ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਇਸਲਾਮਵਾਲਾ 'ਚ ਇਕ ਬੇਕਾਬੂ ਕਾਰ ਨਹਿਰ 'ਚ ਡਿੱਗਣ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਜਾਣਾ ਮਹਿਜ਼ ਇਕ ਘਟਨਾ ਨਹੀਂ ਬਲਕਿ ਇਕ ਵਰਤਾਰਾ ਬਣ ਚੁੱਕਾ ਹੈ। ਅਜਿਹੀਆਂ ਘਟਨਾਵਾਂ ਲਗਾਤਾਰ ਪੜ੍ਹਨ, ਸੁਣਨ ਤੇ ਦੇਖਣ ਨੂੰ ਮਿਲ ਰਹੀਆਂ ਹਨ ਜਦੋਂ ਕਾਰਾਂ ਜਾਂ ਹੋਰ ਵਾਹਨ ਨਹਿਰਾਂ ਜਾਂ ਦਰਿਆਵਾਂ ਵਿਚ ਡਿੱਗ ਰਹੇ ਹਨ। ਨਹਿਰਾਂ 'ਚ ਛਾਲ ਮਾਰ ਕੇ ਖ਼ੁਦਕੁਸ਼ੀਆਂ ਦਾ ਰੁਝਾਨ ਪੁਰਾਣਾ ਹੈ ਅਤੇ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਲਈ ਵੀ ਨਹਿਰਾਂ ਜਾਂ ਦਰਿਆਵਾਂ 'ਚ ਸੁੱਟ ਦਿੱਤਾ ਜਾਂਦਾ ਹੈ। ਪੁਲਿਸ ਵੀ ਰਸਮੀ ਕਾਰਵਾਈ ਕਰ ਕੇ ਪੱਲਾ ਝਾੜ ਲੈਂਦੀ ਹੈ। ਮੱਧ ਪ੍ਰਦੇਸ਼ ਤੋਂ ਕਣਕ ਦੀ ਕਟਾਈ ਕਰ ਕੇ ਪਰਤ ਰਹੇ ਨੌਜਵਾਨ ਘਰ ਪਹੁੰਚਣ ਤੋਂ ਪਹਿਲਾਂ ਹੀ ਮੌਤ ਦੀ ਗੋਦ ਵਿਚ ਚਲੇ ਗਏ। ਉਨ੍ਹਾਂ ਮਾਵਾਂ ਦਾ ਕੀ ਹਾਲ ਹੋਇਆ ਹੋਵੇਗਾ ਜਿਨ੍ਹਾਂ ਦੇ ਜਵਾਨ-ਜਹਾਨ ਪੁੱਤ ਹਮੇਸ਼ਾ ਲਈ ਉਨ੍ਹਾਂ ਤੋਂ ਵਿਛੜ ਗਏ। ਉਨ੍ਹਾਂ ਬਾਪਾਂ 'ਤੇ ਕੀ ਬੀਤੀ ਹੋਵੇਗੀ ਜਿਨ੍ਹਾਂ ਦੇ ਬੁਢਾਪੇ ਦੀ ਡੰਗੋਰੀ ਤੁਰ ਗਈ ਪਰ ਸਰਕਾਰਾਂ ਅਤੇ ਸਮਾਜ ਲਈ ਇਹ ਮਹਿਜ਼ ਇਕ ਦੁਰਘਟਨਾ ਹੈ। ਦੁਰਘਟਨਾ ਤਾਂ ਉਸ ਨੂੰ ਮੰਨਿਆ ਜਾਂਦਾ ਹੈ ਜਿਹੜੀ ਕਦੇ-ਕਦਾਈਂ ਵਾਪਰੇ ਪਰ ਪੰਜਾਬ 'ਚ ਤਾਂ ਇਹ ਰੋਜ਼ਾਨਾ ਦਾ ਘਟਨਾਕ੍ਰਮ ਹੈ। ਬਿਨਾਂ ਸ਼ੱਕ ਇਹ ਸਰਕਾਰਾਂ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਹੀ ਜਾਵੇਗੀ। ਹਾਲੇ 5 ਅਪ੍ਰੈਲ ਨੂੰ ਹੀ ਪਟਿਆਲਾ 'ਚ ਇਕ ਵਿਅਕਤੀ ਨੇ ਕਾਰ ਨਹਿਰ 'ਚ ਸੁੱਟ ਕੇ ਪਰਿਵਾਰ ਸਮੇਤ ਖ਼ੁਦਕੁਸ਼ੀ ਕਰ ਲਈ ਜਿਸ ਵਿਚ ਉਸ ਵਿਅਕਤੀ ਦੀ ਪਤਨੀ ਅਤੇ ਦੋ ਛੋਟੇ ਬੱਚੇ ਸਨ। ਬੱਚੇ ਕਾਰ ਦੇ ਸ਼ੀਸ਼ਿਆਂ 'ਤੇ ਹੱਥ ਮਾਰਦੇ ਰਹੇ ਪਰ ਗੋਤਾਖ਼ੋਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਜਿਨ੍ਹਾਂ ਲੋਕਾਂ ਨੇ ਇਹ ਮੰਜ਼ਰ ਦੇਖਿਆ, ਉਹ ਸ਼ਾਇਦ ਹੀ ਜ਼ਿੰਦਗੀ ਭਰ ਕਦੀ ਇਸ ਨੂੰ ਭੁਲਾ ਸਕਣਗੇ। ਸੂਚਨਾ ਕ੍ਰਾਂਤੀ ਦੇ ਇਸ ਯੁੱਗ ਵਿਚ ਤਮਾਸ਼ਬੀਨਾਂ ਦੀ ਘਾਟ ਨਹੀਂ ਹੈ। ਕਿਸੇ ਦੀ ਮਦਦ ਕਰਨ ਦੀ ਬਜਾਏ ਆਪਣੇ ਮੋਬਾਈਲ ਨਾਲ ਦੁਰਘਟਨਾ ਨੂੰ ਕੈਮਰੇ 'ਚ ਕੈਦ ਕਰਨ ਦੀ ਹੋੜ ਜ਼ਿਆਦਾ ਲੱਗੀ ਰਹਿੰਦੀ ਹੈ। ਤਮਾਸ਼ਬੀਨਾਂ ਦੀਆਂ ਅਜਿਹੀਆਂ ਹਰਕਤਾਂ ਕਾਰਨ ਕਈ ਲੋਕ ਮਦਦ ਵਿਹੂਣੇ ਹੀ ਇਸ ਜਹਾਂ ਤੋਂ ਰੁਖ਼ਸਤ ਹੋ ਜਾਂਦੇ ਹਨ। ਪੰਜ ਮਾਰਚ ਨੂੰ ਵੀ ਇਕ ਕਾਰ ਦੇ ਭਾਖੜਾ ਨਹਿਰ 'ਚ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਸੀ। ਅੱਠ ਮਾਰਚ ਨੂੰ ਸਿੱਧਵਾਂ ਨਹਿਰ 'ਚ ਕਾਰ ਡਿੱਗੀ ਤਾਂ ਚਾਰ ਲੋਕ ਮਾਰੇ ਗਏ। ਮੁੱਲਾਂਪੁਰ ਦਾਖਾ 'ਚ ਵਾਪਰੀ ਇਸੇ ਤਰ੍ਹਾਂ ਦੀ ਘਟਨਾ 'ਚ ਤਿੰਨ ਨੌਜਵਾਨ ਇਸ ਦੁਨੀਆਂ ਤੋਂ ਕੂਚ ਕਰ ਗਏ। 28 ਜਨਵਰੀ ਨੂੰ ਪਠਾਨਕੋਟ 'ਚ ਇਕ ਕਾਰ ਨਹਿਰ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋਣ ਨਾਲ ਕਈ ਸਵਾਲ ਖੜ੍ਹੇ ਹੋਏ। 16 ਜਨਵਰੀ ਨੂੰ ਭਾਖੜਾ ਨਹਿਰ 'ਚ ਕਾਰ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇੱਥੇ ਹੀ ਬੱਸ ਨਹੀਂ ਹੈ, ਹਰ ਸਾਲ ਪੰਜਾਬ ਵਿਚ ਪੰਜ ਹਜ਼ਾਰ ਦੇ ਲਗਪਗ ਲੋਕ ਸੜਕ ਦੁਰਘਟਨਾਵਾਂ ਕਾਰਨ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਹਜ਼ਾਰਾਂ ਲੋਕ ਅਪਾਹਜ ਹੋ ਜਾਂਦੇ ਹਨ ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ। ਕਈ ਵਾਰ ਤਾਂ ਮਾੜਾ-ਮੋਟਾ ਮੁਆਵਜ਼ਾ ਦੇ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਜਾਂਦਾ ਹੈ ਪਰ ਮੋਟੇ ਤੌਰ 'ਤੇ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਜਾਂ ਘੱਟ ਕਰਨ ਲਈ ਕੋਈ ਠੋਸ ਕਦਮ ਨਹੀਂ ਪੁੱਟੇ ਜਾ ਰਹੇ। ਅਸਲ ਵਿਚ ਅਜਿਹੀਆਂ ਘਟਨਾਵਾਂ ਵਾਪਰ ਕਿਉਂ ਰਹੀਆਂ ਹਨ, ਇਸ ਦੇ ਕਾਰਨਾਂ ਦੀ ਤਹਿ ਤਕ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦੀ ਲੋੜ ਹੈ ਕਿ ਕਾਰਾਂ ਨਹਿਰਾਂ 'ਚ ਕਿਉਂ ਡਿੱਗ ਰਹੀਆਂ ਹਨ ਜਾਂ ਫਿਰ ਜ਼ਿਆਦਾਤਰ ਲਾਸ਼ਾਂ ਨਹਿਰਾਂ 'ਚੋਂ ਹੀ ਕਿਉਂ ਮਿਲਦੀਆਂ ਹਨ? ਇਸ ਵਰਤਾਰੇ ਨੂੰ ਠੱਲ੍ਹਣ ਲਈ ਸਰਕਾਰਾਂ ਨੂੰ ਹੁਣ ਤਾਂ ਜਾਗ ਜਾਣਾ ਚਾਹੀਦਾ ਹੈ। ਉਨ੍ਹਾਂ ਕਾਰਨਾਂ ਦੇ ਨਿਵਾਰਨ ਦੀ ਵੀ ਇਸ ਵੇਲੇ ਸਖ਼ਤ ਲੋੜ ਹੈ ਜਿਸ ਕਾਰਨ ਨਹਿਰਾਂ ਕੀਮਤੀ ਜਾਨਾਂ ਨਿਗਲ ਰਹੀਆਂ ਹਨ।

Posted By: Sukhdev Singh