-ਤਰਨਦੀਪ ਬਿਲਾਸਪੁਰ

ਕਈ ਪਕਵਾਨਾਂ ਦੇ ਸੁਆਦ ਅਜਿਹੇ ਹੁੰਦੇ ਹਨ ਜੋ ਹਮੇਸ਼ਾ ਤੁਹਾਡੇ ਜ਼ਿਹਨ ਵਿਚ ਘਰ ਕਰੀ ਰਹਿੰਦੇ ਹਨ। ਅੱਜ ਤੋਂ ਕੋਈ 23-24 ਵਰ੍ਹੇ ਪਹਿਲਾਂ ਦੀ ਗੱਲ ਹੈ। ਮੇਰੀ ਪਿਤਾ ਜੀ ਅਤੇ ਤਾਇਆ ਕਾਮਰੇਡ ਪ੍ਰੀਤਮ ਸਿੰਘ ਲੱਡੂ ਨਿਹਾਲੇਵਾਲੇ ਜਾ ਰਹੇ ਸਨ। ਗਰਮੀਆਂ ਦੀਆਂ ਛੁੱਟੀਆਂ ਸਨ। ਇਸ ਕਾਰਨ ਮੈਂ ਧੱਕੇ ਨਾਲ ਉਨ੍ਹਾਂ ਦੇ ਸਕੂਟਰ 'ਤੇ ਚੜ੍ਹ ਗਿਆ ਸਾਂ। ਡੈਡੀ ਲੈ ਕੇ ਨਹੀਂ ਸੀ ਜਾਣਾ ਚਾਹੁੰਦਾ ਪਰ ਤਾਇਆ ਨਾਲ ਲੈ ਗਿਆ ਕਿ ਜੁਆਕ ਨੂੰ ਇੱਦਾਂ ਹੀ ਪਤਾ ਲੱਗੂ ਦੁਨੀਆਦਾਰੀ ਦਾ।

ਕੰਮ ਸ਼ਾਇਦ ਤਹਿਸੀਲੇ ਸੀ। ਤਾਏ ਦੀ ਜ਼ਮੀਨ ਦੀ ਮਿਣਤੀ ਕਰਵਾਉਣੀ ਸੀ ਕਿਉਂਕਿ ਉਦੋਂ ਹੀ ਤਾਏ ਦੇ ਦੋਵੇਂ ਮੁੰਡੇ ਅੱਡ ਹੋਏ ਸਨ। ਤਹਿਸੀਲੇ ਜਿਵੇਂ ਹੁੰਦਾ ਹੈ, ਉਵੇਂ ਹੀ ਹੋਇਆ, ਕੰਮ ਲਟਕ ਗਿਆ। ਉਦੋਂ ਕਿਹੜਾ ਮੋਬਾਈਲ ਹੁੰਦੇ ਸਨ।

ਕਾਨੂੰਗੋ ਪਹਿਲਾਂ ਹੀ ਕਿਤੇ ਟਿਭ ਗਿਆ ਸੀ ਕਿਉਂਕਿ ਸਾਡੇ ਟੱਬਰ ਨੇ ਕਦੇ ਰਿਸ਼ਵਤ ਜੋ ਨਹੀਂ ਸੀ ਦਿੱਤੀ। ਅਗਲੇ ਜਾਣੀ-ਜਾਣ ਸਨ। ਅਜਿਹੇ ਮਾਮਲਿਆਂ 'ਚ ਜਿਵੇਂ ਅਕਸਰ ਸਰਕਾਰੀ ਬਾਬੂਆਂ ਦਾ ਸੁਭਾਅ ਹੁੰਦਾ ਹੈ ਕਿ ਇਮਾਨਦਾਰ ਬੰਦੇ ਨੂੰ ਵਾਹਣੀ ਪਾਇਆ ਜਾਵੇ, ਤਾਏ ਨੂੰ ਵੀ ਪਾ ਦਿੱਤਾ ਗਿਆ। ਨੌਂ ਤੋਂ 12 ਵਜੇ ਤਕ ਧੱਕੇ-ਧੁੱਕੇ ਖਾਂਦਿਆਂ ਹੀ ਸਾਡੀ ਭੁੱਖ ਸੱਤਵੇਂ ਸਮਾਨ 'ਤੇ ਪੁੱਜ ਗਈ ਸੀ।

ਤਾਇਆ ਰੋਟੀ ਖਾਣ ਤੋਂ ਪਹਿਲਾਂ ਹੀ ਧੱਕੇ ਨਾਲ ਡੈਡੀ ਨੂੰ ਨਾਲ ਜੋ ਲੈ ਆਇਆ ਸੀ। ਓਧਰ ਮੈਂ ਸਕੂਟਰ ਦੇ ਮੂਹਰੇ ਖੜ੍ਹਨ ਦੇ ਚਾਅ 'ਚ ਐਵੇਂ ਹੀ ਮੁਸੀਬਤ ਸਹੇੜ ਲਈ ਸੀ। ਕੰਮ ਤਾਏ ਦਾ ਸੀ , ਤਾਇਆ ਕਾਮਰੇਡ ਤਾਂ ਸੀ ਹੀ ਉੱਤੋਂ ਬਹੁਗਿਣਤੀ ਕਾਮਰੇਡਾਂ ਵਾਂਗ ਸੂਮ ਵੀ ਸੀ।

ਡੈਡੀ ਸ਼ੂਗਰ ਦਾ ਮਰੀਜ਼ ਸੀ। ਉਨ੍ਹਾਂ ਧੱਕੇ ਨਾਲ ਗੰਨੇ ਦਾ ਰੌਹ ਤਾਂ ਪੀ ਲਿਆ ਪਰ ਤਾਇਆ ਕਹੇ, ''ਆਪਾਂ ਪਾਰਟੀ ਦਫ਼ਤਰ ਜਾ ਕੇ ਗਿਆਨੀ ਗੁਰਦੇਵ ਸਿਓਂ ਕੋਲੋਂ ਛਕਦੇ ਹਾਂ ਪਰਸ਼ਾਦੇ।'' ਅਗਾਂਹ ਗਏ ਤਾਂ ਗਿਆਨੀ ਗੁਰਦੇਵ ਸਿਉਂ ਜੋ ਪਾਰਟੀ ਦਾ ਬਲਾਕ ਸੈਕਟਰੀ ਸੀ, ਕਿਤੇ ਗਿਆ ਹੋਇਆ ਸੀ। ਦਫ਼ਤਰ 'ਤੇ ਤਾਲਾ ਲੱਗਿਆ ਹੋਇਆ ਸੀ। ਤਾਏ ਨੇ ਗਿਆਨੀ ਨੂੰ ਪੰਜ-ਸੱਤ ਗਾਲ੍ਹਾਂ ਕੱਢੀਆਂ। ਡੈਡੀ ਕਹਿੰਦਾ, ''ਕਾਮਰੇਡਾ! ਮੈਂ ਖੁਆ ਦਿੰਨਾਂ ਜੈਨੀਆਂ ਦੇ ਹੋਟਲ ਤੋਂ। ਤੂੰ ਪੈਸਿਆਂ ਦਾ ਫ਼ਿਕਰ ਕਿਉਂ ਕਰਦੈਂ। ਆਹ ਦੇਖ ਜੁਆਕ ਦਾ ਮੂੰਹ ਭੁੱਖ ਨਾਲ ਪੀਲਾ ਹੋਇਆ ਪਿਆ ਹੈ।'' ।

ਤਾਇਆ ਕਹਿਣ ਲੱਗਾ, ''ਪੈਸਿਆਂ ਦੀ ਗੱਲ ਨੀਂ। ਹੋਟਲ ਦਾ ਗੰਦ-ਮੰਦ ਜ਼ਰੂਰ ਖਾਣਾ। ਆਪਾਂ ਗੁੱਡੀ ਕੇ ਘਰ ਚੱਲਦੇ ਹਾਂ। ਗੁੱਡੀ ਭੈਣ ਸਾਡੀ ਭੂਆ ਦੀ ਕੁੜੀ ਹੈ ਜਿਸ ਨੂੰ ਤਾਏ ਨੇ ਆਪਦੇ ਕੋਲ ਰੱਖ ਕੇ ਪੜ੍ਹਾਇਆ ਅਤੇ ਵਿਆਹਿਆ ਸੀ। ਉਹ ਧੂਰਕੋਟ ਦੇ ਕਾਮਰੇਡ ਗੁਰਬਖਸ਼ ਸਿੰਘ ਧਾਲੀਵਾਲ (ਜੋ ਨਿਹਾਲ ਸਿੰਘ ਵਾਲੇ ਤੋਂ ਆਜ਼ਾਦੀ ਤੋਂ ਬਾਅਦ ਪਹਿਲੇ ਵਿਧਾਇਕ ਬਣੇ ਸਨ) ਦੇ ਪੁੱਤਰ ਬਲਦੇਵ ਸਿਉਂ ਨੂੰ ਵਿਆਹੀ ਹੋਈ ਹੈ।

ਲਓ ਜੀ, ਤਾਏ ਨੇ ਨਿਹਾਲੇ ਆਲੇ ਤੋਂ ਦੋ ਕਿਲੋਮੀਟਰ ਧੂਰਕੋਟ ਵੱਲ ਚਾਲੇ ਪਾ ਦਿੱਤੇ। ਭੈਣ ਕੇ ਘਰੇ ਤਾਂ ਸਾਰਾ ਦਿਨ ਹੀ ਟਰੇਡ ਯੂਨੀਅਨ, ਪਾਰਟੀ ਵਾਲਿਆਂ ਤੇ ਕਿਸਾਨ ਯੂਨੀਅਨ ਦੀ ਜਿੱਥੇ ਆਵਾਜਾਈ ਸੀ, ਉੱਥੇ ਹੀ ਉਨ੍ਹਾਂ ਦਾ ਆਪਦਾ ਟੱਬਰ ਵੀ ਵੱਡਾ ਸੀ।

ਅਸੀਂ ਭੈਣ ਦੇ ਘਰੇ ਪਹੁੰਚ ਗਏ। ਭੈਣ ਜੋ ਇਕ ਕਿਸਮ ਨਾਲ ਚੁੱਲ੍ਹੇ-ਚੌਂਕੇ ਦੀ ਮੁਖਤਿਆਰ ਸੀ, ਨਾਲ ਹੀ ਪਿੰਡ 'ਚ ਖ਼ੁਸ਼ੀਆਂ-ਗਮੀਆਂ ਭੁਗਤਾਉਣ ਦੀ ਵੀ ਇੰਚਾਰਜ ਸੀ, ਪਿੰਡ 'ਚ ਕਿਤੇ ਗਈ ਹੋਈ ਸੀ। ਤਾਏ ਨੂੰ ਜਦੋਂ ਪਤਾ ਲੱਗਾ ਕਿ ਭੈਣ ਹੈ ਨੀ ਤਾਂ ਉਹ ਆਪ ਹੀ ਰਸੋਈ ਵਿਚ ਵੜ ਗਿਆ। ਓਥੇ ਕੁਝ ਹੱਥ ਨਾ ਲੱਗਾ ਤਾਂ ਤਾਏ ਨੇ ਗੁੜ ਹੀ ਤਿੰਨ ਕੁ ਰੁੱਖੀਆਂ ਰੋਟੀਆਂ 'ਤੇ ਰੱਖ ਕੇ ਸਾਡੀ ਭੁੱਖ ਨੂੰ ਥੋੜ੍ਹੀਆਂ ਬਰੇਕਾਂ ਲਾਈਆਂ। ਐਨੇ ਨੂੰ ਭੈਣ ਵੀ ਆ ਗਈ।

ਜਦੋਂ ਉਸ ਨੂੰ ਪਤਾ ਲੱਗਾ ਕਿ ਅਸੀਂ ਭੁੱਖੇ ਹਾਂ ਤਾਂ ਉਸ ਨੇ ਕਿਹਾ, ''ਮੈਂ ਸਬਜ਼ੀ ਬਣਾਉਂਦੀ ਹਾਂ। ਸਵੇਰੇ ਕਿਸਾਨ ਸਭਾ ਵਾਲੇ ਦਸ ਕੁ ਮੈਂਬਰ ਆ ਗਏ ਸਨ ਜਿਸ ਕਾਰਨ ਦਾਲ ਤਾਂ ਚੱਟਮ ਹੋ ਗਈ ਸੀ।'' ਤਾਇਆ ਕਹਿੰਦਾ, ''ਗੁੱਡੀ, ਸਬਜ਼ੀ ਨੂੰ ਮਾਰ ਗੋਲ਼ੀ। ਤੂੰ ਅਚਾਰ ਨਾਲ ਹੀ ਰੋਟੀ ਖੁਆ ਦੇ।'' ਲਓ ਜੀ, ਭੈਣ ਨੇ ਦੇਸੀ ਘਿਉ ਨਾਲ ਲੁੱਗ ਲੁੱਗ ਕਰਦੇ ਪਰੌਂਠੇ ਪਕਾਉਣੇ ਸ਼ੁਰੂ ਕਰ ਦਿੱਤੇ। ਪਰੌਂਠਿਆਂ ਨਾਲ ਤਾਜ਼ੀ ਕੱਢੀ ਹੋਈ ਮੱਖਣੀ, ਨਾਲ ਅੰਬ ਦੇ ਅਚਾਰ ਦੀਆਂ ਵੱਡੀਆਂ ਫਾੜੀਆਂ ਤੇ ਗੰਢੇ ਨੂੰ ਮੁੱਕੀ ਮਾਰ ਕੇ ਭੁੱਕਿਆ ਪਾਕਿਸਤਾਨੀ ਲੂਣ ਅਤੇ ਉੱਤੋਂ ਲੱਸੀ ਦੇ ਕੰਗਣੀ ਵਾਲੇ ਗਲਾਸ। ਪੁੱਛੋ ਹੀ ਨਾ।

ਉਹ ਸੁਆਦ ਮੈਨੂੰ ਅੱਜ ਤਕ ਵੀ ਨਹੀਂ ਭੁੱਲਿਆ ਅਤੇ ਨਾ ਉਸ ਤੋਂ ਪਹਿਲਾਂ ਤੇ ਬਾਅਦ 'ਚ ਐਨੀ ਸੁਆਦਲੀ ਰੋਟੀ ਕਦੇ ਮੈਂ ਖਾਧੀ ਹੈ। ਉਹ ਦਿਨ ਮੇਰੇ ਚੇਤਿਆਂ ਦੀ ਚੰਗੇਰ ਦਾ ਹਿੱਸਾ ਬਣ ਗਿਆ ਹੈ। ਅਸੀਂ ਉਸ ਦਿਨ ਦੁਪਹਿਰ ਧੂਰਕੋਟ ਕੱਟ ਕੇ ਸ਼ਾਮ ਨੂੰ ਘਰੇ ਪਹੁੰਚੇ। ਤਾਏ ਨੂੰ ਗੁਜ਼ਰੇ ਤਾਂ ਦਹਾਕਾ ਹੋ ਗਿਆ ਅਤੇ ਡੈਡੀ ਵੀ ਦੋ ਵਰ੍ਹੇ ਪਹਿਲਾਂ ਤੁਰ ਗਿਆ ਸੀ ਪਰ ਉਨ੍ਹਾਂ ਦੀਆਂ ਯਾਦਾਂ ਪੋਟਲੀ 'ਚ ਬੰਨ੍ਹੀਆਂ ਹੋਈਆਂ ਨੇ ਜੋ ਮੇਰੇ ਲਈ ਅਨਮੋਲ ਖ਼ਜ਼ਾਨਾ ਹਨ। ਸਾਰੇ ਆਮ ਇਨਸਾਨਾਂ ਵਾਂਗ ਮੈਂ ਕਦੇ ਸੋਚਿਆ ਨਹੀਂ ਸੀ ਕਿ ਦੋ ਦਹਾਕਿਆਂ 'ਚ ਜ਼ਿਦਗੀ ਐਨੀ ਬਦਲ ਜਾਵੇਗੀ। ਰਿਸ਼ਤੇ, ਲੋਕ, ਸਾਂਝਾਂ, ਮੋਹ, ਅਪਣੱਤ, ਸਫਰ, ਸਾਧਨ, ਸਮਰੱਥਾ, ਖ਼ੁਰਾਕਾਂ ਸਮੇਂ ਦੀ ਚੱਕੀ 'ਚ ਪੀਠੀਆਂ ਜਾਣਗੀਆਂ।

ਖ਼ੈਰ! ਸ਼ੁਕਰ ਹੈ ਕਿ ਅਜੇ ਅਸੀਂ ਐਨੇ ਕੁ ਕਿਸਮਤ ਵਾਲੇ ਤਾਂ ਹਾਂ ਕਿ 'ਡੋਰੇਮੈਨ', 'ਲਿਟਲ ਸਿੰਘਮ', 'ਪਾਪਾ ਪਿੰਗ' ਵਰਗੇ ਸਕਰੀਨੀ ਪਲਾਂ ਨੂੰ ਹੰਢਾਉਣ ਵਾਲੇ ਬੱਚਿਆਂ ਦੀ ਤਰ੍ਹਾਂ ਨਹੀਂ ਹਾਂ ਅਤੇ ਹਕੀਕੀ ਇਤਿਹਾਸਕ ਪੇਂਡੂ ਪਾਤਰਾਂ ਦੀ ਪਟਾਰੀ ਨਾਲ ਚੁੱਕੀ ਫਿਰਦੇ ਹਾਂ। ਅਗਲੀ ਗੱਲ ਫਿਰ ਕਿਤੇ ਸਹੀ।

ਸੰਪਰਕ : 0064220491964

Posted By: Jagjit Singh