-ਪ੍ਰਿੰਸੀਪਲ ਵਿਜੈ ਕੁਮਾਰ

ਉਂਜ ਤਾਂ ਹਰ ਅਧਿਆਪਕ-ਅਧਿਆਪਕਾ ਆਪਣੀ ਮਿਹਨਤ ਦੀ ਸਿਫ਼ਤ ਕਰਦੇ ਨਹੀਂ ਥੱਕਦੇ ਪਰ ਉਨ੍ਹਾਂ ਦੇ ਮਿਹਨਤੀ ਹੋਣ ਦਾ ਪੱਧਰ ਕੀ ਹੈ? ਇਹ ਗੱਲ ਸੋਚਣ ਅਤੇ ਵਿਚਾਰਨ ਦਾ ਵਿਸ਼ਾ ਹੈ। ਮਿਹਨਤੀ ਅਤੇ ਉੱਦਮੀ ਉਹ ਹੁੰਦੇ ਹਨ ਜੋ ਬੱਚਿਆਂ ਦੇ ਹਿੱਤਾਂ ਲਈ ਆਪਣੇ ਹਿੱਤਾਂ ਦੀ ਕਦੇ ਪ੍ਰਵਾਹ ਨਹੀਂ ਕਰਦੇ। ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮਾਜ ਦੇ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਦੀ ਵਿਲੱਖਣ ਥਾਂ ਹੁੰਦੀ ਹੈ। ਉਹ ਦੂਜੇ ਅਧਿਆਪਕਾਂ ਲਈ ਚਾਨਣ ਮੁਨਾਰਾ ਅਤੇ ਰਾਹ ਦਸੇਰਾ ਹੁੰਦੇ ਹਨ। ਉਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਵੀ ਉਨ੍ਹਾਂ ਦੀ ਮਿਹਨਤ ਅਤੇ ਉਨ੍ਹਾਂ ਦੇ ਸਮਰਪਣ ਦੇ ਚਰਚੇ ਹੁੰਦੇ ਰਹਿੰਦੇ ਹਨ। ਮੈਂ ਇਕ ਅਜਿਹੇ ਅਧਿਆਪਕ ਨੂੰ ਜਾਣਦਾ ਹਾਂ ਜੋ ਨਾ ਖ਼ੁਦ ਟਿਊਸ਼ਨ ਪੜ੍ਹਾਉਂਦਾ ਸੀ ਅਤੇ ਨਾ ਹੀ ਆਪਣੀ ਜਮਾਤ ਦੇ ਬੱਚਿਆਂ ਨੂੰ ਫਿਜ਼ਿਕਸ ਦੇ ਵਿਸ਼ੇ ਦੀ ਟਿਊਸ਼ਨ ਪੜ੍ਹਨ ਦਿੰਦਾ ਸੀ। ਜੇਕਰ ਉਹ ਚਾਹੁੰਦਾ ਤਾਂ ਉਹ ਹਜ਼ਾਰਾਂ ਰੁਪਏ ਟਿਊਸ਼ਨ ਦੇ ਮਾਧਿਅਮ ਰਾਹੀਂ ਕਮਾ ਸਕਦਾ ਸੀ ਪਰ ਉਸ ਨੇ ਨਹੀਂ ਕਮਾਏ। ਇਕ ਵਾਰ ਉਸ ਦੀ ਜਮਾਤ ਦੇ ਬੱਚਿਆਂ ਨੇ ਉਸ ਨੂੰ ਸ਼ਿਕਾਇਤ ਕੀਤੀ ਕਿ ਫਲਾਂ ਬੱਚਾ ਟਿਊਸ਼ਨ ਪੜ੍ਹਦਾ ਹੈ। ਅਧਿਆਪਕ ਨੇ ਬੱਚੇ ਤੋਂ ਪੁੱਛਿਆ ਕਿ ਕੀ ਉਹ ਸੱਚਮੁੱਚ ਟਿਊਸ਼ਨ ਪੜ੍ਹਦਾ ਹੈ? ਬੱਚੇ ਨੇ ਮੰਨ ਲਿਆ ਕਿ ਉਹ ਟਿਊਸ਼ਨ ਪੜ੍ਹਦਾ ਹੈ।

ਅਧਿਆਪਕ ਨੇ ਬੱਚੇ ਨੂੰ ਪ੍ਰਿੰਸੀਪਲ ਕੋਲ ਲਿਜਾ ਕੇ ਕਿਹਾ ਕਿ ਮੈਂ ਐਨੀ ਮਿਹਨਤ ਨਾਲ ਪੜ੍ਹਾਉਂਦਾ ਹਾਂ। ਸਕੂਲ ਲੱਗਣ ਤੋਂ ਪਹਿਲਾਂ ਵਾਧੂ ਸਮਾਂ ਵੀ ਲਗਾਉਂਦਾ ਹਾਂ। ਮੈਂ ਬੱਚਿਆਂ ਨੂੰ ਇਹ ਵੀ ਕਹਿ ਰੱਖਿਆ ਹੈ ਕਿ ਤੁਸੀਂ ਮੇਰੇ ਕੋਲ ਕਿਸੇ ਵੀ ਵੇਲੇ ਪੜ੍ਹਨ ਲਈ ਆ ਸਕਦਾ ਹੋ। ਮੇਰੇ ਕੋਲ ਪੜ੍ਹਦੇ ਕਿਸੇ ਵੀ ਬੱਚੇ ਨੇ ਅੱਜ ਤਕ ਟਿਊਸ਼ਨ ਨਹੀਂ ਰੱਖੀ। ਇਸ ਨੂੰ ਪੁੱਛੋ ਕਿ ਕੀ ਮੈਨੂੰ ਪੜ੍ਹਾਉਣਾ ਨਹੀਂ ਆਉਂਦਾ? ਇਸ ਨੂੰ ਕਹੋ ਕਿ ਉਹ ਜਾਂ ਤਾਂ ਟਿਊਸ਼ਨ ਛੱਡ ਦੇਵੇ ਜਾਂ ਫਿਰ ਸਕੂਲ ਬਦਲ ਲਵੇ। ਬੱਚੇ ਨੂੰ ਟਿਊਸ਼ਨ ਛੱਡਣੀ ਪਈ। ਉਸ ਅਧਿਆਪਕ ਦੇ ਪੜ੍ਹਾਏ ਬਹੁਤ ਸਾਰੇ ਬੱਚੇ ਮੈਡੀਕਲ ਕਾਲਜਾਂ, ਆਈਆਈਟੀ ਵਿਚ ਪਹੁੰਚ ਚੁੱਕੇ ਹਨ। ਜ਼ਿਆਦਾਤਰ ਸਕੂਲ ਮੁਖੀ ਅਤੇ ਅਧਿਆਪਕ ਸੇਵਾ ਮੁਕਤੀ ਤੋਂ ਪਹਿਲਾਂ ਛੁੱਟੀਆਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਜਮਾਤਾਂ ਵਿਚ ਘੱਟ-ਵੱਧ ਹੀ ਪੜ੍ਹਾਉਂਦੇ ਹਨ। ਉਨ੍ਹਾਂ ਦੇ ਮੂੰਹੋਂ ਇਹ ਸੁਣਨ ਨੂੰ ਮਿਲਣ ਲੱਗ ਪੈਂਦਾ ਹੈ ਕਿ ਸਾਰੀ ਉਮਰ ਪੜ੍ਹਾਇਆ ਹੀ ਹੈ, ਛੱਡੋ ਪਰ੍ਹਾਂ। ਹੁਣ ਕੀ ਪੜ੍ਹਾਉਣਾ, ਹੁਣ ਆਰਾਮ ਕਰੋ। ਪਰ ਮੈਂ ਉਸ ਅਧਿਆਪਕ ਤੋਂ ਜਾਣੂ ਹਾਂ ਜੋ ਆਪਣੀ ਸੇਵਾ ਮੁਕਤੀ ਤੋਂ ਬਾਅਦ ਵੀ ਆਪਣਾ ਪੈਟਰੋਲ ਖ਼ਰਚ ਕੇ ਇਕ ਪਿੰਡ ਵਿਚ ਪੜ੍ਹਾਉਣ ਜਾਂਦਾ ਹੈ। ਸਕੂਲ ਵਾਲਿਆਂ ਤੋਂ ਇਕ ਪੈਸਾ ਵੀ ਨਹੀਂ ਲੈਂਦਾ। ਉਹ ਬਾਕੀ ਅਧਿਆਪਕਾਂ ਵਾਂਗ ਪੂਰੇ ਟਾਈਮ ਟੇਬਲ ਅਨੁਸਾਰ ਜਮਾਤਾਂ ਪੜ੍ਹਾਉਂਦਾ ਹੈ। ਜਿਸ ਦਿਨ ਉਸ ਦੀ ਸੇਵਾ ਮੁਕਤੀ ਹੋ ਰਹੀ ਸੀ ਉਸ ਦਿਨ ਸਕੂਲ ਵਾਲਿਆਂ ਨੂੰ ਇਹ ਫਿਕਰ ਸੀ ਕਿ ਇਸ ਅਧਿਆਪਕ ਦੀ ਸੇਵਾ ਮੁਕਤੀ ਤੋਂ ਬਾਅਦ ਸੌਖੇ ਕੀਤਿਆਂ ਗਣਿਤ ਅਧਿਆਪਕ ਨਹੀਂ ਆਉਣਾ। ਬੱਚਿਆਂ ਨੂੰ ਕੌਣ ਪੜ੍ਹਾਏਗਾ!

ਉਸ ਦਰਵੇਸ਼ ਅਧਿਆਪਕ ਨੇ ਆਪਣੀ ਸੇਵਾ ਮੁਕਤੀ ਦੀ ਵਿਧਾਇਗੀ ਪਾਰਟੀ 'ਤੇ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਉਦੋਂ ਤਕ ਬੱਚਿਆਂ ਨੂੰ ਪੜ੍ਹਾਉਣ ਲਈ ਆਉਂਦਾ ਰਹੇਗਾ ਜਦੋਂ ਤਕ ਉਸ ਦੀ ਥਾਂ ਅਧਿਆਪਕ ਨਹੀਂ ਆਉਂਦਾ। ਲੰਬੇ ਸਮੇਂ ਤੋਂ ਉਸ ਸਕੂਲ ਵਿਚ ਪੜ੍ਹਾਉਣ ਕਾਰਨ ਜਿਹੜੇ ਬੱਚੇ ਉਸ ਕੋਲ ਪੜ੍ਹ ਕੇ ਗਏ ਹੁੰਦੇ ਹਨ ਉਨ੍ਹਾਂ ਦੇ ਵਿਆਹਾਂ ਵੇਲੇ ਉਨ੍ਹਾਂ ਦੇ ਮਾਪੇ ਉਸ ਦੀ ਮਿਲਣੀ ਕਰਵਾਉਂਦੇ ਹਨ। ਜੇਕਰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਂਦੇ ਅਧਿਆਪਕ-ਅਧਿਆਪਕਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਦੂਜੇ ਪ੍ਰਾਈਵੇਟ ਸਕੂਲ ਵੱਲੋਂ ਪੰਜ ਸੌ ਰੁਪਈਏ ਵੱਧ ਦੇਣ 'ਤੇ ਨੌਕਰੀ ਛੱਡ ਕੇ ਦੂਜੇ ਸਕੂਲ ਵਿਚ ਚਲੇ ਜਾਂਦੇ ਹਨ। ਮੈਂ ਇਕ ਅਜਿਹੀ ਆਦਰਸ਼ ਸੋਚ ਵਾਲੀ ਗਣਿਤ ਅਧਿਆਪਕਾ ਦੀ ਚਰਚਾ ਕਰਨੀ ਚਾਹਾਂਗਾ ਜੋ ਇਕ ਪਿੰਡ ਦੇ ਖ਼ਾਲਸਾ ਸਕੂਲ ਵਿਚ ਪੜ੍ਹਾਉਣ ਲੱਗ ਪਈ। ਸਕੂਲ ਦੀ ਆਮਦਨੀ ਬਹੁਤੀ ਜ਼ਿਆਦਾ ਨਹੀਂ ਹੈ ਕਿਉਂਕਿ ਉਸ ਸਕੂਲ ਵਿਚ ਜ਼ਿਆਦਾਤਰ ਅਨਪੜ੍ਹਾਂ, ਗ਼ਰੀਬਾਂ ਦੇ ਬੱਚੇ ਪੜ੍ਹਦੇ ਹਨ। ਕਈ ਬੱਚਿਆਂ ਦੀ ਫੀਸ ਤਾਂ ਦਾਨੀ ਸੱਜਣ ਦਿੰਦੇ ਹਨ। ਇਸੇ ਲਈ ਉਸ ਸਕੂਲ ਵਿਚ ਪੜ੍ਹਾਉਣ ਵਾਲੀਆਂ ਅਧਿਆਪਕਾਵਾਂ ਨੂੰ ਜ਼ਿਆਦਾ ਤਨਖ਼ਾਹ ਵੀਂ ਨਹੀਂ ਮਿਲਦੀ। ਉਸ ਅਧਿਆਪਕਾ ਦੀ ਮਿਹਨਤ ਤੇ ਯੋਗਤਾ ਨੂੰ ਵੇਖਦਿਆਂ ਡੀਏਵੀ ਮੈਨੇਜਮੈਂਟ ਦੇ ਅਧੀਨ ਚੱਲਣ ਵਾਲੇ ਸਕੂਲ ਦਾ ਪ੍ਰਿੰਸੀਪਲ ਉਸ ਨੂੰ ਆਪਣੇ ਸਕੂਲ ਵਿਚ ਲਿਆਉਣ ਲਈ ਉਸ ਦੇ ਘਰ ਪੁਹੰਚ ਗਿਆ। ਉਸ ਨੇ ਅਧਿਆਪਕਾ ਨੂੰ ਕਿਹਾ ਕਿ ਉਹ ਉਸ ਨੂੰ ਉਸ ਦੇ ਸਕੂਲ ਨਾਲੋਂ ਤਿੰਨ ਗੁਣਾ ਜ਼ਿਆਦਾ ਤਨਖ਼ਾਹ ਦੇਣ ਲਈ ਤਿਆਰ ਹਨ। ਉਸ ਅਧਿਆਪਕਾ ਨੇ ਅੱਗੋਂ ਕਿਹਾ, 'ਸਰ! ਤੁਹਾਡੇ ਸਕੂਲ ਨਾਲੋਂ ਇਸ ਸਕੂਲ ਦੇ ਬੱਚਿਆਂ ਨੂੰ ਮੇਰੀ ਜ਼ਿਆਦਾ ਲੋੜ ਹੈ। ਤੁਹਾਡੇ ਸਕੂਲ ਵਿਚ ਅਮੀਰਾਂ ਦੇ ਬੱਚੇ ਪੜ੍ਹਦੇ ਹਨ, ਉਨ੍ਹਾਂ ਨੂੰ ਹੋਰ ਅਧਿਆਪਕ ਵੀ ਮਿਲ ਜਾਵੇਗਾ ਪਰ ਮੇਰੇ ਜਾਣ ਤੋਂ ਬਾਅਦ ਐਨੀ ਥੋੜ੍ਹੀ ਤਨਖ਼ਾਹ ਵਿਚ ਇਨ੍ਹਾਂ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਨਹੀਂ ਆਵੇਗਾ। ਮੈਂ ਪੈਸੇ ਕਮਾਉਣ ਲਈ ਨਹੀਂ ਸਗੋਂ ਇਨ੍ਹਾਂ ਬੱਚਿਆਂ ਦੀ ਸੇਵਾ ਕਰਨ ਆਉਂਦੀ ਹਾਂ।'

ਮੈਂ ਜਦੋਂ ਪੰਜਵੀਂ ਜਮਾਤ ਵਿਚ ਪੜ੍ਹਦਾ ਸਾਂ, ਉਦੋਂ ਸਾਡੇ ਪ੍ਰਾਇਮਰੀ ਅਧਿਆਪਕ ਦਸੌਂਧੀ ਰਾਮ ਨੂੰ ਇਸ ਲਈ ਬੁਖਾਰ ਚੜ੍ਹ ਗਿਆ ਕਿਉਂਕਿ ਉਨ੍ਹਾਂ ਦਾ ਇਕ ਬੱਚਾ ਪ੍ਰੀਖਿਆ ਵਿਚ ਘੱਟ ਨੰਬਰ ਲੈਣ ਕਾਰਨ ਵਜ਼ੀਫਾ ਹਾਸਲ ਨਹੀਂ ਕਰ ਸਕਿਆ। ਦੂਜੇ ਸੈਕਸ਼ਨ ਦੇ ਮੁਕਾਬਲੇ ਉਸ ਦਾ ਇਕ ਵਜ਼ੀਫਾ ਘੱਟ ਆਇਆ। ਉਸ ਦਾ ਲੰਬੇ ਸਮੇਂ ਦਾ ਰਿਕਾਰਡ ਟੁੱਟ ਗਿਆ। ਉਸ ਅਧਿਆਪਕ ਨੇ ਆਪਣਾ ਕੋਈ ਬੱਚਾ ਨਾ ਹੋਣ ਕਾਰਨ ਆਪਣੀ ਅਰਥੀ ਨੂੰ ਲਾਂਬੂ ਲਾਉਣ ਲਈ ਆਪਣੇ ਇਕ ਵਿਦਿਆਰਥੀ ਨੂੰ ਚੁਣਿਆ ਸੀ। ਇਕ ਅਧਿਆਪਕ ਆਪਣੇ ਪਿੰਡ ਦੇ ਸਕੂਲ ਵਿਚ ਸਾਇੰਸ ਦੇ ਵਿਸ਼ੇ ਦੀ ਅਸਾਮੀ ਖ਼ਾਲੀ ਹੋਣ ਦੇ ਬਾਵਜੂਦ ਉਸ ਸਕੂਲ ਵਿਚ ਬਦਲੀ ਨਹੀਂ ਕਰਵਾਉਂਦਾ ਕਿਉਂਕਿ ਜਿਸ ਸਕੂਲ ਵਿਚ ਉਹ ਨੌਕਰੀ ਕਰਦਾ ਹੈ ਉਸ ਵਿਚ ਕਈ ਅਸਾਮੀਆਂ ਖ਼ਾਲੀ ਹਨ। ਉਸ ਦੀ ਸੋਚ ਹੈ ਕਿ ਜੇਕਰ ਉਸ ਨੇ ਵੀ ਬਦਲੀ ਕਰਵਾ ਲਈ ਤਾਂ ਉਨ੍ਹਾਂ ਗ਼ਰੀਬ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੂਗਾ। ਉਸ ਦਾ ਉਹ ਸਕੂਲ ਤੀਹ ਕਿਲੋਮੀਟਰ ਦੂਰ ਹੈ। ਉਸ ਨੂੰ ਆਪਣੇ ਸਕੂਲ ਤਕ ਪਹੁੰਚਣ ਲਈ ਛੇ ਕਿਲੋਮੀਟਰ ਪੈਦਲ ਆਉਣਾ-ਜਾਣਾ ਪੈਂਦਾ ਹੈ।

ਇਕ ਸੇਵਾ ਮੁਕਤ ਅਧਿਆਪਕ ਆਪਣੇ ਪਿੰਡ ਦੇ ਸਕੂਲ ਦੇ ਬੱਚਿਆਂ ਨੂੰ ਅੰਗੇਰਜ਼ੀ ਦਾ ਵਿਸ਼ਾ ਪੜ੍ਹਾਉਂਦਾ ਹੈ ਤਾਂ ਕਿ ਉਹ ਅੰਗਰੇਜ਼ੀ ਦੇ ਵਿਸ਼ੇ ਵਿਚ ਅੱਗੇ ਵੱਧ ਸਕਣ। ਉਸ ਨੇ ਆਪਣੇ ਕੋਲੋਂ ਪੈਸੇ ਦੇ ਕੇ ਬੱਚਿਆਂ ਦੀ ਪੜ੍ਹਾਈ ਲਈ ਅਧਿਆਪਕਾ ਵੀ ਰੱਖੀ ਹੋਈ ਹੈ। ਜੇਕਰ ਅਜਿਹੇ ਅਸੂਲੀ ਤੇ ਮਿਸਾਲੀ ਅਧਿਆਪਕ ਹੋਰ ਹੋ ਜਾਣ ਤਾਂ ਸਿੱਖਿਆ ਦੀ ਨੁਹਾਰ ਬਦਲੀ ਜਾ ਸਕਦੀ ਹੈ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਅਧਿਆਪਕ ਨੂੰ ਆਪਣੇ ਆਪ ਵਿਚ ਇਕ ਆਦਰਸ਼ ਅਤੇ ਸਮਰਪਿਤ ਬਣਨਾ ਪਵੇਗਾ। ਹਰ ਅਧਿਆਪਕ ਖ਼ੁਦ ਨੂੰ ਮਿਹਨਤੀ ਕਹਿੰਦਾ ਹੈ ਪਰ ਵਿਚਾਰਨ ਅਤੇ ਸੋਚਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦਾ ਪੱਧਰ ਕੀ ਹੈ? ਅਜੋਕੇ ਸਮੇਂ ਅਧਿਆਪਕਾਂ ਨੂੰ ਮਿਹਨਤ ਦੇ ਅਜਿਹੇ ਬੀਜ ਬੀਜਣੇ ਚਾਹੀਦੇ ਹਨ ਜੋ ਵੱਡੇ ਹੋ ਕੇ ਸਮਾਜ ਤੇ ਦੇਸ਼ ਨੂੰ ਵਿੱਦਿਆ ਦੀ ਘਣਘੋਰ ਛਾਂ ਦੇ ਸਕਣ।

-ਮੋਬਾਈਲ ਨੰ. : 98726-27136

Posted By: Jagjit Singh