌਮਾਂਤਰੀ ਹਿੰਦੀ ਯੂਨੀਵਰਸਿਟੀ, ਵਰਧਾ ਦੇ ਵਾਈਸ ਚਾਂਸਲਰ ਹੈ)।

Posted By: Susheel Khanna