ਜ਼ਿੰਦਗੀ ਦਾ ਅਰਧ ਸੈਂਕੜਾ ਪੂਰਾ ਕਰ ਲੈਣ ਵਾਲੇ ਮੇਰੇ ਦੋਸਤਾਂ ਦੇ ਬਚਪਨ ਦੀ ਸਾਥੀ ਚਿੜੀ ਅੱਜ ਗੁੰਮ ਹੈ। ਸਵੇਰੇ ਤੜਕੇ ਸਾਡੇ ਉੱਠਣ ਦੇ ਨਾਲ ਹੀ ਜਾਗਣ ਵਾਲੀ ਚਿੜੀ ਦੇ ਹੁਣ ਦਰਸ਼ਨ ਘੱਟ-ਵੱਧ ਹੀ ਹੁੰਦੇ ਹਨ। ਆਖ਼ਰ ਇਹ ਚਿੜੀ ਗਈ ਕਿੱਥੇ? ਵਧ ਰਹੇ ਸ਼ਹਿਰੀਕਰਨ, ਮੋਬਾਈਲ ਟਾਵਰਾਂ ਦੀਆਂ ਸੂਖਮ ਰੇਡੀਏਸ਼ਨ ਕਿਰਨਾਂ, ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲੱਗੀ ਅੱਗ, ਪੀਣ ਵਾਲੇ ਪਾਣੀ ਦੇ ਕੁਦਰਤੀ ਸੋਮਿਆਂ ਦੀ ਬਰਬਾਦੀ ਇਸ ਲਈ ਜ਼ਿੰਮੇਵਾਰ ਹਨ। ਅਸੀਂ ਖ਼ੁਦ ਨੂੰ ਜਿੱਥੇ ਸ਼ਹਿਰੀਕਰਨ ਕਰਕੇ ਅਮੀਰ ਘਰਾਂ ਵਿਚ ਕੈਦ ਕਰ ਲਿਆ ਹੈ ਉੱਥੇ ਹੀ ਇਸ ਮਾਸੂਮ ਪੰਛੀ ਦੀ ਆਮਦ ’ਤੇ ਵੀ ਰੋਕ ਲਗਾ ਦਿੱਤੀ ਹੈ। ਲੈਂਟਰ ਅਤੇ ਪੀਓਪੀ ਦੇ ਜ਼ਮਾਨੇ ਵਿਚ ਅਸੀਂ ਬਾਲੇ-ਕਾਨਿਆਂ ਦੀਆਂ ਛੱਤਾਂ ਨੂੰ ਵਿਸਾਰ ਦਿੱਤਾ ਹੈ। ਹੁਣ ਅਸੀਂ ਘਰਾਂ ਦੀਆਂ ਛੱਤਾਂ ’ਤੇ ਅਨਾਜ ਨਹੀਂ ਸੁਕਾਉਂਦੇ। ਕਰਿਆਨੇ ਦੀਆਂ ਦੁਕਾਨਾਂ ਬਾਹਰ ਹੁਣ ਖੁੱਲ੍ਹੀਆਂ ਅਨਾਜ ਦੀਆਂ ਬੋਰੀਆਂ ਨਹੀਂ ਦਿਸਦੀਆਂ। ਸਭ ਕੁਝ ਪੈਕਡ ਹੀ ਮਿਲ ਰਿਹਾ ਹੈ। ਚਿੜੀ ਭਲਾ ਇਹ ਪੈਕਡ ਖੁਰਾਕ ਨੂੰ ਮੁੱਲ ਲੈ ਕੇ ਕਿਵੇਂ ਖਾਵੇ? ਇਕ 30-35 ਗ੍ਰਾਮ ਦਾ ਪਰਿੰਦਾ ਜੋ ਤਕਰੀਬਨ 3 ਇੰਚ ਦਾ ਸਰੀਰ ਰੱਖਦਾ ਹੈ, ਜੋ ਲੰਬੀ ਉਡਾਰੀ ਮਾਰਨ ਵਿਚ ਅਸਮਰੱਥ ਹੈ, ਉਹ ਭਲਾ ਫ਼ਸਲਾਂ ਦੀ ਸੜਦੀ ਰਹਿੰਦ-ਖੂੰਹਦ ਦੇ ਧੂੰਏ ਤੋਂ ਆਪਣਾ ਬਚਾਅ ਕਿਵੇਂ ਕਰ ਸਕਦਾ ਹੈ। ਇਕ ਵਾਰੀ ਧੂੰਏ ਦੇ ਬੱਦਲ ਵਿਚ ਫਸ ਜਾਣ ’ਤੇ ਇਸ ਦੀ ਮੌਤ ਨਿਸ਼ਚਿਤ ਹੈ। ਪਾਣੀ ਦਾ ਪੱਧਰ ਹੇਠਾਂ ਜਾਣ ’ਤੇ ਪਿੰਡਾਂ ਵਿਚ ਤਾਂ ਇਸ ਨੂੰ ਭਾਵੇਂ ਪਾਣੀ ਮਿਲ ਜਾਵੇ ਪਰ ਸ਼ਹਿਰਾਂ ’ਚ ਹੁਣ ਕੋਈ ਹੈਂਡਪੰਪ ਤਕ ਨਜ਼ਰ ਨਹੀਂ ਪੈਂਦਾ।

ਪਾਣੀ ਬੋਤਲਾਂ, ਵਾਟਰ ਕੂਲਰ, ਫਰਿੱਜਾਂ ਵਿਚ ਕੈਦ ਹੋ ਗਿਆ ਹੈ। ਫਿਰ ਇਹ ਤਿਹਾਈ ਚਿੜੀ ਪਾਣੀ ਕਿੱਥੋਂ ਪੀਵੇ। ਇਸ ਮਾਸੂਮ ਪਰਿੰਦੇ ਨੂੰ ਮੋਬਾਈਲ ਟਾਵਰਾਂ ਦੀਆਂ ਤਰੰਗਾਂ ਤੋਂ ਬਚਾਉਣ ਲਈ ਉਪਰਾਲਾ ਕੌਣ ਕਰੇ? ਬੇਹੱਦ ਹੈਰਾਨੀ ਵਾਲੀ ਗੱਲ ਹੈ ਕਿ ਪਾਕਿਸਤਾਨ ਵਰਗੇ ਮੁਲਕ ਵਿਚ ਮਰਦਾਨਾ ਤਾਕਤ ਵਧਾਉਣ ਦੇ ਨਾਂ ’ਤੇ ਨਰ ਚਿੜੇ ਨੂੰ ਮਾਰ ਕੇ ਖਾਧਾ ਵੀ ਜਾਂਦਾ ਹੈ। ਚਿੜੀ ਸਮਾਜਿਕ ਜੀਵਨ ਦਾ ਅਨਿੱਖੜਵਾਂ ਅੰਗ ਸੀ। ਇਹ ਸਾਡੇ ਜ਼ਿਹਨ, ਲੋਕ ਗੀਤਾਂ ਤੇ ਵਿਰਸੇ ਨਾਲ ਜੁੜੀ ਸੀ। ਗੀਤਾਂ ਵਿਚ ਧੀ ਦੀ ਤੁਲਨਾ ਚਿੜੀਆਂ ਨਾਲ ਹੁੰਦੀ ਹੈ ਮਸਲਨ “ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ’’। ਅਜੇ ਬਹੁਤਾ ਸਮਾਂ ਨਹੀਂ ਗੁਜ਼ਰਿਆ ਜਦੋਂ ਦੂਰਦਰਸ਼ਨ ’ਤੇ “ਏਕ ਚਿੜੀਆ, ਅਨੇਕ ਚਿੜੀਆਂ ਦਾਨਾ ਚੁਗਨੇ ਆਈ ਚਿੜੀਆਂ” ਵਾਲਾ ਵਿਗਿਆਪਨ ਚੱਲਦਾ ਸੀ। ਇਸ ਦੇ ਨਾਲ ਹੀ ਫਿਲਮਾਂ ਵਿਚ ਵੀ “ਚੂੰ-ਚੂੰ ਕਰਦੀ ਆਈ ਚਿੜੀਆ, ਦਾਲ ਕਾ ਦਾਨਾ ਲਾਈ ਚਿੜੀਆਂ” ਵਰਗੇ ਖੂਬਸੂਰਤ ਗਾਣੇ ਹੁੰਦੇ ਸੀ। ਭਗਤ ਪੂਰਨ ਸਿੰਘ ਜੀ ਨੇ ਆਪਣੀ ਰਚਨਾ “ਪੰਛੀ ਸਾਡੇ ਭਰਾ” ਵਿਚ ਸਫੈਦੇ ਦੇ ਰੁੱਖ ਨੂੰ ਮਿਹਣਾ ਮਾਰਦੇ ਹੋਏ ਕਿਹਾ ਸੀ ਕਿ ਤੂੰ ਕਿਹੋ ਜਿਹਾ ਰੁੱਖ ਏਂ, ਤੇਰੇ ਉੱਤੇ ਤਾਂ ਕੋਈ ਚਿੜੀ ਆਲਣਾ ਵੀ ਨਹੀਂ ਪਾ ਸਕਦੀ। ਪਿ੍ਰੰਸੀਪਲ ਤੇਜਾ ਸਿੰਘ ਨੇ ਆਪਣੀ ਸਵੈ-ਜੀਵਨੀ “ਆਰਸੀ” ਵਿਚ ਲਿਖਿਆ ਹੈ ਕਿ ਜਦੋਂ ਮੈਂ ਰਾਜਨੀਤਕ ਕੈਦੀ ਦੇ ਤੌਰ ’ਤੇ ਜੇਲ੍ਹ ਵਿਚ ਬੰਦ ਸੀ ਤਾਂ ਇਕ ਚਿੜੀ ਨੇ ਸਾਡੀ ਬੈਰਕ ਵਿਚ ਆਪਣਾ ਆਲ੍ਹਣਾ ਪਾਇਆ ਸੀ। ਇਕ ਦਿਨ ਉਸ ਚਿੜੀ ਦੀ ਮੌਤ ਹੋ ਗਈ।

ਸਾਨੂੰ ਇੰਜ ਲੱਗਿਆ ਜਿਵੇਂ ਸਾਡੇ ਕਿਸੇ ਸਾਥੀ ਦੀ ਮੌਤ ਹੋ ਗਈ ਹੋਵੇ। ਅਜਿਹੀ ਹੀ ਇਕ ਘਟਨਾ ਲਗਪਗ 20 ਸਾਲ ਪਹਿਲਾਂ ਮੇਰੇ ਪਰਿਵਾਰ ਨਾਲ ਵਾਪਰੀ। ਸਾਡੇ ਘਰ ਦੇ ਮੂਹਰਲੇ ਕਮਰੇ ਵਿਚ ਇਕ ਚਿੜੀ ਅਤੇ ਚਿੜੇ ਨੇ ਆਪਣਾ ਆਲ੍ਹਣਾ ਪਾਇਆ ਹੋਇਆ ਸੀ। ਉਨ੍ਹਾਂ ਨੇ ਸਵੇਰੇ ਸਾਡੇ ਉੱਠਣ ਦੇ ਵੇਲੇ ਉੱਠ ਪੈਣਾ ਅਤੇ ਰਾਤ ਹਨੇਰਾ ਹੋਣ ਤੋਂ ਪਹਿਲਾਂ ਵਾਪਸ ਆਪਣੇ ਬਸੇਰੇ ’ਤੇ ਆ ਜਾਣਾ। ਇਕ ਦਿਨ ਚਿੜੀ ਦੀ ਛੱਤ ਦੇ ਪੱਖੇ ਵਿਚ ਆਉਣ ਕਰਕੇ ਮੌਤ ਹੋ ਗਈ। ਚਿੜਾ ਹੁਣ ਇਕੱਲਾ ਰਹਿ ਗਿਆ। ਉਸ ਨੇ ਆਪਣਾ ਆਲ੍ਹਣਾ ਛੱਡ ਦਿੱਤਾ। ਕੁਝ ਸਮੇਂ ਬਾਅਦ ਉਸ ਦਾ ਆਲ੍ਹਣਾ ਵੀ ਡਿੱਗ ਗਿਆ। ਉਸਨੇ ਹੁਣ ਬਾਲਿਆਂ ਵਿਚਲੀ ਵਿੱਥ ’ਤੇ ਬਹਿਣਾ ਸ਼ੁਰੂ ਕਰ ਦਿੱਤਾ ਸੀ। ਇਕ ਦਿਨ ਪਤਾ ਨਹੀਂ ਕੀ ਹੋਇਆ ਕਿ ਚਿੜਾ ਭੱਜ-ਭੱਜ ਕੇ ਆਪਣਾ ਆਲ੍ਹਣਾ ਬਚਾਉਣ ਲੱਗਾ। ਕੋਠੇ ’ਤੇ ਪਈ ਸਫ ਅਤੇ ਬੋਰੀਆਂ ਦੇ ਸੇਬੇ-ਧਾਗੇ ਲਿਆ ਕੇ ਆਪਣਾ ਆਲ੍ਹਣਾ ਪਾਈ ਜਾਵੇ। ਅਸੀਂ ਆਮ ਵਾਂਗ ਆਪਣੇ ਕਮਰੇ ਦੇ ਦਰਵਾਜ਼ੇ 10 ਵਜੇ ਬੰਦ ਕਰ ਦਿੱਤੇ ਤਾਂ ਚਿੜਾ ਦਰਵਾਜ਼ੇ ਦੀ ਜਾਲੀ ਨੂੰ ਚਿੰਬੜ ਕੇ ਅੰਦਰ ਆਉਣ ਦਾ ਰਸਤਾ ਲੱਭਣ ਲੱਗਾ। ਉਤਸੁਕਤਾ ਵਸ ਮੈਂ ਦਰਵਾਜ਼ਾ ਖੋਲ੍ਹਿਆ। ਗਹੁ ਨਾਲ ਦੇਖਿਆ ਤਾਂ ਇਕ ਦੂਸਰੇ ਬਾਲੇ ’ਤੇ ਇਕ ਚਿੜੀ ਬੈਠੀ ਸੀ। ਨਿਆਣੇ ਵੀ ਦੇਖਣ ਲੱਗ ਪਏ। ਉਨ੍ਹਾਂ ਨੇ ਨੱਚਣਾ ਸ਼ੁਰੂ ਕਰ ਦਿੱਤਾ। ਅਸੀਂ ਵੀ ਖ਼ੁਸ਼ ਸਾਂ ਕਿ ਸਾਡਾ ਚਿੜਾ ਵਿਆਹ ਕਰਵਾ ਕੇ ਵਹੁਟੀ ਲੈ ਕੇ ਆਇਆ ਹੈ। ਨਿਆਣੇ ਕਹਿੰਦੇ, ‘‘ਮੰਮੀ ਕੜਾਹ ਬਣਾਓ। ਸਾਡੇ ਘਰ ਨਵੀਂ ਵਹੁਟੀ ਆਈ ਹੈ।’’ ਰਾਤ ਗਿਆਰਾਂ ਵਜੇ ਅਸੀਂ ਕੜਾਹ ਖਾਧਾ। ਕੁਝ ਦਿਨ ਸਾਡੀ ਚਰਚਾ ਦਾ ਵਿਸ਼ਾ ਇਹੀ ਰਿਹਾ ਪਰ ਇਕ ਰਾਤ ਨੂੰ ਚਿੜੇ ਨੇ ਆਪਣਾ ਆਲ੍ਹਣਾ ਸੁੱਟਣਾ ਸ਼ੁਰੂ ਕਰ ਦਿੱਤਾ। ਅਸੀਂ ਬੜੇ ਹੈਰਾਨ ਹੋਏ ਅਤੇ ਵਾਚਿਆ ਤਾਂ ਪਤਾ ਲੱਗਾ ਕਿ ਅੱਜ ਚਿੜੀ ਗਾਇਬ ਹੈ। ਸ਼ਾਇਦ ਚਿੜੀ ਦੇ ਵਿਛੋੜੇ ਕਾਰਨ ਹੁਣ ਚਿੜੇ ਵਾਸਤੇ ਆਲ੍ਹਣੇ ਦੀ ਕੋਈ ਅਹਿਮੀਅਤ ਨਹੀਂ ਰਹੀ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਗੁਆਚੇ ਪੰਛੀ ਨੂੰ ਵਾਪਸ ਕਿਵੇਂ ਲੈ ਕੇ ਆਈਏ। ਕਿਵੇਂ ਉਸ ਦੀ ਚੀਂ-ਚੀਂ ਕਰਦੀ ਸੰਗੀਤਕ ਆਵਾਜ਼ ਨੂੰ ਮੁੜ ਸੁਣ ਸਕੀਏ। ਬੇਸ਼ੱਕ ਸਰਕਾਰ ਨੇ 20 ਮਾਰਚ ਦਾ ਦਿਨ ਚਿੜੀ ਦਿਵਸ ਵਜੋਂ ਐਲਾਨਿਆ ਹੈ ਪਰ ਸਿਰਫ਼ ਐਲਾਨ ਕਰਨ ਨਾਲ ਤਾਂ ਕੁਝ ਨਹੀਂ ਹੁੰਦੈ।

ਲੋਕ ਚੇਤਨਤਾ ਕਾਰਨ ਹੀ ਤੁਰਕੀ ਵਰਗੇ ਦੇਸ਼ ਦੇ ਲੋਕ ਘਰ ਬਣਾਉਣ ਵੇਲੇ ਮਕਾਨ ਦੇ ਮੁੱਖ ਦਰਵਾਜ਼ੇ ’ਤੇ ਚਿੜੀਆਂ ਦਾ ਬਸੇਰਾ ਬਣਾਉਣਾ ਨਹੀਂ ਭੁੱਲਦੇ। ਇਸੇ ਉਪਰਾਲੇ ਕਾਰਨ ਸੀਮੈਂਟ ਦੇ ਜੰਗਲ ਵਿਚ ਵੀ ਚਿੜੀ ਸੁਰੱਖਿਅਤ ਹੈ। ਸਾਰੇ ਸਰਕਾਰੀ ਅਦਾਰਿਆਂ ਵਿਚ ਪੰਛੀਆਂ ਦੇ ਪੀਣ ਵਾਲੇ ਪਾਣੀ ਲਈ ਮਿੱਟੀ ਦੇ ਬਰਤਨ ਜ਼ਰੂਰੀ ਕੀਤੇ ਜਾਣ। ਉਨ੍ਹਾਂ ਦੀ ਖੁਰਾਕ ਉੱਥੋਂ ਦੇ ਕਰਮਚਾਰੀ ਆਪਣੇ ਦੁਪਹਿਰ ਦੇ ਖਾਣੇ ’ਚੋਂ ਕੁਝ ਹਿਸਾ ਕੱਢ ਕੇ ਪੂਰੀ ਕਰ ਦੇਣਗੇ। ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਡ-ਡੇ-ਮੀਲ ਦੀ ਬਚੀ ਰੋਟੀ-ਸਬਜ਼ੀ ਆਦਿ ਰੁੱਖਾਂ ਦੇ ਥੱਲੇ ਥੜ੍ਹੇ ਬਣਾ ਕੇ ਪਾਉਣ ਨਾਲ ਪੰਛੀ ਸੁਰੱਖਿਅਤ ਰਹਿਣਗੇ। ਪਾਣੀ ਦੀ ਵਿਵਸਥਾ ਵੀ ਇੰਜ ਹੀ ਕੀਤੀ ਜਾਵੇ। ਪ੍ਰਾਈਵੇਟ ਸਕੂਲਾਂ ਦੇ ਬੱਚੇ ਇਨ੍ਹਾਂ ਪਰਿੰਦਿਆਂ ਵਾਸਤੇ ਘਰੋਂ ਕੁਝ ਲੈ ਕੇ ਆਉਣ। ਵੱਧ ਤੋਂ ਵੱਧ ਪੌਦੇ ਲਾਏ ਜਾਣ ਤਾਂ ਜੋ ਇਨ੍ਹਾਂ ਦੇ ਕੁਦਰਤੀ ਬਸੇਰੇ ਬਣ ਸਕਣ। ਘਰਾਂ ਦੀਆਂ ਛੱਤਾਂ ’ਤੇ ਪਾਣੀ ਦੇ ਕਸੋਰੇ ਰੱਖੇ ਜਾਣ। ਉਨ੍ਹਾਂ ਦੀ ਖੁਰਾਕ ਹਿਤ ਦਾਣੇ ਪਾਏ ਜਾਣ। ਨਕਲੀ ਲੱਕੜੀ ਦੇ ਆਲ੍ਹਣੇ ਲਾਏ ਜਾਣ। ਯਾਦ ਰੱਖੋ, ਇਹ ਪੰਛੀ ਇਨਸਾਨਾਂ ਦਾ ਸਾਥ ਮੰਗਦੇ ਹਨ। ਇਹ ਫਿਰ ਆਉੁਣਗੇ ਤੇ ਆਪਣੀ ਚਹਿਚਹਾਟ ਨਾਲ ਸਾਡਾ ਆਲਾ-ਦੁਆਲਾ ਭਰ ਦੇਣਗੇ।

-ਰਣਬੀਰ ਸੂਦ

-(ਰਿਟਾਇਰਡ ਸੈਨੇਟਰੀ ਇੰਸਪੈਕਟਰ, ਨਗਰ ਪ੍ਰੀਸ਼ਦ ਪੱਟੀ)।

-ਮੋਬਾਈਲ : 97805-53839

Posted By: Jagjit Singh