ਨਿਕੋਲਸ ਕ੍ਰਿਸਟਾਫ


ਜੇ ਤੁਸੀਂ ਦਨੀਆ ਦੇ ਮੌਜੂਦਾ ਹਾਲਾਤ ਸਬੰਧੀ ਬਹੁਤ ਹਤਾਸ਼-ਨਿਰਾਸ਼ ਹੋ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬੀਤਿਆ ਸਾਲ ਭਾਵ 2019 ਮਨੁੱਖੀ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਸਾਲ ਰਿਹਾ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਦੌਰਾਨ ਤਮਾਮ ਬੁਰੀਆਂ ਗੱਲਾਂ ਵੀ ਹੋਈਆਂ ਪਰ ਇਹ ਵੀ ਓਨਾ ਵੱਡਾ ਸੱਚ ਹੈ ਕਿ ਆਧੁਨਿਕ ਮਨੁੱਖ ਦੇ ਤਕਰੀਬਨ ਦੋ ਲੱਖ ਸਾਲ ਪੁਰਾਣੇ ਇਤਿਹਾਸ ਵਿਚ 2019 ਕਈ ਉਪਲਬਧੀਆਂ ਲੈ ਕੇ ਆਇਆ। ਇਹ ਸੰਭਵ ਤੌਰ 'ਤੇ ਪਹਿਲਾ ਅਜਿਹਾ ਸਾਲ ਰਿਹਾ ਜਿਸ ਵਿਚ ਸਭ ਤੋਂ ਘੱਟ ਬੱਚੇ ਬੇਵਕਤੀ ਮੌਤ ਦਾ ਸ਼ਿਕਾਰ ਬਣੇ। ਬਾਲਗਾਂ ਦੀ ਸਭ ਤੋਂ ਘੱਟ ਗਿਣਤੀ ਅਨਪੜ੍ਹ ਰਹਿ ਗਈ ਅਤੇ ਘੱਟ ਤੋਂ ਘੱਟ ਲੋਕ ਕਸ਼ਟਦਾਇਕ ਬਿਮਾਰੀਆਂ ਦੇ ਸ਼ਿਕੰਜੇ ਵਿਚ ਫਸੇ।

ਬੀਤੇ ਸਾਲ ਦੇ ਹਰੇਕ ਦਿਨ ਵਿਚ ਲਗਪਗ ਸਵਾ ਤਿੰਨ ਲੱਖ ਲੋਕਾਂ ਨੂੰ ਪਹਿਲੀ ਵਾਰ ਬਿਜਲੀ ਦੀ ਸਹੂਲਤ ਮਿਲੀ। ਰੋਜ਼ਾਨਾ ਦੋ ਲੱਖ ਤੋਂ ਵੱਧ ਲੋਕਾਂ ਤਕ ਟੂਟੀਆਂ ਜ਼ਰੀਏ ਪਾਣੀ ਪੁੱਜਾ। ਓਥੇ ਹੀ ਰੋਜ਼ਾਨਾ ਲਗਪਗ ਸਾਢੇ ਛੇ ਲੱਖ ਲੋਕ ਪਹਿਲੀ ਵਾਰ ਇੰਟਰਨੈੱਟ ਨਾਲ ਜੁੜੇ। ਉਂਜ ਤਾਂ ਮਨੁੱਖੀ ਜੀਵਨ ਤਮਾਮ ਮੁਸ਼ਕਲਾਂ ਨਾਲ ਭਰਿਆ ਹੋਇਆ ਹੈ ਪਰ ਬੱਚੇ ਨੂੰ ਆਪਣੇ ਸਾਹਮਣੇ ਦਮ ਤੋੜਦੇ ਦੇਖਣਾ ਕਿਸੇ ਲਈ ਵੀ ਸ਼ਾਇਦ ਸਭ ਤੋਂ ਵੱਡੀ ਤ੍ਰਾਸਦੀ ਹੋ ਸਕਦੀ ਹੈ। ਇਤਿਹਾਸਕ ਤੌਰ 'ਤੇ ਦੁਨੀਆ ਦੀ ਅੱਧੀ ਆਬਾਦੀ ਬਚਪਨ ਵਿਚ ਹੀ ਬੇਵਕਤੀ ਮੌਤ ਦੀ ਸ਼ਿਕਾਰ ਹੋ ਜਾਂਦੀ ਸੀ। ਇੱਥੋਂ ਤਕ ਕਿ 1950 ਤਕ ਲਗਪਗ 27 ਫ਼ੀਸਦੀ ਬੱਚੇ 15 ਸਾਲ ਦੀ ਉਮਰ ਤੋਂ ਪਹਿਲਾਂ ਹੀ ਮੌਤ ਦੇ ਆਗੋਸ਼ ਵਿਚ ਚਲੇ ਜਾਂਦੇ ਸਨ। ਰਾਹਤ ਵਾਲੀ ਗੱਲ ਹੈ ਕਿ ਇਹ ਅੰਕੜਾ ਹੁਣ ਲਗਪਗ ਚਾਰ ਫ਼ੀਸਦੀ ਰਹਿ ਗਿਆ ਹੈ। ਆਕਸਫੋਰਡ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਮੈਕਸ ਰੋਸਰ ਕਹਿੰਦੇ ਹਨ ਕਿ ਜੇ ਤੁਹਾਨੂੰ ਇਤਿਹਾਸ ਦੇ ਕਿਸੇ ਖ਼ਾਸ ਕਾਲ ਖੰਡ ਵਿਚ ਜਨਮ ਲੈਣ ਦਾ ਬਦਲ ਮਿਲੇ ਤਾਂ ਅਤੀਤ ਦੀ ਕਿਸੇ ਪੀੜ੍ਹੀ ਵਿਚ ਜਨਮ ਲੈਣਾ ਬਹੁਤ ਜੋਖ਼ਮ ਭਰਿਆ ਹੋਵੇਗਾ। ਉਹ 'ਅਵਰ ਵਰਲਡ ਇਨ ਡਾਟਾ' ਨਾਂ ਦੀ ਵੈੱਬਸਾਈਟ ਚਲਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੇ ਦੌਰ ਵਿਚ ਲੋਕ ਭਿਆਨਕ ਗ਼ਰੀਬੀ ਤੋਂ ਪੀੜਤ ਸਨ ਜਿੱਥੇ ਕਾਲ ਪੈਣਾ ਅਤੇ ਭੁੱਖਮਰੀ ਬਹੁਤ ਆਮ ਜਿਹੀ ਗੱਲ ਸੀ।

ਖ਼ੈਰ! ਇਨ੍ਹਾਂ ਚੰਗੀਆਂ ਗੱਲਾਂ ਦੌਰਾਨ ਕੁਝ ਬੁਰੇ ਸੰਕੇਤ ਵੀ ਉੱਭਰੇ ਜਿਵੇਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ, ਪੌਣ-ਪਾਣੀ ਬਦਲਾਅ, ਯਮਨ ਵਿਚ ਜੰਗ, ਵੈਨਜ਼ੂਏਲਾ ਵਿਚ ਭੁੱਖਮਰੀ। ਉੱਤਰੀ ਕੋਰੀਆ ਨਾਲ ਪਰਮਾਣੂ ਜੰਗ ਦਾ ਖ਼ਦਸ਼ਾ ਵੀ ਬੀਤੇ ਵਰ੍ਹੇ ਛਾਇਆ ਰਿਹਾ। ਇਹ ਸਾਰੇ ਬਹੁਤ ਮਹੱਤਵਪੂਰਨ ਵਿਸ਼ੇ ਹਨ। ਇਹੀ ਕਾਰਨ ਹੈ ਕਿ ਮੈਂ ਨਿਰੰਤਰ ਰੂਪ ਵਿਚ ਇਨ੍ਹਾਂ 'ਤੇ ਲੇਖ ਲਿਖਦਾ ਰਿਹਾ ਹਾਂ, ਫਿਰ ਵੀ ਮੈਨੂੰ ਇਹੀ ਖ਼ਦਸ਼ਾ ਸਤਾਉਂਦਾ ਰਹਿੰਦਾ ਹੈ ਕਿ ਮੀਡੀਆ ਅਤੇ ਪੂਰੀ ਦੁਨੀਆ ਬੁਰੀਆਂ ਖ਼ਬਰਾਂ 'ਤੇ ਇੰਨੇ ਵਿਆਪਕ ਤਰੀਕੇ ਨਾਲ ਧਿਆਨ ਕੇਂਦਰਿਤ ਕਰਦੀ ਹੈ ਕਿ ਅਸੀਂ ਦੁਨੀਆ ਨੂੰ ਇਹੀ ਅਹਿਸਾਸ ਕਰਵਾਉਂਦੇ ਹਾਂ ਕਿ ਹਰੇਕ ਰੁਝਾਨ ਗ਼ਲਤ ਦਿਸ਼ਾ ਵਿਚ ਜਾ ਰਿਹਾ ਹੈ।

ਇਕ ਸਰਵੇਖਣ ਵਿਚ ਅਮਰੀਕਾ ਦੇ ਜ਼ਿਆਦਾਤਰ ਲੋਕਾਂ ਨੇ ਇਹੀ ਕਿਹਾ ਕਿ ਦੁਨੀਆ ਵਿਚ ਗ਼ਰੀਬਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਦਕਿ ਬੀਤੇ ਪੰਜਾਹ ਸਾਲਾਂ ਦਾ ਇਕ ਅਹਿਮ ਰੁਝਾਨ ਇਹ ਰਿਹਾ ਹੈ ਕਿ ਵਿਸ਼ਵ ਪੱਧਰੀ ਗ਼ਰੀਬੀ ਵਿਚ ਭਾਰੀ ਕਮੀ ਆਈ ਹੈ। ਸੰਨ 1981 ਤਕ ਪੂਰੀ ਦੁਨੀਆ ਦੀ 42 ਫ਼ੀਸਦੀ ਆਬਾਦੀ ਭਿਆਨਕ ਗ਼ਰੀਬੀ ਵਿਚ ਜੀਵਨ ਗੁਜ਼ਾਰ ਰਹੀ ਸੀ। ਗ਼ਰੀਬੀ ਦਾ ਇਹ ਪੈਮਾਨਾ ਸੰਯੁਕਤ ਰਾਸ਼ਟਰ ਦੁਆਰਾ ਦੋ ਡਾਲਰ ਰੋਜ਼ਾਨਾ ਦੇ ਹਿਸਾਬ ਨਾਲ ਤੈਅ ਕੀਤਾ ਗਿਆ ਸੀ। ਹੁਣ ਸਿਰਫ਼ ਦੁਨੀਆ ਦੀ 10 ਫ਼ੀਸਦੀ ਤੋਂ ਘੱਟ ਆਬਾਦੀ ਹੀ ਗ਼ਰੀਬ ਰਹਿ ਗਈ ਹੈ। ਬੀਤੇ ਇਕ ਦਹਾਕੇ ਵਿਚ ਰੋਜ਼ਾਨਾ 1,70,000 ਲੋਕ ਗ਼ਰੀਬੀ ਦੇ ਗੇੜ ਤੋਂ ਬਾਹਰ ਨਿਕਲੇ। ਹਾਲਾਂਕਿ ਇਸ ਤੋਂ ਇਨਕਾਰ ਨਹੀਂ ਕਿ ਉਨ੍ਹਾਂ 'ਚੋਂ ਤਮਾਮ ਦੀ ਹਾਲਤ ਹਾਲੇ ਵੀ ਓਨੀ ਚੰਗੀ ਨਹੀਂ ਹੈ ਪਰ ਉਨ੍ਹਾਂ ਦੀ ਗ਼ੁਰਬਤ ਘੱਟ ਜ਼ਰੂਰ ਹੋਈ ਹੈ। ਇਸ ਕਾਰਨ ਉਨ੍ਹਾਂ ਦੇ ਭੁੱਖੇ ਮਰਨ ਜਾਂ ਅਨਪੜ੍ਹ ਰਹਿ ਜਾਣ ਦਾ ਖ਼ਦਸ਼ਾ ਬਹੁਤ ਕਮਜ਼ੋਰ ਹੋਇਆ ਹੈ। ਇਕ ਦੌਰ ਅਜਿਹਾ ਵੀ ਸੀ ਜਦੋਂ ਕਾਲ ਬਹੁਤ ਪੈਂਦੇ ਸਨ ਪਰ ਇਸ ਦੇ ਨਿਸ਼ਾਨ ਵੀ ਦੁਨੀਆ ਨੇ ਆਖ਼ਰੀ ਵਾਰ 2017 ਦੌਰਾਨ ਦੱਖਣੀ ਸੂਡਾਨ ਦੇ ਇਕ ਸੂਬੇ ਵਿਚ ਦੇਖੇ ਸਨ ਅਤੇ ਉਹ ਵੀ ਕੁਝ ਮਹੀਨਿਆਂ ਲਈ। ਇਸ ਦੌਰਾਨ ਪੋਲੀਓ, ਕੋਹੜ, ਅਤੇ ਕਈ ਹੋਰ ਵਰਗੀਆਂ ਬਿਮਾਰੀਆਂ ਪਸਤ ਹੁੰਦੀਆਂ ਜਾ ਰਹੀਆਂ ਹਨ। ਵਿਸ਼ਵ ਪੱਧਰੀ ਯਤਨਾਂ ਸਦਕਾ ਏਡਜ਼ ਦਾ ਪ੍ਰਕੋਪ ਵੀ ਘਟਿਆ ਹੈ। ਅੱਧੀ ਸਦੀ ਤੋਂ ਪਹਿਲਾਂ ਦੁਨੀਆ ਦੀ ਜ਼ਿਆਦਾਤਰ ਆਬਾਦੀ ਅਨਪੜ੍ਹ ਸੀ। ਹੁਣ ਤਕ ਅਸੀਂ ਬਾਲਗ ਸਾਖਰਤਾ ਦੇ ਮੋਰਚੇ 'ਤੇ 90 ਫ਼ੀਸਦੀ ਤਕ ਦਾ ਪੱਧਰ ਹਾਸਲ ਕਰ ਰਹੇ ਹਾਂ।

ਖ਼ਾਸ ਤੌਰ 'ਤੇ ਕੁੜੀਆਂ ਦੀ ਸਿੱਖਿਆ ਦੇ ਮੋਰਚੇ 'ਤੇ ਬਹੁਤ ਸ਼ਾਨਦਾਰ ਪ੍ਰਗਤੀ ਹੋਈ ਹੈ। ਕੁੜੀਆਂ ਦੀ ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ ਵਰਗੀ ਤਾਕਤ ਨੇ ਦੁਨੀਆ ਨੂੰ ਬਦਲਣ ਵਿਚ ਜੋ ਭੂਮਿਕਾ ਨਿਭਾਈ ਹੈ, ਉਹੋ ਜਿਹੀ ਯੁੱਗ ਪਲਟਾਊ ਤਾਕਤ ਅਮੂਮਨ ਘੱਟ ਹੀ ਦੇਖਣ ਨੂੰ ਮਿਲਦੀ ਹੈ। ਅਜਿਹੇ ਦੌਰ ਵਿਚ ਜਦ ਦੁਨੀਆ ਵਿਚ ਇੰਨਾ ਕੁਝ ਗ਼ਲਤ ਹੋ ਰਿਹਾ ਹੋਵੇ ਉਦੋਂ ਤਰੱਕੀ ਦੀ ਅਜਿਹੀ ਤਸਵੀਰ ਦਿਖਾਉਣਾ ਮਿਜ਼ਾਜ ਵਿਗਾੜ ਸਕਦਾ ਹੈ। ਇਨ੍ਹਾਂ ਅੰਕੜਿਆਂ 'ਤੇ ਵੀ ਬਹਿਸ ਹੋ ਸਕਦੀ ਹੈ ਅਤੇ ਸੰਨ 2019 ਦੇ ਅੰਕੜੇ ਤਾਂ ਵੈਸੇ ਵੀ ਅੰਦਾਜ਼ਨ ਹੀ ਹਨ ਪਰ ਮੈਨੂੰ ਇਹ ਵੀ ਚਿੰਤਾ ਸਤਾਉਂਦੀ ਹੈ ਕਿ ਨਿਰਾਸ਼ਾਵਾਦ ਹਾਲਾਤ ਨੂੰ ਹੋਰ ਵਿਗਾੜਦਾ ਹੈ। ਬੇਹੱਦ ਨਿਰਾਸ਼ਾਵਾਦ ਲੋਕਾਂ ਨੂੰ ਸਿਰਫ਼ ਨਾਉਮੀਦ ਹੀ ਨਹੀਂ, ਬਲਕਿ ਲਾਚਾਰ ਵੀ ਬਣਾ ਸਕਦਾ ਹੈ। ਪਾਠਕ ਵੀ ਲਗਾਤਾਰ ਮੈਨੂੰ ਕਈ ਗੱਲਾਂ ਦੱਸਦੇ ਰਹਿੰਦੇ ਹਨ। ਮਸਲਨ ਜੇ ਅਸੀਂ ਜ਼ਿਆਦਾ ਬੱਚਿਆਂ ਨੂੰ ਬਚਾਵਾਂਗੇ ਤਾਂ ਇਸ ਨਾਲ ਜਨਸੰਖਿਆ ਦਾ ਸੰਕਟ ਪੈਦਾ ਹੋ ਸਕਦਾ ਹੈ। ਭੁੱਖਮਰੀ ਦਾ ਵਿਕਰਾਲ ਸੰਕਟ ਵੀ ਖੜ੍ਹਾ ਹੋ ਸਕਦਾ ਹੈ।

ਹਾਲਾਂਕਿ ਉਹ ਇਹ ਮਹਿਸੂਸ ਨਹੀਂ ਕਰਦੇ ਕਿ ਜਦ ਮਾਤਾ-ਪਿਤਾ ਆਪਣੇ ਬੱਚਿਆਂ ਦੀ ਲੰਬੀ ਉਮਰ ਨੂੰ ਲੈ ਕੇ ਯਕੀਨੀ ਹੋਣਗੇ ਤਾਂ ਜਨਸੰਖਿਆ 'ਤੇ ਕਾਬੂ ਪਾਉਣ ਦੇ ਉਪਾਅ ਵੀ ਕਰਨਗੇ। ਇਸ ਮਾਮਲੇ ਵਿਚ ਹੈਨਰੀ ਕਿਸਿੰਗਜਰ ਨੇ ਬੰਗਲਾਦੇਸ਼ ਨੂੰ ਇਕ ਬਾਸਕਟ ਕੇਸ' ਦੱਸਿਆ ਸੀ। ਹੁਣ ਬੰਗਲਾਦੇਸ਼ ਦਾ ਅਰਥਚਾਰਾ ਅਮਰੀਕਾ ਦੀ ਤੁਲਨਾ ਵਿਚ ਤੇਜ਼ ਗਤੀ ਨਾਲ ਅੱਗੇ ਵੱਧ ਰਿਹਾ ਹੈ। ਉੱਥੇ ਜਨਮ ਦਰ ਸਿਰਫ਼ 2.1 ਫ਼ੀਸਦੀ ਰਹਿ ਗਈ ਹੈ ਜੋ 1973 ਦੀ 6.9 ਫ਼ੀਸਦ ਦੀ ਤੁਲਨਾ ਵਿਚ ਕਾਫ਼ੀ ਘੱਟ ਗਈ ਹੈ। ਫਿਰ ਵੀ ਇਹ ਗੱਲ ਰੜਕਦੀ ਹੈ ਕਿ ਹਰੇਕ ਛੇ ਸਕਿੰਟ 'ਤੇ ਦੁਨੀਆ ਵਿਚ ਕਿਤੇ ਨਾ ਕਿਤੇ ਇਕ ਬੱਚੇ ਦੀ ਮੌਤ ਹੁੰਦੀ ਹੈ। ਪਰ ਇਹ ਵੀ ਸੋਚੋ ਕਿ ਇਕ ਦਹਾਕਾ ਪਹਿਲਾਂ ਤਿੰਨ ਸਕਿੰਟ ਵਿਚ ਅਜਿਹਾ ਹੁੰਦਾ ਸੀ। ਮੈਨੂੰ ਲੱਗਦਾ ਹੈ ਕਿ ਅਜਿਹੀ ਤਸਵੀਰ ਦਿਖਾ ਕੇ ਹੌਸਲਾ ਹੋਰ ਵਧਾਇਆ ਜਾ ਸਕਦਾ ਹੈ ਅਤੇ ਇਹੀ ਕਾਰਨ ਹੈ ਕਿ ਮੈਂ ਹਰ ਸਾਲ ਇਕ ਅਜਿਹਾ ਲੇਖ ਲਿਖਦਾ ਹਾਂ ਜਿਸ ਵਿਚ ਮਨੁੱਖਤਾ ਦੇ ਅੱਗੇ ਖੜ੍ਹੇ ਸਾਂਝੇ ਦੁਸ਼ਮਣਾਂ ਵਿਰੁੱਧ ਅਜਿਹੀ ਜਿੱਤ ਦਾ ਜ਼ਿਕਰ ਹੋਵੇ। ਜਿੱਥੇ ਤਕ ਚੁਣੌਤੀਆਂ ਦੀ ਗੱਲ ਹੈ ਤਾਂ ਪੌਣ-ਪਾਣੀ ਬਦਲਾਅ ਧਰਤੀ ਲਈ ਇਕ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਹ ਖ਼ਦਸ਼ਾ ਵੱਧ ਗਿਆ ਹੈ ਕਿ ਸੰਨ 2030 ਤਕ ਗ਼ਰੀਬੀ ਘਟਾਉਣ ਦੇ ਟੀਚੇ ਤੋਂ ਅਸੀਂ ਪਿੱਛੇ ਰਹਿ ਜਾਵਾਂਗੇ। ਇਸ ਦੌਰਾਨ ਟਰੰਪ ਅਮਰੀਕੀ ਸੰਸਥਾਵਾਂ ਨੂੰ ਦਰਪੇਸ਼ ਚੁਣੌਤੀਆਂ ਵਿਚ ਵਾਧਾ ਕਰਦੇ ਜਾ ਰਹੇ ਹਨ। ਇਸ ਕਾਰਨ ਲੱਖਾਂ ਪਰਿਵਾਰ ਵਿਛੋੜੇ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੂੰ ਕਈ ਮੋਰਚਿਆਂ 'ਤੇ ਸੰਘਰਸ਼ ਕਰਨਾ ਪੈ ਰਿਹਾ ਹੈ।

ਸਮਕਾਲੀ ਦੌਰ ਸਬੰਧੀ ਰੋਸਰ ਕਹਿੰਦੇ ਹਨ, ''ਇਕੱਠੀਆਂ ਤਿੰਨ ਗੱਲਾਂ ਸੱਚ ਸਿੱਧ ਹੋ ਰਹੀਆਂ ਹਨ। ਦੁਨੀਆ ਬਿਹਤਰ ਹੋ ਰਹੀ ਹੈ, ਦੁਨੀਆ ਬਹੁਤ ਖ਼ੌਫ਼ਨਾਕ ਹੋ ਰਹੀ ਹੈ ਅਤੇ ਇਸ ਦੁਨੀਆ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ।' ਉਂਜ ਮੈਂ ਜਦ ਸੰਨ 1959 ਵਿਚ ਪੈਦਾ ਹੋਇਆ ਸੀ, ਉਦੋਂ ਦੁਨੀਆ ਦੀ ਇਕ ਵੱਡੀ ਆਬਾਦੀ ਵੀ ਭਿਆਨਕ ਗ਼ਰੀਬੀ ਦੇ ਜਾਲ ਵਿਚ ਫਸੀ ਹੋਈ ਸੀ ਅਤੇ ਜ਼ਿਆਦਾਤਰ ਲੋਕ ਅਨਪੜ੍ਹ ਹੀ ਰਹਿ ਗਏ। ਇਹ ਦੁਨੀਆ ਦੇ ਸਰਬਪੱਖੀ ਵਿਕਾਸ ਵਿਚ ਵੱਡੀ ਰੁਕਾਵਟ ਸੀ। ਦੁਨੀਆ ਦੇ ਕਈ ਹਿੱਸਿਆਂ ਵਿਚ ਬਦਅਮਨੀ ਇਨਸਾਨੀਅਤ ਲਈ ਵੱਡਾ ਖ਼ਤਰਾ ਸੀ ਜੋ ਅੱਜ ਵਿਕਰਾਲ ਰੂਪ ਧਾਰ ਕਰ ਚੁੱਕਾ ਹੈ। ਖ਼ੈਰ! ਹੁਣ ਜਦ ਕਦੇ ਮੈਂ ਇਸ ਦੁਨੀਆ ਨੂੰ ਅਲਵਿਦਾ ਕਹਾਂਗਾ ਉਦੋਂ ਤਕ ਸ਼ਾਇਦ ਦੁਨੀਆ ਤੋਂ ਗ਼ਰੀਬੀ ਅਤੇ ਅਨਪੜ੍ਹਤਾ ਖ਼ਤਮ ਹੋ ਚੁੱਕੀ ਹੋਵੇਗੀ। ਹੋਰ ਵੀ ਕਈ ਸਮੱਸਿਆਵਾਂ ਇਨਸਾਨ ਦਾ ਖਹਿੜਾ ਛੱਡ ਚੁੱਕੀਆਂ ਹੋਣਗੀਆਂ। ਇਸ ਸਭ ਨੂੰ ਸੋਚ ਕੇ ਮਨ ਨੂੰ ਬਹੁਤ ਤਸੱਲੀ ਹੁੰਦੀ ਹੈ। ਪਰਮਾਤਮਾ ਅੱਗੇ ਅਰਜ਼ ਹੈ ਕਿ ਉਹ ਮਨੁੱਖ ਨੂੰ ਸੁਮੱਤ ਬਖ਼ਸ਼ੇ ਕਿ ਉਹ ਨਵੀਆਂ ਮੁਸੀਬਤਾਂ ਸਹੇੜਨ ਤੋਂ ਬਾਜ਼ ਆਵੇ ਅਤੇ ਪੁਰਾਣੀਆਂ ਮੁਸੀਬਤਾਂ ਤੋਂ ਖਹਿੜਾ ਛੁਡਾਉਣ ਵੱਲ ਨਿਰੰਤਰ ਪੇਸ਼ਕਦਮੀ ਕਰਦਾ ਰਹੇ। ਮਨੁੱਖਤਾ ਲਈ ਸ਼ਾਇਦ ਇਸ ਤੋਂ ਵੱਡੀ ਜਿੱਤ ਦੀ ਕਲਪਨਾ ਕੀਤੀ ਹੀ ਨਹੀਂ ਜਾ ਸਕਦੀ।

-(ਲੇਖਕ 'ਦਿ ਨਿਊਯਾਰਕ ਟਾਈਮਜ਼' ਦਾ ਕਾਲਮਨਵੀਸ ਹੈ)।

Posted By: Rajnish Kaur