ਮਾਤਾ-ਪਿਤਾ ਤੋਂ ਬਾਅਦ ਬੱਚਾ ਜੇ ਕਿਸੇ ਦੇ ਸਭ ਤੋਂ ਵੱਧ ਕਰੀਬ ਹੁੰਦਾ ਹੈ ਤਾਂ ਉਹ ਹੈ ਅਧਿਆਪਕ। ਅਧਿਆਪਕ ਵੱਲੋਂ ਕਹੀ ਹਰ ਗੱਲ ਬੱਚੇ ਅੰਦਰ ਘਰ ਕਰ ਜਾਂਦੀ ਹੈ। ਬੱਚਾ ਆਪਣਾ ਕਾਫ਼ੀ ਸਮਾਂ ਸਕੂਲ 'ਚ ਅਧਿਆਪਕਾਂ ਨਾਲ ਗੁਜ਼ਾਰਦਾ ਹੈ। ਸਕੂਲ 'ਚ ਉਹ ਬਹੁਤ ਸਾਰੀਆਂ ਨਵੀਆਂ ਗੱਲਾਂ ਦੇ ਨਾਲ-ਨਾਲ ਅਨੁਸ਼ਾਸਨ 'ਚ ਰਹਿਣਾ ਵੀ ਸਿੱਖਦਾ ਹੈ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਸਕੂਲ ਤੋਂ ਹੁੰਦਾ ਹੋਇਆ ਕਾਲਜ, ਯੂਨੀਵਰਸਿਟੀ ਤਕ ਪਹੁੰਚਦਾ ਹੈ। ਦੁਨੀਆ ਦੀ ਸੁੰਦਰਤਾ ਨੂੰ ਵਧਾਉਣ ਲਈ ਜੇਕਰ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ। ਇਕ ਅਧਿਆਪਕ ਹੀ ਉਸ ਪੀੜ੍ਹੀ ਨੂੰ ਤਿਆਰ ਕਰਦਾ ਹੈ ਜਿਹੜੀ ਅੱਗੇ ਜਾ ਕੇ ਮਹਾਨ ਵਿਚਾਰਧਾਰਾ ਦੇ ਨਾਲ ਦੁਨੀਆ ਨੂੰ ਰੁਸ਼ਨਾਉਂਦੀ ਹੈ। ਇਕਲਵਯਾ ਦੀ ਆਪਣੇ ਗੁਰੂ ਦਰੋਣਾਚਾਰੀਆ ਦੀ ਮੂਰਤ ਬਣਾ ਕੇ ਖ਼ੁਦ ਸਿੱਖਣ ਦੀ ਕਹਾਣੀ ਗੁਰੂ ਦੇ ਪ੍ਰਤੀ ਇੱਜ਼ਤ ਦੀ ਵੱਡੀ ਉਦਾਹਰਨ ਹੈ।।ਸਮਾਜ ਵਿਚ ਅਧਿਆਪਕ ਦਾ ਰੁਤਬਾ ਬਹੁਤ ਮਾਣ-ਸਨਮਾਨ ਵਾਲਾ ਹੈ ਪਰ ਮੌਜੂਦਾ ਸਮੇਂ ਆਪਣੇ ਹੱਕਾਂ ਦੀ ਲੜਾਈ ਲੜਨ ਸਮੇਂ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਜਾਂਦਾ ਹੈ। ਪੁਲਿਸ ਵੱਲੋਂ ਉਨ੍ਹਾਂ 'ਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ। ਜਿਹੜੇ ਅਧਿਆਪਕਾਂ 'ਤੇ ਪੁਲਿਸ ਮੁਲਾਜ਼ਮਾਂ ਵੱਲੋਂ ਲਾਠੀਆਂ ਦੀ ਬਰਸਾਤ ਕੀਤੀ ਜਾਂਦੀ ਹੈ, ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਅਧਿਆਪਕਾਂ ਕੋਲ ਹੀ ਸਿੱਖਿਆ ਗ੍ਰਹਿਣ ਕਰਨ ਜਾਂਦੇ ਹਨ। ਦਰਅਸਲ, ਅਧਿਆਪਕ ਦਾ ਰੁਤਬਾ ਪਹਿਲਾਂ ਵਾਲਾ ਨਹੀਂ ਰਹਿ ਗਿਆ ਹੈ। ਇੱਥੇ ਇਕਲਵਯਾ ਨਹੀਂ ਹਨ ਜੋ ਅਧਿਆਪਕ ਜਾਂ ਆਪਣੇ ਗੁਰੂ ਦੇ ਕਹਿਣ 'ਤੇ ਆਪਣਾ ਅੰਗੂਠਾ ਕੱਟ ਕੇ ਭੇਟ ਕਰ ਦੇਣ। ਮੌਜੂਦਾ ਦੌਰ ਵਿਚ ਸਿੱਖਿਆ 'ਚ ਹੀ ਨਹੀਂ, ਸਗੋਂ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿਚ ਵੀ ਕਾਫ਼ੀ ਬਦਲਾਅ ਆਇਆ ਹੈ।।ਅੱਜ ਵਿਦਿਆਰਥੀਆਂ ਵਿਚ ਅਧਿਆਪਕ ਦੇ ਸਤਿਕਾਰ ਦੀ ਭਾਵਨਾ ਲੋਪ ਹੁੰਦੀ ਜਾ ਰਹੀ ਹੈ। ਉਨ੍ਹਾਂ ਦੇ ਮਨ ਵਿਚ ਹਿੰਸਕ ਭਾਵਨਾ ਭਾਰੂ ਹੋ ਗਈ ਹੈ। ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ 'ਚ ਆਪਸੀ ਸਮਝ, ਪਿਆਰ ਅਤੇ ਸਤਿਕਾਰ ਦੀ ਭਾਵਨਾ ਦਾ ਤੇਜ਼ੀ ਨਾਲ ਖ਼ਾਤਮਾ ਹੁੰਦਾ ਜਾ ਰਿਹਾ ਹੈ। ਇਹ ਵੀ ਦੇਖਣ ਵਿਚ ਆ ਰਿਹਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਅਧਿਆਪਕ ਦੀ ਘੂਰ ਨਹੀਂ ਸਹਾਰਦੇ। ਬਹੁਤੇ ਮਾਪੇ ਵੀ ਇਸ ਗੱਲ ਦੇ ਖ਼ਿਲਾਫ਼ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਅਧਿਆਪਕ ਝਿੜਕਦਾ ਕਿਉਂ ਹੈ? ਇਹ ਵਰਤਾਰਾ ਵਿਦਿਆਰਥੀਆਂ ਦੇ ਭਵਿੱਖ ਲਈ ਠੀਕ ਨਹੀਂ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ 'ਚ ਇਹ ਭਾਵਨਾ ਪੈਦਾ ਕਰਨ ਕਿ ਅਧਿਆਪਕਾਂ ਨੂੰ ਮਾਂ-ਬਾਪ ਵਾਂਗ ਸਮਝਣਾ ਹੈ ਅਤੇ ਉਨ੍ਹਾਂ ਦੀ ਹਰ ਗੱਲ ਮੰਨਣੀ ਹੈ।।ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਅਧਿਆਪਕਾਂ ਦੀ ਕਿਸੇ ਵੀ ਝਿੜਕ ਦਾ ਗੁੱਸਾ ਨਾ ਕਰਨ। ਜੇਕਰ ਅਧਿਆਪਕ ਤੁਹਾਨੂੰ ਝਿੜਕ ਰਿਹਾ ਹੈ ਤਾਂ ਉਹ ਤੁਹਾਡੇ ਚੰਗੇਰੇ ਭਵਿੱਖ ਲਈ ਹੀ ਅਜਿਹਾ ਕਰ ਰਿਹਾ ਹੈ। ।

-ਸੰਦੀਪ ਕੰਬੋਜ। ਸੰਪਰਕ : 98594-00002

Posted By: Rajnish Kaur