ਅਮਰੀਕਾ ਦੇ 40 ਸਾਲ ਪੁਰਾਣੇ ਅਤੇ ਪ੍ਰਸਿੱਧ ਸਿਲੀਕਾਨ ਵੈਲੀ ਬੈਂਕ (ਸੀਵੀਬੀ) ਦੇ ਦੀਵਾਲੀਆ ਹੋਣ ਤੋਂ ਬਾਅਦ ਸਿਲਵਰ ਗੇਟ ਅਤੇ ਸਿਗਨੇਚਰ ਬੈਂਕ ਵੀ ਡੁੱਬ ਚੁੱਕੇ ਹਨ। ਇਨ੍ਹਾਂ ਦੇ ਦੀਵਾਲੀਆ ਹੋਣ ਨਾਲ ਉਨ੍ਹਾਂ ਛੋਟੇ ਅਮਰੀਕੀ ਬੈਂਕਾਂ ’ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ, ਜਿਨ੍ਹਾਂ ਦਾ ਕਾਰੋਬਾਰ ਇਨ੍ਹਾਂ ਬੈਂਕਾਂ ਖ਼ਾਸ ਤੌਰ ’ਤੇ ਸਿਲੀਕਾਨ ਵੈਲੀ ਬੈਂਕ ਨਾਲ ਜੁੜਿਆ ਹੋਇਆ ਹੈ। ਅਮਰੀਕਾ ਦੇ ਬੈਂਕਿੰਗ ਸੈਕਟਰ ਦੀਆਂ ਮੁਸ਼ਕਲਾਂ ਬਹੁਤ ਵਧ ਗਈਆਂ ਹਨ। ਵੱਡੇ ਬੈਂਕ ਦੇ ਦੀਵਾਲੀਆ ਹੋ ਜਾਣ ਨਾਲ ਆਰਥਿਕ ਜਗਤ ਦੇ ਵਿਦਵਾਨ ਹੈਰਾਨ ਹਨ।
ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਸਹਿਮੇ ਹੋਏ ਹਨ। ਬੈਂਕ ਦੇ ਪ੍ਰਦਰਸ਼ਨ ਅਤੇ ਕੈ੍ਰਡਿਟ ਗੁਣਵੱਤਾ ਦੇ ਆਧਾਰ ’ਤੇ ਫਰਵਰੀ ’ਚ ਸਿਲੀਕਾਨ ਵੈਲੀ ਬੈਂਕ ਨੂੰ ਫੋਰਬਸ ਪੱਤ੍ਰਿਕਾ ਨੇ 100 ਸਰਵੋਤਮ ਬੈਂਕਾਂ ਦੀ ਸੂਚੀ ’ਚ ਟਾਪ-20 ’ਚ ਸਥਾਨ ਦਿੱਤਾ ਸੀ। ਦਸੰਬਰ 2022 ’ਚ ਇਸ ਬੈਂਕ ਦਾ ਕਾਰੋਬਾਰ 44 ਫ਼ੀਸਦੀ ਤੋਂ ਵੀ ਜ਼ਿਆਦਾ ਤਕਨੀਕੀ ਅਤੇ ਸਿਹਤ ਖੇਤਰ ਦੀਆਂ ਕੰਪਨੀਆਂ ਨਾਲ ਸੀ। ਇਸ ਦੀ ਜਮ੍ਹਾਂ ਪੂੰਜੀ 175.4 ਅਰਬ ਡਾਲਰ ਸੀ ਪਰ ਅੱਜ ਇਹ ਫਰਸ਼ ’ਤੇ ਹੈ।
ਆਖ਼ਰ ਅਜਿਹਾ ਕੀ ਹੋਇਆ ਕਿ ਦੁਨੀਆ ਭਰ ਦੇ ਤਕਨੀਕ ਆਧਾਰਤ ਨਵੇਂ ਸਟਾਰਟਅਪਸ ਨੂੰ ਵਿੱਤੀ ਸਹਾਰਾ ਦੇਣ ਵਾਲਾ ਸਿਲੀਕਾਨ ਵੈਲੀ ਬੈਂਕ ਡੁੱਬ ਗਿਆ? ਕੁਝ ਵਿਦਵਾਨਾਂ ਨੇ ਇੱਥੋਂ ਤੱਕ ਖ਼ਦਸ਼ਾ ਪ੍ਰਗਟਾਇਆ ਹੈ ਕਿ ਅਮਰੀਕੀ ਨਿਵੇਸ਼ ਬੈਂਕ ਲੇਹਮਨ ਬ੍ਰਦਰਜ਼ ਦੇ ਅਸਫਲ ਹੋਣ ਤੋਂ ਬਾਅਦ 2008 ’ਚ ਆਉਣ ਵਾਲੀ ਮੰਦੀ ਮੁੜ ਆਪਣੇ ਆਪ ਨੂੰ ਦੁਹਰਾਵੇਗੀ। ਜਮ੍ਹਾਂ ਕਰਵਾਉਣ ਵਾਲਿਆਂ ਦੀ ਵੱਡੀ ਰਕਮ ਡੁੱਬਣ ਦਾ ਅਸਰ ਇਹ ਹੋਵੇਗਾ ਕਿ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਨਖ਼ਾਹ ਨਹੀਂ ਦੇ ਸਕਣਗੀਆਂ, ਜਿਸ ਨਾਲ ਨਾ ਸਿਰਫ਼ ਕਾਰੋਬਾਰ ਦਾ ਨੁਕਸਾਨ ਹੋਵੇਗਾ ਸਗੋਂ ਲੋਕਾਂ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣਾ ਪਵੇਗਾ।
ਇਹ ਸਮਝਣਾ ਮਹੱਤਵਪੂਰਨ ਹੋਵੇਗਾ ਕਿ ਆਖ਼ਰ ਇਹ ਬੈਂਕ ਡੁੱਬਿਆ ਕਿਉਂ? ਕੋਈ ਬੈਂਕ ਹਮੇਸ਼ਾ ਲੈਣ-ਦੇਣ ’ਤੇ ਚੱਲਦਾ ਹੈ। ਜਦੋਂ ਬੈਂਕ ਆਪਣੇ ਕਰਜ਼ੇ ’ਤੇ ਦੋ ਤੋਂ ਤਿੰਨ ਫ਼ੀਸਦੀ ਵਿਆਜ ਲਵੇਗਾ ਅਤੇ ਆਪਣੇ ਜਮ੍ਹਾਂਕਰਤਾਵਾਂ ਨੂੰ ਪੰਜ ਫ਼ੀਸਦੀ ਵਿਆਜ ਦੀ ਅਦਾਇਗੀ ਕਰੇਗਾ ਤਾਂ ਉਹ ਅਸਫਲ ਹੋਵੇਗਾ ਹੀ। ਬੈਂਕ ਨੂੰ ਆਮਦਨ ਦਿੱਤੇ ਗਏ ਕਰਜ਼ਿਆਂ ਤੋਂ ਪ੍ਰਾਪਤ ਵਿਆਜ ਅਤੇ ਜਮ੍ਹਾਂ ਰਕਮ ’ਤੇ ਦਿੱਤੇ ਜਾਣ ਵਾਲੇ ਵਿਆਜ ਦੇ ਅੰਤਰ ਨਾਲ ਹੀ ਹੁੰਦੀ ਹੈ। ਕੁਝ ਇਸੇ ਤਰ੍ਹਾਂ ਦੀ ਸਥਿਤੀ ਸਿਲੀਕਾਨ ਵੈਲੀ ਬੈਂਕ ਨਾਲ ਬਣੀ।
ਅਮਰੀਕੀ ਰਿਜ਼ਰਵ ਬੈਂਕ ਫੈਡ ਵੱਲੋਂ ਬੈਂਕ ਟਰਮ ਫੰਡਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਕਿਫ਼ਾਇਤੀ ਦਰਾਂ ’ਤੇ ਬੈਂਕਾਂ ਦੀ ਸੰਪਤੀ ਗਹਿਣੇ ਰੱਖ ਕੇ ਕਰਜ਼ਾ ਦਿੱਤਾ ਜਾਂਦਾ ਹੈ, ਜਿਸ ਨਾਲ ਕੋਈ ਵੀ ਬੈਂਕ ਆਪਣੀ ਸੰੰਭਾਵਿਤ ਨਿਕਾਸੀ ਦੀ ਜ਼ਿੰਮੇਵਾਰੀ ਨੂੰ ਪੂੂਰਾ ਕਰ ਸਕੇ ਅਤੇ ਆਪਣੀ ਪੂੰਜੀ ਨੂੰ ਜਲਦਬਾਜ਼ੀ ’ਚ ਬਾਜ਼ਾਰ ਦੀ ਕੀਮਤ ’ਤੇ ਨਾ ਵੇਚੇ। ਹਾਲਾਂਕਿ ਬੈਂਕ ਨੂੰ ਸਰਕਾਰ ਵੱਲੋਂ ਕੋਈ ਵੀ ਬੇਲਆਊਟ ਪੈਕੇਜ ਨਹੀਂ ਦਿੱਤਾ ਗਿਆ ਪਰ ਜਮ੍ਹਾਂਕਰਤਾਵਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਰਕਮ ਸੁਰੱਖਿਅਤ ਹੈ।
ਸੰਪਤੀ ਦੇ ਹਿਸਾਬ ਨਾਲ ਸਿਲੀਕਾਨ ਵੈਲੀ ਬੈਂਕ ਦੇ ਦੀਵਾਲੀਆ ਹੋਣ ਨੂੰ 2008 ਤੋਂ ਬਾਅਦ ਅਮਰੀਕਾ ਦੀ ਸਭ ਤੋਂ ਵੱਡੀ ਵਿੱਤੀ ਅਸਫਲਤਾ ਮੰਨਿਆ ਜਾ ਰਿਹਾ ਹੈ। ਇਸ ਬੈਂਕ ਦੀ ਸੰਪਤੀ ਕਰੀਬ 209 ਅਰਬ ਡਾਲਰ ਸੀ। ਇਸ ਤੋਂ ਪਹਿਲਾਂ 25 ਸਤੰਬਰ,2008 ਨੂੰ ਅਮਰੀਕੀ ਬੈਂਕ ਵਾਸ਼ਿੰਗਟਨ ਮਿਊਚੀਅਲ ਫੇਲ੍ਹ ਹੋ ਗਿਆ ਸੀ। ਇਸ ਦੀ ਸੰਪਤੀ ਕਰੀਬ 307 ਅਰਬ ਡਾਲਰ ਦੀ ਸੀ।
ਵਧਦੀ ਮਹਿੰਗਾਈ ਨੂੰ ਰੋਕਣ ਲਈ ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਪਿਛਲੇ ਕਈ ਮਹੀਨਿਆਂ ਤੋਂ ਵਿਆਜ ਦਰਾਂ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਸੀ। ਵਿਆਜ ਦਰਾਂ ’ਚ ਹੋ ਰਹੇ ਲਗਾਤਾਰ ਵਾਧੇ ਦਾ ਦੂਹਰਾ ਪ੍ਰਭਾਵ ਪਿਆ। ਪਿਛਲੇ 12 ਤੋਂ 15 ਮਹੀਨਿਆਂ ’ਚ ਆਰਥਿਕ ਹਾਲਾਤ ਏਨੀ ਤੇਜ਼ੀ ਨਾਲ ਬਦਲੇ ਕਿ ਆਸਮਾਨ ਛੂੰਹਦੀ ਮਹਿੰਗਾਈ ਦਰਮਿਆਨ ਸਟਾਰਟਅਪਸ ਦੀ ਤੇਜ਼ੀ ’ਚ ਗਿਰਾਵਟ ਆਉਣ ਲੱਗੀ, ਜਿਸ ਦਾ ਸਿੱਧਾ ਪ੍ਰਭਾਵ ਸਿਲੀਕਾਨ ਵੈਲੀ ਬੈਂਕ ਦੇ ਕਾਰੋਬਾਰ ’ਤੇ ਵੀ ਪੈਣ ਲੱਗਿਆ। ਬੈਂਕ ’ਚ ਕਰਜ਼ਾ ਵਾਪਸੀ ਦੀ ਦਰ ਬਹੁਤ ਘੱਟ ਹੋ ਗਈ।
ਦੂਜੇ ਪਾਸੇ ਕੋਰੋਨਾ ਤੋਂ ਬਾਅਦ ਦੇ ਹਾਲਾਤ ’ਚ ਆਪਣੇ ਆਪ ਨੂੰ ਬਾਜ਼ਾਰ ’ਚ ਬਣਾਈ ਰੱਖਣ ਲਈ ਸਟਾਰਟਅਪਸ ਕੰਪਨੀਆਂ ਨੇ ਬੈਂਕ ’ਚੋਂ ਆਪਣੀ ਜਮ੍ਹਾਂ ਪੂੰਜੀ ਕਢਾਉਣੀ ਸ਼ੁਰੂ ਕਰ ਦਿੱਤੀ। ਜਮ੍ਹਾਂਕਰਤਾਵਾਂ ਨੂੰ ਪੈਸੇ ਵਾਪਸ ਕਰਨ ਲਈ ਸਿਲੀਕਾਨ ਵੈਲੀ ਬੈਂਕ ਨੂੰ ਆਪਣੇ ਬਾਂਡ ਵੇਚਣੇ ਪਏ ਪਰ ਵਿਆਜ ਦਰਾਂ ’ਚ ਤੇਜ਼ੀ ਕਾਰਨ ਉਸ ਵੱਲੋਂ ਪਹਿਲਾਂ ਖ਼ਰੀਦੇ ਗਏ 91 ਅਰਬ ਡਾਲਰ ਦੇ ਬਾਂਡ ਦੀਆਂ ਕੀਮਤਾਂ ’ਚ 15 ਅਰਬ ਡਾਲਰ ਤੋਂ ਜ਼ਿਆਦਾ ਦੀ ਗਿਰਾਵਟ ਆ ਗਈ। ਜਦੋਂ ਬੈਂਕ ਆਪਣੀ ਸਭ ਤੋਂ ਸੁਰੱਖਿਅਤ ਸੰਪਤੀ ਨੂੰ ਨੁਕਸਾਨ ’ਚ ਵੇਚਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਨਕਦੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਮਾਰੂ ਨਤੀਜਾ ਸੀਵੀਬੀ ਦੇ ਦੀਵਾਲੀਆ ਹੋਣ ਦੇ ਰੂਪ ’ਚ ਸਾਡੇ ਸਾਹਮਣੇ ਹੈ।
ਅਜੋਕੇ ਸਮੇਂ ’ਚ ਦੁਨੀਆ ਦੇ ਸਾਰੇ ਦੇਸ਼ਾਂ ਦਾ ਅਰਥਚਾਰਾ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਇਸ ਲਈ ਕਿਸੇ ਦੇਸ਼ ਦੇ ਬੈਂਕ ਦੇ ਫੇਲ੍ਹ ਹੋਣ ਦਾ ਅਸਰ ਦੂਜੇ ਦੇਸ਼ਾਂ ’ਤੇ ਦਿਸਣਾ ਸੁਭਾਵਿਕ ਹੈ। ਕਿਸੇ ਵੀ ਅਰਥਚਾਰੇ ’ਚ ਇੰਟਰÇਲੰਕੇਜ ਆਮ ਤੌਰ ’ਤੇ ਲਿਕੁਡਿਟੀ ਚੈਨਲ, ਪ੍ਰਾਈਸ ਚੈਨਲ ਅਤੇ ਡਿਮਾਂਡ ਚੈਨਲ ਰਾਹੀਂ ਹੁੰਦੀ ਹੈ। ਤਿੰਨਾਂ ਦੀ ਸਥਿਤੀ 2022 ਦੀ ਤੁਲਨਾ ’ਚ ਕਾਫ਼ੀ ਖ਼ਰਾਬ ਹੈ।
ਜਿੱਥੋਂ ਤੱਕ ਗੱਲ ਕੀਤੀ ਜਾਵੇ ਭਾਰਤੀ ਅਰਥਚਾਰੇ ਦੀ ਤਾਂ ਇਹ ਖਪਤ ’ਤੇ ਨਿਰਭਰ ਕਰਦਾ ਹੈ। ਐੱਸਵੀਬੀ ਦੇ ਫੇਲ੍ਹ ਹੋਣ ਦਾ ਪ੍ਰਭਾਵ ਪੱਛਮੀ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਹੋ ਸਕਦਾ ਹੈ ਕਿਉਂਕਿ ਇਹ ਬੈਂਕ ਸਟਾਰਟਅਪ ਕੰਪਨੀਆਂ ਨਾਲ ਜੁੜਿਆ ਸੀ। ਇਸ ਕਾਰਨ ਕੁਝ ਪ੍ਰਭਾਵ ਦੇਸ਼ ਦੀਆਂ ਸਟਾਰਟਅਪ ਕੰਪਨੀਆਂ ’ਤੇ ਹੋ ਸਕਦਾ ਹੈ। ਭਾਰਤੀ ਸ਼ੇਅਰ ਬਾਜ਼ਾਰ 2023 ਦੀ ਸ਼ੁਰੂਆਤ ਤੋਂ ਆਲਮੀ ਬਾਜ਼ਾਰਾਂ ਦੇ ਮੁਕਾਬਲੇ ਕਮਜ਼ੋਰ ਪ੍ਰਦਰਸ਼ਨ ਕਰ ਰਹੇ ਹਨ। ਇਸ ਲਈ ਜੇ ਆਲਮੀ ਬਾਜ਼ਾਰਾਂ ’ਚ ਜ਼ਿਆਦਾ ਗਿਰਾਵਟ ਹੁੰਦੀ ਹੈ ਤਾਂ ਇਸ ਦਾ ਪ੍ਰਭਾਵ ਭਾਰਤੀ ਸ਼ੇਅਰ ਬਾਜ਼ਾਰਾਂ ’ਤੇ ਵੀ ਦਿਸ ਸਕਦਾ ਹੈ।
ਅਮਰੀਕਾ ਦੇ 16ਵੇਂ ਸਭ ਤੋਂ ਵੱਡੇ ਇਸ ਬੈਂਕ ਦੇ ਦੀਵਾਲੀਆ ਹੋਣ ਦਾ ਅਸਰ 92 ਤੋਂ ਜ਼ਿਆਦਾ ਉਨ੍ਹਾਂ ਭਾਰਤੀ ਸਟਾਰਟਅਪਸ ’ਤੇ ਵੀ ਹੋ ਸਕਦਾ ਹੈ, ਜਿਨ੍ਹਾਂ ਦਾ ਖਾਤਾ ਇਸ ਬੈਂਕ ’ਚ ਹੈ। ਇਸ ਬੈਂਕ ਦਾ ਇਕ ਦਫ਼ਤਰ ਬੈਂਗਲੁਰੂ ’ਚ ਵੀ ਹੈ, ਜੋ ਸਟਾਰਟਅਪਸ ਦੇ ਕਾਰੋਬਾਰ ਨੂੰ ਵਧਾਉਣ ਲਈ
ਆਪਣੇ ਕੋਲ ਖਾਤਾ ਖੁਲ੍ਹਵਾਉਣ ਲਈ ਪ੍ਰੇਰਿਤ ਕਰਦਾ ਸੀ। ਇਹ ਬੈਂਕ ਆਪਣੀ ਲਚਕੀਲੀ ਕਾਰਜਪ੍ਰਣਾਲੀ ਲਈ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਦੇ ਸਟਾਰਟਅਪਸ ਲਈ ਸਭ ਤੋਂ ਪਸੰਦੀਦਾ ਬਦਲਾਂ ’ਚੋਂ ਇਕ ਰਿਹਾ ਹੈ।
ਭਾਰਤ ’ਚ ਵਧਣ ਵਾਲੇ ਯੂਨੀਕਾਰਨ ਦੀ ਗਿਣਤੀ ’ਚ ਇਸ ਬੈਂਕ ਦਾ ਵੀ ਯੋਗਦਾਨ ਰਿਹਾ ਹੈ। ਇਕ ਅਨੁਮਾਨ ਅਨੁਸਾਰ ਪਿਛਲੇ ਅਕਤੂਬਰ ’ਚ ਭਾਰਤੀ ਸਟਾਰਟਅਪਸ ਨੇ 15 ਕਰੋੜ ਡਾਲਰ ਦੀ ਪੂੰਜੀ ਜੁਟਾਈ ਸੀ। ਭਾਰਤ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਇਸ ’ਤੇ ਮੰਥਨ ਕਰਨਾ ਹੋਵੇਗਾ ਕਿ ਆਖ਼ਰ ਭਾਰਤੀ ਸਟਾਰਟਅਪਸ ਦੇਸ਼ ਤੋਂ ਬਾਹਰ ਦੇ ਬੈਂਕਾਂ ਵੱਲ ਆਪਣਾ ਰੁਖ਼ ਕਿਉਂ ਕਰਦੇ ਹਨ? ਕੀ ਅਸੀਂ ਇਨ੍ਹਾਂ ਸਟਾਰਟਅਪਸ ਨੂੰ ਆਪਣੀ ਬੈਂਕਿੰਗ ਪ੍ਰਣਾਲੀ ਨਾਲ ਨਹੀਂ ਜੋੜ ਸਕਦੇ? ਕੀ ਇਨ੍ਹਾਂ ਕੰਪਨੀਆਂ ਨੂੰ ਉੱਡਣ ਲਈ ਖੁੱਲ੍ਹਾ ਆਸਮਾਨ ਨਹੀਂ ਦਿੱਤਾ ਜਾ ਸਕਦਾ? ਦੇਸ਼ ਦੇ ਬਦਲਦੇ ਆਰਥਿਕ ਮਾਹੋਲ ’ਚ ਇਨ੍ਹਾਂ ਸੰਭਾਵਨਾਵਾਂ ’ਤੇ ਨਵੇਂ ਸਿਰੇ ਤੋਂ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ, ਜਿਸ ਨਾਲ ਇਹ ਸਟਾਰਟਅਪਸ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਭਾਰਤੀ ਅਰਥਚਾਰੇ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਨ ’ਚ ਆਪਣੀ ਭੂਮਿਕਾ ਨਿਭਾ ਸਕਣ।
ਹਾਲਾਂਕਿ ਭਾਰਤ ਦੀ ਮਜ਼ਬੂਤ ਬੈਂਕਿੰਗ ਪ੍ਰਣਾਲੀ ਅਤੇ ਰਿਜ਼ਰਵ ਬੈਂਕ ਵੱਲੋਂ ਰੈਗੂਲੇਟ ਹੋਣ ਕਾਰਨ ਸਿਲੀਕਾਨ ਵੈਲੀ ਬੈਂਕ ਦੇ ਦੀਵਾਲੀਆ ਹੋਣ ਦਾ ਭਾਰਤੀ ਬੈਂਕਾਂ ’ਤੇ ਕੋਈ ਡੂੰਘਾ ਪ੍ਰਭਾਵ ਨਹੀਂ ਪਵੇਗਾ। ਭਾਰਤ ’ਚ ਕ੍ਰੈਡਿਟ ਕਾਰਡ ਦਾ ਕਰਜ਼ਾ ਤੇਜ਼ੀ ਨਾਲ ਵਧਣ ਦੇ ਬਾਵਜੂਦ ਬੈਂਕਾਂ ਦਾ ਐੱਨਪੀਏ ਪੱਧਰ ਯਾਨੀ ਫਸਿਆ ਹੋਇਆ ਕਰਜ਼ਾ ਕਾਬੂ ’ਚ ਹੈ। ਭਾਰਤ ’ਚ ਮਹਿੰਗਾਈ ਨੂੰ ਕਾਬੂ ਕਰਨ ਲਈ ਅੱਜ ਆਰਬੀਆਈ ਦੀ ਲਚਕੀਲੀ ਮੌਦ੍ਰਿਕ ਨੀਤੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਆਰਬੀਆਈ ਦੇ ਨਿਯਮ ਭਾਰਤੀ ਬੈਂਕਾਂ ਨੂੰ ਸੁਰੱਖਿਆ ਚੱਕਰ ਪ੍ਰਦਾਨ ਕਰਦੇ ਹਨ। ਸਿਲੀਕਾਨ ਵੈਲੀ ਬੈਂਕ ਅਤੇ ਹੋਰ ਅਮਰੀਕੀ ਬੈਂਕਾਂ ਦੇ ਅਸਫਲ ਹੋਣ ਦੇ ਬਾਵਜੂਦ 2008 ਜਿਹੀ ਮੰਦੀ ਦੇ ਖ਼ਦਸ਼ੇ ਬਹੁਤ ਘੱਟ ਹਨ ਕਿਉਂਕਿ 2008 ਦੇ ਮੁਕਾਬਲੇ ਅੱਜ ਦੁਨੀਆ ਬਿਹਤਰ ਸਥਿਤੀ ’ਚ ਹੈ। ਇਸ ਲਈ ਫੈਡਰਲ ਰਿਜ਼ਰਵ ਬੈਂਕ ਦੀ ਲਗਾਤਾਰ ਕੋਸ਼ਿਸ਼ ਰਹੇਗੀ ਕਿ ਛੇਤੀ ਤੋਂ ਛੇਤੀ ਇਸ ਵਿੱਤੀ ਸੰਕਟ ਨੂੰ ਸੁਲਝਾ ਲਿਆ ਜਾਵੇ, ਜਿਸ ਨਾਲ ਆਲਮੀ ਪੱਧਰ ’ਤੇ ਉਸ ਦੀ ਮੌਜੂਦਗੀ ਆਰਥਿਕ ਸ਼ਕਤੀ ਦੇ ਰੂਪ ’ਚ ਬਣੀ ਰਹੇ। ਇਸ ਦੇ ਬਾਵਜੂਦ ਇਹ ਇਕ ਆਲਮੀ ਵਿੱਤੀ ਸਮੱਸਿਆ ਹੈ, ਜਿਸ ਲਈ ਨੀਤੀ ਘਾੜਿਆਂ ਨੂੰ ਚੌਕਸ ਰਹਿਣਾ ਪਵੇਗਾ, ਜਿਸ ਨਾਲ ਭਵਿੱਖ ’ਚ ਹੋਣ ਵਾਲੀਆਂ ਵੱਡੀਆਂ ਘਟਨਾਵਾਂ ਲਈ ਭਾਰਤ ਨੂੰ ਤਿਆਰ ਕੀਤਾ ਜਾ ਸਕੇ।
-ਡਾ. ਸੁਰਜੀਤ ਸਿੰਘ
-(ਲੇਖਕ ਅਰਥਸ਼ਾਸਤਰ ਦਾ ਪ੍ਰੋਫੈਸਰ ਹੈ।)
Posted By: Shubham Kumar