-ਪ੍ਰਿੰ. ਸਰਵਣ ਸਿੰਘ

''ਮੈਨੂੰ ਮੇਰੀ ਪਸੰਦ ਦਾ ਮੁੱਖ ਮੰਤਰੀ ਦਿਉ ਤੇ ਜੇ ਪੰਜਾਂ ਸਾਲਾਂ 'ਚ ਪੰਜਾਬ ਨੂੰ ਮੁੜ ਖੜ੍ਹਾ ਨਾ ਕੀਤਾ ਤਾਂ ਬੇਸ਼ੱਕ ਮੈਨੂੰ ਚੌਕ 'ਚ ਖੜ੍ਹਾ ਕੇ ਗੋਲੀ ਮਾਰ ਦਿਓ!” ਇਹ ਕਹਿਣਾ ਹੈ 'ਖੇਤੀ ਅਰਥਚਾਰੇ ਦੇ ਧਰੂ ਤਾਰੇ’ ਡਾ. ਸਰਦਾਰਾ ਸਿੰਘ ਜੌਹਲ ਦਾ। ਡਾ. ਜੌਹਲ ਵਿਦਵਤਾ ਦਾ ਭਰ ਵਗਦਾ ਦਰਿਆ ਹੈ। ਗਿਆਨ ਦਾ ਲਟ-ਲਟ ਬਲਦਾ ਚਿਰਾਗ਼ ਜਿਸ ਨਾਲ ਨਿੱਤ ਨਵੇਂ ਦੀਵੇ ਜਗਦੇ ਹਨ। ਉਨ੍ਹਾਂ ਦੀ ਸਵੈ-ਜੀਵਨੀ 'ਰੰਗਾਂ ਦੀ ਗਾਗਰ’ ਲੱਖਾਂ ਪਾਠਕਾਂ ਨੇ ਪੜ੍ਹੀ ਹੈ ਜਿਸ ਦੇ ਅਨੇਕਾਂ ਐਡੀਸ਼ਨ ਛਪ ਚੁੱਕੇ ਹਨ। ਉਨ੍ਹਾਂ ਨੂੰ ਵਡੇਰੀ ਉਮਰ ਵਿਚ ਵੀ ਆਹਰੇ ਲੱਗੇ ਵੇਖ ਕੇ ਹਰ ਕਿਸੇ ਨੂੰ ਪ੍ਰੇਰਨਾ ਮਿਲਦੀ ਹੈ ਕਿ ਆਪਾਂ ਵੀ ਕੁਝ ਕਰੀਏ। ਉਸੇ ਪ੍ਰੇਰਨਾ ਸਦਕਾ ਮੈਥੋਂ ਉਨ੍ਹਾਂ ਦੀ ਜੀਵਨੀ 'ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ'’ ਲਿਖੀ ਗਈ ਸੀ।

ਡਾ. ਜੌਹਲ ਕੌਮਾਂਤਰੀ ਪੱਧਰ ਦੇ ਖੇਤੀ ਅਰਥ-ਸ਼ਾਸਤਰੀ ਹਨ। ਉਨ੍ਹਾਂ ਦੀਆਂ ਸੇਵਾਵਾਂ ਕੌਮਾਂਤਰੀ ਪੱਧਰ ਤਕ ਪਹੁੰਚੀਆਂ ਹਨ। ਉਹ ਸੱਚੇ-ਸੁੱਚੇ, ਸੁਹਿਰਦ, ਇਮਾਨਦਾਰ ਤੇ ਉੱਚੇ ਕਿਰਦਾਰ ਦੇ ਮਾਲਕ ਹਨ। ਵਿਦਵਤਾ ਦੇ ਬਾਬਾ ਬੋਹੜ। ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਚਾਰ ਸਾਲ ਵੱਡੇ ਹਨ। ਦੋਵੇਂ ਸਰਦਾਰ ਧੁਨੰਤਰ ਅਰਥ-ਸ਼ਾਸਤਰੀ ਹਨ ਜੋ ਪੱਛਮੀ ਪੰਜਾਬ ਵਿਚ ਜੰਮੇ-ਪਲੇ। ਡਾ. ਮਨਮੋਹਨ ਸਿੰਘ ਦਾ ਪਿੰਡ ਪੋਠੋਹਾਰ ਵਿਚ ਗਾਹ ਹੈ ਅਤੇ ਡਾ. ਜੌਹਲ ਦਾ ਬਾਰ ਵਿਚ ਚੱਕ 104 ਸਮਰਾ-ਜੰਡਿਆਲਾ। ਦੇਸ਼ ਦੀ ਵੰਡ ਸਮੇਂ ਇਹ ਪਿੰਡ ਪਾਕਿਸਤਾਨ ਵਿਚ ਰਹਿ ਗਏ। ਪਾਕਿਸਤਾਨ 'ਚੋਂ ਉੱਜੜੇ ਇਹ ਦੋਵੇਂ ਪੇਂਡੂ ਨੌਜਵਾਨ ਚੜ੍ਹਦੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹ ਕੇ ਭਾਰਤੀ ਯੂਨੀਵਰਸਿਟੀਆਂ ਦੇ ਮਾਣਯੋਗ ਪ੍ਰੋਫ਼ੈਸਰ ਬਣੇ। ਦੋਹਾਂ ਨੇ ਯੂਐੱਨਓ ਵਿਚ ਸੇਵਾ ਕੀਤੀ, ਭਾਰਤੀ ਰਿਜ਼ਰਵ ਬੈਂਕ ਦੇ ਡਾਇਰੈਕਟਰ ਬਣੇ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦੀਆਂ ਆਰਥਿਕ ਸਲਾਹਕਾਰ ਕੌਂਸਲਾਂ ਦੇ ਮੈਂਬਰ ਰਹੇ। ਡਾ. ਮਨਮੋਹਨ ਸਿੰਘ ਵਰਲਡ ਬੈਂਕ ਵਿਚ ਕੰਮ ਕਰਨ ਅਤੇ ਭਾਰਤ ਦਾ ਖ਼ਜ਼ਾਨਾ ਮੰਤਰੀ ਬਣਨ ਪਿੱਛੋਂ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਪਰ ਡਾ. ਜੌਹਲ ਰਾਜ ਸੱਤਾ ਮਗਰ ਨਾ ਗਏ।

ਡਾ. ਜੌਹਲ ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਡਾਇਰੈਕਟਰ ਰਿਸਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਅਮਰੀਕਾ ਦੀ ਓਹਾਈਓ ਸਟੇਟ ਯੂਨੀਵਰਸਿਟੀ ਦੇ ਵਿਜ਼ਟਿੰਗ ਪ੍ਰੋਫ਼ੈਸਰ, ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਦੇ ਨੈਸ਼ਨਲ ਪ੍ਰੋਫ਼ੈਸਰ ਆਫ਼ ਐਂਮੀਨੈਂਸ ਇਨ ਇਕਨੌਮਿਕਸ, ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਦੇ ਚੇਅਰਮੈਨ, ਭਾਰਤ ਦੇ ਚਾਰ ਪ੍ਰਧਾਨ ਮੰਤਰੀਆਂ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮਾਣਯੋਗ ਮੈਂਬਰ, ਡਾਇਰੈਕਟਰ ਸੈਂਟਰਲ ਗਵਰਨਿੰਗ ਬੋਰਡ ਆਫ ਰਿਜ਼ਰਵ ਬੈਂਕ, ਕੰਸਲਟੈਂਟ ਵਰਲਡ ਬੈਂਕ, ਐਡੀਟਰ ਇਨ ਚੀਫ ਮੈੱਨ ਐਂਡ ਡਿਵੈਲਪਮੈਂਟ ਮੈਗਜ਼ੀਨ ਅਤੇ ਯੋਜਨਾ ਬੋਰਡ ਪੰਜਾਬ ਦੇ ਉਪ ਚੇਅਰਮੈਨ ਰਹਿਣ ਪਿੱਛੋਂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਪਹਿਲੇ ਚਾਂਸਲਰ ਬਣੇ।

ਬਣੇ ਤਾਂ ਉਹ ਹੋਰ ਵੀ ਬਹੁਤ ਕੁਝ ਪਰ ਸਿਆਸਤ ਦੀਆਂ ਪੌੜੀਆਂ ਨਹੀਂ ਚੜ੍ਹੇ। ਇਸੇ ਕਾਰਨ ਉਨ੍ਹਾਂ ਦੀ ਚਰਚਾ ਡਾ. ਮਨਮੋਹਨ ਸਿੰਘ ਜਿੰਨੀ ਨਹੀਂ ਹੋਈ। ਚੋਣ ਲੜਨ ਦਾ ਮੌਕਾ ਮਿਲਣ ਦੇ ਬਾਵਜੂਦ ਉਨ੍ਹਾਂ ਸਿਆਸੀ ਚੋਣ ਲੜਨ ਦੀ ਹਾਮੀ ਨਹੀਂ ਭਰੀ। ਹਾਮੀ ਭਰਦੇ ਤਾਂ ਪੰਜਾਬ/ਕੇਂਦਰ ਦੇ ਵਿੱਤ ਮੰਤਰੀ ਸਹਿਜੇ ਹੀ ਬਣ ਸਕਦੇ ਸਨ। ਗਵਰਨਰ ਲੱਗ ਸਕਦੇ ਸਨ, ਰਾਜਦੂਤ ਹੋ ਸਕਦੇ ਸਨ, ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਬਣਨ ਦੇ ਰਾਹ ਪੈ ਸਕਦੇ ਸਨ। ਉਨ੍ਹਾਂ ਦਾ ਬਿੰਬ ਇਕ ਸਾਊ, ਸਾਦੇ, ਮਿਹਨਤੀ, ਮਿਲਾਪੜੇ ਤੇ ਖੁੱਲ੍ਹਦਿਲੇ ਵਿਦਵਾਨ ਦਾ ਬਣਿਆ ਹੋਇਆ ਹੈ। ਵੱਡੇ ਹੋ ਕੇ ਵੀ ਉਹ ਕਿਸੇ ਨੂੰ ਆਪਣੀ ਵਡੱਪਣ ਮਹਿਸੂਸ ਨਹੀਂ ਹੋਣ ਦਿੰਦੇ। ਹਰੇਕ ਨੂੰ ਇੰਜ ਲੱਗਦੈ ਜਿਵੇਂ ਆਪਣਾ ਪਰਿਵਾਰਕ ਵਡੇਰਾ ਹੋਵੇ।

ਡਾ. ਜੌਹਲ ਅਤੇ ਡਾ. ਮਨਮੋਹਨ ਸਿੰਘ ਕੱਚੇ ਕੋਠਿਆਂ ਵਾਲੇ ਪਿੰਡਾਂ ਵਿਚ ਜੰਮੇ-ਪਲੇ ਤੇ ਤੱਪੜਾਂ ਵਾਲੇ ਸਕੂਲਾਂ ਵਿਚ ਅਨਟ੍ਰੇਂਡ ਅਧਿਆਪਕਾਂ ਤੋਂ ਪੜ੍ਹੇ। ਦੋਹਾਂ ਨੇ ਮੁੱਢਲੇ ਅੱਖਰ ਅਲਫ਼ ਬੇ ਅਤੇ ਏਕਾ-ਦੂਆ ਰੇਤੇ ਉਤੇ ਲਿਖਣੇ ਸਿੱਖੇ। ਉਨ੍ਹਾਂ ਦਾ ਆਲਾ-ਦੁਆਲਾ ਅਨਪੜ੍ਹ ਲੋਕਾਂ ਦਾ ਸੀ ਜਿੱਥੇ ਮੈਟ੍ਰਿਕ ਪਾਸ ਵੀ ਕੋਈ ਘੱਟ ਹੀ ਮਿਲਦਾ ਸੀ। ਸਕੂਲਾਂ ਦੇ ਉਸਤਾਦ ਵੀ ਅੱਠ-ਦਸ ਜਮਾਤਾਂ ਹੀ ਪੜ੍ਹੇ ਹੁੰਦੇ ਸਨ। ਬਹੁਤਿਆਂ ਨੇ ਮਾਸਟਰੀ ਦਾ ਕੋਈ ਕੋਰਸ ਨਹੀਂ ਸੀ ਕੀਤਾ ਹੁੰਦਾ ਪਰ ਉਨ੍ਹਾਂ ਅੰਦਰ ਪੜ੍ਹਾਈ ਕਰਾਉਣ ਦਾ ਮਿਸ਼ਨਰੀ ਜਜ਼ਬਾ ਹੁੰਦਾ ਸੀ।

ਉਦੋਂ ਪਿੰਡਾਂ ਵਿਚ ਸ਼ਹਿਰੀ ਵਿੱਦਿਆ ਦਾ ਚਾਨਣ ਨਹੀਂ ਸੀ ਅੱਪੜਿਆ। ਵਿਦਿਆਥੀਆਂ ਦੇ ਪੜ੍ਹਨ-ਲਿਖਣ ਲਈ ਕਾਇਦੇ ਤੇ ਫੱਟੀਆਂ ਸਨ। ਕਾਨਿਆਂ ਦੀਆਂ ਕਲਮਾਂ, ਸੂਫ ਦੀ ਸਿਆਹੀ ਤੇ ਫੱਟੀਆਂ ਪੋਚਣ ਲਈ ਗਾਚਣੀ। ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਉਸ ਮਾਹੌਲ ਵਿਚ ਮੁੱਢਲੀ ਵਿੱਦਿਆ ਹਾਸਲ ਕਰਨ ਵਾਲੇ ਸਰਦਾਰਾ ਸਿੰਘ ਅਤੇ ਮਨਮੋਹਨ ਸਿੰਘ ਵਿਸ਼ਵ ਦੇ ਉੱਘੇ ਅਰਥ-ਸ਼ਾਸਤਰੀ ਬਣੇ।

ਸਵਾਲ ਪੈਦਾ ਹੁੰਦਾ ਹੈ ਕਿ ਅੱਜਕੱਲ੍ਹ ਮਹਿੰਗੀਆਂ ਫੀਸਾਂ ਲੈਣ ਵਾਲੇ, ਟਿਊਸ਼ਨਾਂ ਕਰਨ-ਕਰਾਉਣ ਵਾਲੇ, ਬੱਚਿਆਂ ਤੋਂ ਬਚਪਨ ਦੀ ਬਾਦਸ਼ਾਹੀ ਖੋਹਣ ਵਾਲੇ, ਕਿਤਾਬਾਂ-ਕਾਪੀਆਂ ਦੇ ਭਾਰ ਹੇਠਾਂ ਬੱਚਿਆਂ ਨੂੰ ਦਬਾਉਣ ਵਾਲੇ, ਸਿਹਤਾਂ ਗੁਆਉਣ ਵਾਲੇ, ਐਨਕਾਂ ਲੁਆਉਣ ਵਾਲੇ ਅਤੇ ਇਮਤਿਹਾਨਾਂ ਦੀਆਂ ਚਿੰਤਾਵਾਂ ਵਿਚ ਡਬੋਈ ਰੱਖਣ ਵਾਲੇ ਮਾਡਰਨ ਸਕੂਲ ਕਾਹਦੇ ਲਈ ਵਧੀ-ਫੁੱਲੀ ਜਾਂਦੇ ਹਨ? ਵਿਦਿਆਰਥੀਆਂ ਨੂੰ ਉਹ ਜੋ ਬਣਾਉਂਦੇ ਹਨ ਉਹ ਕਿਸੇ ਤੋਂ ਗੁੱਝੇ ਨਹੀਂ। ਲੋਕ ਭਲਾਈ ਕਰਨ ਵਾਲੇ ਇਮਾਨਦਾਰ ਇਨਸਾਨ ਬਣਾਉਣ ਦੀ ਥਾਂ ਉਹ ਜ਼ਿਆਦਾਤਰ ਪੈਸੇ ਕਮਾਉਣ ਦੀਆਂ ਮਸ਼ੀਨਾਂ ਤਿਆਰ ਕਰ ਰਹੇ ਹਨ। ਕਰੀਅਰ ਬਣਾਉਣ ਦੇ ਨਾਂ ਉਤੇ ਬੱਚਿਆਂ ਤੋਂ ਬਚਪਨ ਖੋਹ ਲੈਣਾ, ਜਵਾਨਾਂ ਤੋਂ ਜਵਾਨੀ ਅਤੇ ਬਜ਼ੁਰਗਾਂ ਤੋਂ ਬਜ਼ੁਰਗੀ, ਇਹ ਕਿੱਧਰਲੀ ਪੜ੍ਹਾਈ ਅਤੇ ਕਿੱਧਰਲੀ ਤਰੱਕੀ ਹੈ? ਸੋਚਣਾ ਚਾਹੀਦੈ ਕਿ ਸਾਡੀ ਸਿੱਖਿਆ ਨੀਤੀ ਸਾਡੇ ਬੱਚਿਆਂ ਨੂੰ ਕਿੱਧਰ ਨੂੰ ਲਿਜਾ ਰਹੀ ਹੈ? ਜੇ ਪੁਰਾਣੇ ਆਮ ਸਕੂਲ ਸੁਹਿਰਦ ਇਨਸਾਨ ਤੇ ਵਿਦਵਾਨ ਪੈਦਾ ਕਰਦੇ ਰਹੇ ਤਾਂ ਹੁਣ ਦੇ ਆਧੁਨਿਕ ਸਕੂਲਾਂ ਨੂੰ ਕੀ ਬਿਮਾਰੀ ਪਈ ਹੈ?

ਡਾ. ਨਿਰਮਲ ਸਿੰਘ ਲਾਂਬੜਾ ਨੇ ਸਹੀ ਲਿਖਿਆ ਹੈ, ''ਡਾ. ਜੌਹਲ ਸਵੈਮਾਨੀ, ਅਣਖੀਲਾ, ਸੰਵੇਦਨਸ਼ੀਲ, ਸੋਚਵਾਨ, ਅੱਗੇਵਧੂ, ਧੀਰਜਵਾਨ ਤੇ ਕਿਰਤੀ ਮਨੁੱਖ ਹੈ। ਉਸ ਨੂੰ ਆਪਣੀ ਮਿੱਟੀ ਨਾਲ ਹਕੀਕੀ ਮੋਹ ਹੈ। ਉਹ ਹਮੇਸ਼ਾਂ ਨਿਰਭਉ ਤੇ ਨਿਰਵੈਰ ਹੋ ਕੇ ਵਿਚਰਦਾ ਹੈ। ਉਜੱਡਵਾਦ ਦੀ ਹਉਮੈ ਤੋਂ ਉਹ ਪੂਰੀ ਤਰ੍ਹਾਂ ਮੁਕਤ ਹੈ। ਪੇਂਡੂ ਪਿਛੋਕੜ, ਪੰਜਾਬੀ ਮਾਂ ਬੋਲੀ, ਹੱਥੀਂ ਕੰਮ ਕਰਨ, ਸਦਾ ਸੱਚ 'ਤੇ ਪਹਿਰਾ ਦੇਣ ਅਤੇ ਖਰੀ-ਖਰੀ ਕਹਿਣ 'ਤੇ ਸਾਡੇ ਵੱਡੇ ਵੀਰ ਜੌਹਲ ਨੂੰ ਜਿਹੜਾ ਮਾਣ ਹੈ, ਉਹ ਉੱਚੇ ਤੋਂ ਉੱਚੇ ਅਹੁਦੇ ਹਾਸਲ ਕਰਨ ਵਿਚ ਕਦੀ ਰੋੜਾ ਨਹੀਂ ਬਣਦਾ।”

ਭਾਰਤ ਸਰਕਾਰ ਨੇ ਪਿੱਛੇ ਜਿਹੇ ਉਨ੍ਹਾਂ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਆ ਸੀ। ਉਹ 92 ਸਾਲ ਦੇ ਹੋ ਕੇ ਵੀ ਜਵਾਨਾਂ ਵਾਲੇ ਜੋਸ਼ ਨਾਲ ਭਰੇ ਹੋਏ ਹਨ। ਅਜੇ ਵੀ 18 ਅਦਾਰਿਆਂ ਅਤੇ ਸਭਾਵਾਂ ਦੇ ਚੇਅਰਮੈਨ ਹਨ। ਹੁਣ ਉਹ ਲੋਕ ਜਮਹੂਰੀ ਅਧਿਕਾਰ ਲਹਿਰ ਦੀ ਅਗਵਾਈ ਕਰਨ ਲੱਗੇ ਹਨ। ਦੁਆ ਕਰਦੇ ਹਾਂ ਕਿ ਉਹ ਨਰੋਈ ਸਿਹਤ ਨਾਲ ਸੈਂਚਰੀ ਮਾਰਨ, ਵਿਦਵਤਾ ਦਾ ਚਾਨਣ ਵੰਡਦੇ ਰਹਿਣ ਅਤੇ ਪੰਜਾਬ ਨੂੰ ਪੈਰਾਂ ਸਿਰ ਕਰਨ ਵਿਚ ਸਹਾਈ ਹੋਣ। ਵੇਖਦੇ ਹਾਂ ਉਨ੍ਹਾਂ ਦੀ ਪੁਕਾਰ ਕਿੰਨੇ ਕੁ ਪੰਜਾਬੀਆਂ ਨੂੰ ਜਗਾਉਂਦੀ ਹੈ?

ਸੰਪਰਕ : 905-799-1661

Posted By: Sukhdev Singh