ਮਨੁੱਖੀ ਸੱਭਿਅਤਾ ਇਕ ਅਜਿਹੀ ਚੁਣੌਤੀ ਨਾਲ ਜੂਝ ਰਹੀ ਹੈ ਜਿਸ ਤੋਂ ਬਚਾਅ ਦਾ ਨਾ ਤਾਂ ਉਸ ਨੂੰ ਕੋਈ ਤਜਰਬਾ ਹੈ ਅਤੇ ਨਾ ਹੀ ਉਸ ਦੇ ਭਵਿੱਖ ਦਾ ਕੋਈ ਪੂਰਬ ਅਨੁਮਾਨ। ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਬਿਮਾਰੀ ਕੋਵਿਡ-19 ਨੇ ਮਹਾਮਾਰੀ ਬਣ ਕੇ ਕੇਵਲ ਚਾਰ ਮਹੀਨਿਆਂ ਵਿਚ ਹੀ ਪੂਰੇ ਵਿਸ਼ਵ ਦੀਆਂ ਸਿਹਤ, ਵਿੱਤੀ, ਨਾਗਰਿਕ ਅਤੇ ਸੰਸਥਾਗਤ ਵਿਵਸਥਾਵਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜ਼ਿਆਦਾਤਰ ਖ਼ੁਸ਼ਹਾਲ ਯੂਰਪੀ ਮੁਲਕ ਕੋਵਿਡ-19 ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਉੱਥੇ ਦੀਆਂ ਉੱਨਤ ਸਿਹਤ ਅਤੇ ਸ਼ਹਿਰੀ ਵਿਵਸਥਾਵਾਂ ਨਾ ਤਾਂ ਇਸ ਵਾਇਰਲ ਬਿਮਾਰੀ ਦਾ ਪ੍ਰਸਾਰ ਰੋਕਣ ਵਿਚ ਸਮਰੱਥ ਹਨ ਅਤੇ ਨਾ ਹੀ ਉਸ ਕਾਰਨ ਹੋਣ ਵਾਲੀਆਂ ਮੌਤਾਂ ਵਿਚ ਕਮੀ ਨੂੰ। ਅਮਰੀਕਾ ਦੀ ਵੀ ਅਜਿਹੀ ਹੀ ਹਾਲਤ ਬਣਦੀ ਜਾ ਰਹੀ ਹੈ ਜੋ ਵਿਸ਼ਵ ਦੀ ਸਭ ਤੋਂ ਤਾਕਤਵਰ ਮਹਾ-ਸ਼ਕਤੀ ਹੈ। ਅਮਰੀਕਾ ਵਰਗੀ ਮਹਾ-ਸ਼ਕਤੀ ਬਣਨ ਲਈ ਕਾਹਲੇ ਚੀਨ ਦਾ ਦਾਅਵਾ ਹੈ ਕਿ ਉਸ ਨੇ ਭੀੜ ਕੰਟਰੋਲ ਕਰ ਕੇ, ਸਮਾਜਿਕ ਸੰਪਰਕ ਰੋਕ ਕੇ, ਸਾਫ਼-ਸਫ਼ਾਈ ਅਤੇ ਉੱਨਤ ਇਲਾਜ ਸਹੂਲਤਾਂ ਉਪਲਬਧ ਕਰਵਾ ਕੇ ਇਸ ਮਹਾਮਾਰੀ ਨੂੰ ਕਾਬੂ ਹੇਠ ਕਰ ਲਿਆ ਹੈ ਅਤੇ ਹੁਣ ਉਸ ਦੇ ਇੱਥੇ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਹੋ ਰਹੇ ਹਨ। ਪਤਾ ਨਹੀਂ ਉਸ ਦਾ ਇਹ ਦਾਅਵਾ ਕਿੰਨਾ ਸੱਚਾ ਹੈ ਪਰ ਆਮ ਤੌਰ 'ਤੇ ਵਿਸ਼ਵ ਦੇ ਸਾਰੇ ਦੇਸ਼ ਚੀਨ ਦੇ ਤਜਰਬੇ ਦੇ ਆਧਾਰ 'ਤੇ ਹੀ ਇਸ ਮਹਾਮਾਰੀ ਨੂੰ ਨੱਥ ਪਾਉਣ ਦੇ ਉਪਰਾਲੇ ਕਰ ਰਹੇ ਹਨ। ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਦੂਜੇ ਪੱਧਰ 'ਤੇ ਰੋਗ ਕਾਬੂ ਹੇਠ ਤਾਂ ਰਹਿੰਦਾ ਹੈ ਪਰ ਉਸ ਦੇ ਫੈਲਣ ਦਾ ਜੋਖ਼ਮ ਬਣਿਆ ਰਹਿੰਦਾ ਹੈ। ਭਾਰਤ ਸਰਕਾਰ ਅਤੇ ਡਾਕਟਰੀ ਮਾਹਰਾਂ ਮੁਤਾਬਕ ਭਾਰਤ ਵਿਚ ਇਨਫੈਕਸ਼ਨ ਹਾਲੇ ਇਸੇ ਦੂਜੇ ਪੱਧਰ 'ਤੇ ਹੈ। ਜੇ ਅਸੀਂ ਇਸ ਨੂੰ ਇਸੇ ਪੱਧਰ 'ਤੇ ਰੋਕਣ ਵਿਚ ਸਫਲ ਰਹਿੰਦੇ ਹਾਂ ਤਾਂ ਇਹ ਵੱਡੀ ਪ੍ਰਾਪਤੀ ਹੋਵੇਗੀ। ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਦੂਜੇ ਪੱਧਰ 'ਤੇ ਹੀ ਰੋਕਣ ਲਈ ਜਿਨ੍ਹਾਂ ਉਪਾਵਾਂ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ 'ਤੇ ਭਾਰਤ ਵਰਗੇ ਦੇਸ਼ਾਂ ਵਿਚ ਅਮਲ ਆਸਾਨ ਨਹੀਂ। ਸਮਾਜਿਕ, ਆਰਥਿਕ ਵਖਰੇਵਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਨਾਗਰਿਕਾਂ ਤੇ ਸੇਵਾਵਾਂ 'ਤੇ ਪਾਬੰਦੀਆਂ ਜਮਹੂਰੀ ਵਿਵਸਥਾ ਦੇ ਦਾਇਰੇ 'ਚ ਹੀ ਲਾਗੂ ਕਰਨੀਆਂ ਹੁੰਦੀਆਂ ਹਨ। ਚੀਨ ਨੇ ਵੱਖਰੀ ਸਿਆਸੀ ਵਿਵਸਥਾ ਕਾਰਨ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰ ਕੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਹੁਬੇਈ ਪ੍ਰਾਂਤ ਤਕ ਹੀ ਸੀਮਤ ਕਰਨ 'ਚ ਸਫਲਤਾ ਹਾਸਲ ਕੀਤੀ ਸੀ। ਇਟਲੀ ਅਜਿਹਾ ਨਹੀਂ ਕਰ ਸਕਿਆ। ਨਤੀਜਾ ਸਭ ਦੇ ਮੂਹਰੇ ਹੈ। ਹੁਣ ਸਾਡੇ ਦੇਸ਼ ਦੇ ਅਨੇਕਾਂ ਸੂਬੇ ਲਾਕਡਾਊਨ ਕਰ ਦਿੱਤੇ ਗਏ ਹਨ। ਹੋਰ ਵੀ ਉਪਾਅ ਕੀਤੇ ਜਾ ਰਹੇ ਹਨ। ਇਸ ਮਾਮਲੇ 'ਚ ਸਰਕਾਰਾਂ ਨੂੰ ਜਦ ਤਕ ਜਨਤਾ ਤੋਂ ਸਹਿਯੋਗ ਨਹੀਂ ਮਿਲਦਾ, ਸਾਰਥਕ ਨਤੀਜੇ ਨਹੀਂ ਨਿਕਲ ਸਕਦੇ। ਇਸ ਲਈ ਸਭ ਨੂੰ ਆਪਣੀ ਤੇ ਹੋਰਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

-ਸੁਧੀਰ ਪੰਵਾਰ (ਲੇਖਕ ਲਖਨਊ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ)।

Posted By: Rajnish Kaur