ਬੀਤੇ ਕੁਝ ਮਹੀਨਿਆਂ ਦੌਰਾਨ ਕਾਬੁਲ ਤੋਂ ਲੈ ਕੇ ਕਸ਼ਮੀਰ ਵਾਦੀ ਤਕ ਅਮਨ-ਚੈਨ ’ਤੇ ਗ੍ਰਹਿਣ ਲਗਾਉਣ ਵਾਲੀਆਂ ਕੁਝ ਹਿੰਸਕ ਘਟਨਾਵਾਂ ਦਾ ਜੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਦੋਵਾਂ ਵਿਚਾਲੇ ਇਕ ਸਹਿਜ ਸਬੰਧ ਦਿਖਾਈ ਦਿੰਦਾ ਹੈ। ਤਤਕਾਲੀ ਸੋਵੀਅਤ ਸੰਘ (ਹੁਣ ਰੂਸ) ਦੀਆਂ ਫ਼ੌਜਾਂ ਦੀ ਤਿੰਨ ਦਹਾਕੇ ਪਹਿਲਾਂ ਅਫ਼ਗਾਨਿਸਤਾਨ ਤੋਂ ਵਾਪਸੀ ਦੇ ਨਾਲ ਹੀ ਉੱਥੇ ਅਲਕਾਇਦਾ ਤੇ ਤਾਲਿਬਾਨੀ ਅੱਤਵਾਦੀਆਂ ਦੀ ਚੜ੍ਹਤ ਕਾਇਮ ਹੋ ਗਈ ਸੀ। ਇਸ ਦੇ ਕੁਝ ਮਹੀਨਿਆਂ ਬਾਅਦ ਤੋਂ ਕਸ਼ਮੀਰ ਵਾਦੀ ’ਚ ਅੱਤਵਾਦ ਦੀ ਖ਼ੂਨੀ ਖੇਡ ਦੀ ਸ਼ੁਰੂਆਤ ਹੋ ਗਈ ਸੀ। ਕੁਝ ਵਿਸ਼ਲੇਸ਼ਕਾਂ ਨੇ ਅਗਸਤ ਦੇ ਅੰਤ ’ਚ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਕਸ਼ਮੀਰ ’ਚ ਅੱਤਵਾਦ ਦੀ ਨਵੇਂ ਸਿਰੇ ਤੋਂ ਦਸਤਕ ਦਾ ਖ਼ਦਸ਼ਾ ਪ੍ਰਗਟਾਇਆ ਸੀ। ਜ਼ਾਹਿਰ ਹੈ ਕਿ ਕਾਬੁਲ ਤੋਂ ਲੈ ਕੇ ਕਸ਼ਮੀਰ ਵਾਦੀ ਤਕ ਅੱਤਵਾਦ ਦੀਆਂ ਜੜ੍ਹਾਂ ਦੇ ਆਪਸੀ ਸਬੰਧ ਨੂੰ ਸਮਝਣ ਦਾ ਇਹ ਸਹੀ ਵੇਲਾ ਹੈ। ਅਜਿਹੀ ਸਮਝ ਕਸ਼ਮੀਰ ਵਾਦੀ ਨੂੰ ਅੱਤਵਾਦ ਤੋਂ ਮੁਕਤ ਕਰਵਾਉਣ ਵਿਚ ਵੱਡੀ ਸਹਾਇਕ ਸਿੱਧ ਹੋਵੇਗੀ। ਦੋ ਸਾਲ ਪਹਿਲਾਂ ਤਕ ਕਸ਼ਮੀਰ ਸ਼ਬਦ ਸੁਣਦੇ ਹੀ ਗੋਲਾ-ਬਾਰੂਦ, ਨਕਾਬਪੋਸ਼ ਅੱਤਵਾਦੀ ਅਤੇ ਹਸੀਨ ਵਾਦੀਆਂ ਵਿਚ ਪਸਰਿਆ ਡਰਾਉਣਾ ਸੰਨਾਟਾ ਹੀ ਦਿਲੋ-ਦਿਮਾਗ ਵਿਚ ਘੁੰਮਦਾ ਸੀ। ਧਰਤੀ ’ਤੇ ਜ਼ੰਨਤ ਦੇ ਇਸ ਟੁਕੜੇ ਨਾਲ ਇਹ ਪਛਾਣ ਕੁਝ ਇਸ ਤਰ੍ਹਾਂ ਚਿਪਕ ਗਈ ਕਿ ਇਸ ਨੂੰ ਕਸ਼ਮੀਰ ਦੀ ਨੀਅਤੀ ਮੰਨ ਲਿਆ ਗਿਆ ਸੀ। ਜਨਤਾ ਦੀ ਇਸ ਪੀੜਾ ਨੂੰ ਕੇਂਦਰ ਵਿਚ ਰਹੀਆਂ ਸਰਕਾਰਾਂ ਬਾਖ਼ੂਬੀ ਜਾਣਦੀਆਂ ਸਨ ਪਰ ਇਸ ਹਾਲਾਤ ਨੂੰ ਤੋੜਨ ਦਾ ਹੌਸਲਾ ਮੌਜੂਦਾ ਕੇਂਦਰ ਸਰਕਾਰ ਨੇ ਹੀ ਦਿਖਾਇਆ। ਖ਼ੁਸ਼ਹਾਲੀ ਅਤੇ ਸ਼ਾਂਤੀ ਦੀ ਜੋ ਇਬਾਰਤ ਕਸ਼ਮੀਰ ਵਾਦੀ ਵਿਚ ਲਿਖੀ ਜਾ ਰਹੀ ਹੈ, ਹਾਲੀਆ ਅੱਤਵਾਦੀ ਵਾਰਦਾਤਾਂ ਉਸ ਨੂੰ ਝੂਠ ਕਰਾਰ ਦੇਣ ਦੀਆਂ ਕੋਸ਼ਿਸ਼ਾਂ ਹਨ ਕਿਉਂਕਿ ਇੰਨਾ ਤਾਂ ਤੈਅ ਹੈ ਕਿ ਜਨਤਾ ਅਫ਼ਗਾਨਿਸਤਾਨ ਦੀ ਹੋਵੇ ਜਾਂ ਕਸ਼ਮੀਰ ਦੀ, ਹਰ ਹਾਲਤ ਵਿਚ ਅਮਨ ਚਾਹੁੰਦੀ ਹੈ। ਕਸ਼ਮੀਰ ’ਚ ਬੀਤੇ ਤਿੰਨ ਮਹੀਨਿਆਂ ’ਚ ਤੀਹ ਲੱਖ ਤੋਂ ਵੱਧ ਸੈਲਾਨੀਆਂ ਦਾ ਪੁੱਜਣਾ ਇਸ ਦਾ ਜਿਊਂਦਾ-ਜਾਗਦਾ ਸਬੂਤ ਹੈ। ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਹੱਦ ਪਾਰ ਬੈਠੇ ਆਕਾਵਾਂ ਦੀ ਬੌਖਲਾਹਟ ਦੀ ਵਜ੍ਹਾ ਵੀ ਇਹੀ ਹੈ। ਲੋਕਤੰਤਰ ਵਿਚ ਭਰੋਸਾ ਰੱਖਣ ਵਾਲੀ ਸਰਕਾਰ ਇਸ ਵਜ੍ਹਾ ਨੂੰ ਸਮਝਦੇ ਹੋਏ ਵਿਕਾਸ ਅਤੇ ਸ਼ਾਂਤੀ ਦੀ ਬਹਾਲੀ ਦੇ ਦੋ ਪਹੀਆਂ ਦੀ ਗੱਡੀ ਨੂੰ ਹੌਲੀ-ਹੌਲੀ ਅੱਗੇ ਵਧਾਉਣ ਦੀ ਰਣਨੀਤੀ ’ਤੇ ਚੱਲ ਰਹੀ ਹੈ। ਸਰਹੱਦ ਪਾਰ ਤੋਂ ਸਪਾਂਸਰ ਅੱਤਵਾਦ ਦੀਆਂ ਹਾਲੀਆ ਘਟਨਾਵਾਂ ਕਾਰਨ ਕਸ਼ਮੀਰ ’ਚ ਸ਼ਾਂਤੀ ਦੇ ਯਤਨਾਂ ਨੂੰ ਠੇਸ ਪੁੱਜੀ ਹੈ ਪਰ ਭਾਰਤ ਅੱਤਵਾਦੀਆਂ ਨੂੰ ਜੜ੍ਹੋਂ ਉਖਾੜ ਸੁੱਟਣ ਦੀ ਫ਼ੈਸਲਾਕੁੰਨ ਜੰਗ ਤੋਂ ਹੁਣ ਪਿੱਛੇ ਹਟਣ ਵਾਲਾ ਨਹੀਂ ਹੈ। ਇਸੇ ਰਣਨੀਤੀ ਦੇ ਬਲਬੂਤੇ ਕਸ਼ਮੀਰ ਤੇ ਕਸ਼ਮੀਰੀਅਤ ਨੂੰ ਲੈ ਕੇ ਜੋ ਕੁਝ ਬੀਤੇ 70 ਸਾਲਾਂ ਵਿਚ ਨਹੀਂ ਹੋ ਸਕਿਆ, ਉਸ ਦਾ ਮਹਿਜ਼ ਦੋ ਸਾਲ ਵਿਚ ਹੋਣਾ ਮੁਮਕਿਨ ਹੋਇਆ ਹੈ। ਮਤਲਬ ਸਾਫ਼ ਹੈ, ‘ਬਾਤ ਨਿਕਲੀ ਹੈ ਤੋ ਦੂਰ ਤਲਕ ਜਾਏਗੀ।’

-ਡਾ. ਦੁਸ਼ਯੰਤ ਰਾਏ

Posted By: Jatinder Singh