-ਤਰਸੇਮ ਸਿੰਘ ਭੰਗੂ

ਇਹ 20ਵੀਂ ਸਦੀ ਦੇ 8ਵੇਂ-9ਵੇਂ ਦਹਾਕੇ ਦਾ ਕਾਲਾ ਦੌਰ ਸੀ। ਪੰਜਾਬ ਦਾ ਕੋਈ ਪਿੰਡ ਹੀ ਹੋਊ ਜਿੱਥੇ ਸੂਰਜ ਡੁੱਬਦਿਆਂ ਬੂਹੇ ਬੰਦ ਨਾ ਹੋਏ ਹੋਣ। ਇਨ੍ਹਾਂ ਕਾਲੇ ਦਿਨਾਂ ਦਾ ਸੇਕ ਬਹੁਤ ਸਾਰੇ ਲੋਕਾਂ ਨੂੰ ਲੱਗਾ ਸੀ, ਥੋੜ੍ਹਾ-ਭਾਵੇਂ ਬਹੁਤਾ। ਇਹ ਉਹ ਮੰਦਭਾਗਾ ਵੇਲਾ ਸੀ ਜਦੋਂ ਕਿਤੇ ਨਾ ਕਿਤੇ ਸੱਥਰ ਵਿਛਿਆ ਹੀ ਰਹਿੰਦਾ ਸੀ। ਪੰਜਾਬ ’ਚ ਲੋਕਤੰਤਰ ਦਾ ਮਜ਼ਾਕ ਉਡਾ ਕੇ ਕੁਝ ਸਿਆਸੀ ਧਿਰਾਂ ਵੱਲੋਂ ਚੋਣ ਬਾਈਕਾਟ ਦੇ ਚੱਲਦਿਆਂ ਸੰਗੀਨਾਂ ਦੀ ਛਾਂ ਹੇਠ ਪਈਆਂ ਵੋਟਾਂ ਮਗਰੋਂ ਕਾਂਗਰਸ ਦੀ ਸਰਕਾਰ ਆਸਾਨੀ ਨਾਲ ਹੋਂਦ ਵਿਚ ਆ ਚੁੱਕੀ ਸੀ। ਮੈਂ ਸਾਲਾਨਾ ਛੁੱਟੀ ਕੱਟਣ ਪਿੰਡ ਆਇਆ ਹੋਇਆ ਸਾਂ।

ਮੇਰਾ ਇਕ ਕਰੀਬੀ ਰਿਸ਼ਤੇਦਾਰ ਲੜਕਾ ਇਕ ਦਿਨ ਮੇਰੇ ਖ਼ਾਸ ਮਿੱਤਰ, ਜੋ ਚੰਗੇ ਸਰਕਾਰੀ ਅਹੁਦੇ ’ਤੇ ਸੀ, ਦੇ ਬੈਠਿਆਂ ਆ ਕੇ ਕਹਿਣ ਲੱਗਾ, “ਵੀਰ ਫ਼ੌਜੀਆ, ਮੈਨੂੰ ਵੀ ਕਿਧਰੇ ਸੈੱਟ-ਸੁੱਟ ਕਰਵਾ ਦੇ।’’ ਮੇਰੇ ਮਿੱਤਰ ਨੇ ਮੈਨੂੰ ਦੱਸਿਆ ਕਿ ਇਕ ਵੀਆਈਪੀ ਮੇਰੇ ’ਤੇ ਬਹੁਤ ਵਿਸ਼ਵਾਸ ਕਰਦਾ ਹੈ। ਉਸ ਦੀ ਜਾਨ ਨੂੰ ਖ਼ਤਰਾ ਹੋਣ ਕਰ ਕੇ ਐੱਸਐੱਸਪੀ ਨੇ ਉਸ ਨੂੰ ਸੁਰੱਖਿਆ ਦੇਣ ਲਈ ਕਿਹਾ ਹੈ ਪਰ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਹੈ ਕਿ ਉਸ ਨੂੰ ਪੰਜਾਬ ਪੁਲਿਸ ’ਤੇ ਯਕੀਨ ਨਹੀਂ। ਐੱਸਐੱਚਓ ਨੇ ਕਿਹਾ ਹੈ ਕਿ ਤੁਸੀਂ ਆਪਣੀ ਮਰਜ਼ੀ ਦੇ ਤਿੰਨ ਬੰਦੇ ਰੱਖ ਲਓ, ਮੈਂ ਉਨ੍ਹਾਂ ਨੂੰ ਨੰਬਰ ਦੇ ਦਿਆਂਗਾ।

ਉਦੋਂ ਐੱਸਪੀਓ ਭਰਤੀ ਕਰਨ ਦੇ ਅਧਿਕਾਰ ਸਰਕਾਰ ਨੇ ਥਾਣੇਦਾਰ ਨੂੰ ਦਿੱਤੇ ਹੋਏ ਸਨ। ਸੋ ਉਹ ਲੜਕਾ ਇਕ-ਦੋ ਦਿਨ ਦੀ ਹਥਿਆਰਾਂ ਬਾਰੇ ਸਿਖਲਾਈ ਲੈ ਕੇ ਉਸ ਵੀਆਈਪੀ ਦੀ ਸੁਰੱਖਿਆ ’ਚ ਤਾਇਨਾਤ ਹੋ ਗਿਆ। ਕੁਝ ਦਿਨਾਂ ਬਾਅਦ ਹੀ ਉਹ ਅਸਲੇ ਸਮੇਤ ਹਥਿਆਰ ਲੈ ਕੇ ਭਗੌੜਾ ਹੋ ਗਿਆ। ਆਪਣੀ ਮਰਜ਼ੀ ਦਾ ਰੱਖਿਆ ਮੁੰਡਾ ਭਗੌੜਾ ਹੋਣ ਕਰ ਕੇ ਵੀਆਈਪੀ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹ ਗੱਡੀ ’ਚ ਬੈਠ ਕੇ ਸਿੱਧਾ ਸਾਡੇ ਪਿੰਡ ਮੇਰੇ ਮਿੱਤਰ ਦੇ ਘਰ ਆ ਗਿਆ। ਮੇਰਾ ਮਿੱਤਰ ਕਿਧਰੇ ਬਾਹਰ ਗਿਆ ਹੋਇਆ ਸੀ। ਮਿੱਤਰ ਦੀ ਮਾਰਫ਼ਤ ਕਿਸੇ ਨੇ ਉਨ੍ਹਾਂ ਨੂੰ ਮੇਰਾ ਘਰ ਦੱਸ ਦਿੱਤਾ ਕਿ ਉਸ ਬਾਰੇ ਫ਼ੌਜੀ ਨੂੰ ਜ਼ਰੂਰ ਪਤਾ ਹੋਊ। ਓਪਰੇ ਬੰਦੇ ਆਏ ਦੱਸ ਪਤਨੀ ਨੇ ਬੱਚੇ ਹੱਥ ਸੁਨੇਹਾ ਘੱਲ ਕੇ ਮੈਨੂੰ ਖੇਤਾਂ ’ਚੋਂ ਬੁਲਾ ਲਿਆ। ਮੈਂ ਘਰ ਆ ਕੇ ਸਾਰਿਆਂ ਨੂੰ ਫਤਹਿ ਬੁਲਾਈ। ਉਹ ਨੇਤਾ ਬੈਠਦਿਆਂ ਹੀ ਬੋਲਿਆ, “ਕਾਕਾ, ਜਿਹੜਾ ਮੁੰਡਾ ਮੇਰੇ ਕੋਲ ਛੱਡ ਕੇ ਆਏ ਸੀ, ਕਿਸ ਤਰ੍ਹਾਂ ਦਾ ਹੈ?” ‘ਕਿਸ ਤਰ੍ਹਾਂ ਦਾ’ ਸੁਣ ਕੇ ਮੇਰੀ ਸੋਚ ਭੁਆਂਟਣੀ ਖਾ ਗਈ। ਮੈਂ ਸੰਭਲਦਿਆਂ ਮੁੰਡੇ ਦੀ ਤਾਰੀਫ਼ ਕਰਦਿਆਂ ਕਿਹਾ, “ਮੁੰਡਾ ਅਪਣੇ ਘਰਾਂ ’ਚੋਂ ਈ ਆ, ਕਿਉਂ ਕੀ ਗੱਲ ਹੋ ਗਈ?”“ਫਿਰ ਉਹ ਮੁੰਡਾ ਕੱਲ੍ਹ ਦਾ ਹਥਿਆਰ ਲੈ ਕੇ ਗਿਆ ਮੁੜਿਆ ਨਹੀਂ ਜੇ” ਕਹਿ ਕੇ ਉਸ ਨੇ ਮੇਰੀ ਖਾਨਿਓਂ ਗੁਆ ਦਿੱਤੀ। ਮੈਨੂੰ ਚੁੱਪ ਵੇਖ ਕੇ ਉਸ ਨੇ ਫਿਰ ਕਿਹਾ, “ਹਾਲੇ ਕੁਝ ਨਹੀਂ ਜੇ ਵਿਗੜਿਆ।

ਮੈਂ ਥਾਣੇ ਰਿਪੋਰਟ ਨਹੀਂ ਕੀਤੀ, ਜੇ ਕਿਧਰੇ ਤੁਹਾਡੇ ਸੰਪਰਕ ਵਿਚ ਹੈ ਤਾਂ ਆ ਕੇ ਹਥਿਆਰ ਦੇ ਜਾਵੇ ਤੇ ਆਪ ਜਿੱਧਰ ਮਰਜ਼ੀ ਜਾਵੇ।” ਬਿਨਾਂ ਕੁਝ ਖਾਧੇ-ਪੀਤੇ ਉਹ ਜਾ ਚੁੱਕੇ ਸਨ। ਮੁੰਡੇ ਦਾ ਕੋਈ ਥਹੁ-ਪਤਾ ਨਹੀਂ ਸੀ ਕਿ ਉਹ ਹਥਿਆਰ ਲੈ ਕੇ ਕਿੱਥੇ ਗ਼ਾਇਬ ਹੋ ਗਿਆ ਸੀ। ਅਗਲੇ ਦਿਨ ਸ਼ਾਮੀਂ 5 ਵਜੇ ਪੁਲਿਸ ਪਾਰਟੀ ਦੀ ਰੇਡ ਪੈ ਗਈ। ਜ਼ਾਹਿਰ ਸੀ ਕਿ ਵੀਆਈਪੀ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੋਵੇਗੀ। ਮੇਰੇ ਮਿੱਤਰ ਦੇ ਘਰ ਮਗਰੋਂ ਪੁਲਿਸ ਮੇਰੇ ਘਰ ਆ ਗਈ। ਉਸ ਦੌਰ ਵਿਚ ਕਈ ਫ਼ੌਜੀਆਂ ਦੇ ਨਾਂ ਵੀ ਇਸ ਲਹਿਰ ਨਾਲ ਜੁੜੇ ਸਨ। ਰੇਡ ’ਤੇ ਆਇਆ ਥਾਣੇਦਾਰ ਮੈਨੂੰ ਭਲਾ ਆਦਮੀ ਲੱਗਿਆ ਸੀ। ਉਸ ਨੇ ਮੇਰਾ ਸਤਿਕਾਰ ਕਰਦਿਆਂ ਭਗੌੜੇ ਮੁੰਡੇ ਨਾਲ ਮੇਰੇ ਰਿਸ਼ਤੇ ਬਾਰੇ ਪੁੱਛਿਆ। ਮੈਂ ਬੜੇ ਸਤਿਕਾਰ ਨਾਲ ਕਿਹਾ, “ਸਰ ਹੈ ਤਾਂ ਮੇਰੇ ਸਕਿਆਂ ’ਚੋਂ। ਮੇਰੇ ਦੋਸਤ ਨੇ ਮੇਰੇ ਕਹੇ ’ਤੇ ਰਖਵਾ ਦਿੱਤਾ ਸੀ। ਇਹ ਤਾਂ ਕੋਈ ਨਹੀਂ ਜਾਣਦਾ ਕਿ ਕਿਸੇ ਦੇ ਦਿਲ ਵਿਚ ਕੀ ਹੈ?” ਥਾਣੇਦਾਰ ਨੇ ਕਿਹਾ,“ਸਰਦਾਰ ਜੀ ਤੁਸੀਂ ਬੜੇ ਸਾਫ਼ ਦਿਲ ਲੱਗਦੇ ਹੋ, ਆਪਣਾ ਪਰਿਵਾਰ ਲੈ ਕੇ ਆਪਣੀ ਡਿਊਟੀ ਵਾਲੀ ਜਗ੍ਹਾ ਚਲੇ ਜਾਓ, ਸਰਕਾਰੀ ਹਥਿਆਰ ਗੁੰਮ ਹੋਇਆ ਹੈ। ਤੁਹਾਨੂੰ ਵੀ ਖਿੱਚ-ਧੂਹ ਹੋ ਸਕਦੀ ਹੈ।

ਹੋ ਸਕਦੈ ਦੂਸਰਾ ਅਫ਼ਸਰ ਮੇਰੇ ਵਾਂਗ ਨਾ ਸੋਚੇ, ਅਕਸਰ ਕਣਕ ਨਾਲ ਘੁਣ ਵੀ ਪਿਸ ਜਾਂਦਾ ਹੈ।” ਕੋਈ ਸਾਧਨ ਨਾ ਹੋਣ ਕਰ ਕੇ ਰਾਤ ਨੂੰ ਜਾਣਾ ਮੁਸ਼ਕਲ ਸੀ। ਪੁਲਿਸ ਦੇ ਡਰ ਕਾਰਨ ਰਾਤ ਕਿਸੇ ਦੇ ਘਰ ਕੱਟਣ ਦੀ ਸਲਾਹ ਬਣੀ। ਇਸ ਸਬੰਧੀ ਜਦੋਂ ਮਾਤਾ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੀ, “ਲੁਕ-ਲੁਕ ਕੇ ਬੰਦਾ ਕਿੰਨਾ ਕੁ ਚਿਰ ਜੀਅ ਸਕਦਾ ਹੈ, ਤੁਸੀਂ ਜਾਣਾ ਹੈ ਜਾਓ। ਮੈਂ ਨਹੀਂ ਕਿਸੇ ਦੇ ਘਰ ਜਾਣਾ।” ਮੇਰੇ ਕੰਨਾਂ ’ਚ ਪੁਲਿਸ ਅਫ਼ਸਰ ਦੇ ਬੋਲ ਗੂੰਜ ਰਹੇ ਸਨ। ਕੁੱਕੜੀ ਦੇ ਖੰਭਾਂ ਵਾਂਗ ਸਾਨੂੰ ਸਾਰਿਆਂ ਨੂੰ ਆਗੋਸ਼ ’ਚ ਲੈਣ ਵਾਲੀ ਮਾਂ ਨੂੰ ਛੱਡ ਕੇ ਮੈਂ ਆਪਣੇ ਬੱਚੇ ਅਤੇ ਪਤਨੀ ਨੂੰ ਨਾਲ ਲੈ ਕੇ ਨਜ਼ਦੀਕ ਰਹਿੰਦੇ ਇਕ ਦਲਿਤ ਪਰਿਵਾਰ ਦੇ ਘਰ ਚਲਾ ਗਿਆ। ਗਰਮੀ ਕਾਰਨ ਅਸੀਂ ਉਨ੍ਹਾਂ ਦੇ ਕੋਠੇ ’ਤੇ ਭੁੰਜੇ ਹੀ ਕੱਪੜਾ ਵਿਛਾ ਕੇ ਪੈ ਗਏ। ਇੱਥੋਂ ਸਾਨੂੰ ਆਪਣਾ ਘਰ ਅਤੇ ਦੂਰ ਤਕ ਗਲ਼ੀ ਦਿਸ ਦੀ ਸੀ। ਸਾਡੇ ਘਰ ਤੋਂ ਥੋੜ੍ਹੀ ਦੂਰ ਇਕ ਖੁੱਲ੍ਹੇ ਵਿਹੜੇ ਵਾਲਾ ਆਰਜ਼ੀ ਗੁਰਦੁਆਰਾ ਸੀ ਜੋ ਖਾੜਕੂ ਲਹਿਰ ਵਿਚ ਮਾਰੇ ਗਏ ਇਕ ਮੁੰਡੇ ਦੀ ਯਾਦ ਵਿਚ ਲਹਿਰ ਦੇ ਆਗੂਆਂ ਵੱਲੋਂ ਬਣਾ ਕੇ ਉੱਥੇ ਬੜਾ ਉੱਚਾ ਨਿਸ਼ਾਨ ਸਾਹਿਬ ਲਾਇਆ ਗਿਆ ਸੀ। ਜਿਸ ਉਪਰ ਜਗਦਾ ਮਰਕਰੀ ਬਲਬ ਚਾਰ-ਚੁਫ਼ੇਰਾ ਰੁਸ਼ਨਾਉਂਦਾ ਰਹਿੰਦਾ ਸੀ। ਪੂਰੀ ਰਾਤ ਛੋਟੇ ਬੱਚਿਆਂ ਤੋਂ ਇਲਾਵਾ ਅਸੀਂ ਦੋਵੇਂ ਜੀਅ ਸੌਂ ਨਾ ਸਕੇ। ਮਾੜਾ ਜਿਹਾ ਖੜਾਕ ਹੁੰਦਿਆਂ ਹੀ ਹੌਲ਼ੀ ਜਿਹੀ ਸਿਰੀਆਂ ਚੁੱਕ-ਚੁੱਕ ਵੇਖਦੇ। ਅੱਧੀ ਕੁ ਰਾਤ ਦਾ ਵਕਤ ਹੋਵੇਗਾ। ਪਿੰਡ ਦੇ ਸ਼ਾਂਤ ਵਾਤਾਵਰਨ ਨੂੰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨੇ ਭੰਗ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸੋਚਿਆ ਕਿ ਸ਼ਾਇਦ ਪੁਲਿਸ ਹੋਵੇਗੀ। ਥਾਣੇਦਾਰ ਮੁਤਾਬਕ ਪੁਲਿਸ ਦੁਬਾਰਾ ਵੀ ਆ ਸਕਦੀ ਹੈ, ਹਥਿਆਰ ਗੁੰਮ ਹੋਇਆ ਹੈ। ਮੈਨੂੰ ਗਲ਼ੀ ’ਚ ਕੁਝ ਪੈੜ ਚਾਲ ਮਹਿਸੂਸ ਹੋਈ। ਬੱਚੇ ਸੁੱਤੇ ਹੋਏ ਸਨ। ਪਤਨੀ ਤੇ ਮੈਂ ਵੀ ਬਨੇਰੇ ਤੋਂ ਹੋਰ ਨੀਵੇਂ ਹੋ ਗਏ। ਪੈੜ ਚਾਲ ਜਦੋਂ ਅੱਗੇ ਨਿਕਲ ਗਈ ਤਾਂ ਮੈਂ ਦੇਖਿਆ ਕਿ ਕੋਈ ਚਾਰ-ਪੰਜ ਗੱਭਰੂ ਸਨ ਜੋ ਹੱਥਾਂ ’ਚ ਹਥਿਆਰ ਫੜੀ ਸਾਡੇ ਘਰ ਦਾ ਜਾਇਜ਼ਾ ਲੈ ਰਹੇ ਸਨ। ਮਾਤਾ ਦਾ ਧਿਆਨ ਆਉਂਦਿਆਂ ਮੇਰੇ ਸਾਹ ਸੂਤੇ ਗਏ।

ਕੇਹਾ ਬੇਕਿਰਕ ਪੁੱਤਰ ਸਾਂ ਜੋ ਆਪਣੇ ਬੱਚੇ ਲੈ ਕੇ ਆਪਣੇ-ਆਪ ਨੂੰ ਸੁਰੱਖਿਅਤ ਕਰ ਕੇ ਮਾਂ ਨੂੰ ਮੌਤ ਦੇ ਮੂੰਹ ਵਿਚ ਸੁੱਟ ਦਿੱਤਾ ਸੀ ਪਰ ਉਹ ਥੋੜ੍ਹਾ ਖਲੋਅ ਕੇ ਅਗਾਂਹ ਤੁਰ ਪਏ। ਗੁਰਦੁਆਰੇ ਦੀ ਛੋਟੀ ਕੰਧ ਟੱਪ ਕੇ ਉਹ ਬੇਖ਼ੌਫ਼ ਨਿਸ਼ਾਨ ਸਾਹਿਬ ਦੇ ਬਲਬ ਦੀ ਰੋਸ਼ਨੀ ਵਿਚ ਜਾ ਕੇ ਖੜ੍ਹ ਗਏ। ਮੈਂ ਬੁਰੀ ਤਰ੍ਹਾਂ ਭੈਭੀਤ ਹੋ ਗਿਆ ਸਾਂ। ਮੂੰਹ ਢੱਕੇ ਹੋਣ ਕਾਰਨ ਪਛਾਣ ਮੁਸ਼ਕਲ ਸੀ। ਉਹ ਇੰਜ ਟਹਿਲ ਰਹੇ ਸਨ ਜਿਵੇਂ ਰਾਤ ਨੂੰ ਉਨ੍ਹਾਂ ਦਾ ਹੀ ਰਾਜ ਹੋਵੇ। ਉਦੋਂ ਇਹ ਹੈ ਵੀ ਸੱਚ ਸੀ। ਥੋੜ੍ਹੀ ਦੇਰ ਬਾਅਦ ਉਹ ਪਿੰਡੋਂ ਬਾਹਰ ਨੂੰ ਨਿਕਲਦੀ ਫਿਰਨੀ ’ਤੇ ਪੈ ਗਏ। ਅਗਲੇ ਦਿਨ ਸਵੇਰੇ ਸੁਵੱਖਤੇ ਮਾੜਾ ਮੋਟਾ ਸਾਮਾਨ ਬੰਨ੍ਹ ਕੇ, ਮਾਤਾ ਦੇ ਨਾਂਹ-ਨੁੱਕਰ ਕਰਦਿਆਂ ਮਾਤਾ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਬੱਸੇ ਬੈਠਾ ਆਪਣੇ-ਆਪ ਨੂੰ ਮਹਿਫ਼ੂਜ਼ ਸਮਝ ਰਿਹਾ ਸਾਂ। ਬੇਸ਼ੱਕ ਮਮਤਾ ਵੱਸ ਹੀ ਡਰਦਿਆਂ ਘਰੋਂ ਬਾਹਰ ਰਾਤ ਕੱਟੀ ਸੀ ਪਰ ਮੇਰੀ ਆਤਮਾ ਅੱਜ ਵੀ ਮਾਂ ਨੂੰ ਇਕੱਲੀ ਛੱਡਣ ਵਾਲੀ ਗ਼ਲਤੀ ਦੇ ਬੋਝ ਤੋਂ ਮੁਕਤ ਨਹੀਂ ਪਰ ਮਾਂ ਨੇ ਇਸ ਸਬੰਧੀ ਕਦੇ ਵੀ ਗਿਲਾ ਨਹੀਂ ਕੀਤਾ ਸੀ। ਕੁਝ ਦਿਨਾਂ ਬਾਅਦ ਹੀ ਇਕ ਨਾਮ ਨਿਹਾਦ ਕਮਾਂਡੋ ਫੋਰਸ ਦੇ ਏਰੀਆ ਕਮਾਂਡਰ ਦੇ ਪੁਲਿਸ ਮੁਕਾਬਲੇ ’ਚ ਮਾਰੇ ਜਾਣ ਖ਼ਬਰ ਪੜ੍ਹੀ ਸੀ ਜੋ ਉਹੀ ਨੌਜਵਾਨ ਸੀ। ਕਈ ਨੇਤਾਵਾਂ ਵੱਲੋਂ ਅਜਿਹੇ ਦੌਰ ਦੇ ਮੁੜ ਆਉਣ ਦੀ ਚੇਤਾਵਨੀ ਨਾਲ ਉਹ ਵੇਲਾ ਯਾਦ ਕਰਦਿਆਂ ਅੱਜ ਵੀ ਮੇਰੇ ਲੂ-ਕੰਡੇ ਖੜ੍ਹੇ ਹੋ ਜਾਂਦੇ ਹਨ।

ਕਾਸ਼! ਉਹ ਮੰਦਭਾਗਾ ਦੌਰ ਮੁੜ ਕਦੇ ਨਾ ਆਵੇ।

-ਮੋਬਾਈਲ ਨੰ. : 94656-56214

Posted By: Jagjit Singh