ਭਾਰਤ ’ਚ ਹਰ ਸਾਲ ਲਗਪਗ 65 ਲੱਖ ਵਿਦਿਆਰਥੀ ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਉੱਚ ਸਿੱਖਿਆ ਲਈ ਵੱਖੋ-ਵੱਖਰੇ ਵਿੱਦਿਅਕ ਅਦਾਰਿਆਂ ’ਚ ਕਦਮ ਰੱਖਦੇ ਹਨ। ਸੁਨਹਿਰੀ ਭਵਿੱਖ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਦਿਆਰਥੀ ਵੱਲੋਂ ਉਚੇਰੀ ਸਿੱਖਿਆ ਵੱਲ ਸਫ਼ਰ ਦੀ ਸ਼ੁਰੂਆਤ ਕਰਨਾ ਬੜਾ ਹੀ ਮਹੱਤਵਪੂਰਨ ਪੜਾਅ ਹੁੰਦਾ ਹੈ। ਜੇ ਗੱਲ ਕੀਤੀ ਜਾਵੇ ਭਾਰਤ ’ਚ ਉੱਚ ਸਿੱਖਿਆ ਸੰਸਥਾਵਾਂ ਦੀ ਤਾਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਦੇਸ਼ ’ਚ 1047 ਯੂਨੀਵਰਸਿਟੀਆਂ ਅਤੇ 46 ਹਜ਼ਾਰ ਦੇ ਕਰੀਬ ਡਿਗਰੀ ਕਾਲਜ ਵਿੱਦਿਅਕ ਖੇਤਰ ’ਚ ਸੇਵਾਵਾਂ ਨਿਭਾ ਰਹੇ ਹਨ। ਸਕੂਲ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀ ਗੁਣਵੱਤਾਪੂਰਨ ਵਿੱਦਿਅਕ ਅਦਾਰੇ ਦੀ ਭਾਲ ਲਈ ਅਨਿਸ਼ਚਿਤਤਾ ਅਤੇ ਦੁਚਿੱਤੀ ਦੇ ਦੌਰ ’ਚ ਗੁਜ਼ਰਦਾ ਹੈ।

ਸਹੀ ਕੋਰਸ, ਢੁੱਕਵੇਂ ਵਿੱਦਿਅਕ ਅਦਾਰੇ ਦੀ ਚੋਣ ਕਰਨਾ ਇਕ ਚੁਣੌਤੀ ਭਰਿਆ ਸਮਾਂ ਹੁੰਦਾ ਹੈ। ਅਜਿਹੇ ’ਚ ਵਿਦਿਆਰਥੀ ਨੂੰ ਕਿਸੇ ਸੰਸਥਾ ਦੀ ਗੁਣਵੱਤਾ ਦਾ ਪ੍ਰਮਾਣ ਕਿੱਥੋਂ ਮਿਲੇ, ਤਾਂ ਅਸੀਂ ਸਮਝਦੇ ਹਾਂ ਕਿ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸਰਕਾਰਾਂ ਅਤੇ ਮਨਜ਼ੂਰਸ਼ੁਦਾ ਅਦਾਰਿਆਂ ਵੱਲੋਂ ਵਿੱਦਿਅਕ ਅਦਾਰਿਆਂ ਨੂੰ ਜਾਰੀ ਕੀਤੀਆਂ ਜਾਣ ਵਾਲੀਆਂ ਦਰਜਾਬੰਦੀਆਂ ਕਿਸੇ ਵੀ ਸੰਸਥਾ ਦੇ ਵਿੱਦਿਅਕ ਮਿਆਰ ਤੇ ਪ੍ਰਮਾਣਿਕਤਾ ਦੀ ਮੋਹਰ ਦਾ ਕੰਮ ਕਰਦੀਆਂ ਹਨ। ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਹਰ ਸਾਲ ਜਾਰੀ ਕੀਤੀ ਜਾਣ ਵਾਲੀ ਕੌਮੀ ਪੱਧਰ ਦੀ ਦਰਜਾਬੰਦੀ ਨਿਰਫ਼ (ਐੱਨਆਈਆਰਐੱਫ) ਰੈਂਕਿੰਗ ਅਹਿਮ ਸਮਝੀ ਗਈ ਹੈ।

ਉਣੱਤੀ ਸਤੰਬਰ 2015 ਨੂੰ ਐੱਚਆਰਡੀ ਮੰਤਰਾਲੇ ਵੱਲੋਂ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਭਾਵ ਨਿਰਫ਼ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਰਾਹੀਂ ਦੇਸ਼ ਦੇ ਉਚੇਰੀ ਸਿੱਖਿਆ ਦੇ ਅਦਾਰਿਆਂ ਦੀ ਦਰਜਾਬੰਦੀ ਵਿਧੀ ਦੀ ਰੂਪ-ਰੇਖਾ ਦੀ ਨਿਸ਼ਾਨਦੇਹੀ ਨਿਸ਼ਚਿਤ ਹੋਈ। ਚਾਰ ਅਪ੍ਰੈਲ 2016 ਦੀ ਨਿਰਫ਼ ਰੈਂਕਿੰਗ ’ਚ 3 ਹਜ਼ਾਰ ਦੇ ਕਰੀਬ ਉੱਚ ਵਿੱਦਿਅਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ ਸੀ ਪਰ ਸੰਨ 2022 ਦੀ ਰੈਂਕਿੰਗ ਰਿਪੋਰਟ ਵਿਚ 7250 ਅਦਾਰਿਆਂ ਦਾ ਸ਼ਾਮਲ ਹੋਣਾ ਨਿਰਫ਼ ਦੀ ਗੁਣਵੱਤਾ ’ਤੇ ਆਧਾਰਿਤ ਦਰਜਾਬੰਦੀ ਪ੍ਰਤੀ ਵਧ ਰਹੀ ਭਰੋਸੇਯੋਗਤਾ ਦਾ ਸਬੂਤ ਹੈ। ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਮਿਆਰ ਆਧਾਰਿਤ ਦਰਜਾਬੰਦੀ ਕਰਨ ਵਾਲੇ ਕੌਮੀ ਅਦਾਰੇ ਨੈਕ (ਨੈਸ਼ਨਲ ਅਸੈਸਮੈਂਟ ਐਂਡ ਅਕਰੈਡਟੀਏਸ਼ਨ ਕੌਂਸਲ) ਵੱਲੋਂ ਜਾਰੀ ਕੀਤੀ ਜਾਣ ਵਾਲੀ ਰੈਂਕਿੰਗ ਵੀ ਮਹੱਤਵਪੂਰਨ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਦੀਆਂ ਕੁੱਲ ਯੂਨੀਵਰਸਿਟੀਆਂ ’ਚੋਂ ਕੇਵਲ 206 ਯੂਨੀਵਰਸਿਟੀਆਂ ਨੂੰ ਹੀ ਨੈਕ ਏ+ ਗਰੇਡ ਦਾ ਦਰਜਾ ਦਿੱਤਾ ਗਿਆ ਹੈ। ਨਿਰਫ਼ ਨੇ ਵਿੱਦਿਅਕ ਅਦਾਰਿਆਂ ਦੇ ਸਾਹਮਣੇ ਉੱਤਮ ਦਰਜਿਆਂ ਵਾਲੇ ਮਾਪਦੰਡ ਨਿਸ਼ਚਿਤ ਕੀਤੇ ਹਨ। ਜਿਹੜੇ ਅਦਾਰੇ 2021 ਵਿਚ ਪਹਿਲੇ 100 ਉੱਤਮ ਅਦਾਰਿਆਂ ਵਿਚ ਸ਼ਾਮਲ ਹੋਏ, ਭਾਵੇਂ ਉਨ੍ਹਾਂ ਦੇ ਲਈ ਉਸ ਸਮੇਂ ਇਹ ਮਾਣਮੱਤੀ ਪ੍ਰਾਪਤੀ ਸੀ ਪਰ ਉਨ੍ਹਾਂ ਨੇ 2022 ਵਿਚ ਆਪਣੀ ਪਾਏਦਾਰ ਕਾਰਜਕੁਸ਼ਲਤਾ ਨਾਲ ਆਪਣੀ ਚੰਗੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਮਿਸਾਲ ਵਜੋਂ ਸਾਲ 2021 ਦੇ ਮੁਕਾਬਲੇ ਚੰਡੀਗੜ੍ਹ ਯੂਨੀਵਰਸਿਟੀ ਨੇ ਨਿਰਫ਼ ਦਰਜਾਬੰਦੀ ’ਚ 29ਵਾਂ ਸਥਾਨ ਹਾਸਲ ਕਰਦਿਆਂ ਵੱਡੀ ਪੁਲਾਂਘ ਪੁੱਟੀ ਹੈ।

ਇਸ ਦੇ ਨਾਲ ਈ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ, ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਡਾ: ਬੀ. ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਕਾਰਗੁਜ਼ਾਰੀ ਚੰਗੀ ਰਹੀ। ਨਿਰਫ਼ ਦੁਆਰਾ ਪੇਸ਼ ਕੀਤੇ ਅੰਕੜੇ ਉੱਚ ਕੋਟੀ ਦੀਆਂ ਦੇਸ਼ ਅਤੇ ਵਿਦੇਸ਼ ਦੀਆਂ ਕੰਪਨੀਆਂ ਨੂੰ ਵਧੇਰੇ ਆਕਰਸ਼ਿਤ ਕਰਦੇ ਹਨ। ਉਨ੍ਹਾਂ ਲਈ ਚੰਗੇ ਹੁਨਰਮੰਦਾਂ ਨੂੰ ਤਲਾਸ਼ਣ ਲਈ ਇਹ ਉੱਤਮ ਦਰਜਾਬੰਦੀ ਵਧੇਰੇ ਰਾਸ ਆ ਰਹੀ ਹੈ।

ਉੱਤਮ ਦਰਜੇ ਵਾਲੀਆਂ ਸੰਸਥਾਵਾਂ ਵਿਚ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਅਕਸ ਆਲਮੀ ਪੱਧਰ ’ਤੇ ਵਧੇਰੇ ਉੱਘੜ ਜਾਂਦਾ ਹੈ। ਹੋਰ ਤਾਂ ਹੋਰ, ਨਿਰਫ਼ ਦੀ ਅਜਿਹੀ ਸਮੀਖਿਆ ਅਤੇ ਦਰਜਾਬੰਦੀ ਦੇਸ਼ ਦੇ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਜਾ ਕੇ ਉੱਚ ਵਿੱਦਿਆ ਪ੍ਰਾਪਤੀ ਦੇ ਰੁਝਾਨ ਨੂੰ ਕਿਸੇ ਹੱਦ ਤਕ ਰੋਕਦੀ ਹੀ ਨਹੀਂ ਸਗੋਂ ਇਸ ਨਾਲ ਵਿਦੇਸ਼ੀ ਵਿਦਿਆਰਥੀਆਂ ਦਾ ਉੱਚ ਵਿੱਦਿਆ ਲਈ ਭਾਰਤ ਆਉਣ ਦਾ ਰੁਝਾਨ ਵੀ ਵਧ ਰਿਹਾ ਹੈ। ਜਿੱਥੇ 2014 ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 27800 ਸੀ, ਉੱਥੇ 2015 ਵਿਚ ਨਿਰਫ਼ ਦੇ ਹੋਂਦ ਵਿਚ ਆਉਣ ਨਾਲ ਵਰਣਨਯੋਗ ਵਾਧਾ ਹੋਇਆ ਹੈ। ਇਸੇ ਦਾ ਨਤੀਜਾ ਹੈ ਕਿ 2016 ਤੋਂ 2021 ਤਕ 160 ਮੁਲਕਾਂ ’ਚੋਂ ਤਿੰਨ ਲੱਖ ਤੋਂ ਵੀ ਵੱਧ ਵਿਦਿਆਰਥੀ ਪੜ੍ਹਨ ਲਈ ਭਾਰਤ ਵਿਚ ਆਏ। ਪੰਜਾਬ ਵਿਚ 2015 ਵਿਚ ਜਿੱਥੇ 2459 ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਆਏ, ਉੱਥੇ ਹੀ ਇਹ ਗਿਣਤੀ 2022 ਵਿਚ 4466 ਤਕ ਪੁੱਜ ਗਈ। ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਵਿਚ ਭਾਰਤ ਦਾ ਦੁਨੀਆ ’ਚ 26ਵਾਂ ਨੰਬਰ ਹੈ। ਇਹੀ ਨਹੀਂ, ਕਿਸੇ ਵਿੱਦਿਅਕ ਅਦਾਰੇ ਨੂੰ ਮਿਲੀ ਰੈਂਕਿੰਗ ਵਿਦਿਆਰਥੀਆਂ ਲਈ ਦੇਸ਼ ਵਿਚ ਬੈਠਿਆਂ ਹੀ ਵਿਸ਼ਵ ਪੱਧਰੀ ਮੌਕੇ ਪੈਦਾ ਕਰਨ ’ਚ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਭਾਰਤੀ ਅਤੇ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵੱਲੋਂ ਕੀਤੇ ਜਾਣ ਵਾਲੇ ਸਾਂਝੇ ਖੋਜ ਪ੍ਰਾਜੈਕਟ, ਸਾਂਝੇ ਕੋਰਸ, ਇੰਟਰਨਸ਼ਿਪਾਂ ਲਈ ਵਿਦਿਆਰਥੀਆਂ ਦਾ ਵਿਦੇਸ਼ ਜਾਣਾ, ਫੈਕਲਟੀ ਆਦਾਨ-ਪ੍ਰਦਾਨ ਵਰਗੀਆਂ ਸਹੂਲਤਾਂ ਵਿਦਿਆਰਥੀਆਂ ਲਈ ਵਿਸ਼ਵ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦੀਆਂ ਹਨ।

ਇਹ ਨਿਰਫ਼ ਦੀ ਦਰਜਾਬੰਦੀ ਦੁਆਰਾ ਵਿੱਦਿਅਕ ਵਿਵਸਥਾ ਦਾ ਉਭਾਰ ਹੀ ਹੈ, ਇਸ ਨੇ ਦੇਸ਼ ਦੀ ਅਰਥ-ਵਿਵਸਥਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਭਾਰਤੀ ਉੱਚ ਵਿੱਦਿਅਕ ਅਦਾਰਿਆਂ ਵਿਚ ਨਿਰਫ਼ ਦੀ ਸਾਰਥਿਕਤਾ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਦੇਸ਼ ’ਚ ਆਈਆਈਟੀਜ਼, ਐੱਨਆਈਟੀਜ਼ ਅਤੇ ਏਮਜ਼ ਵਰਗੇ ਉੱਚ ਅਦਾਰਿਆਂ ਦੀ ਗਿਣਤੀ ਤਕਰੀਬਨ 130 ਹੈ ਜਿਸ ਵਿਚ ਦਾਖ਼ਲਾ ਲੈਣ ਲਈ ਲੱਖਾਂ ਦੀ ਗਿਣਤੀ ’ਚੋਂ 15 ਤੋਂ 20 ਹਜ਼ਾਰ ਵਿਦਿਆਰਥੀ ਹੀ ਸਫਲ ਹੁੰਦੇ ਹਨ। ਦਰਜਾਬੰਦੀ ਨੇ ਇਹ ਭਰੋਸੇਯੋਗਤਾ ਨਾ ਕੇਵਲ ਅੰਤਰਰਾਸ਼ਟਰੀ ਯੂਨੀਵਰਸਿਟੀਆਂ ’ਤੇ ਕਾਇਮ ਕੀਤੀ ਹੈ ਬਲਕਿ ਇੰਡਸਟਰੀ ’ਤੇ ਵੀ ਇਸ ਦਾ ਵੱਡਾ ਪ੍ਰਭਾਵ ਪਿਆ ਹੈ।

ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਜ਼ਰੂਰਤਾਂ ਅਨੁਸਾਰ ਹੀ ਤਿਆਰ ਕਰਨ ’ਚ ਇਨ੍ਹਾਂ ਕੇਂਦਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪ੍ਰਾਚੀਨ ਕਾਲ ਵਿਚ ਭਾਰਤ ਨੂੰ ਸਿੱਖਿਆ ਦੇ ਖੇਤਰ ਵਿਚ ਤਕਸ਼ਿਲਾ ਅਤੇ ਨਾਲੰਦਾ ਕਾਰਨ ਜਾਣਿਆ ਜਾਂਦਾ ਸੀ ਪਰ ਸ਼ਾਇਦ ਕਿਤੇ ਨਾ ਕਿਤੇ ਅਸੀਂ ਇਸ ਸਥਿਤੀ ਨੂੰ ਗੁਆ ਦਿੱਤਾ ਸੀ। ਨਿਰਸੰਦੇਹ ਅਜੋਕੇ ਸਮੇਂ ’ਚ ਦੇਸ਼ ਦੇ ਵਿੱਦਿਅਕ ਅਦਾਰੇ ਸਿੱਖਿਆ ਦੇ ਪੱਧਰ ਨੂੰ ਮੁੜ ਤੋਂ ਉੱਚਾਈਆਂ ’ਤੇ ਲਿਜਾਣ ਦੇ ਰਾਹ ਤੁਰੇ ਹਨ। ਵਿੱਦਿਅਕ ਢਾਂਚੇ ’ਚ ਗੁਣਵੱਤਾ ਦਾ ਪ੍ਰਮਾਣ ਦਿੰਦਿਆਂ ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਜਿਸ ਕਦਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਦਰਜਾਬੰਦੀਆਂ ’ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾ ਰਹੀਆਂ ਹਨ, ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਵਿਦਿਆਰਥੀ ਦੇਸ਼ ’ਚ ਹੀ ਪੜ੍ਹ ਕੇ ‘ਨੋਬਲ ਪੁਰਸਕਾਰ’ ਵਰਗੀਆਂ ਵੱਕਾਰੀ ਪ੍ਰਾਪਤੀਆਂ ਕਰਨਗੇ।

-ਸਤਨਾਮ ਸਿੰਘ ਸੰਧੂ

-(ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ)।

Posted By: Jagjit Singh