-ਮਨਪ੍ਰੀਤ ਕੌਰ ਮਿਨਹਾਸ

ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਪੁਰੇ ਭਾਰਤ 'ਚ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਾ ਸਬੰਧ ਇਕ ਮਹਾਨ ਸ਼ਖ਼ਸੀਅਤ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨਾਲ ਹੈ ਜੋ ਵਿਲੱਖਣ ਪ੍ਰਤਿਭਾ ਦੇ ਧਨੀ ਸਨ। ਭਾਰਤ ਨੂੰ ਸਿੱਖਿਆ ਦੇ ਖੇਤਰ 'ਚ ਨਵੀਆਂ ਬੁਲੰਦੀਆਂ 'ਤੇ ਲਿਜਾਣ ਵਾਲੇ ਇਸ ਮਹਾਨ ਅਧਿਆਪਕ ਦਾ ਜਨਮ 5 ਸਤੰਬਰ 1888 ਨੂੰ ਤਾਮਿਲਨਾਡੂ ਦੇ ਤਿਰੂਤਨੀ ਕਸਬੇ 'ਚ ਹੋਇਆ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮਦਰਾਸ ਪ੍ਰੈਜ਼ੀਡੈਂਸੀ ਕਾਲਜ ਵਿਚ ਪੜ੍ਹਾਇਆ। ਆਪਣੀ ਵਿਲੱਖਣ ਸ਼ਖ਼ਸੀਅਤ ਅਤੇ ਵਿਦਵਤਾ ਕਾਰਨ ਉਨ੍ਹਾਂ ਨੂੰ ਦੇਸ਼ ਦੀਆਂ ਤਿੰਨ ਪ੍ਰਸਿੱਧ ਯੂਨੀਵਰਸਿਟੀਆ ਦੇ ਚਾਂਸਲਰ ਬਣਨ ਦਾ ਮੌਕਾ ਮਿਲਿਆ। ਉਹ 1952 'ਚ ਸੋਵੀਅਤ ਸੰਘ 'ਚ ਭਾਰਤ ਦੇ ਵਿਸ਼ੇਸ਼ ਰਾਜਦੂਤ ਬਣੇ ਅਤੇ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਬਣਨ ਦਾ ਮਾਣ ਪ੍ਰਾਪਤ ਕੀਤਾ। ਸੰਨ 1954 ਵਿਚ ਆਪ ਨੂੰ ਭਾਰਤ ਸਰਕਾਰ ਨੇ ਭਾਰਤ ਰਤਨ ਦੀ ਸਰਬਉੱਚ ਉਪਾਧੀ ਦੇ ਕੇ ਸਨਮਾਨਿਤ ਕੀਤਾ। ਸੰਨ 1962 ਵਿਚ ਇਸ ਮਹਾਨ ਅਧਿਆਪਕ ਨੇ ਦੇਸ਼ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ।

ਡਾ. ਰਾਧਾਕ੍ਰਿਸ਼ਨਨ ਦਾ ਮੰਨਣਾ ਸੀ ਕਿ ਅਧਿਆਪਕ ਦੇ ਪੜ੍ਹਾਉਣ ਦਾ ਤਰੀਕਾ ਇਹ ਨਾ ਹੋਵੇ ਕਿ ਲੈਕਚਰ ਦਿੱਤਾ ਅਤੇ ਕੰਮ ਖ਼ਤਮ। ਜਦੋਂ ਤਕ ਵਿਦਿਆਰਥੀ ਅਧਿਆਪਕ ਦੁਆਰਾ ਪੜ੍ਹਾਏ ਜਾ ਰਹੇ ਵਿਸ਼ੇ 'ਚ ਸ਼ਾਮਲ ਨਹੀਂ ਹੁੰਦੇ, ਪੜ੍ਹਾਉਣ ਦਾ ਕੋਈ ਲਾਭ ਨਹੀਂ। ਸ਼੍ਰੇਣੀ ਵਿਚ ਅਧਿਆਪਕ ਅਤੇ ਵਿਦਿਆਰਥੀ ਇਕ-ਦੂਜੇ ਤੋਂ ਜ਼ਿਆਦਾ ਤੋਂ ਜ਼ਿਆਦਾ ਪ੍ਰਸ਼ਨ ਪੁੱਛਣ, ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਵੇ। ਇਹ ਨਾ ਹੋਵੇ ਕਿ ਅਧਿਆਪਕ ਟੇਪ ਰਿਕਾਰਡਰ ਦੀ ਤਰ੍ਹਾਂ ਲਗਾਤਾਰ ਬੋਲੀ ਜਾਵੇ ਅਤੇ ਵਿਦਿਆਰਥੀ ਬਿਨਾਂ ਕੋਈ ਰੁਚੀ ਦਿਖਾਏ ਸਿਰ ਸੁੱਟੀ ਸੁਣੀ ਜਾਣ। ਆਪਣੇ ਵਿਸ਼ੇ ਵਿਚ ਰੁਚੀ ਪੈਦਾ ਕਰਨਾ ਅਧਿਆਪਕ ਦਾ ਮੁੱਢਲਾ ਫ਼ਰਜ਼ ਹੈ। ਵਿਦਿਆਰਥੀ ਆਪਣੇ ਅਧਿਆਪਕ ਦੇ ਇੰਨੇ ਕੁ ਨੇੜੇ ਹੋਣ ਕਿ ਉੇਹ ਕੁਝ ਵੀ ਦੱਸਣ-ਪੁੱਛਣ ਤੋਂ ਝਿਜਕ ਮਹਿਸੂਸ ਨਾ ਕਰਨ। ਡਾ. ਰਾਧਾਕ੍ਰਿਸ਼ਨਨ ਹਰੇਕ ਉਸ ਅਧਿਆਪਕ ਲਈ ਪ੍ਰੇਰਨਾਸ੍ਰੋਤ ਹਨ ਜੋ ਸਿੱਖਿਆ ਦੇ ਖੇਤਰ 'ਚ ਕੁਝ ਵਿਲੱਖਣ ਕਰਨ ਦਾ ਮਾਦਾ ਰੱਖਦਾ ਹੈ। ਅਸਲ ਵਿਚ ਅਧਿਆਪਕ ਹੀ ਕਿਸੇ ਦੇਸ਼ ਦੇ ਅਸਲੀ ਨਿਰਮਾਤਾ ਹਨ ਕਿਉਂਕਿ ਅਧਿਆਪਨ ਇਕ ਅਜਿਹਾ ਕਿੱਤਾ ਹੈ ਜੋ ਵਿਦਿਆਰਥੀਆਂ ਨਾਲ ਜੁੜਿਆ ਹੁੰਦਾ ਹੈ ਅਤੇ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਤੈਅ ਕਰਦੇ ਹਨ। ਸਕੂਲ 'ਚੋਂ ਹੀ ਬੱਚੇ ਦੀ ਸ਼ਖ਼ਸੀਅਤ ਦਾ ਮੁੱਢ ਬੱਝਦਾ ਹੈ। ਸਕੂਲ ਦੇ ਮਾਹੌਲ ਦੇ ਨਾਲ-ਨਾਲ ਵਧੀਆ ਸੋਚ ਵਾਲੇ ਅਧਿਆਪਕਾਂ ਦਾ ਬੱਚਿਆਂ ਦੀ ਸ਼ਖ਼ਸੀਅਤ 'ਤੇ ਬੜਾ ਡੂੰਘਾ ਅਸਰ ਪੈਂਦਾ ਹੈ। ਮਾਂ ਤੋਂ ਬਾਅਦ ਮਨੁੱਖੀ ਵਿਕਾਸ ਵਿਚ ਸਕੂਲ ਅਧਿਆਪਕ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਵਿੱਦਿਆ ਦਾ ਮੁੱਖ ਮੰਤਵ ਵਿਦਿਆਰਥੀ ਨੂੰ ਇਕ ਵਧੀਆ ਇਨਸਾਨ ਬਣਾਉਣਾ ਹੁੰਦਾ ਹੈ। ਸਿਰਫ਼ ਇਮਤਿਹਾਨ ਪਾਸ ਕਰਨ ਨੂੰ ਹੀ ਵਿੱਦਿਆ ਪ੍ਰਾਪਤੀ ਨਹੀਂ ਮੰਨਣਾ ਚਾਹੀਦਾ। ਇਕ ਅਧਿਆਪਕ ਦਾ ਇਹ ਮੁੱਢਲਾ ਫ਼ਰਜ਼ ਹੈ ਕਿ ਉਹ ਬੱਚਿਆਂ ਨੂੰ ਵਹਿਮਾਂ-ਭਰਮਾਂ ਅਤੇ ਕੁਰੀਤੀਆਂ ਤੋਂ ਸੁਚੇਤ ਕਰੇ ਅਤੇ ਉਨ੍ਹਾਂ ਵਿਚ ਸੁਚੱਜਾ ਜੀਵਨ ਜਿਊਣ ਲਈ ਨਰੋਈ ਅਤੇ ਉਸਾਰੂ ਸੋਚ ਨੂੰ ਉਤਸ਼ਾਹਿਤ ਕਰੇ।

ਆਦਰਸ਼ ਅਧਿਆਪਕ ਦੇ ਵਿਚਾਰ ਅਤੇ ਸ਼ਬਦ ਸਾਰੀ ਜ਼ਿੰਦਗੀ ਵਿਦਿਆਰਥੀਆਂ ਦੇ ਕੰਨਾਂ ਵਿਚ ਗੂੰਜਦੇ ਰਹਿੰਦੇ ਹਨ। ਜਿੰਨਾ ਵਿਦਿਆਰਥੀ ਖ਼ੁਸ਼ ਹੋ ਕੇ ਸਿੱਖਦੇ ਹਨ, ਓਨਾ ਉਹ ਡਰ ਨਾਲ ਜਾਂ ਜਬਰਦਸਤੀ ਨਹੀਂ ਸਿੱਖਦੇ। ਅਕਸਰ ਦੋ ਤਰ੍ਹਾਂ ਦੇ ਅਧਿਆਪਕਾਂ ਨੂੰ ਹੀ ਵਿਦਿਆਰਥੀ ਯਾਦ ਰੱਖਦੇ ਹਨ। ਇਕ ਉਹ ਜਿਨ੍ਹਾਂ ਨੇ ਬਹੁਤ ਵਧੀਆ ਪੜ੍ਹਾਉਂਦੇ ਹੋਏ ਨਾਲ ਦੀ ਨਾਲ ਜ਼ਿੰਦਗੀ ਜਿਊਣ ਦਾ ਸਲੀਕਾ ਵੀ ਸਿਖਾਇਆ ਹੋਵੇ ਅਤੇ ਦੂਜੇ ਉਹ ਜਿਨ੍ਹਾਂ ਨੇ ਸਿਰਫ਼ ਟਾਈਮ ਪਾਸ ਕਰਦੇ ਹੋਏ ਪੜ੍ਹਾਈ ਨੂੰ ਹੋਰ ਵੀ ਬੋਝਲ ਬਣਾਇਆ ਹੋਵੇ।

ਇਸ ਸਬੰਧੀ ਦੋ ਘਟਨਾਵਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗੀ ਜੋ ਮੇਰੇ ਖ਼ੁਦ ਨਾਲ ਜੁੜੀਆਂ ਹੋਈਆਂ ਹਨ। ਪਹਿਲੀ ਘਟਨਾ ਅੱਜ ਤੋਂ 28 ਸਾਲ ਪਹਿਲਾਂ ਵਾਪਰੀ ਜਦੋ ਮੈਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤੀਜੀ ਦੀ ਵਿਦਿਆਰਥਣ ਸਾਂ। ਇਕ ਦਿਨ ਸਾਡੇ ਮਾਸਟਰ ਜੀ ਜੋ ਸਾਡੇ ਪਿੰਡ ਦੇ ਹੀ ਵਸਨੀਕ ਸਨ, ਸਵੇਰੇ ਪ੍ਰਾਰਥਨਾ ਵਿਚ ਅਚਾਨਕ ਇਕ ਗੱਲ ਸੁਣਾਉਣ ਲੱਗ ਪਏ। Àੇਹ ਕਹਿਣ ਲੱਗੇ ਕਿ ਕੱਲ੍ਹ ਸ਼ਾਮੀਂ ਇਕ ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਮੈਨੂੰ ਸਵਾਲ ਪੁੱਛਿਆ ਸੀ, ''ਮਾਸਟਰ ਜੀ, ਕੀ ਤੁਹਾਨੂੰ ਤਾਸ਼ ਖੇਡਣੀ ਆਉਂਦੀ ਹੈ?'' ਉਸ ਦੇ ਸਵਾਲ ਪੁੱਛਣ ਦਾ ਕਾਰਨ ਇਹ ਸੀ ਕਿ ਉੇਸ ਨੇ ਮੈਨੂੰ ਕੱਲ੍ਹ ਸ਼ਾਮੀਂ ਸੱਥ ਵਿਚ ਬਰੋਟੇ ਥੱਲੇ ਤਾਸ਼ ਖੇਡਦੀ ਢਾਣੀ ਕੋਲ ਬੈਠਿਆਂ ਦੇਖ ਲਿਆ ਸੀ। ਪਰ ਮੈਂ ਉਸ ਨੂੰ ਕੋਈ ਵੀ ਉੱਤਰ ਨਹੀਂ ਸੀ ਦਿੱਤਾ ਕਿਉਂਕਿ ਇਸ ਗੰਭੀਰ ਪ੍ਰਸ਼ਨ ਦਾ ਉੱਤਰ ਮੈਂ ਸਾਰੇ ਸਕੂਲ ਸਾਹਮਣੇ ਦੇਣਾ ਚਾਹੁੰਦਾ ਸਾਂ। ਸੋ ਇਸ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਮੈਨੂੰ ਤਾਸ਼ ਖੇਡਣੀ ਨਹੀਂ ਆਉਂਦੀ ਅਤੇ ਨਾਲ ਹੀ ਮੈਂ ਸਾਰੇ ਸਕੂਲ ਸਾਹਮਣੇ ਇਹ ਪ੍ਰਣ ਲੈਂਦਾ ਹਾਂ ਕਿ ਅੱਗੇ ਤੋਂ ਤਾਸ਼ ਵਾਲੀ ਢਾਣੀ ਦੇ ਨੇੜੇ-ਤੇੜੇ ਵੀ ਨਹੀਂ ਢੁੱਕਾਂਗਾ। ਕਿਉਂਕਿ ਇਸ ਬਾਲੜੀ ਦੇ ਸਹਿਜੇ ਹੀ ਪੱਛੇ ਸਵਾਲ ਨੇ ਮੇਰੀ ਆਤਮਾ ਨੂੰ ਝੰਜੋੜਿਆ ਹੈ ਅਤੇ ਮੈਨੂੰ ਸ਼ਰਮ ਮਹਿਸੂਸ ਹੋਈ ਹੈ। ਇੰਨਾ ਕਹਿ ਕੇ ਮਾਸਟਰ ਹੀ ਖ਼ਾਮੋਸ਼ ਹੋ ਗਏ।

ਦੂਜੀ ਘਟਨਾ ਜੋ ਮੌਜੂਦਾ ਦੌਰ ਦੀ ਹੈ। ਮੈਂ ਆਪਣੇ 4 ਸਾਲ ਦੇ ਪੁੱਤਰ ਨੂੰ ਵਾਰ-ਵਾਰ ਵਧੇ ਹੋਏ ਨਹੁੰ ਕਟਵਾਉਣ ਲਈ ਕਹਿ ਰਹੀ ਸੀ ਪਰ ਉਹ ਖੇਡਣ ਵਿਚ ਮਸਤ ਸੀ। ਮੈਂ ਉਸ ਨੂੰ ਵਧੇ ਹੋਏ ਨਹੁੰਆਂ ਦੇ ਨੁਕਸਾਨ ਬਾਰੇ ਦੱਸ ਰਹੀ ਸੀ ਕਿ ਇਨ੍ਹਾਂ ਵਿਚ ਗੰਦਗੀ ਫਸ ਜਾਂਦੀ ਹੈ ਅਤੇ ਰੋਟੀ ਖਾਂਦੇ ਹੋਏ ਸਾਡੇ ਹੱਥਾਂ ਰਾਹੀਂ ਪੇਟ ਵਿਚ ਚਲੀ ਜਾਂਦੀ ਹੈ। ਇਸ ਲਈ ਨਹੁੰ ਕੱਟਣੇ ਜ਼ਰੂਰੀ ਹਨ। ਉਹ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਰਿਹਾ ਸੀ। ਉਸ ਨੇ ਵਿਚੋਂ ਹੀ ਟੋਕ ਕੇ ਮੈਨੂੰ ਕਿਹਾ, ''ਮੈਨੂੰ ਇਕ ਗੱਲ ਸਮਝ ਨਹੀਂ ਆਈ ਕਿ ਜੇ ਵਧੇ ਹੋਏ ਨਹੁੰਆਂ ਕਾਰਨ ਅਸੀਂ ਬਿਮਾਰ ਹੋ ਸਕਦੇ ਹਾਂ ਤਾਂ ਸਾਡੇ ਮੈਡਮ ਇੰਨੇ ਵੱਡੇ ਨਹੁੰ ਵਧਾ ਕੇ ਕਿਉਂ ਰੱਖਦੇ ਹਨ? ਕੀ ਉਨ੍ਹਾਂ ਨੂੰ ਇਹ ਗੱਲ ਨਹੀਂ ਪਤਾ? ਸਾਡੇ ਸਭ ਦੇ ਉਹ ਰੋਜ਼ਾਨਾ ਨਹੁੰ ਚੱੈਕ ਕਰਦੇ ਹਨ, ਆਪ ਆਪਣੇ ਨਹੁੰ ਕੱਟਦੇ ਨਹੀਂ। ਮੈਂ ਹੈਰਾਨ ਹੋ ਕੇ ਉਸ ਦਾ ਮੂੰਹ ਤੱਕਣ ਲੱਗੀ ਅਤੇ ਉਹ ਖੇਡਣ ਵਿਚ ਮਸਤ ਹੋ ਗਿਆ। ਅੱਜ ਮੈਨੂੰ ਮਾਸਟਰ ਜੀ ਦੀ ਗੱਲ ਪੂਰੀ ਤਰ੍ਹਾਂ ਸਮਝ ਆ ਗਈ ਕਿ ਉਸ ਅਧਿਆਪਕ ਦੀ ਸੋਚ ਕਿੰਨੀ ਉੱਚੀ ਸੀ ਕਿ ਉਹ ਛੋਟੇ ਵਿਦਿਆਰਥੀਆਂ ਵਿਚ ਵੀ ਆਪਣੀ ਸਾਖ਼ ਨੂੰ ਲੈ ਕੇ ਇੰਨਾ ਕੁ ਸੰਜੀਦਾ ਸਨ। ਉਹ ਮੰਨਦੇ ਸਨ ਕਿ ਤਾਸ਼ ਖੇਡਣਾ ਵੀ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਵਿਦਿਆਰਥੀਆਂ ਦੀ ਨਜ਼ਰ ਵਿਚ ਢਾਹ ਲਾ ਸਕਦਾ ਸੀ। ਖ਼ੁਦ ਅਧਿਆਪਕ ਹੋਣ ਨਾਤੇ ਮੈਂ ਇਹ ਮੰਨਦੀ ਹਾਂ ਕਿ ਇਕ ਅਧਿਆਪਕ ਦੀ ਸ਼ਖ਼ਸੀਅਤ ਦਾ ਵਿਦਿਆਰਥੀਆਂ 'ਤੇ ਕਿੰਨਾ ਡੂੰਘਾ ਅਸਰ ਪੈਂਦਾ ਹੈ। ਉਹ ਬੱਚਿਆਂ ਦਾ ਪ੍ਰੇਰਨਾਸ੍ਰੋਤ ਹੁੰਦਾ ਹੈ। ਅਧਿਆਪਕ ਦੀ ਨਿੱਜੀ ਜ਼ਿੰਦਗੀ ਵੀ ਉਸ ਦੇ ਅਧਿਆਪਨ ਨਾਲ ਆ ਜੁੜਦੀ ਹੈ। ਅੰਤ ਵਿਚ ਇਹੋ ਕਹਾਂਗੀ ਕਿ ਆਓ! ਸਾਰੇ ਰਲ ਕੇ ਆਪਣੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਅਧਿਆਪਨ ਕਿੱਤੇ ਨੂੰ ਸਮਰਪਿਤ ਹੁੰਦੇ ਹੋਏ ਇਸ ਪਵਿੱਤਰ ਕਾਰਜ ਵਿਚ ਆਪਣੀ ਪੂਰੀ ਮਿਹਨਤ ਝੋਕ ਦੇਈਏ ਕਿਉਂਕਿ ਪਰਮਾਤਮਾ ਨੇ ਇਸ ਨੇਕ ਕਾਰਜ ਲਈ ਸਾਨੂੰ ਚੁਣਿਆ ਹੈ।

-ਮੋਬਾਈਲ ਨੰ. : 94643-89293

Posted By: Sukhdev Singh