ਦੇਸ਼ ’ਚ ਕੋਰੋਨਾ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲੇ ਗੇੜ ’ਚ ਫਰੰਟਲਾਈਨ ’ਤੇ ਕੰਮ ਕਰ ਰਹੇ ਲੋਕਾਂ ਨੂੰ ਇਹ ਟੀਕੇ ਲਾਏ ਜਾਣਗੇ। ਮਗਰੋਂ ਸਫ਼ਾਈ ਸੇਵਕ, ਸੈਨਿਕ ਬਲ ਤੇ ਪੁਲਿਸ ਮੁਲਾਜ਼ਮਾਂ ਨੂੰ ਕਵਰ ਕੀਤਾ ਜਾਵੇਗਾ। ਫਰੰਟਲਾਈਨ ਵਰਕਰਾਂ ਦੀ ਗਿਣਤੀ 3 ਕਰੋੜ ਹੈ ਅਤੇ ਉਨ੍ਹਾਂ ਨੂੰ ਟੀਕਾ ਲਗਾਉਣ ਦਾ ਖ਼ਰਚਾ ਭਾਰਤ ਸਰਕਾਰ ਚੁੱਕੇਗੀ। ਦੂਜੇ ਗੇੜ ’ਚ 50 ਸਾਲ ਤੋਂ ਵੱਧ ਉਮਰ ਦੇ 27 ਕਰੋੜ ਲੋਕਾਂ ਅਤੇ 50 ਸਾਲ ਤੋਂ ਘੱਟ ਉਮਰ ਦੇ ਬਿਮਾਰ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।

ਅਗਸਤ 2021 ਤਕ 3 ਕਰੋੜ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਵਿਸ਼ਵ ਦੇ ਸਾਰੇ ਟੀਕਿਆਂ ਦੇ ਮੁਕਾਬਲੇ ਭਾਰਤ ਦਾ ਟੀਕਾ ਬਹੁਤ ਕਿਫ਼ਾਇਤੀ ਹੈ। ਜੇ ਦੇਸ਼ ਪੂਰੀ ਤਰ੍ਹਾਂ ਵਿਦੇਸ਼ੀ ਟੀਕੇ ’ਤੇ ਨਿਰਭਰ ਕਰਦਾ ਤਾਂ ਇਹ ਸਰਕਾਰ ਲਈ ਸਮੱਸਿਆ ਖੜ੍ਹੀ ਕਰ ਸਕਦਾ ਸੀ।

ਐੱਸਬੀਆਈ ਦੀ ਰਿਸਰਚ ਮੁਤਾਬਕ ਟੀਕਾ ਲਗਾਉਣ ਦੀ ਕੀਮਤ ਪ੍ਰਤੀ ਵਿਅਕਤੀ 100 ਤੋਂ 150 ਰੁਪਏ ਹੈ ਭਾਵ ਸਰਕਾਰ ਨੂੰ 30 ਕਰੋੜ ਲੋਕਾਂ ਦੇ ਟੀਕਾਕਰਨ ਲਈ 21 ਤੋਂ 27 ਹਜ਼ਾਰ ਕਰੋੜ ਰੁਪਏ ਖ਼ਰਚਣੇ ਪੈ ਸਕਦੇ ਹਨ। ਇਸ ਵੇਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਲੋੜ ਹੈ। ਪਹਿਲਾਂ ਮਹਾਮਾਰੀ ਫੈਲਣ ਵੇਲੇ ਅਤੇ ਹੁਣ ਟੀਕਾ ਲਗਾਉਣ ਤੋਂ ਪਹਿਲਾਂ ਕਈ ਕਿਸਮਾਂ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ।

ਲੋਕਾਂ ਨੂੰ ਇਨ੍ਹਾਂ ’ਤੇ ਧਿਆਨ ਨਹੀਂ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਵੀ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਦੇਸ਼ ਅਤੇ ਦੁਨੀਆ ਦੇ ਸ਼ਰਾਰਤੀ ਅਨਸਰ ਇਸ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ। ਟੀਕਾ ਲਗਵਾਉਣ ਵਾਲਿਆਂ ਨੂੰ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਟੀਕੇ ਦੀਆਂ ਦੋ ਖ਼ੁਰਾਕਾਂ ਹਨ। ਇਹ 28 ਦਿਨਾਂ ਦੇ ਅੰਤਰਾਲ ’ਤੇ ਦਿੱਤੀਆਂ ਜਾਣਗੀਆਂ।

ਹਰ ਵਿਅਕਤੀ ਲਈ ਦੋ ਖ਼ੁਰਾਕਾਂ ਲੈਣੀਆਂ ਲਾਜ਼ਮੀ ਹਨ। ਦੂਜੀ ਖ਼ੁਰਾਕ ਤੋਂ ਦੋ ਹਫ਼ਤਿਆਂ ਬਾਅਦ ਸਰੀਰ ਨੂੰ ਕੋਰੋਨਾ ਤੋਂ ਬਚਾਉਣ ਲਈ ਐਂਟੀਬਾਡੀਜ਼ ਬਣ ਜਾਣਗੇ। ਐਂਟੀਬਾਡੀ ਸਰੀਰ ’ਚ ਮੌਜੂਦ ਪ੍ਰੋਟੀਨ ਹੁੰਦਾ ਹੈ ਜੋ ਵਿਸ਼ਾਣੂ, ਬੈਕਟਰੀਆ ਤੇ ਪਰਜੀਵੀਆਂ ਦੇ ਹਮਲੇ ਨੂੰ ਬੇਅਸਰ ਕਰਦਾ ਹੈ। ਇਹ ਮਾਣ ਵਾਲੀ ਗੱਲ ਹੈ ਕਿ ਐਮਰਜੈਂਸੀ ਵਰਤੋਂ ਲਈ ਮਨਜ਼ੂਰ ਕੀਤੇ ਦੋਵੇਂ ਟੀਕੇ ਭਾਰਤ ’ਚ ਹੀ ਬਣੇ ਹਨ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਐਮਰਜੈਂਸੀ ਵਰਤੋਂ ਲਈ ਦੋ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਪਹਿਲਾ ਟੀਕਾ ‘ਕੋਵੀਸ਼ੀਲਡ’ ਹੈ ਜੋ ਐਸਟਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਨੇ ਬਣਾਇਆ ਹੈ। ਭਾਰਤ ’ਚ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਕੋਵੀਸ਼ੀਲਡ ਦਾ ਨਿਰਮਾਣ ਕਰ ਰਿਹਾ ਹੈ। ਕੋਵੀਸ਼ੀਲਡ ਦੀਆਂ 5 ਕਰੋੜ ਖ਼ੁਰਾਕਾਂ ਤਿਆਰ ਹਨ।

ਦੂਜਾ ਟੀਕਾ ‘ਕੋਵੈਕਸੀਨ’ ਹੈ। ਕੋਵੈਕਸੀਨ ਭਾਰਤ ਬਾਇਓਟੈੱਕ ਵੱਲੋਂ ਬਣਾਇਆ ਜਾ ਰਿਹਾ ਹੈ। ਕੋਵੈਕਸੀਨ ਦੀਆਂ ਦੋ ਕਰੋੜ ਖ਼ੁਰਾਕਾਂ ਤਿਆਰ ਹਨ। ਐੱਸਬੀਆਈ ਰਿਸਰਚ ਦੀ ਨਵੀਂ ਰਿਪੋਰਟ ਮੁਤਾਬਕ ਜੇ ਸਰਕਾਰ ਨੇ ਟੀਚਾ ਪੂਰਾ ਕਰਨਾ ਹੈ ਤਾਂ ਹਰ ਰੋਜ਼ 13 ਲੱਖ ਲੋਕਾਂ ਨੂੰ ਟੀਕਾ ਲਗਵਾਉਣਾ ਪਵੇਗਾ। ਇਹ ਇਕ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਚੀਨ ਤੋਂ ਇਲਾਵਾ ਇੱਕੋ ਦਿਨ ’ਚ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਗਿਆ ਸੀ। ਚੀਨ ਕੋਲ ਵੀ ਸਿਰਫ਼ ਦੋ ਦਿਨਾਂ ਦਾ ਡਾਟਾ ਉਪਲਬਧ ਹੈ ਜਿਸ ਵਿਚ ਉਸ ਨੇ ਇਕ ਦਿਨ ’ਚ 22.5 ਲੱਖ ਲੋਕਾਂ ਨੂੰ ਅਤੇ ਦੋ ਦਿਨਾਂ ’ਚ ਲਗਪਗ 40 ਲੱਖ ਲੋਕਾਂ ਨੂੰ ਟੀਕਾ ਲਗਾਇਆ ਸੀ।

ਦੂਜੇ ਦੇਸ਼ਾਂ ਦੀ ਗੱਲ ਕਰੀਏ ਤਾਂ ਹਰ ਰੋਜ਼ ਅਮਰੀਕਾ ਵਿਚ 5.37 ਲੱਖ ਅਤੇ ਯੂਕੇ ਵਿਚ 4.72 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਭਾਰਤ ਇਸ ਟੀਚੇ ਨੂੰ ਹਾਸਲ ਕਰ ਲਵੇਗਾ। ਸਰਕਾਰ ਆਪਣਾ ਟੀਚਾ ਹਾਸਲ ਕਰ ਲਵੇਗੀ। ਜਿਵੇਂ 2020 ਕੋਰੋਨਾ ਕਾਰਨ ਹੋਈ ਬਰਬਾਦੀ ਲਈ ਜਾਣਿਆ ਜਾ ਰਿਹਾ ਹੈ, ਉਸੇ ਤਰ੍ਹਾਂ 2021 ਕੋਰੋਨਾ ਦੀ ਬਰਬਾਦੀ ਦਾ ਸਾਲ ਬਣਨਾ ਚਾਹੀਦਾ ਹੈ।

Posted By: Jagjit Singh