ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ-‘‘ਲੋਕਤੰਤਰ ਚੰਗਾ ਹੈ। ਮੈਂ ਅਜਿਹਾ ਇਸ ਲਈ ਆਖ਼ਦਾ ਹਾਂ ਕਿਉਂਕਿ ਬਾਕੀ ਸਾਰੇ ਤੰਤਰ ਬੁਰੇ ਹਨ।’’ ਇਹ ਗੱਲ ਸੱਚ ਵੀ ਹੈ ਕਿਉਂਕਿ ਜਦੋਂ ਪਰਜਾਤੰਤਰ ਨੂੰ ਲਤਾੜ ਕੇ ਕਿਸੇ ਹੋਰ ਤੰਤਰ ਨਾਲ ਸੱਤਾ ’ਤੇ ਕਾਬਜ਼ ਹੋ ਕੇ ਕੋਈ ਹਾਕਮ ਸੱਤਾ ਚਲਾਉਂਦਾ ਹੈ ਤਾਂ ਉਸ ਵਿਚ ਜਨਤਾ ਅਤੇ ਦੇਸ਼ ਦੇ ਭਲੇ ਦੀ ਗੰੁਜਾਇਸ਼ ਬੜੀ ਥੋੜ੍ਹੀ ਰਹਿ ਜਾਂਦੀ ਹੈ। ਭਾਰਤ ਦੁਨੀਆ ਵਿਚ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਸ਼ਰਫ਼ ਰੱਖਦਾ ਹੈ। ਇੱਥੇ 92 ਕਰੋੜ ਦੇ ਕਰੀਬ ਵੋਟਰਾਂ ਦੀ ਹੋਂਦ ਹੈ ਜੋ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦਿਆਂ ਹੋਇਆਂ ਸਥਾਨਕ, ਰਾਜ ਜਾਂ ਕੌਮੀ ਪੱਧਰ ’ਤੇ ਆਪਣੇ ਨੁਮਾਇੰਦਿਆਂ ਦੀ ਚੋਣ ਕਰਦੇ ਹਨ। ਲੋਕਤੰਤਰ ਵਿਚ ਵੋਟਰ ਹੀ ਸਰਬ ਸ਼ਕਤੀਮਾਨ ਦਰਸਾਇਆ ਗਿਆ ਹੈ ਜੋ ਬਾਹੂਬਲੀਆਂ ਦੇ ਵੀ ਤਖ਼ਤੇ ਪਲਟਣ ਦੀ ਵੁੱਕਤ ਰੱਖਦਾ ਹੈ ਤੇ ਦੱਬਿਆਂ, ਕੁਚਲਿਆਂ ਤੇ ਲਤਾੜਿਆਂ ਨੂੰ ਵੀ ਤਖ਼ਤ ’ਤੇ ਬਿਠਾ ਦਿੰਦਾ ਹੈ ਪਰ ਇਹ ਸਭ ਕੁਝ ਸਲਾਹੁਣਯੋਗ ਅਤੇ ਸੰਭਵ ਤਾਂ ਹੀ ਹੋ ਸਕਦਾ ਹੈ ਜੇਕਰ ਲੋਕਤੰਤਰ ਦਾ ਧੁਰਾ ਅਖਵਾਉਣ ਵਾਲਾ ਵੋਟਰ ਆਪਣੇ ਹੱਕਾਂ ਅਤੇ ਫ਼ਰਜ਼ਾਂ ਦੇ ਨਾਲ-ਨਾਲ ਆਪਣੇ ਮੁਲਕ ਦੇ ਭਲੇ ਪ੍ਰਤੀ ਜਾਗਰੂਕ ਹੋਵੇ। ਜਦੋਂ ਕਿ ਮੁਲਕ ਦੇ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ, ‘ਕੌਮੀ ਵੋਟਰ ਦਿਵਸ’ ਮੁਲਕ ਭਰ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਵਿਸ਼ਵ ਪ੍ਰਸਿੱਧ ਸਿਆਸਤਦਾਨ ਜੇਐੱਫ ਕੇਨੈਡੀ ਨੇ ਕਿਹਾ ਸੀ- ‘‘ਲੋਕਤੰਤਰ ਵਿਚ ਇਕ ਵੋਟਰ ਦੀ ਅਗਿਆਨਤਾ ਬਾਕੀ ਦੇਸ਼ਵਾਸੀਆਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ।’’ ਕੇਨੈਡੀ ਦੇ ਇਹ ਬੋਲ ਇਸ਼ਾਰਾ ਕਰਦੇ ਹਨ ਕਿ ਇਕ ਵੋਟਰ ਦਾ ਪੜ੍ਹੇ-ਲਿਖ਼ੇ ਤੇ ਜਾਗਰੂਕ ਹੋਣਾ ਸਿਹਤਮੰਦ ਲੋਕਤੰਤਰ ਲਈ ਬੇਹੱਦ ਜ਼ਰੂਰੀ ਹੈ। ਹਰੇਕ ਵੋਟਰ ਨੂੰ ਚਾਹੇ ਉਹ ਕਿਸੇ ਵੀ ਉਮਰ ਗੁੱਟ ਦਾ ਹੋਵੇ, ਇਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਉਹ ਜਿਸ ਵੀ ਪਾਰਟੀ ਜਾਂ ਪਾਰਟੀ ਦੇ ਨੁਮਾਇੰਦੇ ਨੂੰ ਚੁਣਨ ਜਾ ਰਿਹਾ ਹੈ, ਉਸਦਾ ਕਿਰਦਾਰ ਕਿਵੇਂ ਦਾ ਹੈ। ਅਪਰਾਧਿਕ ਪਿਛੋਕੜ ਵਾਲੇ ਜਾਂ ਲੋਟੂ ਵਪਾਰੀ ਨੂੰ ਆਪਣੇ ਹਲਕੇ ਦਾ ਨੁਮਾਇੰਦਾ ਚੁਣ ਕੇ ਕਿਸੇ ਵੀ ਵੋਟਰ ਨੂੰੂ ਆਪਣੇ ਤੇ ਆਪਣੇ ਇਲਾਕੇ ਦੇ ਭਲੇ ਅਤੇ ਵਿਕਾਸ ਦੀ ਆਸ ਨਹੀਂ ਕਰਨੀ ਚਾਹੀਦੀ ਹੈ। ਹਰੇਕ ਵੋਟਰ ਨੂੰ ਚਾਹੀਦਾ ਹੈ ਕਿ ਉਹ ਨਿੱਜੀ ਮੁਫ਼ਾਦਾਂ ਨੂੰ ਤਿਆਗ ਕੇ ਆਪਣੇ ਪਿੰਡ, ਸ਼ਹਿਰ, ਸੂਬੇ ਜਾਂ ਮੁਲਕ ਦੀ ਬਿਹਤਰੀ ਲਈ ਸੋਚੇ ਅਤੇ ਚੰਗੀ ਸੋਚ, ਚੰਗੇ ਕਿਰਦਾਰ ਅਤੇ ਚੰਗੇ ਵਿਜ਼ਨ ਵਾਲੇ ਆਗੂ ਦੀ ਚੋਣ ਕਰੇ। ਵਿਦਵਾਨ ਥੌਮਸ ਜੈਫ਼ਰਸਨ ਨੇ ਸਹੀ ਕਿਹਾ ਸੀ-‘‘ਲੋਕਤੰਤਰ ਉਸ ਵੇਲੇ ਖ਼ਤਮ ਹੋ ਜਾਂਦਾ ਹੈ ਜਦੋਂ ਸੱਤਾ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਸੌਂਪ ਦਿੱਤੀ ਜਾਂਦੀ ਹੈ ਜੋ ਕੰਮ ਨਹੀਂ ਕਰਨਾ ਚਾਹੰੁਦੇ ਹਨ ਜਾਂ ਕੰਮ ਕਰਨ ਦੇ ਸਮਰੱਥ ਨਹੀਂ ਹੰੁਦੇ ਹਨ।’’

ਹਰੇਕ ਵੋਟਰ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਧਰਮ, ਜਾਤ ਜਾਂ ਮਜ਼ਹਬ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਵੇ। ਇਸ ਦਾ ਭਾਵ ਇਹ ਹੈ ਕਿ ਕਿਸੇ ਸਿਆਸੀ ਦਲ ਜਾਂ ਉਸਦੇ ਨੁਮਾਇੰਦੇ ਦੇ ਧਰਮ, ਮਜ਼ਹਬ ਜਾਂ ਜਾਤ ਨੂੰ ਮੱਦੇਨਜ਼ਰ ਰੱਖ ਕੇ ਵੋਟ ਨਾ ਪਾਈ ਜਾਵੇ। ਜੋ ਵੀ ਨੇਤਾ ਧਰਮ ਜਾਂ ਜਾਤ ਦੇ ਨਾਂ ’ਤੇ ਨਫ਼ਰਤ ਦਾ ਜ਼ਹਿਰ ਫ਼ੈਲਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਇੰਨੀ ਬੁਰੀ ਤਰ੍ਹਾਂ ਹਰਾਇਆ ਜਾਵੇ ਕਿ ਅਗਲੀ ਵਾਰ ਕੋਈ ਦੂਜਾ ਆਗੂ ਅਜਿਹਾ ਕਰਨ ਦੀ ਜੁਰੱਅਤ ਹੀ ਨਾ ਕਰੇ। ਸ਼ਰਾਬ, ਹੋਰ ਨਸ਼ੀਲੇ ਪਦਾਰਥ, ਪੈਸਾ ਜਾਂ ਵੱਖ-ਵੱਖ ਤਰ੍ਹਾਂ ਦੇ ਤੋਹਫ਼ੇ ਵੰਡ ਕੇ ਵੋਟਾਂ ਖ਼ਰੀਦਣ ਦੀ ਕੋਸ਼ਿਸ਼ ਕਰਨ ਵਾਲੇ ਲੀਡਰਾਂ ਨੂੰ ਨਕਾਰਨਾ ਹਰੇਕ ਵੋਟਰ ਦੀ ਜ਼ਿੰਮੇਵਾਰੀ ਬਣਦਾ ਹੈ। ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭਿ੍ਰਸ਼ਟਾਚਾਰ ਖ਼ਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਲੀਡਰਾਂ ਦਾ ਪਿਛਲਾ ਰਿਕਾਰਡ ਅਤੇ ਆਉਣ ਵਾਲੇ ਸਮੇਂ ਦਾ ਰੋਡਮੈਪ ਜ਼ਰੂਰ ਪਰਖਣ ਤੇ ਫਿਰ ਹੀ ਆਪਣਾ ਕੀਮਤੀ ਵੋਟ ਉਸਦੇ ਹੱਕ ਵਿਚ ਭੁਗਤਾਉਣ।

ਭਾਰਤ ਵਿਚ ਹੋਣ ਵਾਲੀਆਂ ਹਰੇਕ ਪੱਧਰ ਦੀਆਂ ਚੋਣਾਂ ਅਤੇ ਖ਼ਾਸ ਕਰਕੇ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਵਿਚ ਮਤਦਾਨ ਕਰਨ ਵਾਲੇ ਵੋਟਰਾਂ ਦੀ ਸੰਖਿਆ ’ਤੇ ਜੇਕਰ ਨਿਗ੍ਹਾ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਔਸਤਨ 55 ਤੋਂ 60 ਫ਼ੀਸਦੀ ਵੋਟਰ ਹੀ ਮਤਦਾਨ ਕਰਦੇ ਹਨ ਜਿਸ ਦਾ ਭਾਵ ਹੈ ਕਿ 40 ਫ਼ੀਸਦੀ ਦੇ ਕਰੀਬ ਵੋਟਰ ਮਤਦਾਨ ਕਰਦੇ ਹੀ ਨਹੀਂ ਹਨ ਜੋ ਕਿ ਇਕ ਚੰਗੀ ਪਿਰਤ ਨਹੀਂ ਹੈ। ਸੰਨ 2019 ਦੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਉਸ ਸਾਲ ਯੋਗ ਵੋਟਰਾਂ ਦੀ ਸੰਖਿਆ 90 ਕਰੋੜ ਸੀ ਜੋ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੀ ਬਨਿਸਪਤ 8.43 ਕਰੋੜ ਜ਼ਿਆਦਾ ਸੀ ਜਿਨ੍ਹਾਂ ਵਿਚ

1.5 ਕਰੋੜ ਨਵੇਂ ਵੋਟਰ ਸ਼ਾਮਿਲ

ਸਨ ਜਦੋਂ ਕਿ ਪੁਰਸ਼ ਵੋਟਰਾਂ ਦੀ ਸੰਖਿਆ 46.8 ਕਰੋੜ ਅਤੇ 43.2 ਕਰੋੜ ਮਹਿਲਾ ਵੋਟਰ ਸਨ। ਉਸ ਵਕਤ 38 ਹਜ਼ਾਰ ਦੇ ਕਰੀਬ ਥਰਡ ਜੈਂਡਰ ਵੋਟਰ ਅਤੇ 71 ਹਜ਼ਾਰ ਤੋਂ ਵੱਧ ਓਵਰਸੀਜ਼ ਵੋਟਰ ਸਨ। ਲੋਕਤੰਤਰ ਦੇ ਮਹਾਂਕੰੁਭ ਵਿਚ ਆਪਣੀ ਆਹੂਤੀ ਦਾ ਮਹੱਤਵ ਪਛਾਣਦਿਆਂ ਹੋਇਆਂ ਹਰੇਕ ਵੋਟਰ ਨੂੰ ਆਪਣੀ ਵੋਟ ਦਾ ਸਹੀ ਅਤੇ ਈਮਾਨਦਾਰੀ ਨਾਲ ਇਸਤੇਮਾਲ ਕਰਨ ਲਈ ਵੋਟ ਪਾਉਣ ਜ਼ਰੂਰ ਨਿਕਲਣਾ ਚਾਹੀਦਾ ਹੈ।

ਇਸ ਵਾਰ ਕਿਉਂਕਿ ਕਰੋਨਾ ਪ੍ਰਕੋਪ ਦਾ ਸਮਾਂ ਚੱਲ ਰਿਹਾ ਹੈ ਇਸ ਲਈ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਦਿਆਂ ਹੋਇਆਂ ਹਰੇਕ ਵੋਟਰ ਨੂੰ ਪੂਰੀ ਜ਼ਿੰਮੇਦਾਰੀ ਨਾਲ ਆਪਣੀ ਵੋਟ ਪਾਉਣ ਘਰੋਂ ਜ਼ਰੂਰ ਨਿਕਲਣਾ ਚਾਹੀਦਾ ਹੈ। 18 ਸਾਲ ਦੀ ਉਮਰ ਦੇ ਹੋ ਚੁੱਕੇ ਨੌਜਵਾਨ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ ਅਤੇ ਜ਼ਰੂਰ ਪਾਉਣ। ਅਸਲ ਵਿਚ ਹਰੇਕ ਵੋਟਰ ਦਾ ਇਹ ਧਰਮ ਬਣਦਾ ਹੈ ਕਿ ਉਹ ਬਿਨਾਂ ਕਿਸੇ ਡਰ, ਲਾਲਚ ਜਾਂ ਦਬਾਅ ਦੇ ਆਪਣੀ ਵੋਟ ਪਾਵੇ ਅਤੇ ਆਪਣਾ ਅਤੇ ਆਪਣੇ ਇਲਾਕੇ ਦਾ ਭਵਿੱਖ ਸੁਆਰੇ। ਵੋਟ ਨਾ ਪਾਉਣ ਵਾਲੇ ਵੋਟਰਾਂ ਨੂੰ ਹੇਠ ਲਿਖੇ ਦੋ ਵਿਚਾਰ ਆਪਣੇ ਮਨ ਵਿੱਚ ਜ਼ਰੂਰ ਵਸਾ ਲੈਣੇ ਚਾਹੀਦੇ ਹਨ :

ਜਾਰਜ ਜੀਨ ਦਾ ਕਥਨ ਹੈ ਕਿ ਉਨ੍ਹਾਂ ਨਾਗਰਿਕਾਂ ਵੱਲੋਂ ਮਾੜੇ ਆਗੂ ਚੁਣੇ ਜਾਂਦੇ ਹਨ ਜੋ ਵੋਟ ਪਾਉਂਦੇ ਹੀ ਨਹੀਂ ਹਨ।

ਜਾਰਜ ਕੈਰਲਿਨ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਵੋਟ ਨਹੀਂ ਪਾਉਂਦੇ ਹੋ ਤਾਂ ਤੁਹਾਨੂੰ ਸ਼ਿਕਾਇਤ ਕਰਨ ਦਾ ਵੀ ਹੱਕ ਨਹੀਂ ਹੈ।

ਰਾਸ਼ਟਰੀ ਸ਼ਿਕਾਇਤ ਸੇਵਾ ਪੋਰਟਲ

ਭਾਰਤੀ ਚੋਣ ਕਮਿਸ਼ਨ ਦੇ ਆਨਲਾਈਨ ਪੋਰਟਲ ’ਤੇ ਜਾ ਕੇ ਤੁਸੀਂ ਆਪਣੀ ਸ਼ਿਕਾਇਤ ਨੂੰ ਸਭ ਤੋਂ ਛੇਤੀ ਦਰਜ ਕਰਾ ਸਕਦੇ ਹੋ। ਜਿੱਥੇ ਤੁਸੀਂ ਚੋਣਾਂ ਅਤੇ ਗ਼ੈਰ-ਚੋਣਾਂ ਦੋਹਾਂ ਸਬੰਧੀ ਸ਼ਿਕਾਇਤ ਦਰਜ

ਕਰ ਸਕਦੇ ਹੋ। ਸਿੱਧੇ ਲੌਗ-ਆਨ ਕਰੋ ਜਾਂ ਸਾਨੂੰ ਲਿਖੋ। ਤੁਹਾਨੂੰ ਇਕ ਆਈਡੀ ਸਮੇਤ ਰਸੀਦ ਪ੍ਰਾਪਤ ਹੋਵੇਗੀ। ਐੱਨਜੀਏਐਸਪੀ ਪੋਰਟਲ ਵਿਜ਼ਟ ਕਰੋ।

- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Posted By: Harjinder Sodhi