-ਤਰੁਣ ਵਿਜੇ

ਪਿਛਲੀਆਂ ਅਨੇਕਾਂ ਸਦੀਆਂ ਵਿਚ ਕਰੋੜਾਂ ਲੋਕ ਮੱਧ-ਪੂਰਬ ਅਤੇ ਪੱਛਮੀ ਦੇਸ਼ਾਂ ਵਿਚ ਈਸਾਈ ਧਰਮ ਯੁੱਧਾਂ ਯਾਨੀ ਕਰੂਸੇਡ ਅਤੇ ਇਸਲਾਮਿਕ ਜਹਾਦਾਂ ਵਿਚ ਮਾਰੇ ਗਏ ਪਰ ਸਾਮਵਾਦ ਦੇ ਨਾਂ ’ਤੇ ਸਟਾਲਿਨ ਅਤੇ ਮਾਓ ਦੇ ਸਮੇਂ ਵਿਚ ਦਸ ਕਰੋੜ ਤੋਂ ਵੱਧ ਲੋਕਾਂ ਨੂੰ ਜ਼ਾਲਮਾਨਾ ਤਰੀਕੇ ਨਾਲ ਮਾਰਨ ਦਾ ਇਕ ਖ਼ੌਫ਼ਨਾਕ ਰਿਕਾਰਡ ਬਣਿਆ ਹੈ।

ਕੰਬੋਡੀਆ ਦੇ ਕਮਿਊਨਿਸਟ ਸ਼ਾਸਕ ਪੋਲ ਪੋਟ ਨੇ ਤਾਂ ਆਪਣੇ ਦੇਸ਼ ਦੀ ਇਕ ਚੌਥਾਈ ਆਬਾਦੀ ਨੂੰ ਕਤਲੇਆਮ ਦਾ ਸ਼ਿਕਾਰ ਬਣਾ ਕੇ ਸਮਾਪਤ ਕਰ ਦਿੱਤਾ ਸੀ। ਪੋਲ ਪੋਟ ਨੇ ਆਪਣੇ ਹੀ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਜੋ ਕਮਿਊਨਿਸਟ ਵਿਚਾਰਧਾਰਾ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਸਨ, ਤੜਫਾ-ਤੜਫਾ ਕੇ ਮਾਰਨ ਦਾ ਇਕ ਅਜਿਹਾ ਕਾਰਨਾਮਾ ਕੀਤਾ ਜਿਸ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ।

ਇਕ ਸਮੇਂ ਕਮਿਊਨਿਸਟ ਵਿਚਾਰਧਾਰਾ ਪੰਜਾਬ ਤੋਂ ਲੈ ਕੇ ਬੰਗਾਲ ਅਤੇ ਤ੍ਰਿਪੁਰਾ ਤੋਂ ਲੈ ਕੇ ਕੇਰਲ ਤਕ ਅਨੇਕ ਸੂਬਿਆਂ ਵਿਚ ਕਾਫ਼ੀ ਪ੍ਰਭਾਵੀ ਰਹੀ ਪਰ ਖ਼ਾਸ ਤੌਰ ’ਤੇ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਭਾਰਤ ਵਿਚ ਕਮਿਊਨਿਸਟ ਵਿਚਾਰਧਾਰਾ ਦੀ ਰਾਜਨੀਤੀ ਖੰਡਰ ਵਿਚ ਤਬਦੀਲ ਹੁੰਦੀ ਗਈ ਅਤੇ ਹੁਣ ਉਹ ਕੇਰਲ ਅਤੇ ਬੰਗਾਲ ਦੇ ਕੁਝ ਖੇਤਰਾਂ ਵਿਚ ਹੀ ਦਿਖਾਈ ਦਿੰਦੀ ਹੈ। ਫਿਰ ਵੀ ਇਹ ਵਿਚਾਰਧਾਰਾ ਅੱਜ ਵੀ ਪੱਤਰਕਾਰੀ, ਲੇਖਨ, ਸਟੂਡੈਂਟਸ ਯੂਨੀਅਨਾਂ, ਰਾਜਨੀਤੀ ਵਿਚ ਸਰਗਰਮ ਹੈ। ਇਸ ਦਾ ਹੀ ਇਕ ਹਿੱਸਾ ਨਕਸਲੀ ਸੰਗਠਨਾਂ ਦੇ ਰੂਪ ਵਿਚ ਅਰਾਜਕਤਾ ਅਤੇ ਅੱਤਵਾਦ ਫੈਲਾਉਣ ਵਿਚ ਸਰਗਰਮ ਹੈ। ਬੀਤੇ ਤਿੰਨ ਅਪ੍ਰੈਲ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਖੇਤਰ ਵਿਚ ਕਮਿਊਨਿਸਟ ਵਿਚਾਰਧਾਰਾ ਨੂੰ ਮੰਨਣ ਵਾਲੇ ਨਕਸਲੀਆਂ ਨੇ ਸੁਰੱਖਿਆ ਬਲਾਂ ਦੇ 22 ਜਵਾਨਾਂ ਦੀ ਜੋ ਕਾਇਰਾਨਾ ਹੱਤਿਆ ਕੀਤੀ, ਉਹ ਕੋਈ ਨਵੀਂ ਘਟਨਾ ਨਹੀਂ ਹੈ। ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਕਸਲੀ ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣੇ ਹੋਏ ਹਨ।

ਸੰਨ 1960 ਦੇ ਨੇੜੇ-ਤੇੜੇ ਨਕਸਲਵਾਦ ਬੰਗਾਲ ਵਿਚ ਸ਼ੁਰੂ ਹੋਇਆ ਅਤੇ ‘ਚੀਨ ਦਾ ਚੇਅਰਮੈਨ-ਸਾਡਾ ਚੇਅਰਮੈਨ’ ਨਾਅਰੇ ਨਾਲ ਬੰਗਾਲ ਦੀਆਂ ਦੀਵਾਰਾਂ ਰੰਗ ਦਿੱਤੀਆਂ ਗਈਆਂ। ਉਸ ਸਮੇਂ ਕਾਂਗਰਸ ਦੇ ਸਿਧਾਰਥ ਸ਼ੰਕਰ ਰਾਏ ਮੁੱਖ ਮੰਤਰੀ ਸਨ। ਉਨ੍ਹਾਂ ਨੇ ਬਹੁਤ ਕਠੋਰਤਾ ਨਾਲ ਨਕਸਲਵਾਦ ਨੂੰ ਸਮਾਪਤ ਕਰ ਦਿੱਤਾ। ਉਹ ਬੰਗਾਲ ਵਿਚ ਭਾਵੇਂ ਹੀ ਜੜ੍ਹੋਂ ਪੁੱਟਿਆ ਗਿਆ ਹੋਵੇ ਪਰ ਬਾਕੀ ਦੇਸ਼ ਵਿਚ ਉਸ ਦੇ 26 ਤੋਂ ਵੱਧ ਛੋਟੇ-ਵੱਡੇ ਸੰਗਠਨ ਉੱਭਰ ਆਏ। ਇਨ੍ਹਾਂ ਵਿਚ ਸਭ ਤੋਂ ਵੱਡਾ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਹੈ ਜੋ 21 ਸਤੰਬਰ 2004 ਨੂੰ ਸਥਾਪਿਤ ਹੋਇਆ।

ਇਸ ਵਿਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਪੀਪਲਜ਼ ਵਾਰ ਗਰੁੱਪ ਅਤੇ ਮਾਓਵਾਦੀ ਕਮਿਊਨਿਸਟ ਸੈਂਟਰ ਆਫ ਇੰਡੀਆ (ਐੱਮਸੀਸੀ) ਸ਼ਾਮਲ ਹੋਏ। ਉਦੋਂ ਤੋਂ ਲੈ ਕੇ ਹੁਣ ਤਕ ਨਕਸਲੀਆਂ ਨੇ 12,000 ਤੋਂ ਵੱਧ ਭਾਰਤੀ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਬੜੀ ਬੇਰਹਿਮੀ ਨਾਲ ਜਾਨ ਲਈ ਹੈ। ਇਨ੍ਹਾਂ ਵਿਚ ਸਿਰਫ਼ ਸੁਰੱਖਿਆ ਬਲਾਂ ਦੀ ਜਵਾਨਾਂ ਦੀ ਗਿਣਤੀ ਹੀ 2700 ਤੋਂ ਵੱਧ ਹੈ। ਗ੍ਰਹਿ ਮੰਤਰਾਲੇ ਮੁਤਾਬਕ 9300 ਤੋਂ ਵੱਧ ਜਿਨ੍ਹਾਂ ਨਾਗਰਿਕਾਂ ਦੀ ਨਕਸਲੀਆਂ ਨੇ ਹੱਤਿਆ ਕੀਤੀ, ਉਸ ਜ਼ੁਲਮ ਤੇ ਹੈਵਾਨੀਅਤ ਵਿਚ ਮਾਓ ਅਤੇ ਪੋਲ ਪੋਟ ਦੀ ਵਿਚਾਰ ਰੇਖਾ ’ਤੇ ਕੀਤੀਆਂ ਗਈਆਂ ਹੱਤਿਆਵਾਂ ਹਨ।

ਨਕਸਲੀ 12-13 ਸਾਲ ਦੇ ਬੱਚਿਆਂ ਨੂੰ ਜਬਰਦਸਤੀ ਚੁੱਕ ਕੇ ਆਪਣੇ ਧੜੇ ਵਿਚ ਸ਼ਾਮਲ ਕਰ ਲੈਂਦੇ ਹਨ। ਜੋ ਮਾਤਾ-ਪਿਤਾ ਆਪਣੇ ਬੱਚਿਆਂ ਦੇ ਅਗਵਾ ਖ਼ਿਲਾਫ਼ ਆਵਾਜ਼ ਚੁੱਕਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਹੀ ਤੜਫਾ-ਤੜਫਾ ਕੇ ਮਾਰਨ ਦੀ ਮਿਸਾਲ ਨਕਸਲੀ ਪੇਸ਼ ਕਰਦੇ ਰਹਿੰਦੇ ਹਨ ਤਾਂ ਕਿ ਉਸ ਖੇਤਰ ਵਿਚ ਦਹਿਸ਼ਤ ਫੈਲ ਜਾਵੇ। ਛੱਤੀਸਗੜ੍ਹ ਵਿਚ ਇਸ ਤਰ੍ਹਾਂ ਦੇ ਲਗਪਗ 12 ਹਜ਼ਾਰ ਹੋਸਟਲ ਚੱਲ ਰਹੇ ਹਨ ਜਿਨ੍ਹਾਂ ਵਿਚ ਨਕਸਲੀਆਂ ਦੁਆਰਾ ਮਾਰੇ ਗਏ ਲੋਕਾਂ ਦੇ ਅਨਾਥ ਬੱਚੇ ਸਰਕਾਰੀ ਸਹਾਇਤਾ ਨਾਲ ਪਾਲੇ ਜਾ ਰਹੇ ਹਨ। ਜ਼ੁਲਮ ਦੀ ਹੱਦ ਇਹ ਹੈ ਕਿ ਨਕਸਲੀ ਜਿਨ੍ਹਾਂ ਔਰਤਾਂ ਨੂੰ ਆਪਣੇ ਗਿਰੋਹਾਂ ਵਿਚ ਭਰਤੀ ਕਰਦੇ ਹਨ, ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਹਨ। ਨਕਸਲੀ ਹਿੰਸਾ ਦੇ ਸ਼ਿਕਾਰ ਸੈਂਕੜੇ ਬੱਚੇ ਅੱਜ ਤਕ ਕੌਮੀ ਮੀਡੀਆ ਦਾ ਧਿਆਨ ਖਿੱਚਣ ਵਿਚ ਨਾਕਾਮ ਰਹੇ ਹਨ।

ਭਾਰਤ ਵਿਚ ਨਕਸਲਵਾਦ ਦਰਅਸਲ ਸੰਨ 1967 ਵਿਚ ਪੱਛਮੀ ਬੰਗਾਲ ਦੇ ਨਕਸਲਬਾੜੀ ਬਲਾਕ ਦੇ ਪਿੰਡ ਪ੍ਰਸਾਦੂਜੋਤ ਤੋਂ ਸ਼ੁਰੂ ਹੋਇਆ ਸੀ। ਇਹ ਬਲਾਕ ਕਿਸਾਨਾਂ ਦੀ ਜ਼ਿਮੀਂਦਾਰਾਂ ਵਿਰੁੱਧ ਵਿੱਢੀ ਗਈ ਲਹਿਰ ਦਾ ਧੁਰਾ ਬਣ ਗਿਆ। ਨਕਸਲਬਾੜੀ ਬਲਾਕ ਦੇ ਨਾਮ ’ਤੇ ਹੀ ਇਸ ਲਹਿਰ ਦਾ ਨਾਮ ਪੈ ਗਿਆ। ਭਾਰਤੀ ਮੀਡੀਆ ਦੇ ਇਕ ਵਰਗ ਵਿਚ ਨਕਸਲੀਆਂ ਪ੍ਰਤੀ ਇਕ ਹਮਦਰਦੀ ਦਾ

ਮਾਹੌਲ ਮਿਲਦਾ ਹੈ।

ਨਕਸਲਬਾੜੀ ਲਹਿਰ ਨੇ ਪੰਜਾਬ ਸਮੇਤ ਕਈ ਸੂਬਿਆਂ ਵਿਚ ਅਨੇਕਾਂ ਕਵੀ ਅਤੇ ਸਾਹਿਤਕਾਰ ਪੈਦਾ ਕੀਤੇ ਸਨ। ਬੁੱਧੀਜੀਵੀਆਂ ਦਾ ਇਕ ਵੱਡਾ ਵਰਗ ਇਸ ਨਾਲ ਜੁੜ ਗਿਆ ਸੀ। ਇਸ ਵਰਗ ਮੁਤਾਬਕ ਇਹ ਲੋਕ ਗਰੀਬੀ ਵਿਰੁੱਧ ਲੜ ਰਹੇ ਹਨ ਜਾਂ ਫਿਰ ਵਲੰਟੀਅਰ ਸੈਨਿਕ ਹਨ। ਵੈਸੇ ਨਕਸਲਬਾੜੀ ਲਹਿਰ ਜ਼ਿਮੀਂਦਾਰਾਂ ਵੱਲੋਂ ਕਿਰਤੀ-ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਤੋਂ ਬਾਅਦ ਸ਼ੁਰੂ ਹੋਈ ਸੀ। ਅਰੰੁਧਤੀ ਰਾਏ ਵਰਗੇ ਲੋਕ ਉਨ੍ਹਾਂ ਨੂੰ ਬੰਦੂਕਧਾਰੀ ਗਾਂਧੀਵਾਦੀ ਗਰਦਾਨਦੇ ਹਨ। ਗ੍ਰਹਿ ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਜਿਸ ਨੂੰ ਖੱਬੇ-ਪੱਖੀ ਅੱਤਵਾਦ ਕਿਹਾ ਹੈ, ਉਸ ਨੂੰ ਸਿੱਧੇ-ਸਿੱਧੇ ਕਮਿਊਨਿਸਟ ਅੱਤਵਾਦ ਕਹਿ ਕੇ ਹੀ ਸਮਝਿਆ ਜਾ ਸਕਦਾ ਹੈ। ਖੱਬੇ-ਪੱਖੀ ਝੁਕਾਅ ਵਾਲਾ ਅੱਤਵਾਦ ਕਹਿ ਕੇ ਭਰਮ ਵਾਲੀ ਸਥਿਤੀ ਪੈਦਾ ਨਹੀਂ ਕਰਨੀ ਚਾਹੀਦੀ ਹੈ।

ਹਰ ਸਾਲ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿਰਫ਼ ਨਕਸਲੀ ਅੱਤਵਾਦ ਦਾ ਸਾਹਮਣਾ ਕਰਨ ਲਈ ਖ਼ਰਚ ਕੀਤੀ ਜਾਂਦੀ ਹੈ। ਇਹ ਅੱਤਵਾਦ ਚੀਨ ਅਤੇ ਪਾਕਿਸਤਾਨ ਦੇ ਹਮਲਿਆਂ ਤੋਂ ਘੱਟ ਨਹੀਂ ਹੈ। ਪੂਰੀ ਤਰ੍ਹਾਂ ਐਲਾਨਸ਼ੁਦਾ ਜੰਗਾਂ ਨਾਲੋਂ ਵੱਧ ਗਿਣਤੀ ਵਿਚ ਭਾਰਤੀ ਨਾਗਰਿਕ ਅਤੇ ਜਵਾਨ ਨਕਸਲੀਆਂ ਦੁਆਰਾ ਮਾਰੇ ਗਏ ਹਨ। ਨਕਸਲੀ ਅੱਤਵਾਦ ਤੋਂ ਪ੍ਰਭਾਵਿਤ ਤੀਹ ਅਜਿਹੇ ਜ਼ਿਲ੍ਹੇ ਹਨ, ਜਿਨ੍ਹਾਂ ਨੂੰ ਅੱਤਵਾਦ ਤੋਂ ਬਹੁਤ ਪੀੜਤ ਮੰਨਿਆ ਜਾਂਦਾ ਹੈ। ਇਕੱਲੇ ਇਨ੍ਹਾਂ ਜ਼ਿਲ੍ਹਿਆਂ ’ਤੇ 2148.24 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ।

ਜੇਕਰ ਅਸੀਂ ਨਕਸਲੀਆਂ ਦੇ ਪਿਛਲੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਸੰਨ 2010 ਤੋਂ ਲੈ ਕੇ 2020 ਤਕ ਇਕ ਵੀ ਸਾਲ ਅਜਿਹਾ ਨਹੀਂ ਗਿਆ ਜਿਸ ਵਿਚ ਨਕਸਲੀ ਸੰਗਠਨਾਂ ਨੇ ਬੜੀ ਸੰਖਿਆ ਵਿਚ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਨਾਗਰਿਕਾਂ ਦੀਆਂ ਹੱਤਿਆਵਾਂ ਨਾ ਕੀਤੀਆਂ ਹੋਣ। ਸੰਨ 2010 ਵਿਚ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਵੀਂ ਦਿੱਲੀ ਵਿਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਕਸਲਵਾਦ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਨਕਸਲਵਾਦ ਨੂੰ ਨੱਥ ਪਾਉਣੀ ਪਵੇਗੀ। ਸੰਨ 2006 ਵਿਚ ਗ੍ਰਹਿ ਮੰਤਰਾਲੇ ਨੇ ਇਕ ਵਿਸ਼ੇਸ਼ ਕਮਿਊਨਿਸਟ ਅੱਤਵਾਦ ਕੇਂਦਰਿਤ ਸੈੱਲ ਬਣਾਇਆ ਸੀ ਜਿਸ ਨੂੰ ਬੌਧਿਕ ਸਾਣ ਦੇਣ ਲਈ ਖੱਬੇ-ਪੱਖੀ ਅੱਤਵਾਦ ਸੈਕਸ਼ਨ ਕਿਹਾ ਗਿਆ।

ਰਸਮੀ ਤੌਰ ’ਤੇ ਇਸ ਦੀ ਸਥਾਪਨਾ 19 ਨਵੰਬਰ 2006 ਵਿਚ ਕੀਤੀ ਗਈ। ਤ੍ਰਾਸਦੀ ਇਹ ਹੈ ਕਿ 14 ਸਾਲ ਬੀਤ ਚੁੱਕੇ ਹਨ ਪਰ ਸਮੱਸਿਆ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਹਾਲਾਂਕਿ ਗ੍ਰਹਿ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਨਕਸਲਵਾਦ ਦੇ ਪਸਾਰੇ ਵਿਚ 25 ਪ੍ਰਤੀਸ਼ਤ ਦੀ ਕਮੀ ਆਈ ਹੈ ਪਰ ਜਿਸ ਘਰ ਦਾ ਸੈਨਿਕ-ਸਿਪਾਹੀ ਸ਼ਹੀਦ ਹੁੰਦਾ ਹੈ, ਉਸ ਵੱਲੋਂ ਇਹ ਤਾਂ ਪੁੱਛਿਆ ਹੀ ਜਾਂਦਾ ਹੈ ਕਿ ਭਾਰਤ ਦੇ ਅੰਦਰ ਹੀ ਭਾਰਤ ਦੇ ਦੁਸ਼ਮਣਾਂ ਨਾਲ ਲੜਦੇ ਹੋਏ ਉਨ੍ਹਾਂ ਦੇ ਜਵਾਨ ਕਿਉਂ ਸ਼ਹੀਦ ਹੋ ਰਹੇ ਹਨ? ਕਮਿਊਨਿਸਟ ਵਿਚਾਰਧਾਰਾ ਨੇ ਹਮੇਸ਼ਾ ਭਾਰਤ ਅਤੇ ਭਾਰਤੀਅਤਾ ਦੇ ਵਿਰੁੱਧ ਕੰਮ ਕੀਤਾ ਹੈ।

ਸੰਨ 1962 ਦੀ ਜੰਗ ਦੇ ਸਮੇਂ ਵੀ ਕਮਿਊਨਿਸਟ ਪਾਰਟੀ ਨੇ ਚੀਨ ਦਾ ਸਾਥ ਦਿੱਤਾ ਸੀ। ਉਦੋਂ ਪੰਡਿਤ ਨਹਿਰੂ ਨੇ 250 ਤੋਂ ਵੱਧ ਕਮਿਊਨਿਸਟ ਨੇਤਾਵਾਂ ਨੂੰ ਗਿ੍ਰਫ਼ਤਾਰ ਕਰ ਕੇ ਉਨ੍ਹਾਂ ’ਤੇ ਦੇਸ਼-ਧ੍ਰੋਹ ਦੇ ਮੁਕੱਦਮੇ ਚਲਾਏ ਸਨ। ਸੰਨ 1964 ਵਿਚ ਕਾਂਗਰਸ ਸਰਕਾਰ ਨੇ ਲੋਕ ਸਭਾ ਵਿਚ ਕਮਿਊਨਿਸਟ ਦੇਸ਼-ਧ੍ਰੋਹੀ ਕਾਰਜਾਂ ’ਤੇ ਇਕ ਵ੍ਹਾਈਟ ਪੇਪਰ ਜਾਰੀ ਕੀਤਾ ਸੀ। ਇਸ ਨੂੰ ਤਤਕਾਲੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਪੇਸ਼ ਕੀਤਾ ਸੀ।

ਇਸ ਵਿਚ ਭਾਰਤ ਵਿਚ ਕਮਿਊਨਿਸਟਾਂ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ। ਵੇਲਾ ਆ ਗਿਆ ਹੈ ਕਿ ਨਕਸਲਵਾਦ ਰੂਪੀ ਜੋ ਕਮਿਊਨਿਸਟ ਅੱਤਵਾਦ ਛੱਤੀਸਗੜ੍ਹ, ਆਂਧਰ ਪ੍ਰਦੇਸ਼, ਓਡੀਸ਼ਾ ਆਦਿ ਸੂਬਿਆਂ ਦੇ ਵੱਖ-ਵੱਖ ਇਲਾਕਿਆਂ ਵਿਚ ਸਰਗਰਮ ਹੈ, ਉਸ ਨੂੰ ਜੜ੍ਹੋਂ ਸਮਾਪਤ ਕੀਤਾ ਜਾਵੇ।

-(ਲੇਖਕ ਸੀਨੀਅਰ ਪੱਤਰਕਾਰ ਤੇ ਕਾਲਮ ਨਵੀਸ ਹੈ)।

-response0jagran.com

Posted By: Susheel Khanna