ਪ੍ਰੋ. ਬਸੰਤ ਸਿੰਘ ਬਰਾੜ

ਅਨੇਕ ਕਿਸਮ ਦੇ ਡਰ ਹੁੰਦੇ ਹਨ, ਚੰਗੇ ਵੀ ਅਤੇ ਮਾੜੇ ਵੀ। ਖ਼ਤਰੇ ਵਿਚ ਹਰ ਛੋਟਾ-ਵੱਡਾ ਜੀਵ ਡਰ ਜਾਂਦਾ ਹੈ ਅਤੇ ਹਰ ਹੀਲੇ ਬਚਣ ਦੀ ਕੋਸ਼ਿਸ਼ ਕਰਦਾ ਹੈ। ਖ਼ਤਰਨਾਕ ਮੁਜਰਿਮਾਂ, ਟਰੈਫਿਕ ਪੁਲਿਸ, ਗੁਸੈਲ ਅਫ਼ਸਰਾਂ, ਲੜਾਕੇ ਪਰਿਵਾਰਕ ਜੀਆਂ, ਕੁੱਤਿਆਂ, ਢੱਠਿਆਂ ਆਦਿ ਤੋਂ ਪਾਸਾ ਵੱਟਣਾ ਸਿਆਣਪ ਹੈ, ਡਰ ਨਹੀਂ। ਭਵਿੱਖ ਬਾਰੇ ਅਣਗਿਣਤ ਡਰ ਫ਼ਜ਼ੂਲ ਤਣਾਅ ਪੈਦਾ ਕਰੀ ਰੱਖਦੇ ਹਨ ਜਿਨ੍ਹਾਂ ਤੋਂ ਬਚਣਾ ਜ਼ਰੂਰੀ ਹੈ। ਸੈਂਕੜੇ ਤਰਕਹੀਣ, ਲਾਇਲਾਜ ਡਰ (ਫੋਬੀਆ) ਹੁੰਦੇ ਹਨ ਜਿਨ੍ਹਾਂ ਤੋਂ ਮੁਕਤ ਹੋਣਾ ਅਸੰਭਵ ਹੁੰਦਾ ਹੈ ਜਿਵੇਂ ਕਿ ਚੂਹੀਆਂ, ਕਿਰਲੀਆਂ, ਕਾਕਰੋਚਾਂ ਆਦਿ ਦਾ ਡਰ। ਅਮਰੀਕਾ ਵਿਚ ਲਗਪਗ ਦੋ ਕਰੋੜ ਲੋਕ ਇਸ ਤੋਂ ਪੀੜਤ ਹਨ। ਇਕ ਡਰ ਅਜਿਹਾ ਹੁੰਦਾ ਹੈ ਜੋ ਕਿਸੇ ਗੱਲ ਦੀ ਜਾਣਕਾਰੀ 'ਚੋਂ ਪੈਦਾ ਹੁੰਦਾ ਹੈ। ਆਪਣੇ ਪਿੰਡ ਦੇ ਸਿਵਿਆਂ ਤੋਂ ਹਰ ਕੋਈ ਡਰਦਾ ਹੈ, ਪਰ ਅਗਿਆਨਤਾ ਵਿਚ ਕੋਈ ਰਾਹੀ-ਪਾਂਧੀ ਹਨੇਰੀ ਰਾਤ ਵਿਚ ਬਿਗਾਨੇ ਪਿੰਡ ਦੇ ਸਿਵਿਆਂ ਦੀ ਇੱਟ ਦਾ ਸਰ੍ਹਾਣਾ ਲਾ ਕੇ ਵੀ ਸੌਂ ਸਕਦਾ ਹੈ। ਇਕ ਨਿੱਜੀ ਅਨੁਭਵ ਹਾਜ਼ਰ ਹੈ।

ਇਹ ਗੱਲ ਦਸੰਬਰ 1966 ਦੀ ਹੈ। ਮੇਰੀ ਪਹਿਲੀ ਨਿਯੁਕਤੀ ਸਰਕਾਰੀ ਕਾਲਜ, ਨਾਰਨੌਲ ਵਿਚ ਹੋ ਗਈ। ਦੱਖਣ-ਪੱਛਮੀ ਹਰਿਆਣੇ ਦਾ ਇਹ ਸ਼ਹਿਰ ਅਣਵੰਡੇ ਪੰਜਾਬ ਦਾ ਕਾਲ਼ੇ ਪਾਣੀ ਵਰਗਾ ਸਜ਼ਾ ਕੇਂਦਰ ਸੀ। ਇਕ ਨਵੰਬਰ 1966 ਨੂੰ ਹਰਿਆਣਾ ਬਣਨ ਨਾਲ ਚੰਡੀਗੜ੍ਹ ਅਤੇ ਕੁਝ ਇਲਾਕਿਆਂ ਬਾਰੇ ਝਗੜਾ ਹੋਣ ਕਾਰਨ ਉੱਥੇ ਪੰਜਾਬੀਆਂ ਵਿਰੁੱਧ ਭਾਵਨਾ ਸਿਖ਼ਰ 'ਤੇ ਸੀ। ਮੈਂ ਚੰਡੀਗੜ੍ਹ ਜਾ ਕੇ ਪੰਜਾਬ ਦਾ ਕੋਈ ਕਾਲਜ ਮੰਗਿਆ ਤਾਂ ਇਸ ਕਾਰਨ ਜਵਾਬ ਮਿਲ ਗਿਆ ਕਿ ਮੇਰਾ ਪਿੰਡ ਹਰਿਆਣੇ ਵਿਚ ਪੈਂਦਾ ਸੀ। ਮੈਂ ਪੰਜਾਬ ਵਿਚ ਹਰਿਆਣਵੀ ਅਤੇ ਹਰਿਆਣੇ ਵਿਚ ਪੰਜਾਬੀ ਬਣ ਗਿਆ।

ਨਾਰਨੌਲ ਜਾਣਾ ਹੀ ਪੈਣਾ ਸੀ। ਮੈਂ ਉੱਤਰੀ ਰੇਲਵੇ ਦਾ ਟਾਈਮ ਟੇਬਲ ਵੇਖਿਆ ਤਾਂ ਇਹ ਸਟੇਸ਼ਨ ਨਾ ਮਿਲਿਆ। ਘਬਰਾਹਟ ਅਤੇ ਡਰ ਜਾਗਿਆ ਕਿ ਕਿੱਥੇ ਫਸ ਗਏ। (ਦਰਅਸਲ ਉਹ ਸਟੇਸ਼ਨ ਪੱਛਮੀ ਰੇਲਵੇ ਅਧੀਨ ਹੈ) ਕਿਸੇ ਨੇ ਦੱਸਿਆ ਕਿ ਚਰਖੀ ਦਾਦਰੀ ਤਕ ਗੱਡੀ 'ਤੇ ਅਤੇ ਅੱਗੇ ਬੱਸ 'ਤੇ ਜਾਣਾ ਪੈਣਾ ਹੈ। ਉੱਥੇ ਪੁੱਜ ਕੇ ਗੱਡੀ ਤੋਂ ਉੱਤਰਿਆ ਤਾਂ ਲੱਤਾਂ ਕੰਬਣ ਲੱਗ ਪਈਆਂ। ਭੀੜ ਵਿਚ ਇਕ ਵੀ ਪੰਜਾਬੀ ਨਹੀਂ ਸੀ। ਹਰ ਪਾਸੇ ਗੂੜ੍ਹੇ ਰੰਗਾਂ ਦੇ ਕੱਪੜਿਆਂ ਵਾਲੇ ਲੋਕਾਂ ਦਾ ਸਮੁੰਦਰ। ਬੱਸ ਫੜੀ ਅਤੇ ਸਿੱਧਾ ਕਾਲਜ ਜਾ ਕੇ ਰਿਪੋਰਟ ਦੇ ਦਿੱਤੀ। ਥੋੜ੍ਹੀ ਰਾਹਤ ਮਿਲੀ ਜਦੋਂ ਉੱਥੋਂ ਦੇ ਪ੍ਰਿੰਸੀਪਲ ਡਾ. ਭਗਤ ਸਿੰਘ ਨਿਕਲੇ ਜਿਹੜੇ ਬਾਅਦ ਵਿਚ ਵੀਸੀ ਵੀ ਰਹੇ। ਉਨ੍ਹਾਂ ਕਿਹਾ ਕਿ ਮੈਨੂੰ ਐੱਸਪੀ ਜੁਤਸ਼ੀ ਮਿਲਣਾ ਚਾਹੁੰਦੇ ਸਨ। ਨਵਾਂ ਡਰ ਖੜ੍ਹਾ ਹੋ ਗਿਆ ਕਿਉਂਕਿ ਜਿਸ ਪ੍ਰਾਈਵੇਟ ਕਾਲਜ 'ਚੋਂ ਮੈਂ ਆਇਆ ਸਾਂ, ਉੱਥੇ ਪ੍ਰਿੰਸੀਪਲ ਵਿਰੁੱਧ ਹੜਤਾਲ ਚੱਲ ਰਹੀ ਸੀ ਅਤੇ ਉਸ ਵਿਚ ਗ਼ਲਤ ਜਾਂ ਠੀਕ, ਮੇਰਾ ਨਾਂ ਵੀ ਬੋਲਦਾ ਸੀ। ਨਵਾਂ ਡਰ ਪੈਦਾ ਹੋ ਗਿਆ। ਸ਼ਾਮ ਨੂੰ ਮੈਂ ਐੱਸਪੀ ਦੀ ਕੋਠੀ ਹੀ ਚਲਾ ਗਿਆ। ਉਨ੍ਹਾਂ ਨੇ ਵਧੀਆ ਚਾਹ ਪਿਆਈ ਅਤੇ ਦੱਸਿਆ ਕਿ ਪੰਜਾਬ ਦਾ ਇਕ ਪੁਲਿਸ ਅਫ਼ਸਰ ਮੈਨੂੰ ਕੋਈ ਰਿਸ਼ਤਾ ਕਰਾਉਣਾ ਚਾਹੁੰਦਾ ਸੀ! ਪਾਸਾ ਹੀ ਪਲਟ ਗਿਆ। ਅਗਲੇ ਦਿਨ ਕਲਾਸਾਂ ਲੈਣੀਆਂ ਸਨ। ਦੋਸਤਾਂ ਨੇ ਦੱਸਿਆ ਸੀ ਕਿ ਨਾਰਨੌਲ ਦੇ ਵਿਦਿਆਰਥੀ ਹਰਿਆਣਵੀ ਬੋਲੀ ਬੋਲ ਕੇ ਪੰਜਾਬੀ ਪ੍ਰੋਫ਼ੈਸਰਾਂ ਨੂੰ ਤੰਗ

ਕਰਦੇ ਸਨ।

ਮੈਂ ਸਕੂਲ ਅਤੇ ਕਾਲਜ ਦੌਰਾਨ ਸਿਰਸਾ ਵਿਚ ਪੜ੍ਹਿਆ ਸੀ ਅਤੇ ਸ਼ੁਗਲ 'ਚ ਬਾਗੜੀ ਦੋਸਤਾਂ ਨਾਲ ਹਰਿਆਣਵੀ ਬੋਲਦਾ ਰਿਹਾ ਸੀ। ਮੇਰਾ ਵਿਸ਼ਾ ਅੰਗਰੇਜ਼ੀ ਸੀ ਪਰ ਮੈਂ ਕਲਾਸ ਵਿਚ ਜਾਂਦੇ ਹੀ ਹਰਿਆਣਵੀ ਬੋਲਣੀ ਸ਼ੁਰੂ ਕਰ ਦਿੱਤੀ। ਸਾਰੇ ਠਠੰਬਰ ਗਏ। ਸਿਰਫ਼ ਇਕ ਵਿਦਿਆਰਥੀ ਨੇ ਪੁੱਛਿਆ ਕਿ ਮੇਰਾ ਵਿਆਹ ਹੋ ਗਿਆ ਸੀ ਕਿ ਨਹੀਂ ਕਿਉਂਕਿ ਉਸ ਇਲਾਕੇ ਵਿਚ ਮੁੱਛ-ਦਾੜ੍ਹੀ ਆਉਣ ਤੋਂ ਬਾਅਦ ਰਿਸ਼ਤਾ ਨਹੀਂ ਹੁੰਦਾ ਸੀ। ਸਾਰੇ ਵਿਦਿਆਰਥੀ ਵਿਆਹੇ ਹੋਏ ਸਨ। ਮੈਂ ਹੱਸ ਕੇ ਕਹਿ ਦਿੱਤਾ, ''ਬੇਟਾ, ਮਾਰ੍ਹੇ ਤੋਂ ਧੌਲ਼ੀ ਦਾੜ੍ਹੀ ਵਾਲੇ ਭੀ ਬਿਆਹੇ ਜਾਵੈਂ।” ਸਾਰੇ ਹੱਸ ਪਏ ਅਤੇ ਮੇਰੇ ਮੁਰੀਦ ਬਣ ਗਏ। ਖੱਬਲ਼ ਵਾਂਗ ਜੜ੍ਹਾਂ ਪੈਂਦੀਆਂ ਗਈਆਂ। ਉੱਥੇ ਕਿਰਾਏ ਦੇ ਮਕਾਨ ਔਖੇ ਮਿਲਦੇ ਸਨ। ਇਕ ਸਥਾਨਕ ਪ੍ਰੋਫ਼ੈਸਰ ਮੈਨੂੰ ਮਸ਼ਹੂਰ ਵਕੀਲ ਦੀਵਾਨ ਸਾਹਿਬ ਦੀ ਹਵੇਲੀ ਲੈ ਗਿਆ। ਪੁਰਾਣੇ ਕਿਲੇ ਵਰਗੀ ਵਿਸ਼ਾਲ ਇਮਾਰਤ ਸੀ। 70-75 ਸਾਲ ਦੇ ਦੀਵਾਨ ਸਾਹਿਬ ਅਤੇ ਉਨ੍ਹਾਂ ਦੀ ਅੰਗਰੇਜ਼ ਪਤਨੀ ਹੀ ਉਸ ਵਿਚ ਰਹਿੰਦੇ ਸਨ। ਉਨ੍ਹਾਂ ਨੇ ਥੋੜ੍ਹੇ ਜਿਹੇ ਕਿਰਾਏ ਵਿਚ ਮੈਨੂੰ ਹੇਠਾਂ ਲੰਬਾ ਚੌੜਾ ਹਾਲ ਦੇ ਦਿੱਤਾ। ਉਹ ਆਪ ਉੱਪਰ ਰਹਿੰਦੇ ਸਨ। ਉਸ ਵਿਸ਼ਾਲ ਹਾਲ ਵਿਚ ਮੰਜਾ ਬਿਸਤਰਾ ਲਾ ਕੇ ਮੈਂ ਆਰਾਮ ਨਾਲ ਰਹਿਣ ਲੱਗ ਪਿਆ। ਸੁਭਾ ਬਿਸਕੁਟਾਂ ਨਾਲ ਚਾਹ ਉਹ ਭੇਜ ਦਿੰਦੇ ਸਨ; ਖਾਣਾ ਢਾਬੇ 'ਤੇ। ਸਾਰਾ ਦਿਨ ਇੱਧਰ-ਉੱਧਰ ਲੰਘ ਜਾਂਦਾ। ਥੱਕ ਕੇ ਰਾਤ ਨੂੰ ਗੂੜ੍ਹੀ ਨੀਂਦ ਆ ਜਾਂਦੀ। ਗੱਡੀ ਰਿੜ੍ਹ ਪਈ।

ਮਹੀਨੇ ਕੁ ਬਾਅਦ ਇਕ ਪੁਰਾਣੇ ਪ੍ਰੋਫ਼ੈਸਰ ਨੇ ਮੇਰੀ ਰਿਹਾਇਸ਼ ਬਾਰੇ ਪੁੱਛਿਆ। ਦੀਵਾਨ ਸਾਹਿਬ ਦੀ ਹਵੇਲੀ ਦੇ ਹਾਲ ਵਿਚ ਰਹਿਣ ਬਾਰੇ ਸੁਣ ਕੇ ਉਹ ਹੈਰਾਨ ਹੋ ਗਿਆ। ਪੁੱਛਣ 'ਤੇ ਉਸ ਨੇ ਉਸ ਹਵੇਲੀ ਦਾ ਡਰਾਉਣਾ ਪਿਛੋਕੜ ਦੱਸਿਆ। ਉਸ ਨੇ ਦੱਸਿਆ ਕਿ 1857 ਵਿਚ ਅੰਗਰੇਜ਼ਾਂ ਨੇ ਇਹ ਇਲਾਕਾ ਮਹਾਰਾਜਾ ਪਟਿਆਲਾ ਨੂੰ ਦੇ ਦਿੱਤਾ ਸੀ। ਮਹਿੰਦਰਗੜ੍ਹ ਸ਼ਹਿਰ ਮਹਾਰਾਜਾ ਮਹਿੰਦਰ ਸਿੰਘ ਨੇ ਵਸਾਇਆ ਸੀ। ਇੱਥੇ ਮੁਸਲਮਾਨਾਂ ਦੀ ਕਾਫ਼ੀ ਆਬਾਦੀ ਸੀ। ਸੰਨ 1947 ਦੇ ਖ਼ੂਨ-ਖ਼ਰਾਬੇ ਵੇਲੇ ਮਹਾਰਾਜਾ ਪਟਿਆਲਾ ਦਾ ਹੁਕਮ ਸੀ ਕਿ ਮੇਰੀ ਰਿਆਸਤ ਵਿਚ ਇਕ ਵੀ ਵਿਅਕਤੀ ਮਾਰਿਆ ਨਹੀਂ ਜਾਣਾ ਚਾਹੀਦਾ। ਸ਼ਹਿਰ ਦੇ ਜ਼ਿਆਦਾਤਰ ਮੁਸਲਮਾਨ ਦੀਵਾਨ ਸਾਹਿਬ ਦੀ ਹਵੇਲੀ ਵਿਚ ਇਕੱਠੇ ਹੋ ਗਏ ਸਨ। ਹੌਲੀ-ਹੌਲੀ ਫ਼ੌਜ ਦੀਆਂ ਗੱਡੀਆਂ ਉਨ੍ਹਾਂ ਨੂੰ ਪਾਕਿਸਤਾਨ ਪਹੁੰਚਾ ਰਹੀਆਂ ਸਨ ਪਰ ਇਕ ਦਿਨ ਕਿਸੇ ਮੁਸਲਮਾਨ ਮੁੰਡੇ ਨੇ ਛੋਟੇ ਜਿਹੇ ਝਗੜੇ ਕਾਰਨ ਮਹਾਰਾਜੇ ਦੇ ਇਕ ਫ਼ੌਜੀ ਅਫ਼ਸਰ ਨੂੰ ਗੋਲ਼ੀ ਮਾਰ ਦਿੱਤੀ।

ਫਿਰ ਕੀ ਸੀ? ਫ਼ੌਜ ਨੇ ਦੀਵਾਨ ਸਾਹਿਬ ਦੀ ਹਵੇਲੀ ਘੇਰ ਲਈ। ਹਰ ਪਾਸਿਓਂ ਮਸ਼ੀਨ ਗੰਨਾਂ ਬੀੜ ਕੇ ਹਾਲ ਅਤੇ ਵਿਹੜੇ ਵਿਚ ਲਾਸ਼ਾਂ ਦੇ ਢੇਰ ਲਾ ਦਿੱਤੇ। ''ਤੂੰ ਉੱਥੇ ਕਿਵੇਂ ਰਹੀ ਜਾਨੈਂ?” ਉਸ ਨੇ ਹੈਰਾਨ ਹੋ ਕੇ ਪੁੱਛਿਆ।ਜਿਸ ਹਾਲ ਵਿਚ ਮੈਂ ਦਿਨ ਚੜ੍ਹੇ ਤਕ ਘੂਕ ਸੌਂਦਾ ਸਾਂ, ਉੱਥੇ ਡਰ ਦੇ ਮਾਰੇ ਸਾਰੀ ਰਾਤ ਨੀਂਦ ਨਾ ਆਈ। ਜਦੋਂ ਅੱਖ ਲੱਗਦੀ ਤਾਂ ਚੀਕਾਂ ਦੀ ਕੁਰਲਾਹਟ ਮੱਚ ਜਾਂਦੀ, ਤ੍ਰੇਲੀਆਂ ਆ ਜਾਂਦੀਆਂ, ਜਨਵਰੀ 'ਚ ਪਸੀਨੇ ਨਾਲ ਭਿੱਜ ਜਾਂਦਾ। ਵਾਹਿਗੁਰੂ-ਵਾਹਿਗੁਰੂ ਕਰ ਕੇ ਰਾਤ ਕੱਟੀ। ਅਗਲੇ ਦਿਨ ਦੀਵਾਨ ਸਾਹਿਬ ਦਾ ਕਿਰਾਇਆ ਦੇ ਕੇ ਇਕ ਧਰਮਸ਼ਾਲਾ ਵਿਚ ਜਾ ਟਿਕਿਆ। ਵਾਕਿਆ ਹੀ ਡਰ ਮਨ 'ਚੋਂ ਹੀ ਪੈਦਾ ਹੁੰਦਾ ਹੈ।

-ਮੋਬਾਈਲ ਨੰ. : 98149-41214

Posted By: Susheel Khanna