ਪਿਛਲੇ ਦਿਨੀਂ ਪੈਰਿਸ ਵਿਚ ਇਕ 18 ਸਾਲਾ ਲੜਕੇ ਦੁਆਰਾ ਅਧਿਆਪਕ ਸੈਮੂਅਲ ਪੈਟੀ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਨੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੁਲਿਸ ਨੇ ਅਧਿਆਪਕ ਦੀ ਹੱਤਿਆ ਤੋਂ ਬਾਅਦ ਇਸ ਲੜਕੇ ਨੂੰ ਢੇਰ ਕਰ ਦਿੱਤਾ। ਉਹ ਚੇਚਨ ਮੂਲ ਦਾ ਸ਼ਰਨਾਰਥੀ ਸੀ।

ਸੈਮੂਅਲ ਪੈਟੀ ਨੇ ਫਰਾਂਸੀਸੀ ਰਸਾਲੇ ਸ਼ਾਰਲੀ ਅਬਦੋ ਦੁਆਰਾ ਪ੍ਰਕਾਸ਼ਿਤ ਪੈਗੰਬਰ ਮੁਹੰਮਦ ਸਾਹਿਬ ਦੇ ਵਿਅੰਗ ਚਿੱਤਰਾਂ ਨੂੰ ਆਪਣੀ ਜਮਾਤ ਦੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਸੀ ਤਾਂ ਕਿ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਸਮਝਾਇਆ ਜਾ ਸਕੇ। ਇਹ ਚਿੱਤਰ ਪਹਿਲੀ ਵਾਰ 2005 ਵਿਚ ਡੈਨਮਾਰਕ ਦੀ ਇਕ ਅਖ਼ਬਾਰ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਸਨ। ਸੰਨ 2006 ਵਿਚ ਸ਼ਾਰਲੀ ਅਬਦੋ ਨੇ ਇਨ੍ਹਾਂ ਚਿੱਤਰਾਂ ਨੂੰ ਮੁੜ ਪ੍ਰਕਾਸ਼ਿਤ ਕੀਤਾ ਸੀ। ਇਸੇ ਕਾਰਨ 2015 ਵਿਚ ਇਕ ਅੱਤਵਾਦੀ ਹਮਲੇ ਵਿਚ ਉਸ ਦੇ ਕਈ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿਚ 14 ਲੋਕਾਂ 'ਤੇ ਮੁਕੱਦਮਾ ਚੱਲ ਰਿਹਾ ਹੈ।

ਪੈਰਿਸ ਦੀ ਭਿਆਨਕ ਘਟਨਾ ਨੇ ਵਿਸ਼ਵ ਵਿਚ ਇਸ ਬਹਿਸ ਨੂੰ ਮੁੜ ਛੇੜ ਦਿੱਤਾ ਹੈ ਕਿ ਕੀ ਇਸਲਾਮ ਨੂੰ ਮੰਨਣ ਵਾਲੇ ਵਾਕਈ ਅਸਹਿਣਸ਼ੀਲ ਹੁੰਦੇ ਹਨ? ਇਸਲਾਮ ਅਰਬੀ ਭਾਸ਼ਾ ਦੇ ਸ਼ਬਦ ਸਲਾਮ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੁੰਦਾ ਹੈ ਸ਼ਾਂਤੀ। ਇਸਲਾਮ ਇਹ ਨਹੀਂ ਕਹਿੰਦਾ ਕਿ ਜੇਕਰ ਕੋਈ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਤੁਸੀਂ ਉਸ ਨਾਲ ਨਫ਼ਰਤ ਕਰਨ ਲੱਗੋ। ਉਸ ਨੂੰ ਆਪਣਾ ਵਿਰੋਧੀ ਸਮਝਣ ਲੱਗੋ ਅਤੇ ਉਸ ਨਾਲ ਹਿੰਸਾ ਕਰਨ 'ਤੇ ਉਤਾਰੂ ਹੋ ਜਾਓ।

ਕੁਰਾਨ ਵਿਚ ਕਿਹਾ ਗਿਆ ਹੈ ਕਿ ਇਕ ਨਿਰਦੋਸ਼ ਨੂੰ ਮਾਰਨਾ ਸਮੁੱਚੀ ਮਾਨਵਤਾ ਨੂੰ ਮਾਰਨ ਵਰਗਾ ਹੀ ਹੈ। ਬਹੁਤ ਲੰਬੇ ਸਮੇਂ ਤੋਂ ਇਹ ਪ੍ਰਚਲਿਤ ਹੈ ਕਿ ਇਸਲਾਮ ਵਿਚ ਈਸ਼ਨਿੰਦਾ ਕਰਨ ਵਾਲਿਆਂ ਦੀ ਸਜ਼ਾ ਸਿਰਫ਼ ਮੌਤ ਹੈ ਪਰ ਇਸ ਤੋਂ ਵੱਡਾ ਝੂਠ ਹੋਰ ਕੋਈ ਨਹੀਂ ਹੋ ਸਕਦਾ। ਇਸਲਾਮ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਨਿੰਦਾ ਸਿਰਫ਼ ਗ਼ਲਤਫਹਿਮੀ ਦਾ ਮਾਮਲਾ ਹੁੰਦੀ ਹੈ। ਨਿੰਦਾ ਕਰਨ ਵਾਲਿਆਂ ਨਾਲ ਅਮਨ-ਅਮਾਨ ਨਾਲ ਚਰਚਾ ਜ਼ਰੀਏ ਉਨ੍ਹਾਂ ਦੀ ਗ਼ਲਤਫਹਿਮੀ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਇਸਲਾਮੀ ਸਿਧਾਂਤ ਸ਼ਾਂਤੀਪੂਰਨ ਗੱਲਬਾਤ ਦੀ ਪ੍ਰਕਿਰਿਆ 'ਤੇ ਆਧਾਰਿਤ ਹੈ।

ਇਸ ਨੂੰ ਕੁਰਾਨ ਵਿਚ ਕਈ ਜਗ੍ਹਾ ਸਪਸ਼ਟ ਵੀ ਕੀਤਾ ਗਿਆ ਹੈ। ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਦੌਰਾਨ ਕੁਝ ਲੋਕ ਅਜਿਹੇ ਸਨ ਜੋ ਉਨ੍ਹਾਂ ਲਈ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕਰਦੇ ਸਨ ਪਰ ਉਨ੍ਹਾਂ ਨੇ ਕਦੇ ਵੀ ਅਜਿਹੇ ਵਿਅਕਤੀਆਂ ਲਈ ਕਿਸੇ ਤਰ੍ਹਾਂ ਦੀ ਸਜ਼ਾ ਦੀ ਗੱਲ ਨਹੀਂ ਕੀਤੀ। ਕੁਰਾਨ ਮੁਤਾਬਕ ਹਰ ਵਿਅਕਤੀ ਨੂੰ ਆਜ਼ਾਦਾਨਾ ਤਰੀਕੇ ਨਾਲ ਸੋਚਣ ਅਤੇ ਬੋਲਣ ਦੀ ਆਜ਼ਾਦੀ ਹੈ ਅਤੇ ਕਿਸੇ ਨੂੰ ਇਹ ਅਧਿਕਾਰ ਨਹੀਂ ਕਿ ਉਹ ਇਸਲਾਮ ਦਾ ਨਾਂ ਲੈ ਕੇ ਦੂਜੇ ਦੀ ਸੁਤੰਤਰਤਾ 'ਤੇ ਰੋਕ ਲਗਾਵੇ। ਅੱਜ ਮੁਸਲਿਮ ਸਮਾਜ ਅਜਿਹੇ ਦੋਰਾਹੇ 'ਤੇ ਖੜ੍ਹਾ ਹੈ ਜਿੱਥੇ ਹਿੰਸਾ ਦੇ ਨਾਲ-ਨਾਲ ਨਾਂਹ-ਪੱਖੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਤਿਆਗਣ ਦੇ ਸਿਵਾਏ ਉਸ ਕੋਲ ਹੋਰ ਕੋਈ ਰਸਤਾ ਨਹੀਂ ਹੈ।

-ਰਮਿਸ਼ ਸਿੱਦੀਕੀ।

Posted By: Sunil Thapa