-ਰੌਸ਼ਨ ਖੈੜਾ

ਬੇਸ਼ੱਕ ਦੁਨੀਆ ਦਾ ਹਰ ਅਹੁਦਾ ਅਧਿਆਪਕ ਦੀ ਹੀ ਦੇਣ ਹੁੰਦਾ ਹੈ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਧਿਆਪਕ ਤੋਂ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚਣ ਦਾ ਮਾਣ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਹੀ ਹਾਸਲ ਹੈ। ਡਾ. ਅਬਦੁਲ ਕਲਾਮ ਰਾਸ਼ਟਰਪਤੀ ਹੁੰਦੇ ਹੋਏ ਵੀ ਆਖ਼ਰੀ ਦਮ ਤਕ ਇਕ ਅਧਿਆਪਕ ਦੀ ਹੀ ਭੂਮਿਕਾ ਨਿਭਾਉਂਦੇ ਹੋਏ ਵਿਦਿਆਰਥੀਆਂ ਦੇ ਮੱਥਿਆਂ 'ਚ ਸੁਪਨੇ ਬੀਜਦੇ ਰਹੇ। ਡਾ. ਰਾਧਾਕ੍ਰਿਸ਼ਣਨ ਨੇ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਸੀ ਕਿ ਜੇਕਰ ਰਾਸ਼ਟਰ ਨੂੰ ਵਿਕਾਸਮਈ ਅਤੇ ਆਤਮ-ਨਿਰਭਰ ਬਣਾਉਣਾ ਹੈ ਤਾਂ ਸਿੱਖਿਆ ਦੇ ਖੇਤਰ ਨੂੰ ਤਰਜੀਹ ਦੇਣੀ ਹੀ ਹੋਵੇਗੀ। ਸਿੱਖਿਆ ਦੇ ਵਿਕਾਸ ਲਈ ਖ਼ਰਚਿਆ ਜਾਣ ਵਾਲਾ ਧਨ ਹਮੇਸ਼ਾ ਰਾਸ਼ਟਰ ਨੂੰ ਨਫ਼ੇ 'ਚ ਹੀ ਰੱਖੇਗਾ। ਇਸ ਲਈ ਇਸ ਕਾਰਜ ਨੂੰ ਸ਼ੁਭ ਕਰਮਨ ਬਣਾਉਣ ਲਈ ਦੇਸ਼ ਦੇ ਅਧਿਆਪਕ ਵਰਗ ਦਾ ਇੱਜ਼ਤ-ਮਾਣ ਕਰਨਾ ਹੋਵੇਗਾ। ਇਸੇ ਲਈ ਉਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਅਧਿਆਪਕਾਂ ਦੇ ਨਾਂ ਕਰਦੇ ਹੋਏ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਦੇ ਤੌਰ 'ਤੇ ਮਨਾਉਣਾ 1961-62 ਤੋਂ ਹੀ ਸ਼ੁਰੂ ਕਰ ਦਿੱਤਾ ਸੀ।

ਪੰਜ ਸਤੰਬਰ ਨੂੰ ਸਿੱਖਿਆ ਖੇਤਰ 'ਚ ਬੇਹਤਰੀਨ ਸੇਵਾਵਾਂ ਨਿਭਾਉਣ ਵਾਲੇ ਸਮਰਪਿਤ ਅਧਿਆਪਕਾਂ ਨੂੰ ਰਾਜ ਅਤੇ ਰਾਸ਼ਟਰੀ ਪੁਰਸਕਾਰ ਦੇ ਕੇ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਅਧਿਆਪਕਾਂ ਦਾ ਸਨਮਾਨ ਹੋਵੇਗਾ ਤਾਂ ਜਿੱਥੇ ਸੇਵਾਵਾਂ ਦੇ ਰਹੇ ਅਧਿਆਪਕ ਹੋਰ ਪ੍ਰੇਰਿਤ ਹੋਣਗੇ ਉੱਥੇ ਹੀ ਇਸ ਪ੍ਰੋਫੈਸ਼ਨ ਨੂੰ ਮਿਸ਼ਨਰੀ ਵੀ ਬਣਾਉਣਗੇ। ਸੁਪਰੀਮ ਕੋਰਟ ਨੇ ਵੀ ਸਿਆਸਤ ਦੇ ਸਤਾਏ ਅਧਿਆਪਕਾਂ ਨੂੰ ਸਨਮਾਨ ਦਿੰਦੇ ਹੋਏ ਆਦੇਸ਼ ਦਿੱਤੇ ਸਨ ਕਿ ਅਧਿਆਪਕ ਨਾਲ ਕਰਮਚਾਰੀਆਂ ਵਾਲਾ ਨਹੀਂ ਬਲਕਿ ਰਾਸ਼ਟਰ ਦੇ ਨਿਰਮਾਤਾ ਵਾਲਾ ਵਿਹਾਰ ਜਾਂ ਸਲੂਕ ਹੋਣਾ ਚਾਹੀਦਾ ਹੈ। ਸਮੇ ਦਾ ਦੌਰ ਅਜਿਹਾ ਬਦਲਿਆ ਕਿ ਸਰਕਾਰਾਂ ਸਿੱਖਿਆ ਦੇ ਖੇਤਰ ਨੂੰ ਵਿੱਤੀ ਬੋਝ ਮੰਨ ਕੇ ਪਾਸਾ ਵੱਟਣ ਲੱਗ ਪਈਆਂ। ਸਿਆਸਤਦਾਨਾਂ ਨੇ ਵਿੱਦਿਆ ਦੀ ਦੇਵੀ ਸਰਸਵਤੀ ਨੂੰ ਬਾਜ਼ਾਰ ਚ ਖੜ੍ਹੀ ਕਰ ਕੇ ਲੱਛਮੀ ਹੱਥੋਂ ਚੀਰ ਹਰਨ ਕਰਵਾਉਣਾ ਸ਼ੁਰੂ ਕਰ ਦਿੱਤਾ। ਸਿਆਸਤਦਾਨਾਂ ਨੇ ਅਧਿਅਪਕ ਦਾ ਸਨਮਾਨ ਤਾਂ ਕੀ ਕਰਨਾ ਸੀ, ਅਧਿਆਪਕ ਨੂੰ ਬੰਧੂਆ ਮਜ਼ਦੂਰ ਸਮਝਦੇ ਹੋਏ ਪੈਸੇ ਦੀ ਤੱਕੜੀ 'ਚ ਉਸ ਦੀ ਕਾਰਗੁਜ਼ਾਰੀ ਨੂੰ ਤੋਲਣਾ ਸ਼ੁਰੂ ਕਰ ਦਿੱਤਾ। ਕੋਰੋਨਾ ਮਹਾਮਾਰੀ ਕਾਰਨ ਕੀਤੇ ਲਾਕਡਾਊਨ ਸਦਕਾ ਸਿੱਖਿਆ ਸੰਸਥਾਵਾਂ ਆਰਜ਼ੀ ਤੌਰ 'ਤੇ ਬੰਦ ਕਰਨੀਆਂ ਸਰਕਾਰ ਦੀ ਮਜਬੂਰੀ ਬਣ ਗਈ। ਸਿੱਖਿਆ ਵਿਭਾਗ ਨੇ ਲਾਕਡਾਊਨ ਕਾਰਨ ਘਰਾਂ 'ਚ ਬੈਠੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਆਨਲਾਈਨ ਸਿੱਖਿਆ ਸੰਚਾਰ ਪੈਦਾ ਕਰਦੇ ਹੋਏ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਅਧਿਆਪਕਾਂ ਨੇ ਇਸ ਆਦਰਸ਼ ਕਾਰਜ ਨੂੰ ਚੁਣੌਤੀ ਵਜੋਂ ਲਿਆ। ਵਿਦਿਆਰਥੀਆਂ ਨੂੰ ਸਿਲੇਬਸੀ ਸਿੱਖਿਆ ਤੋਂ ਇਲਾਵਾ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਨੈਤਿਕ ਅਤੇ ਸਰੀਰਕ ਸਿੱਖਿਆ ਨੂੰ ਵੀ ਆਨਲਾਈਨ ਸੱਭਿਆਚਾਰ ਬਣਾ ਲਿਆ। ਵਿਦਿਆਰਥੀਆਂ ਦੇ ਆਨਲਾਈਨ ਦਾਖ਼ਲੇ ਅਤੇ ਸਿੱਖਿਆ ਦੀ ਲਹਿਰ ਚੱਲ ਪਈ।

ਵਿਭਾਗ ਨੇ ਵਿਦਿਆਰਥੀ ਤਕ ਪਹੁੰਚਣ ਲਈ ਰੇਡੀਓ, ਟੀਵੀ ਅਤੇ ਹੋਰ ਉਸਾਰੂ ਆਧੁਨਿਕ ਵਿਧੀਆਂ ਨੂੰ ਆਪਣੀ ਕਾਰਜਸ਼ੈਲੀ ਦਾ ਹਿੱਸਾ ਬਣਾ ਲਿਆ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਆਨਲਾਈਨ ਟੈਸਟ ਵੀ ਸ਼ੁਰੂ ਕਰ ਦਿੱਤੇ ਗਏ। ਬਹੁਤੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਅਧਿਆਪਕ ਵਿਹਲੜ ਹੀ ਦਿਖਾਈ ਦੇ ਰਹੇ ਹਨ। ਅਧਿਆਪਕਾਂ ਨੂੰ ਜ਼ਬਰਦਸਤੀ ਪੁਲਿਸ ਨਾਕਿਆਂ 'ਤੇ, ਸ਼ਰਾਬ ਮਿੱਲਾਂ ਦੀ ਸ਼ਰਾਬ ਚੈੱਕ ਕਰਨ, ਮਾਈਨਿੰਗ ਰੋਕਣ ਅਤੇ ਕੋਵਿਡ-19 ਦੇ ਕੁਆਰੰਟਾਈਨ ਕੇਂਦਰਾਂ 'ਚ ਲਗਾਇਆ ਜਾ ਰਿਹਾ ਹੈ। ਸਿਹਤ ਮੰਤਰੀ ਨੂੰ ਅਧਿਆਪਕਾਂ ਦੀਆਂ ਗ਼ੈਰ-ਵਿੱਦਿਅਕ ਕਾਰਜਾਂ 'ਚ ਲਗਾਈਆਂ ਡਿਊਟੀਆਂ ਬਾਰੇ ਜੇਕਰ ਪ੍ਰੈੱਸ ਪੁੱਛਦੀ ਹੈ ਤਾਂ ਉਹ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਲਕੀਰ ਮਾਰਦੇ ਹੋਏ ਤਰਕ ਦਿੰਦੇ ਹਨ ਕਿ ਵਿਹਲੇ ਬੈਠੇ ਅਧਿਆਪਕਾਂ ਨੂੰ ਸਰਕਾਰ ਤਨਖ਼ਾਹ ਨਹੀਂ ਦੇ ਸਕਦੀ। ਸਿਆਸਤਦਾਨਾਂ ਦੀ ਅਧਿਆਪਕਾਂ ਪ੍ਰਤੀ ਪਹੁੰਚ ਅਤੇ ਸੋਚ ਹਮੇਸ਼ਾ ਹੀ ਨਾਕਾਰਤਮਕ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦਿਆਂ ਹੀ ਇਕ ਕੈਬਨਿਟ ਮੰਤਰੀ ਕਿਸੇ ਦਾਨੀ ਵੱਲੋਂ ਬਣਾਈ ਸਕੂਲੀ ਇਮਾਰਤ ਦਾ ਉਦਘਾਟਨ ਕਰਨ ਗਿਆ ਤਾਂ ਆਪਣਾ ਨਾਂ ਉਦਘਾਟਨੀ ਪੱਥਰ 'ਤੇ ਨਾ ਦੇਖ ਕੇ ਮਹਿਲਾ ਪ੍ਰਿੰਸੀਪਲ 'ਤੇ ਭੜਕ ਪਿਆ ਜਦਕਿ ਉਸ ਦੇ ਉੱਦਮਾਂ ਕਾਰਨ ਸਰਕਾਰ ਦੀ ਮਦਦ ਤੋਂ ਬਿਨਾਂ ਹੀ ਸਰਕਾਰੀ ਸਕੂਲ ਦੀ ਉਕਤ ਇਮਾਰਤ ਬਣਾਈ ਗਈ ਸੀ। ਮੰਤਰੀ ਜੀ ਉਸ ਪ੍ਰਿੰਸੀਪਲ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦਿੰਦੇ ਰਹੇ। ਲੁਧਿਆਣਾ ਦੇ ਇਕ ਸਕੂਲੀ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਇਸ ਲਈ ਅੱਗ ਬਬੂਲਾ ਹੋ ਗਏ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਪਣੇ ਜ਼ਰੂਰੀ ਕੰਮ ਛੱਡ ਕੇ ਉਨ੍ਹਾਂ ਦੇ ਸਵਾਗਤ ਲਈ ਕਿਉਂ ਨਹੀਂ ਸੀ ਪਹੁੰਚੀ। ਕੈਪਟਨ ਸਰਕਾਰ ਦੇ ਤਤਕਾਲੀ ਸਿੱਖਿਆ ਮੰਤਰੀ ਦਾ ਪਤੀ ਜੋ ਸੇਵਾ ਮੁਕਤ ਅਧਿਕਾਰੀ ਸੀ, ਉਹ ਅਧਿਆਪਕਾਂ ਅਤੇ ਅਧਿਕਾਰੀਆਂ ਦੀ ਲਾਹ-ਪਾਹ ਕਰਨੀ ਆਪਣੀ ਸ਼ਾਨ ਸਮਝਦਾ ਸੀ। ਫਿਰ ਸਿੱਖਿਆ ਮੰਤਰੀ ਬਣਨ ਦਾ ਮਾਣ ਕਿਸੇ ਹੋਰ ਨੂੰ ਨਸੀਬ ਹੋਇਆ ਪਰ ਉਹ ਵੀ ਸਰਕਾਰੀ ਸਕੂਲਾਂ ਨੂੰ ਢਾਬਾਨੁਮਾ ਸਕੂਲ ਆਖ ਕੇ ਅਧਿਆਪਕਾਂ ਦਾ ਅਪਮਾਨ ਕਰਦਾ ਰਿਹਾ।

ਨਾਲ ਹੀ ਨਿੱਜੀ ਸਕੂਲਾਂ ਨੂੰ ਵੀ ਪਾਲਦਾ ਰਿਹਾ। ਲਾਕਡਾਊਨ 'ਚ ਸਕੂਲ ਬੰਦ ਹੋਣ ਦੇ ਬਾਵਜੂਦ ਅਧਿਆਪਕਾਂ ਦੀ ਅਗਵਾਈ 'ਚ ਵਿਦਿਆਰਥੀ ਪੜ੍ਹ ਰਹੇ ਹਨ। ਅਧਿਆਪਕ ਹੀ ਸਕੂਲਾਂ ਦੇ ਵਿਕਾਸ ਕਾਰਜ ਵੀ ਨਿਰੰਤਰ ਚਲਾ ਰਹੇ ਹਨ। ਇੱਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਕੇਵਲ ਕਾਂਗਰਸੀ ਨੇਤਾ ਹੀ ਅਧਿਆਪਕ ਵਿਰੋਧੀ ਨਹੀਂ ਹਨ ਬਲਕਿ ਅਕਾਲੀ ਨੇਤਾ ਵੀ ਆਪਣੇ ਸਮੇਂ 'ਚ ਮੰਤਰੀ ਘੱਟ ਅਤੇ ਥਾਣੇਦਾਰ ਜ਼ਿਆਦਾ ਸਨ। ਕਪੂਰਥਲੇ ਨਾਲ ਸਬੰਧਤ ਮੰਤਰੀ ਭਾਵੇਂ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਸਨ ਪਰ ਹਠੀ ਹੋਣ ਕਰ ਕੇ ਕਿਸੇ ਦੀ ਵੀ ਘੱਟ ਹੀ ਸੁਣਦੇ ਸਨ। ਉਨ੍ਹਾਂ ਦੇ ਕਾਰਜਕਾਲ 'ਚ ਹੀ ਸੰਘਰਸ਼ ਕਰਦੇ ਅਧਿਆਪਕਾਂ 'ਤੇ ਲਾਠੀਚਾਰਜ ਹੁੰਦਾ ਰਿਹਾ ਅਤੇ ਕਪੂਰਥਲੇ ਟੈਂਕੀ 'ਤੇ ਚੜ੍ਹ ਕੇ ਬੇਰੁਜ਼ਗਾਰ ਅਧਿਆਪਕਾ ਨੇ ਆਤਮਦਾਹ ਕੀਤਾ ਸੀ। ਸੰਨ 2017 'ਚ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਬਣੀ। ਕੈਪਟਨ ਸਰਕਾਰ ਨੇ ਆਉਂਦੇ ਹੀ ਪਹਿਲਾਂ ਮਹਾਨ ਕਾਂਗਰਸੀ ਨੇਤਾ ਸਰਵਪੱਲੀ ਡਾ. ਰਾਧਾਕ੍ਰਿਸ਼ਣਨ ਦੇ ਜਨਮ ਦਿਵਸ ਨੂੰ ਸਮਰਪਿਤ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਮੌਕੇ ਮਿਲਣ ਵਾਲੇ ਰਾਜ ਪੁਰਸਕਾਰ ਨੂੰ ਜ਼ੀਰੋ ਕਰ ਦਿੱਤਾ। ਕੈਪਟਨ ਸਰਕਾਰ ਨੇ 2018 ਤੋਂ ਰਾਜ ਪੁਰਸਕਾਰ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਕੱਖੋਂ ਹੋਲੇ ਕਰਦੇ ਹੋਏ ਮਿਲਦਾ ਸਾਲ ਦਾ ਵਾਧਾ ਜਿੱਥੇ ਰੋਕ ਦਿੱਤਾ ਉੱਥੇ ਹੀ ਸਨਮਾਨ 'ਚ ਮਿਲਦੀ ਰਾਸ਼ੀ ਵੀ ਖ਼ਤਮ ਕਰ ਦਿੱਤੀ।

-ਮੋਬਾਈਲ ਨੰ. : 98766-33216

Posted By: Jagjit Singh