ਬਦਰੀ ਨਾਰਾਇਣ

ਨਵੇਂ ਸਾਲ ਦੇ ਵੀ ਬਾਰ੍ਹਾਂ ਦਿਨ ਲੰਘ ਗਏ ਹਨ। ਇਸ ਦੌਰਾਨ ਬੀਤੇ ਸਾਲ ਦੇ ਲੇਖੇ-ਜੋਖੇ ਤੇ ਨਵੇਂ ਸਾਲ ਦੇ ਸੰਦਰਭ ’ਚ ਸੁਝਾਵਾਂ ’ਤੇ ਕਾਫੀ ਗੱਲਾਂ ਹੋ ਚੁੱਕੀਆਂ ਹਨ। ਬੀਤਿਆ ਸਾਲ ਕਈ ਮਾਅਨਿਆਂ ’ਚ ਅਸਾਧਾਰਨ ਤੇ ਅਣਕਿਆਸਾ ਰਿਹਾ ਹੈ ਤੇ ਉਹ ਆਪਣੇ ਨਾਲ ਕੁਝ ਅਲਹਿਦਾ ਕਿਸਮ ਦੀਆਂ ਚੁਣੌਤੀਆਂ ਇਸ ਨਵੇਂ ਸਾਲ ਲਈ ਵਿਰਾਸਤ ’ਚ ਛੱਡ ਗਿਆ ਹੈ ਜਿਨ੍ਹਾਂ ਨਾਲ ਨਜਿੱਠਣ ਲਈ ਕੁਝ ਗੱਲਾਂ ਵਾਰ-ਵਾਰ ਦੁਹਰਾਉਣੀਆਂ ਵੀ ਜ਼ਰੂਰੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲਾ ਪੂਰਾ ਸਾਲ ਕੋਵਿਡ-19 ਮਹਾਮਾਰੀ ਦੀ ਭੇਟ ਚੜ੍ਹ ਗਿਆ ਜਿਸ ਤੋਂ ਦੇਸ਼-ਦੁਨੀਆ ’ਚ ਸ਼ਾਇਦ ਹੀ ਕੋਈ ਅਛੂਤਾ ਰਿਹਾ ਹੋਵੇ। ਉੱਥੇ ਹੀ ਇਸ ਸਾਲ ਦੀ ਚੰਗੀ ਗੱਲ ਇਹੀ ਹੈ ਕਿ ਇਸ ਦਾ ਆਗ਼ਾਜ਼ ਕੋਰੋਨਾ ਵੈਕਸੀਨ ਦੀ ਰਾਹਤ ਦੇਣ ਵਾਲੀ ਖ਼ਬਰ ਨਾਲ ਹੋਇਆ ਹੈ। ਹੁਣ ਟੀਕਾਕਰਨ ਦਾ ਖਾਕਾ ਵੀ ਖਿੱਚਿਆ ਜਾ ਰਿਹਾ ਹੈ, ਪਰ ਇਸ ਦੇ ਨਾਲ-ਨਾਲ ਤਮਾਮ ਹੋਰ ਚੁਣੌਤੀਆਂ ਵੀ ਹਨ ਜਿਨ੍ਹਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।

ਫ਼ਿਲਹਾਲ ਭਾਰਤ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਮਾਜ ਦੀ ਉਸ ਦੀ ਸਹਿਜ ਰਫ਼ਤਾਰ ਵੱਲ ਵਾਪਸੀ ਕਰਵਾਉਣੀ ਹੈ, ਯਾਨੀ ਵਾਇਰਸ ਤੋਂ ਪੈਦਾ ਹੋਏ ਖ਼ਤਰਿਆਂ ਤੇ ਡਰ ਤੋਂ ਸਮਾਜ ਦੀ ਮਨੋਵਿਗਿਆਨਕ ਮੁਕਤੀ। ਮੇਲਜੋਲ ਤੇ ਸਿੱਧਾ ਸੰਵਾਦ ਭਾਰਤੀ ਸਮਾਜ ਦੀ ਖ਼ਾਸੀਅਤ ਰਹੀ ਹੈ। ਆਪਸੀ ਸਹਿਯੋਗ ਤੇ ਸਮਰਥਨ ਦੀ ਚਾਹ ਸਾਡੇ ਸਮਾਜ ਦੀ ਦੂਸਰੀ ਸਭ ਤੋਂ ਵੱਡੀ ਵਿਸ਼ੇਸ਼ਤਾ ਰਹੀ ਹੈ। ਸਾਨੂੰ ਉਸ ਨੂੰ ਸਰਗਰਮ ਰੂਪ ’ਚ ਸਾਹਮਣੇ ਲਿਆਉਣ ਵਾਲੇ ਹਾਲਾਤ ਪੈਦਾ ਕਰਨੇ ਪੈਣਗੇ। ਇਹੀ ਭਾਵ ਭਾਰਤੀ ਸਮਾਜ ਦੀ ਪ੍ਰਾਣ ਸ਼ਕਤੀ ਹੈ। ਇਨ੍ਹਾਂ ਨੂੰ ਦੁਬਾਰਾ ਸੰਜੀਵਨੀ ਮੁਹੱਈਆ ਕਰਵਾਉਣੀ ਪਵੇਗੀ। ਹਾਲਾਂਕਿ ਇਸ ਵਿਚ ਕੁਝ ਸਮਾਂ ਲੱਗ ਸਕਦਾ ਹੈ ਇਸ ਲਈ ਯਤਨਸ਼ੀਲ ਰਹਿਣਾ ਪਵੇਗਾ। ਕੋਰੋਨਾ ਵਾਇਰਸ ਨੇ ਸਾਨੂੰ ਆਤਮ ਕੇਂਦਿ੍ਰਤ ਬਣਾਇਆ ਹੈ ਜੋ ਭਾਰਤੀ ਸਮਾਜ ਦੀ ਮੂਲ ਬਿਰਤੀ ਦੇ ਉਲਟ ਹੈ। ਇਸ ਨੇ ਸਾਨੂੰ ਦੁਨੀਆ ਤੋਂ ਕੱਟ ਕੇ ਆਭਾਸੀ ਦੁਨੀਆ ਦੇ ਤਲਿਸਮੀ ਤਾਲੇ ’ਚ ਕੈਦ ਕਰ ਦਿੱਤਾ ਹੈ। ਆਭਾਸੀ ਦੁਨੀਆ ਉਂਜ ਤਾਂ ਸੰਵਾਦ ਦਾ ਜਮਹੂਰੀ ਮਾਧਿਅਮ ਪ੍ਰਤੀਤ ਹੁੰਦੀ ਹੈ ਪਰ ਗਹਿਰਾਈ ਨਾਲ ਦੇਖੋ ਤਾਂ ਇਹ ਨਾ ਸੱਚ ਹੈ ਤੇ ਨਾ ਕਲਪਨਾ, ਬਲਕਿ ਇਕ ਅਫ਼ੀਮਚੀ ਉਡਾਣ ਵਾਂਗ ਹੈ ਜੋ ਸਾਨੂੰ ਬਾਜ਼ਾਰ ਦੀਆਂ ਗਲੀਆਂ ਤਕ ਪਹੁੰਚਾਉਂਦੀ ਹੈ। ਇਹ ਸਾਨੂੰ ਆਤਮ ਕੇਂਦਿ੍ਰਤ ਬਣਾ ਕੇ ਸਵੈ-ਨਿਰਭਰਤਾ ਨਾਲ ਭਰ ਦਿੰਦੀ ਹੈ ਜਿਹੜੀ ਸਾਨੂੰ ਸਮਾਜ ’ਚ ਹੋਣ ਦਾ ਅਹਿਸਾਸ ਕਰਵਾਉਂਦੇ ਹੋਏ ਵੀ ਇਸ ਨਾਲੋਂ ਵੱਖ ਕਰਦੀ ਹੈ। ਜਿਵੇਂ ਪੱਛਮ ’ਚ ਹੋਇਆ ਹੈ ਇਹ ਆਭਾਸੀ ਦੁਨੀਆ ਹੌਲੀ-ਹੌਲੀ ਸਾਨੂੰ ਉਪਭੋਗਤਾ ’ਚ ਤਬਦੀਲ ਕਰ ਕੇ ਸਾਡੇ ਸਮਾਜ ਨੂੰ ਮਾਰ ਦਿੰਦੀ ਹੈ। ਅਜਿਹੇ ਵਿਚ ਇਸ ਤਲਿਸਮ ’ਚੋਂ ਬਾਹਰ ਨਿਕਲਣਾ ਸਾਡੇ ਲਈ ਇਸ ਸਾਲ ਦੀ ਦੂਸਰੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ।

ਇਸ ਮਹਾਮਾਰੀ ਨੇ ਸਾਨੂੰ ‘ਸਮਾਜਿਕ ਮਨੁੱਖ’ ਤੋਂ ਸਿਰਫ਼ ਇਕ ਜੈਵਿਕ ਪ੍ਰਾਣੀ ਬਣਾ ਦਿੱਤਾ ਹੈ। ਦੇਹ ਦੀ ਚਿੰਤਾ ’ਚ ਛੂਹਣ-ਛੁਹਾਉਣ ਸਬੰਧੀ ਸ਼ੱਕ ਇਸ ਵਾਇਰਸ ਨੇ ਪੈਦਾ ਕੀਤਾ ਹੈ ਉਸ ਤੋਂ ਮੁਕਤੀ ਪਾਉਣੀ ਹੋਵੇਗੀ ਤਾਂ ਜੋ ਆਦਮੀ ਦੀ ਜੈਵਿਕ ਮਨੁੱਖ ਤੋਂ ਦੁਬਾਰਾ ਸਮਾਜਿਕ ਮਨੁੱਖ ਦੇ ਰੂਪ ’ਚ ਵਾਪਸੀ ਹੋ ਸਕੇ। ਇਸ ਲਈ ਸਰਕਾਰ ਅਤੇ ਜਨਤਾ ਵਿਚਕਾਰ ਡੂੰਘਾ ਸੰਵਾਦ ਸਥਾਪਿਤ ਕਰਨਾ ਪਵੇਗਾ। ਇਹ ਸੰਵਾਦ ਸਿਰਫ਼ ਮੀਡੀਆ ਜ਼ਰੀਏ ਕਰਨ ਦੀ ਬਜਾਏ ਸਿੱਧੇ ਰੂਪ ’ਚ ਕਰਨਾ ਕਿਤੇ ਬਿਹਤਰ ਹੋਵੇਗਾ। ਇਸ ਲਈ ਸੱਤਾ ਧਿਰ ਤੇ ਵਿਰੋਧੀ ਧਿਰ ਨੂੰ ਨਾਲ ਆਉਣਾ ਪਵੇਗਾ। ਉਨ੍ਹਾਂ ਨੂੰ ਫੇਸਬੁੱਕ-ਟਵਿੱਟਰ ਦੀ ਦੁਨੀਆ ’ਚੋਂ ਬਾਹਰ ਨਿਕਲ ਕੇ ਜਨਤਾ ਵਿਚਕਾਰ ਪਹੁੰਚਣਾ ਪਵੇਗਾ। ਇਸ ਤਰ੍ਹਾਂ ਭਾਰਤੀ ਰਾਜਨੀਤੀ ਦੇ ਸਿੱਧੇ ਲੋਕਾਂ ਨਾਲ ਸੰਵਾਦ ਦੀ ਵਾਪਸੀ ਵੀ ਇਸ ਸਾਲ ਦੀ ਇਕ ਅਹਿਮ ਚੁਣੌਤੀ ਹੋਵੇਗੀ।

ਕੋਰੋਨਾ ਸੰਕਟ ਤੋਂ ਦੁਖੀ ਭਾਰਤੀ ਸਮਾਜ ਦੀ ਮੁੱਢਲੀ ਰਫ਼ਤਾਰ ਦੀ ਮੁੜ ਵਾਪਸੀ ਦੇ ਨਾਲ-ਨਾਲ ਭਾਰਤੀ ਸਮਾਜ ਦੇ ਵਿਕਾਸ ਲਈ ਵੀ ਕਈ ਚੁਣੌਤੀਆਂ ਸਾਡੇ ਸਾਹਮਣੇ ਹਨ। ਇਨ੍ਹਾਂ ਵਿਚੋਂ ਪਹਿਲੀ ਵੱਡੀ ਚੁਣੌਤੀ ਹੈ ਆਰਥਿਕ ਸੁਧਾਰਾਂ ਨੂੰ ਲੋਕ ਸੰਵਾਦ ਰਾਹੀਂ ਇੰਜ ਪੇਸ਼ ਕੀਤਾ ਜਾਵੇ ਤਾਂ ਜੋ ਉਨ੍ਹਾਂ ਦਾ ਸਹੀ ਅਰਥ ਲੋਕਾਂ ਤਕ ਪਹੁੰਚੇ। ਸੱਤਾ ਤੇ ਨੀਤੀ ਨਿਰਮਾਣ ’ਚ ਸੰਵਾਦ ਜੇਕਰ ਠੀਕ ਢੰਗ ਨਾਲ ਨਾ ਹੋਵੇ ਤਾਂ ਕਈ ਲਾਭਕਾਰੀ ਨੀਤੀਆਂ ਬੇਅਸਰ ਹੋ ਕੇ ਰਹਿ ਜਾਂਦੀਆਂ ਹਨ। ਇਹ ਨਵੇਂ ਖੇਤੀ ਕਾਨੂੰਨਾਂ ਦੇ ਸੰਦਰਭ ’ਚ ਜ਼ਿਆਦਾ ਪ੍ਰਸੰਗਿਕ ਹੈ। ਇਸ ਸਾਲ ਦੀ ਅਗਲੀ ਚੁਣੌਤੀ ਰਾਸ਼ਟਰੀ ਸਿੱਖਿਆ ਨੀਤੀ ਨੂੰ ਤੁਰੰਤ ਤੇ ਠੀਕ ਢੰਗ ਨਾਲ ਲਾਗੂ ਕਰਨ ਦੀ ਵੀ ਹੈ। ਇਸ ਨੂੰ ਲਾਗੂ ਕਰਦੇ ਸਮੇਂ ਸਿੱਖਿਆ ਖੇਤਰ ਦੇ ਪ੍ਰਸ਼ਾਸਕਾਂ ਨੂੰ ਇਸ ਦੇ ਢਾਂਚਾਗਤ ਪੱਖ ਦੇ ਨਾਲ ਹੀ ਨੈਤਿਕ ਪੱਖ ’ਤੇ ਵੀ ਧਿਆਨ ਦੇਣਾ ਪਵੇਗਾ ਤਾਂ ਜੋ ਇਸ ਦਾ ਲਾਭ ਸਮਾਜ ਦੇ ਹਾਸ਼ੀਏ ’ਤੇ ਵਸੇ ਸਮੂਹਾਂ ਤਕ ਬਰਾਬਰ ਪਹੁੰਚ ਸਕੇ। ਸੰਚਾਲਨ ਦੀ ਇਹ ਪ੍ਰਕਿਰਿਆ ਦੋਹਰੀ ਹੋਵੇਗੀ- ਇਕ ਤਾਂ ਸਰਕਾਰੀ ਯਤਨ ਤੇ ਦੂਸਰਾ ਲੋਕਾਂ ਦਾ ਪ੍ਰਭਾਵ।ਭਾਰਤ ’ਚ 1990 ਤੋਂ ਬਾਅਦ ਜਿਹੜੀ ਨਵ-ਉਦਾਰਵਾਦੀ ਵਿਕਾਸ ਦੀ ਦਿਸ਼ਾ ਬਣੀ ਉਸ ਨੇ ਦੇਸ਼ ਵਿਚ ਖ਼ੁਸ਼ਹਾਲੀ ਦੀ ਰਫ਼ਤਾਰ ਤੇਜ਼ ਕੀਤੀ ਹੈ। ਵਿਕਾਸ ਦਾ ਲਾਭ ਹੌਲੀ-ਹੌਲੀ ਹੇਠਲੇ ਤਬਕਿਆਂ ਤਕ ਪਹੁੰਚ ਰਿਹਾ ਹੈ, ਪਰ ਇਸ ਨੇ ਨਾ ਬਰਾਬਰੀ ਵੀ ਵਧਾਈ ਹੈ। ਅਜਿਹੇ ਵਿਚ ਸਾਡੇ ਸਾਹਮਣੇ ਇਕ ਚੁਣੌਤੀ ਇਹ ਵੀ ਹੈ ਕਿ ਕਿਵੇਂ ਅਮੀਰੀ ਤੇ ਗ਼ਰੀਬੀ ਦਾ ਪਾੜਾ ਘਟਾਇਆ ਜਾਵੇ। ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਇਸ ਸਾਲ ਵਾਂਝਿਆਂ ਤਕ ਵਿਕਾਸ ਦਾ ਲਾਭ ਹੋਰ ਬਿਹਤਰ ਢੰਗ ਨਾਲ ਪੁੱਜੇ। ਮੋਦੀ ਸਰਕਾਰ ਵਾਂਝਿਆਂ ਤਕ ਵਿਕਾਸ ਦਾ ਲਾਭ ਪਹੁੰਚਾਉਣ ਲਈ ਤਮਾਮ ਨੀਤੀਆਂ ਤਾਂ ਬਣਾ ਹੀ ਰਹੀ ਹੈ ਤੇ ‘ਡਾਇਰੈਕਟ ਕੈਸ਼ ਟਰਾਂਸਫਰ’ ਨਾਲ ਕਈ ਫ਼ਾਇਦੇ ਉਨ੍ਹਾਂ ਤਕ ਸਿੱਧੇ ਪਹੁੰਚ ਵੀ ਰਹੇ ਹਨ, ਪਰ ਵਾਂਝਿਆਂ ਤੇ ਗ਼ਰੀਬਾਂ ’ਤੇ ਵਾਰ ਸਿਰਫ਼ ਸਰਕਾਰੀ ਯਤਨਾਂ ਨਾਲ ਹੀ ਸੰਭਵ ਨਹੀਂ। ਇਸ ਲਈ ਖ਼ੁਦ ਗ਼ਰੀਬਾਂ ਤੇ ਵਾਂਝਿਆਂ ’ਚ ਅੱਗੇ ਵਧਣ ਦੀ ਚਾਹ ਸਾਨੂੰ ਪੈਦਾ ਕਰਨੀ ਪਵੇਗੀ। ਨਾਲ ਹੀ ਅਜਿਹਾ ਮਾਹੌਲ ਸਿਰਜਣਾ ਪਵੇਗਾ ਕਿ ਸਮਾਜ ਦਾ ਸਮਰੱਥ ਤੇ ਖ਼ੁਸ਼ਹਾਲ ਵਰਗ ਆਪਣੇ ਲਾਭਾਂ ਦਾ ਇਕ ਹਿੱਸਾ ਵਧੀਆ ਢੰਗ ਨਾਲ ਉਨ੍ਹਾਂ ਤਕ ਪੁੱਜਦਾ ਕਰ ਸਕੇ। ਕਾਰਪੋਰੇਟ ਸੀਐੱਸਆਰ ਨੂੰ ਵਾਂਝਿਆਂ ਤਕ ਪਹੁੰਚਾਉਣਾ ਪਵੇਗਾ। ਅੱਜ ਕਲ੍ਹ ਦੇਸ਼ ਵਿਚ ਫਲਾਈਓਵਰ ਤੇ ਸੜਕਾਂ ਦਾ ਜੰਜਾਲ ਦੇਖ ਕੇ ਮਨ ਖ਼ੁਸ਼ ਹੁੰਦਾ ਹੈ। ਸੂਰੀਨਾਮ ’ਚ ਵਸੇ ਇਕ ਭਾਰਤਵੰਸ਼ੀ ਮਿੱਤਰ ਬੀਤੇ ਦਿਨੀਂ ਭਾਰਤ ਆਏ ਤਾਂ ਉਨ੍ਹਾਂ ਕਿਹਾ, ‘ਮੈਂ ਕਰੀਬ 30 ਸਾਲ ਬਾਅਦ ਭਾਰਤ ਆਇਆ ਹਾਂ। ਅੱਜ ਦਾ ਭਾਰਤ ਦੇਖ ਕੇ ਛਾਤੀ ਮਾਣ ਨਾਲ ਚੌੜੀ ਹੋ ਜਾਂਦੀ ਹੈ। ਏਨੀਆਂ ਵਧੀਆ ਸੜਕਾਂ, ਚਮਕਦੇ-ਦਮਕਦੇ ਬਾਜ਼ਾਰ ਦੇਖ ਕੇ ਅਸੀਂ ਹੀਣਤਾ ਦੀ ਗ੍ਰੰਥੀ ਤੋਂ ਮੁਕਤ ਹੁੰਦੇ ਹਾਂ। ਸਾਡੇ ਪੁਰਖੇ ਗ਼ਰੀਬ ਸਨ ਜਿਹੜੇ ਭਾਰਤ ਛੱਡ ਗਏ। ਹੁਣ ਇੱਥੇ ਜਿਹੜੇ ਗ਼ਰੀਬ ਹਨ, ਉਹ ਵੀ ਇਨ੍ਹਾਂ ਫਲਾਈਓਵਰਾਂ ’ਤੇ ਗੱਡੀ ਦੌੜਾਉਣ, ਮਾਲ ਜਾ ਸਕਣ, ਇਹ ਸਭ ਸਾਨੂੰ ਕਰਨਾ ਪਵੇਗਾ।’

ਕੋਰੋਨਾ ਦੀ ਵੈਕਸੀਨ ਦੀ ਲੋੜਵੰਦਾਂ ਤਕ ਵੰਡ ਇਸ ਸਾਲ ਦੀ ਸਭ ਤੋਂ ਵੱਡੀ ਚੁਣੌਤੀ ਬਣਨ ਜਾ ਰਹੀ ਹੈ। ਇਸ ਵਿਚ ਇਹ ਧਿਆਨ ਰੱਖਣਾ ਪਵੇਗਾ ਕਿ ਉਹ ਤਬਕਾ ਇਸ ਦੀ ਖ਼ੁਰਾਕ ਤੋਂ ਵਾਂਝਾ ਨਾ ਰਹਿ ਜਾਵੇ ਜਿਹੜਾ ਆਪਣੀ ਆਵਾਜ਼ ਚੁੱਕਣ ’ਚ ਸਮਰੱਥ ਨਹੀਂ ਹੈ। ਸਾਨੂੰ ਇਕ ਸੰਵੇਦਨਸ਼ੀਲ ਵੈਕਸੀਨ ਵੰਡ ਪ੍ਰਣਾਲੀ ਬਣਾਉਣੀ ਪਵੇਗੀ। ਨਾਲ ਹੀ ਸਾਨੂੰ ਆਤਮਨਿਰਭਰ ਬਣਦੇ ਹੋਏ ਕੋਰੋਨਾ ਨਾਲ ਹੋਏ ਨੁਕਸਾਨ ਦੀ ਪੂਰਤੀ ਦੀ ਦਿਸ਼ਾ ਵਿਚ ਵੀ ਸੋਚਣਾ ਪਵੇਗਾ। ਯਾਦ ਰਹੇ ਕਿ ਇਹ ਆਮ ਸਾਲ ਨਹੀਂ ਹੈ ਬਲਕਿ ਕੋਰੋਨਾ ਸੰਕਟ ਦੇ ਗਰਭ ’ਚੋਂ ਨਿਕਲਿਆ ਸਾਲ ਹੈ। ਇਸ ਲਈ ਚੁਣੌਤੀਆਂ ਵੱਡੀਆਂ ਹਨ ਤਾਂ ਉਨ੍ਹਾਂ ਨਾਲ ਨਜਿੱਠਣ ਦੀ ਚਾਹ ਵੀ ਮਜ਼ਬੂਤ ਹੋਵੇ।

-(ਲੇਖਕ ਜੀਬੀ ਪੰਤ ਸਮਾਜਿਕ ਵਿਗਿਆਨ ਸੰਸਥਾ, ਪ੍ਰਯਾਗਰਾਜ ਦੇ ਡਾਇਰੈਕਟਰ ਹਨ)

-response@jagran.com

Posted By: Jagjit Singh