-ਪ੍ਰੋ. ਗੁਰਵੀਰ ਸਿੰਘ ਸਰੌਦ

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਢਾਂਚਾ ਤੇ ਸੰਸਾਰ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰਿਆਂ ’ਚੋਂ ਇਕ ਹੈ। ਅੰਕੜੇ ਦੱਸਦੇ ਹਨ ਕਿ ਭਾਰਤ ਦਾ ਅਰਥਚਾਰਾ ਸੰਨ 2020 ਵਿਚ 5ਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ। ਸੰਨ 2025 ਤਕ ਚੀਨ ਤੇ ਅਮਰੀਕਾ ਤੋਂ ਬਾਅਦ ਇਹ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਵਿਸ਼ਵ ਅਰਥਚਾਰਾ ਬਣਨ ਦਾ ਅਨੁਮਾਨ ਹੈ। ਸੰਨ 2016 ਵਿਚ ਭਾਰਤ ਦੀ ਆਬਾਦੀ ਲਗਪਗ 1.3 ਬਿਲੀਅਨ ਸੀ। ਹਾਲ ਹੀ ਵਿਚ ਸੰਯੁਕਤ ਰਾਸ਼ਟਰ (ਯੂਐੱਨਓ) ਦੀ ਇਕ ਰਿਪੋਰਟ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਭਾਰਤ 2022 ਵਿਚ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੂੰ ਪਛਾੜ ਦੇਵੇਗਾ। ਭਾਰਤ ਵਿਚ ਗ਼ਰੀਬੀ ਵਿਆਪਕ ਹੈ। ‘ਮਨੁੱਖੀ ਵਿਕਾਸ ਸੂਚਕਾਂਕ’ (ਐੱਚਡੀਆਈ) ਨੇ ਭਾਰਤ ਨੂੰ 187 ਦੇਸ਼ਾਂ ’ਚੋਂ 136ਵੇਂ ਸਥਾਨ ’ਤੇ ਰੱਖਿਆ ਹੈ।

ਦੇਸ਼ ਦੀ 25% ਆਬਾਦੀ ਅਜੇ ਵੀ 1.25 ਅਮਰੀਕੀ ਡਾਲਰ ਪ੍ਰਤੀ ਦਿਨ ਤੋਂ ਵੀ ਘੱਟ ’ਤੇ ਗੁਜ਼ਾਰਾ ਕਰਦੀ ਹੈ। ਇਹ ਠੀਕ ਹੈ ਕਿ ਸਾਡੇ ਦੇਸ਼ ਵਿਚ ਤਕਨੀਕ ਨੇ ਬਹੁਤ ਉੱਨਤੀ ਕੀਤੀ ਹੈ। ਅਸੀਂ ਮੰਗਲ ਗ੍ਰਹਿ ਤਕ ਪੁੱਜ ਗਏ ਹਾਂ, ਸਾਡੇ ਆਪਣੇ ਉਪਗ੍ਰਹਿ ਉੱਡ ਰਹੇ ਹਨ ਪਰ ਸਾਡਾ ਧਰਤੀ ਉੱਪਰਲਾ ਤਕਨੀਕੀ ਵਿਕਾਸ, ਉਦਯੋਗ ਤੇ ਲੋਕਾਂ ਦਾ ਜੀਵਨ ਪੱਧਰ ਅਜੇ ਵੀ ਬਹੁਤ ਪੱਛੜਿਆ ਹੋਇਆ ਹੈ। ਸਾਡੇ ਦੇਸ਼ ਵਿਚ ਖਾਦਾਂ, ਸੀਮੈਂਟ, ਲੋਹਾ, ਬਿਜਲੀ ਦਾ ਸਾਮਾਨ, ਸੰਚਾਰ, ਪੈਟਰੋਲੀਅਮ ਵਸਤਾਂ ਤੇ ਕਾਰਾਂ ਆਦਿ ਦੇ ਨਿਰਮਾਣ ਵਿਚ ਵਾਧਾ ਹੋਇਆ ਹੈ। ਦੇਸ਼ ਦੀ ਦਰਾਮਦਾਂ ਦੇ ਮਾਮਲੇ ਵਿਚ ਵਿਦੇਸ਼ਾਂ ਉੱਪਰ ਨਿਰਭਰਤਾ ਘਟੀ ਹੈ।

ਫਲਸਰੂਪ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਹਨ ਪਰ ਸਾਡੇ ਉਤਪਾਦਨਾਂ ਵਿਚ ਗੁਣਵੱਤਾ ਦੀ ਕਮੀ ਹੈ ਜਿਸ ਕਾਰਨ ਸਾਡਾ ਮਾਲ ਅੰਤਰਰਾਸ਼ਟਰੀ ਮੰਡੀ ਵਿਚ ਮੁਕਾਬਲੇ ਪੱਖੋਂ ਪਿੱਛੇ ਰਹਿ ਜਾਂਦਾ ਹੈ। ਨਾਲ ਹੀ ਖੇਤੀ ਖੇਤਰ ਵਿਚ ਨਵੀਆਂ ਤਕਨੀਕਾਂ ਤੇ ਉਦਯੋਗੀਕਰਨ ਨੂੰ ਬਹੁਤ ਘੱਟ ਅਪਨਾਇਆ ਜਾ ਸਕਿਆ ਹੈ ਜਿਸ ਕਾਰਨ ਸਾਡੇ ਦੇਸ਼ ਦੇ ਤਕਨੀਕੀ ਵਿਕਾਸ ਦਾ ਫ਼ਾਇਦਾ ਆਮ ਲੋਕਾਂ ਨੂੰ ਨਹੀਂ ਹੋ ਸਕਿਆ। ਸਾਡਾ ਦੇਸ਼ ਅੰਕੜਿਆਂ ਮੁਤਾਬਕ ਵਿਕਸਤ ਹੋਣ ਵੱਲ ਵਧ ਰਿਹਾ ਹੈ ਪਰ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਦੇ ਹਾਲਾਤ ਦਿਨ-ਬਦਿਨ ਬਦਤਰ ਹੋ ਰਹੇ ਹਨ। ਉਨ੍ਹਾਂ ਨੂੰ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋ ਰਿਹਾ ਹੈ। ਕਿਧਰੇ ਦੇਸ਼ ਦਾ ਵਿਕਾਸ ਕੁਝ ਕੁ ਹੱਥਾਂ ਤਕ ਤਾਂ ਸੀਮਤ ਨਹੀਂ ਰਹਿ ਰਿਹਾ? ਕਿਉਂਕਿ ‘ਆਕਸਫਾਮ’ ਦੀ ਰਿਪੋਰਟ ਮੁਤਾਬਕ ਸਾਡੇ ਦੇਸ਼ ਦੇ 1% ਸਰਮਾਏਦਾਰਾਂ ਕੋਲ 70% ਆਬਾਦੀ ਅਰਥਾਤ 95.3 ਕਰੋੜ ਲੋਕਾਂ ਦੀ ਇਕੱਠੀ ਸੰਪਤੀ ਤੋਂ ਚਾਰ ਗੁਣਾ ਵੱਧ ਸੰਪਤੀ ਇਕੱਠੀ ਹੋ ਚੁੱਕੀ ਹੈ। ਇਹੀ ਨਹੀਂ, 63 ਸਭ ਤੋਂ ਧਨੀ ਅਰਬਪਤੀਆਂ ਦੇ ਹੱਥਾਂ ਵਿਚ ਭਾਰਤ ਦੇ ਇਕ ਸਾਲ ਦਾ ਬਜਟ ਤੋਂ ਵੀ ਵੱਧ ਧਨ ਜਮ੍ਹਾ ਹੋ ਚੁੱਕਾ ਹੈ। ਪਿਛਲੇ ਦਹਾਕੇ ਵਿਚ ਸਾਡੇ ਦੇਸ਼ ਵਿਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋਈ ਹੈ। ਇਨ੍ਹਾਂ ਕੋਲ ਜਿਹੜਾ ਇੰਨਾ ਪੈਸਾ ਇਕੱਠਾ ਹੋਇਆ ਹੈ, ਇਹ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲ ਕੇ ਹੀ ਗਿਆ ਹੈ। ਇਸ ਤਰ੍ਹਾਂ ਜੇ ਇਹ ਅਰਬਪਤੀ ਬਣੇ ਹਨ ਤਾਂ ਆਮ ਲੋਕ ਸਮਾਜਿਕ ਤੇ ਆਰਥਿਕ ਤੌਰ ’ਤੇ ਕੰਗਾਲ ਹੋਏ ਹਨ। ਇਸ ਤਰ੍ਹਾਂ ਸਾਡੇ ਦੇਸ਼ ਦਾ ਤਕਨੀਕੀ ਤੇ ਉਦਯੋਗਿਕ ਵਿਕਾਸ ਕੁਝ ਅਰਬਪਤੀਆਂ ਦੇ ਮੁਨਾਫ਼ੇ ’ਤੇ ਟਿਕਿਆ ਹੋਇਆ ਹੈ। ਅੱਗੋਂ ਸਰਕਾਰ ਇਨ੍ਹਾਂ ਉੱਤੇ ਮਿਹਰਬਾਨ ਹੈ, ਫਲਸਰੂਪ ਸਾਡੇ ਸਮਾਜ ਵਿਚ ਅਮੀਰੀ ਤੇ ਗ਼ਰੀਬੀ ਦਾ ਪਾੜਾ ਘਟਦਾ ਨਹੀਂ ਦਿਸਦਾ।

ਦੇਸ਼ ਦੀ 70% ਆਬਾਦੀ ਅੱਜ ਵੀ ਮਹਿੰਗਾਈ ਦੀ ਮਾਰ ਝੱਲ ਰਹੀ ਹੈ। ਰੋਜ਼ਮੱਰ੍ਹਾ ਦੀਆਂ ਲੋੜਾਂ ਦੀ ਪੂਰਤੀ ਮੁਸ਼ਕਲ ਨਾਲ ਹੋ ਰਹੀ ਹੈ। ਦੇਸ਼ ਦਾ ਢਿੱਡ ਭਰਨ ਵਾਲਾ ਖ਼ੁਦ ਸੜਕਾਂ ’ਤੇ ਰੁਲ ਰਿਹਾ ਹੈ। ਕਈ ਕਾਰਨ ਹਨ ਜੋ ਖੇਤੀ ਖੇਤਰ ਨੂੰ ਘੁਣ ਵਾਂਗ ਲੱਗ ਚੁੱਕੇ ਹਨ। ਰਸਾਇਣਕ ਖਾਦਾਂ ਨੇ ਸਿਰਫ਼ ਕਿਸਾਨ ਹੀ ਆਰਥਿਕ ਤੌਰ ’ਤੇ ਕੰਗਾਲ ਨਹੀਂ ਕੀਤਾ ਬਲਕਿ ਪੂਰੇ ਵਾਤਾਵਰਨ ਨੂੰ ਦੂਸ਼ਿਤ ਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਕਾਰਨ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵਧ ਰਹੀਆਂ ਹਨ। ਬਾਰਾਂ ਅਕਤੂਬਰ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ‘ਸਵੱਛ ਭਾਰਤ’ ਮਿਸ਼ਨ ਦਾ ਨਾਅਰਾ ਲਗਾਇਆ ਗਿਆ ਸੀ। ਸਫ਼ਾਈ ਲਈ ਲੋਕ ਲਹਿਰ ਦੀ ਅਗਵਾਈ ਕਰਦਿਆਂ, ਉਨ੍ਹਾਂ ਨੇ ਮਹਾਤਮਾ ਗਾਂਧੀ ਦਾ ਇਕ ਸਾਫ਼ ਤੇ ਅਰੋਗ ਭਾਰਤ ਦਾ ਸੁਪਨਾ ਸਾਕਾਰ ਕਰਨ ਲਈ ਆਮ ਜਨਤਾ ਨੂੰ ਪ੍ਰੇਰਿਆ ਸੀ ਅਤੇ ‘ਨਾ ਗੰਦਗੀ ਕਰਾਂਗੇ, ਨਾ ਕਰਨੇ ਦੇਂਗੇ’ ਦਾ ਮੰਤਰ ਦਿੱਤਾ। ਸ਼ੁਰੂਆਤੀ ਦੌਰ ਵਿਚ ਤਾਂ ਸਵੱਛਤਾ ਅਭਿਆਨ ਰਾਸ਼ਟਰੀ ਲਹਿਰ ਤਹਿਤ ਸਰਕਾਰੀ, ਗ਼ੈਰ-ਸਰਕਾਰੀ ਕਰਮਚਾਰੀਆਂ ਤੇ ਆਮ ਲੋਕਾਂ ਨੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣਾ ਸ਼ੁਰੂ ਕੀਤਾ ਪਰ ਮਗਰੋਂ ਸਭ ਕੁਝ ਪਹਿਲਾਂ ਵਾਂਗ ਹੋਣ ਲੱਗਾ। ਵੈਸੇ ਵੀ ਇਹ ਸਿੱਕੇ ਦਾ ਇਕ ਪਹਿਲੂ ਹੈ। ਦੂਜਾ ਪਹਿਲੂ ਉਹ ਝੁੱਗੀਆਂ-ਝੌਪੜੀਆਂ ਵਿਚ ਰਹਿਣ ਵਾਲੇ ਲੋਕਾਂ ਦਾ ਹੈ ਜੋ ਆਪਣੀ ਜ਼ਿੰਦਗੀ ਬੜੀ ਗੰਦਗੀ ਵਿਚ ਬਸਰ ਕਰ ਰਹੇ ਹਨ।

ਉਨ੍ਹਾਂ ਨੂੰ ਅਨੇਕਾਂ ਹੀ ਬਿਮਾਰੀਆਂ ਇਸ ਗੰਦਗੀ ਕਾਰਨ ਹੀ ਲੱਗ ਰਹੀਆਂ ਹਨ। ਅਫ਼ਸੋਸ! ਸਾਡੇ ਦੇਸ਼ ਵਿਚ ਸਰਕਾਰੀ ਸਹੂਲਤਾਂ ਨੂੰ ਆਮ ਲੋਕਾਂ ਤਕ ਪਹੁੰਚਾਉਣਾ ਸਭ ਤੋਂ ਵੱਡੀਆਂ ਚੁਣੌਤੀਆਂ ’ਚੋਂ ਇਕ ਹੈ। ਇਨ੍ਹਾਂ ਰੁਕਾਵਟਾਂ ਕਾਰਨ ਹੀ ਹੇਠਲੇ ਪੱਧਰ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ‘ਹੈਲਥ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ’ ਮੁਤਾਬਕ ਕੋਰੋਨਾਕਾਲ ਦੌਰਾਨ 1 ਕਰੋੜ 89 ਲੱਖ ਤਨਖ਼ਾਹਦਾਰ ਬੇਰੁਜ਼ਗਾਰ ਹੋਏ ਸਨ। ਅਜਿਹੇ ਸਮੇਂ ਕਿੰਨੇ ਹੀ ਲੋਕਾਂ ਦਾ ਚੁੱਲ੍ਹਾ ਗੁੱਲ ਹੋਇਆ ਹੋਵੇਗਾ। ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਵਿਚ ਤਾਂ ਅਸੀਂ ਪਹਿਲਾਂ ਹੀ ਜੱਦੋਜਹਿਦ ਕਰ ਰਹੇ ਹਾਂ।

ਇਸ ਕਸ਼ਮਕਸ਼ ਦੌਰਾਨ ਭਾਰਤੀ ਨੌਜਵਾਨ ਵਰਗ ਲਈ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਾ ਨਾ ਮਿਲਣਾ ਹੈ। ਸ਼ਾਇਦ ਅੱਜ ਪਰਵਾਸ ਸ਼ਬਦ ਦਾ ਜਨਮ ਵੀ ਇਸੇ ਕਮਜ਼ੋਰੀ ਕਾਰਨ ਪ੍ਰਫੁੱਲਿਤ ਹੋਇਆ ਜਾਪਦਾ ਹੈ। ਭੁੱਖਮਰੀ ਦੀ ਸਥਿਤੀ ਤਾਂ ‘ਗਲੋਬਲ ਹੰਗਰ’ ਅੰਕੜਿਆਂ ਨੇ ਜਗ ਜ਼ਾਹਰ ਕਰ ਦਿੱਤੀ ਹੈ ਕਿਉਂਕਿ ਅੰਕੜਿਆਂ ਮੁਤਾਬਕ ਭਾਰਤ ਇਸ ਸਮੇਂ ਦੁਨੀਆ ਦੇ 116 ਦੇਸ਼ਾਂ ’ਚੋਂ ਭੁੱਖਮਰੀ ’ਚੋਂ 101ਵੇਂ ਸਥਾਨ ’ਤੇ ਹੈ। ਕੋਰੋਨਾ ਕਾਲ ਦੌਰਾਨ ਤਾਂ ਵਿਕਸਤ ਦੇਸ਼ ਵੀ ਸਿਹਤ ਸਹੂਲਤਾਂ ਦੇਣ ਵਿਚ ਅਸਮਰੱਥ ਹੋ ਚੁੱਕੇ ਸਨ ਪਰ ਸਾਡੇ ਮੁਲਕ ਵਿਚ ਤਾਂ ਰੋਜ਼ਾਨਾ ਹੀ ਸਿਹਤ ਸਹੂਲਤਾਂ ਦੀ ਕਮੀ ਕਾਰਨ ਸੈਂਕੜੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਦੀ ਹਾਲਤ ਵਧੀਆ ਨਾ ਹੋਣ ਕਾਰਨ ਨਿੱਜੀ ਹਸਪਤਾਲਾਂ ਵਿਚ ਇਲਾਜ ਹਰੇਕ ਵਿਅਕਤੀ ਦੇ ਵਸ ਦੀ ਗੱਲ ਨਹੀਂ ਰਿਹਾ। ਇਸ ਤੋਂ ਇਲਾਵਾ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਮਿਲਾਵਟਖੋਰੀ, ਕਾਲਾਬਾਜ਼ਾਰੀ, ਦਿਨ-ਦਿਹਾੜੇ ਹੁੰਦੀ ਕਤਲੋਗਾਰਤ ਆਦਿ ਸਾਡੇ ਮੁਲਕ ਲਈ ਬਹੁਤ ਵੱਡੀਆਂ ਚੁਣੌਤੀਆਂ ਹਨ।

-ਮੋਬਾਈਲ : 94179-71451

Posted By: Jatinder Singh