ਕਸ਼ਮੀਰ ਦੇ ਕੁਲਗਾਮ 'ਚ ਡੀਐੱਸਪੀ ਦਵਿੰਦਰ ਸਿੰਘ ਦੇ ਨਾਲ ਦੋ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਸੂਬੇ ਦੇ ਸੁਰੱਖਿਆ ਸਿਸਟਮ ਦੀ ਗੰਭੀਰ ਖਾਮੀ ਨੂੰ ਹੀ ਉਜਾਗਰ ਕਰਦੀ ਹੈ। ਇਸ ਅਫ਼ਸਰ ਦੀ ਗੱਡੀ 'ਚ ਦਿੱਲੀ ਆ ਰਹੇ ਦੋਵੇਂ ਅੱਤਵਾਦੀ ਖੂੰਖਾਰ ਕਿਸਮ ਦੇ ਹਨ ਤੇ ਇਕ ਤਾਂ ਉਨ੍ਹਾਂ ਕਈ ਲੋਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਹੈ, ਜੋ ਬਾਹਰੀ ਸੂਬਿਆਂ ਤੋਂ ਕਸ਼ਮੀਰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਗਏ ਸਨ। ਉਸ 'ਤੇ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦਾ ਵੀ ਦੋਸ਼ ਹੈ ਤੇ ਏਕੇ-47 ਰਾਈਫਲ ਲੁੱਟਣ ਦਾ ਵੀ। ਸੋਚ ਤੋਂ ਪਰ੍ਹੇ ਹੈ ਕਿ ਅਜਿਹੇ ਖ਼ਤਰਨਾਕ ਅੱਤਵਾਦੀ ਦਾ ਸਾਥੀ ਪੁਲਿਸ ਦਾ ਡੀਐੱਸਪੀ ਨਿਕਲਿਆ। ਇਸ ਪੁਲਿਸ ਅਫ਼ਸਰ ਨੂੰ ਪਿਛਲੇ ਸਾਲ ਹੀ 15 ਅਗਸਤ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਲਈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਅੱਤਵਾਦੀਆਂ ਦੇ ਮਦਦਗਾਰ ਇਸ ਪੁਲਿਸ ਅਫ਼ਸਰ ਨੂੰ ਏਨਾ ਵੱਡਾ ਸਨਮਾਨ ਕਿਵੇਂ ਮਿਲ ਗਿਆ? ਕਿਸੇ ਲਈ ਵੀ ਇਹ ਸਮਝਣਾ ਮੁਸ਼ਕਲ ਹੈ ਕਿ ਇਸ ਪੁਲਿਸ ਅਫ਼ਸਰ ਦਾ ਨਾਂ ਸੰਸਦ 'ਤੇ ਹਮਲੇ ਦੇ ਸਿਲਸਿਲੇ 'ਚ ਵੀ ਉੱਛਲਿਆ ਸੀ ਤੇ ਫਿਰੌਤੀ ਮੰਗਣ ਦੇ ਇਕ ਹੋਰ ਮਾਮਲੇ 'ਚ ਵੀ, ਫਿਰ ਵੀ ਉਸ ਨੂੰ ਸਨਮਾਨਤ ਕਰਨ ਦਾ ਕੰਮ ਕਿਸ ਆਧਾਰ 'ਤੇ ਕੀਤਾ ਗਿਆ? ਇਹ ਇਕ ਗੰਭੀਰ ਸਵਾਲ ਹੈ ਤੇ ਇਸ ਦਾ ਜਵਾਬ ਸਾਹਮਣੇ ਆਉਣਾ ਹੀ ਚਾਹੀਦਾ ਹੈ। ਹੁਣ ਇਸ ਦਾ ਵੀ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ਪੁਲਿਸ 'ਚ ਦਵਿੰਦਰ ਸਿੰਘ ਜਿਹੀਆਂ ਕਾਲੀਆਂ ਭੇਡਾਂ ਹੋਰ ਤਾਂ ਨਹੀਂ ਹਨ? ਸੱਚਾਈ ਜੋ ਵੀ ਹੋਵੇ, ਇਸ ਅਫ਼ਸਰ ਨੇ ਆਪਣੀ ਵਰਦੀ ਨੂੰ ਦਾਗ਼ਦਾਰ ਬਣਾਉਣ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਬਹਾਦਰ ਪੁਲਿਸ ਮੁਲਾਜ਼ਮਾਂ ਦੀ ਸ਼ਾਨ ਨੂੰ ਖੋਰਾ ਲਾਇਆ ਹੈ। ਇਹ ਮੰਨਣ ਦੇ ਚੰਗੇ-ਖ਼ਾਸੇ ਕਾਰਨ ਹਨ ਕਿ ਇਸ ਤਰ੍ਹਾਂ ਦੇ ਅਨਸਰਾਂ ਕਾਰਨ ਹੀ ਕਸ਼ਮੀਰ 'ਚ ਸਰਗਰਮ ਅੱਤਵਾਦੀਆਂ ਦਾ ਸਫ਼ਾਇਆ ਕਰਨ 'ਚ ਮੁਸ਼ਕਲ ਹੋ ਰਹੀ ਹੈ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਦਵਿੰਦਰ ਸਿੰਘ ਤੇ ਉਸ ਦੇ ਨਾਲ ਗ੍ਰਿਫ਼ਤਾਰ ਅੱਤਵਾਦੀਆਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਸ੍ਰੀਨਗਰ ਤੇ ਦੱਖਣੀ ਕਸ਼ਮੀਰ 'ਚ ਕਈ ਥਾਵਾਂ ਤੋਂ ਵੱਡੀ ਮਾਤਰਾ 'ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ। ਇਸ ਤੋਂ ਤਾਂ ਇਹੋ ਸੰਕੇਤ ਮਿਲਦਾ ਹੈ ਕਿ ਦਵਿੰਦਰ ਸਿੰਘ ਦਰਅਸਲ ਪੁਲਿਸ ਦੀ ਵਰਦੀ ਪਹਿਨਣ ਵਾਲਾ ਅੱਤਵਾਦੀ ਹੀ ਹੈ। ਉਸ ਦਾ ਆਚਰਣ ਇਹ ਵੀ ਦੱਸਦਾ ਹੈ ਕਿ ਕਸ਼ਮੀਰ 'ਚ ਫੈਲਿਆ ਅੱਤਵਾਦ ਕਿਸ ਤਰ੍ਹਾਂ ਕਾਰੋਬਾਰ ਦਾ ਰੂਪ ਲੈ ਚੁੱਕਿਆ ਹੈ। ਆਮ ਧਾਰਨਾ ਹੈ ਕਿ ਇਸ ਕਾਰੋਬਾਰ ਨੂੰ ਕੁਝ ਨੇਤਾ ਤੇ ਵਪਾਰੀ ਹੀ ਸਿੱਧੇ ਤੌਰ 'ਤੇ ਸਮਰਥਨ ਦੇ ਰਹੇ ਹਨ ਪਰ ਦਵਿੰਦਰ ਸਿੰੰਘ ਦੀ ਗ੍ਰਿਫ਼ਤਾਰੀ ਨੇ ਇਕ ਹੋਰ ਗੰਭੀਰ ਖ਼ਤਰੇ ਵੱਲ ਸੰਕੇਤ ਕੀਤਾ ਹੈ। ਹੁਣ ਜਦੋਂ ਧਾਰਾ-370 ਹਟਣ ਤੋਂ ਬਾਅਦ ਜੰਮੂ-ਕਸ਼ਮੀਰ ਦਾ ਪ੍ਰਸ਼ਾਸਨਿਕ ਪੱਧਰ 'ਤੇ ਨਵੇਂ ਸਿਰੇ ਤੋਂ ਕਾਇਆ ਕਲਪ ਕੀਤਾ ਜਾ ਰਿਹਾ ਹੈ ਤਾਂ ਫਿਰ ਇਸ 'ਤੇ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਕਿ ਸੂਬਾ ਪੁਲਿਸ ਹੋਰ ਜ਼ਿਆਦਾ ਸਮਰੱਥ ਕਿਵੇਂ ਬਣੇ? ਹੁਣ ਹਰ ਉਸ ਵਿਅਕਤੀ ਦੀ ਪੜਤਾਲ ਹੋਣੀ ਚਾਹੀਦੀ ਹੈ, ਜਿਸ ਨੂੰ ਲੈ ਕੇ ਜ਼ਰਾ ਵੀ ਇਹ ਸ਼ੱਕ ਹੋਵੇ ਕਿ ਉਹ ਅੱਤਵਾਦੀਆਂ ਦਾ ਹਮਦਰਦ ਹੈ। ਇਸ ਲਈ ਜੰਮੂ-ਕਸ਼ਮੀਰ 'ਚ ਖੁਫ਼ੀਆ ਸਿਸਟਮ ਨੂੰ ਹੋਰ ਸਰਗਰਮ ਹੋਣ ਦੀ ਲੋੜ ਹੈ।

Posted By: Jagjit Singh