ਪਾਕਿਸਤਾਨ ਵੱਲੋਂ ਲਾਈ ਗਈ ਅੱਗ ਦਾ ਸੇਕ ਹੁਣ ਉਸ ਨੂੰ ਹੀ ਲੱਗਣ ਲੱਗਾ ਹੈ। ਕਰਾਚੀ ਸਟਾਕ ਐਕਸਚੇਂਜ 'ਤੇ ਸੋਮਵਾਰ ਸਵੇਰੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਹਮਲੇ 'ਚ ਚਾਰ ਅੱਤਵਾਦੀਆਂ ਸਣੇ ਕੁੱਲ 11 ਲੋਕ ਮਾਰੇ ਗਏ। ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਾਕਿਸਤਾਨ ਅੱਤਵਾਦ ਵਿਰੁੱਧ ਲੜਾਈ ਨੂੰ ਲੈ ਕੇ ਸ਼ੁਰੂ ਤੋਂ ਹੀ ਦੁਨੀਆ ਨੂੰ ਗੁਮਰਾਹ ਕਰਦਾ ਆਇਆ ਹੈ। ਇਕ ਪਾਸੇ ਉਸ ਨੇ ਛਲਾਵਾ ਦਿੱਤਾ ਕਿ ਉਹ ਅੱਤਵਾਦ ਵਿਰੁੱਧ ਲੜਾਈ ਵਿਚ ਰੁੱਝਾ ਹੋਇਆ ਹੈ ਜਦਕਿ ਦੂਜੇ ਪਾਸੇ ਤਾਲਿਬਾਨ ਤੋਂ ਲੈ ਕੇ ਕਸ਼ਮੀਰ ਤਕ ਅੱਤਵਾਦੀਆਂ ਦੀ ਉਹ ਸ਼ਰੇਆਮ ਮਦਦ ਕਰਦਾ ਹੈ। ਅਮਰੀਕਾ ਹੁਣ ਉਸ ਦਾ ਮਿੱਤਰ ਨਹੀਂ ਰਿਹਾ। ਪਾਕਿਸਤਾਨ ਹੁਣ ਚੀਨ ਦੇ ਰਹਿਮੋ-ਕਰਮ 'ਤੇ ਹੈ। ਪਾਕਿ ਵਿਚ ਕੋਰੋਨਾ ਨਾਲ ਲੋਕਾਂ ਦਾ ਬੁਰਾ ਹਾਲ ਹੈ। ਮਹਿੰਗਾਈ­, ਜ਼ਰੂਰੀ ਵਸਤਾਂ ਦੀ ਕਿੱਲਤ­, ਰੁਜ਼ਗਾਰ ਦੀ ਕਮੀ­ ਅਤੇ ਜੇਹਾਦੀਆਂ ਦੀ ਹਿੰਸਾ ਕਾਰਨ ਆਮ ਜਨਤਾ ਬੁਰੀ ਤਰ੍ਹਾਂ ਤੰਗ ਹੈ। ਅਫ਼ਸਰਸ਼ਾਹੀ-ਫ਼ੌਜ-ਮਜ਼ਹਬੀ ਸੋਚ ਤੋਂ ਪੈਦਾ ਹੋਇਆ ਅੱਤਵਾਦ ਹੁਣ ਪਾਕਿ ਨੂੰ ਹੀ ਬਰਬਾਦ ਕਰ ਰਿਹਾ ਹੈ। ਪਾਕਿਸਤਾਨ ਦੇ ਟੁੱਟਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਬਹੁ-ਗਿਣਤੀ ਬਲੋਚ ਅਤੇ ਸਿੰਧੀ ਹੁਣ ਪਾਕਿਸਤਾਨ ਨਾਲ ਨਹੀਂ ਰਹਿਣਾ ਚਾਹੁੰਦੇ। ਬਲੋਚ ਭਾਰਤ ਕੋਲੋਂ ਵੀ ਮਦਦ ਮੰਗਦੇ ਰਹਿੰਦੇ ਹਨ। ਦੂਜੇ ਪਾਸੇ ਖੈਬਰ ਪਖਤੂਨਖਵਾ ਦੇ ਪਠਾਨ ਅਫ਼ਗਾਨਿਸਤਾਨ ਨਾਲ ਰਲੇਵਾਂ ਚਾਹੁੰਦੇ ਹਨ। ਸੰਨ 1971 ਦੀ ਜੰਗ ਅਤੇ ਬੰਗਲਾਦੇਸ਼ ਦੇ ਉਦੈ ਮਗਰੋਂ ਸਿੰਧੂ ਦੇਸ਼ ਬਣਾਉਣ ਦੀ ਮੰਗ ਉੱਠੀ ਸੀ ਜਿਹੜੀ ਹੁਣ ਜ਼ੋਰ ਫੜ ਰਹੀ ਹੈ। ਪਾਕਿਸਤਾਨ ਦੇ ਚਾਰ ਸੂਬਿਆਂ 'ਚੋਂ ਬਲੋਚਿਸਤਾਨ ਸਭ ਤੋਂ ਵੱਡਾ ਹੈ ਜੋ ਪਾਕਿ ਦੀ ਕੁੱਲ ਭੂਮੀ ਦਾ 40 ਫ਼ੀਸਦੀ ਹੈ ਜਦੋਂਕਿ ਇਸ ਦੀ ਜਨਸੰਖਿਆ ਪਾਕਿਸਤਾਨ ਦੀ ਆਬਾਦੀ ਦੀ ਮਹਿਜ਼ 3.6 ਫ਼ੀਸਦੀ ਹੈ। ਸਾਰੇ ਬਲੋਚਿਸਤਾਨ ਦੀ ਪੂਰਨ ਆਜ਼ਾਦੀ ਲਈ ਸੰਘਰਸ਼ ਸੰਨ 2004 ਤੋਂ ਅੱਜ ਤਕ ਚੱਲ ਰਿਹਾ ਹੈ। ਅਗਸਤ 2006 ਵਿਚ 79 ਸਾਲ ਦੇ ਬਲੋਚ ਨੇਤਾ ਨਵਾਬ ਅਕਬਰ ਖ਼ਾਨ ਬੁਗਤੀ ਪਾਕਿ ਫ਼ੌਜ ਨਾਲ ਲੜਦੇ ਹੋਏ ਮਾਰੇ ਗਏ ਸਨ। ਅਪ੍ਰੈਲ 2009 ਵਿਚ ਬਲੋਚ ਨੈਸ਼ਨਲ ਮੂਵਮੈਂਟ ਦੇ ਪ੍ਰਧਾਨ ਗ਼ੁਲਾਮ ਮੁਹੰਮਦ ਬਲੋਚ ਅਤੇ ਉਸ ਦੇ ਦੋ ਹੋਰ ਨੇਤਾ ਲਾਲਾ ਮੁਨੀਰ ਅਤੇ ਸ਼ੇਰ ਮੁਹੰਮਦ ਪਾਕਿਸਤਾਨੀ ਫ਼ੌਜ ਦੀ ਸ਼ਹਿ ਪ੍ਰਾਪਤ ਪਰਸ਼ੀਅਨ ਅੱਤਵਾਦੀਆਂ ਨੇ ਮਾਰ ਦਿੱਤੇ। ਅਗਸਤ 2009 'ਚ ਕਲਾਤ ਦੇ ਖ਼ਾਨ ਮੀਰ ਸੁਲੇਮਾਨ ਦਾਊਦ ਨੂੰ ਬਲੋਚਿਸਤਾਨ ਦਾ ਬਾਦਸ਼ਾਹ ਐਲਾਨ ਦਿੱਤਾ ਅਤੇ ਆਜ਼ਾਦ ਬਲੋਚਿਸਤਾਨ ਕੌਂਸਲ ਬਣਾ ਲਈ। ਮੌਜੂਦਾ ਬਲੋਚ ਸੰਘਰਸ਼ ਨੇ ਪਾਕਿ ਹਕੂਮਤ ਸਾਹਮਣੇ ਵੱਡੀ ਚੁਣੌਤੀ ਪੇਸ਼ ਕੀਤੀ ਹੋਈ ਹੈ। ਪਾਕਿਸਤਾਨ ਦੀ ਕੁੱਲ ਜੀਡੀਪੀ ਲਗਪਗ ਤਿੰਨ ਸੌ ਅਰਬ ਡਾਲਰ ਦੀ ਹੈ ਜੋ ਕੋਰੋਨਾ ਕਾਰਨ ਮਨਫ਼ੀ ਵਿਚ ਜਾ ਸਕਦੀ ਹੈ। ਅਰਥਚਾਰਾ ਹੇਠਾਂ ਵੱਲ ਜਾ ਰਿਹਾ ਹੈ­। ਸਿਆਸੀ ਵਿਵਸਥਾ ਕਮਜ਼ੋਰ ਹੈ ਅਤੇ ਤਮਾਮ ਰਣਨੀਤਕ ਚੁਣੌਤੀਆਂ ਹਨ। ਇਸ ਦੇ ਬਾਵਜੂਦ ਇਮਰਾਨ ਖ਼ਾਨ ਦੀ ਸਰਕਾਰ ਲਗਾਤਾਰ ਭਾਰਤ ਨਾਲ ਸਰਹੱਦ 'ਤੇ ਹਾਲਾਤ ਵਿਗਾੜ ਰਹੀ ਹੈ। ਪਿਛਲੇ ਕੁਝ ਦਿਨਾਂ ਦੌਰਾਨ ਕਈ ਵਾਰ ਪਾਕਿ ਵੱਲੋਂ ਅੱਤਵਾਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਮਰਾਨ ਖ਼ਾਨ ਫ਼ੌਜ ਦੀ ਕਠਪੁਤਲੀ ਬਣ ਚੁੱਕਾ ਹੈ। ਜਿਸ ਤਰ੍ਹਾਂ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਖੁੱਲ੍ਹੀ ਛੋਟ ਦਿੱਤੀ ਹੈ ਇਹ ਉਸ ਦਾ ਹੀ ਨਤੀਜਾ ਹੈ ਕਿ ਹੁਣ ਉੱਥੇ ਹਥਿਆਰਾਂ ਦੀਆਂ ਮੰਡੀਆਂ ਲੱਗਦੀਆਂ ਹਨ। ਜੋ ਕੁਝ ਪਾਕਿਸਤਾਨ ਭਾਰਤ ਨਾਲ ਕਰ ਰਿਹਾ ਸੀ, ਹੁਣ ਉਸੇ ਤਰ੍ਹਾਂ ਅੱਤਵਾਦੀ ਸੰਗਠਨ ਉਸ ਨਾਲ ਕਰ ਰਹੇ ਹਨ। ਜੇ ਪਾਕਿਸਤਾਨ ਖ਼ੁਸ਼ਹਾਲੀ ਚਾਹੁੰਦਾ ਹੈ ਤਾਂ ਉਸ ਨੂੰ ਅਮਨ ਦੀ ਰਾਹ 'ਤੇ ਤੁਰਨਾ ਹੀ ਪਵੇਗਾ।

Posted By: Jagjit Singh