-ਮੁਖਤਾਰ ਗਿੱਲ

ਤੁਰਕੀ ਨੇ ਐਲਾਨ ਕੀਤਾ ਹੈ ਕਿ ਕਾਬੁਲ ਵਿਚ ਹਿੰਸਾ ਦੀਆਂ ਨਵੀਆਂ ਘਟਨਾਵਾਂ ਦੇ ਮੱਦੇਨਜ਼ਰ ਅਫ਼ਗਾਨਿਸਤਾਨ ਵਿਚ ਦੋਵੇਂ ਵਿਰੋਧੀ ਧੜਿਆਂ ਦਰਮਿਆਨ ਸਥਾਈ ਸ਼ਾਂਤੀ ਦੀ ਉਮੀਦ ਜਗਾਉਣ ਵਾਲੀ ਇਸਤਾਂਬੁਲ ਵਿਚਲੀ ਵਾਰਤਾ ਫ਼ਿਲਹਾਲ ਮੁਲਤਵੀ ਹੋ ਗਈ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਬੂਸੋਗਲੂ ਨੇ ਕਿਹਾ ਕਿ ਵਾਰਤਾ ਰਮਜ਼ਾਨ ਦੇ ਮਹੀਨੇ ਕਾਰਨ ਮੁਲਤਵੀ ਕੀਤੀ ਗਈ ਹੈ। ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜ ਦੇ 3500 ਤੇ ਨਾਟੋ ਦੇ 8500 ਫ਼ੌਜੀ ਇਸ ਸਾਲ 11 ਸਤੰਬਰ ਤਕ ਵਾਪਸ ਹੋ ਜਾਣਗੇ।

ਦੱਸਣਯੋਗ ਹੈ ਕਿ ਸੋਵੀਅਤ ਫ਼ੌਜ ਦੀ ਵਾਪਸੀ ਤੋਂ ਬਾਅਦ ਨਜੀਬਉੱਲਾ ਸਰਕਾਰ ਡਿੱਗ ਗਈ ਸੀ ਅਤੇ ਮੁਜਾਹਿਦੀਨ ਦੀ ਸਰਕਾਰ ਕਾਇਮ ਹੋ ਗਈ ਸੀ। ਨਜੀਬਉੱਲਾ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ ਸੀ। ਸੰਨ 2001 ਵਿਚ ਅਮਰੀਕੀ ਫ਼ੌਜ ਦੇ ਆਗਮਨ ’ਤੇ ਹਾਮਿਦ ਕਰਜ਼ਈ ਦੀ ਜਮਹੂਰੀ ਸਰਕਾਰ ਦਾ ਗਠਨ ਹੋਇਆ ਸੀ। ਪਹਿਲਾਂ ਕਰਜ਼ਈ ਤੇ ਫਿਰ ਗਨੀ ਦੀ ਸਰਕਾਰ ਨੂੰ ਤਾਲਿਬਾਨ, ਅਮਰੀਕਾ ਦੀ ਕੱਠਪੁਤਲੀ ਸਰਕਾਰ ਕਹਿੰਦੇ ਸਨ। ਸਪੱਸ਼ਟ ਹੈ ਕਿ ਜਦੋਂ ਅਮਰੀਕੀ ਫ਼ੌਜ ਚਲੀ ਜਾਵੇਗੀ ਤਾਂ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ’ਚ ਦੇਰ ਨਹੀਂ ਲੱਗੇਗੀ ਅਤੇ ਗਨੀ ਸਰਕਾਰ ਡਿੱਗ ਜਾਵੇਗੀ। ਕਾਬਲ ’ਤੇ ਤਾਲਿਬਾਨ ਦੇ ਕਬਜ਼ੇ ਉਪਰੰਤ ਉਨ੍ਹਾਂ ਦੇ ਮੁਕਾਬਲੇ ਲਈ ਭਾਵੇਂ ਸਰਕਾਰੀ ਦਾਅਵੇ ਅਨੁਸਾਰ 3 ਲੱਖ ਫ਼ੌਜ ਹੈ ਪਰ ਕਈ ਸਾਲਾਂ ਦੀ ਸਿਖਲਾਈ ਦੇ ਬਾਵਜੂਦ ਉਹ ਲੜ ਸਕਣ ਦੇ ਸਮਰੱਥ ਨਹੀਂ। ਅਫ਼ਗਾਨਿਸਤਾਨ ’ਚੋਂ ਜਲਦਬਾਜ਼ੀ ਨਾਲ ਫ਼ੌਜ ਵਾਪਸੀ ਦਾ ਨਤੀਜਾ ਉਹੀ ਹੋਵੇਗਾ ਜਿਹੜਾ 2001 ’ਚ ਇਰਾਕ ’ਚ ਨਿਕਲਿਆ ਸੀ। ਭਾਵੇਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਦੋਬਾਰਾ ਅਫ਼ਗਾਨਿਸਤਾਨ ਵਿਚ ਫ਼ੌਜ ਭੇਜਣ ਦਾ ਇਰਾਦਾ ਨਹੀਂ ਰੱਖਦੇ ਪਰ ਅਫ਼ਗਾਨੀ ਪੱਤਰਕਾਰ ਇਸਮਾਈਲ ਅੰਦਲੀਬ ਦਾ ਕਹਿਣਾ ਹੈ ਕਿ ਜਿਉਂ ਹੀ ਅਮਰੀਕੀ ਸੈਨਾ ਵਾਪਸ ਜਾਵੇਗੀ, ਕੁਝ ਗੁਆਂਢੀ ਮੁਲਕ ਅਰਾਜਕਤਾ ਵਾਲੀ ਸਥਿਤੀ ਪੈਦਾ ਕਰ ਦੇਣਗੇ ਜਿਸ ਦਾ ਫ਼ਾਇਦਾ ਤਾਲਿਬਾਨ ਨੂੰ ਹੋਵੇਗਾ। ਫ਼ੌਜ ਵਾਪਸੀ ਦੇ ਐਲਾਨ ਦੀ ਭਾਵੇਂ ਅਫ਼ਗਾਨਿਸਤਾਨ ਤੇ ਪਾਕਿਸਤਾਨ ਨੇ ਖ਼ੁਸ਼ੀ ਮਨਾਈ ਹੈ ਪਰ ਅਫ਼ਗਾਨੀ ਅਵਾਮ ਨੂੰ ਡਰ ਹੈ ਕਿ ਫਿਰ 1990 ਵਰਗਾ ਖ਼ੂਨ-ਖਰਾਬਾ ਹੋ ਸਕਦਾ ਹੈ। ਸੰਨ 1996 ਤੋਂ 2001 ਤਕ ਤਾਲਿਬਾਨਾਂ ਦਾ ਨਿਰਦਈ ਸ਼ਾਸਨ ਸੀ। ਅਫ਼ਗਾਨ ਆਬਾਦੀ ਦਾ ਅੱਧਾ ਹਿੱਸਾ ਅਰਥਾਤ ਔਰਤਾਂ ਵੀ ਅਮਰੀਕੀ ਫ਼ੌਜ ਦੀ ਪੂਰਨ ਵਾਪਸੀ ਨਹੀਂ ਚਾਹੁੰਦੀਆਂ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਲੰਬੇ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੇ ਅਧਿਕਾਰ ਤਾਲਿਬਾਨ ਖੋਹ ਲੈਣਗੇ। ਉਨ੍ਹਾਂ ਦੇ ਸ਼ਾਸਨਕਾਲ ਵਿਚ ਔਰਤਾਂ ਦੇ ਨੌਕਰੀ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ’ਤੇ ਪਾਬੰਦੀ ਸੀ।

ਔਰਤਾਂ ਘਰਾਂ ਵਿਚ ਕੈਦ ਸਨ। ਮਹਿਲਾ ਸੰਗਠਨ ਇਸ ਕਾਰਨ ਨਾਰਾਜ਼ ਹਨ ਕਿਉਂਕਿ ਉਨ੍ਹਾਂ ਨੂੰ ਸ਼ਾਂਤੀ ਵਾਰਤਾ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਨੀਤੀ ਅਤੇ ਨਿਆਂਪਾਲਿਕਾ ਵਿਚ ਔਰਤਾਂ ਦੀ ਸ਼ਮੂਲੀਅਤ ਦਾ ਤਾਲਿਬਾਨ ਕਿਸ ਆਧਾਰ ’ਤੇ ਵਿਰੋਧ ਕਰਦੇ ਹਨ? ਪਤਾ ਨਹੀਂ ਜਦਕਿ ਇਸਲਾਮਿਕ ਦੇਸ਼ਾਂ ਵਿਚ ਔਰਤਾਂ ਸੰਸਦ ਮੈਂਬਰ ਅਤੇ ਮੰਤਰੀ ਹਨ। ਮਹਿਲਾਵਾਂ ਹੀ ਨਹੀਂ ਤਾਜ਼ਿਕ, ਹਜ਼ਾਰਾ ਤੇ ਉਜ਼ਬੇਕ ਆਦਿ ਜਨਜਾਤੀਆਂ ਫ਼ੌਜ ਵਾਪਸੀ ਦੇ ਫ਼ੈਸਲੇ ਤੋਂ ਨਿਰਾਸ਼ ਹਨ। ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਮਜ਼ਬੂਤ ਹੋਣਗੇ ਜਿਸ ਦਾ ਫ਼ਾਇਦਾ ਪਾਕਿਸਤਾਨ ਨੂੰ ਹੋਵੇਗਾ। ਪਾਕਿਸਤਾਨ ਨਾਲ ਤਾਲਿਬਾਨ ਦੇ ਸਬੰਧ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਤਾਲਿਬਾਨ ਦੇ ਜ਼ਿਆਦਾਤਰ ਕਮਾਂਡਰ ਪਾਕਿਸਤਾਨ ਦੇ ਦੇਵਬੰਦੀ ਮਦਰੱਸਿਆਂ ’ਚੋਂ ਹੀ ਨਿਕਲੇ ਹਨ। ਪਾਕਿ ਖ਼ੁਫ਼ੀਆ ਏਜੰਸੀ ਆਈਐੱਸਆਈ ਤਾਲਿਬਾਨ ਜੰਗਜੂਆਂ ਨੂੰ ਅਤਿ-ਆਧੁਨਿਕ ਹਥਿਆਰ ਅਤੇ ਵਿਸ਼ੇਸ਼ ਕੈਂਪਾਂ ਵਿਚ ਸਿਖਲਾਈ ਦਿੰਦੀ ਹੈ। ਦੋ ਕੁ ਦਹਾਕੇ ਪਹਿਲਾਂ ਅਮਰੀਕੀ ਹਮਲੇ ਦੌਰਾਨ ਜ਼ਿਆਦਾਤਰ ਤਾਲਿਬਾਨ ਕਮਾਂਡਰ ਭੱਜ ਕੇ ਪਾਕਿਸਤਾਨ ਵਿਚ ਆ ਗਏ ਸਨ। ਤਾਲਿਬਾਨ ਦੀ ਸਿਖਰਲੀ ਕਮੇਟੀ ‘ਸ਼ੂਰਾ’ ਕੋਇਟੇ ਤੋਂ ਸੰਚਾਲਿਤ ਹੁੰਦੀ ਹੈ। ਅਫ਼ਗਾਨਿਸਤਾਨ ਦੇ 350 ਜ਼ਿਲ੍ਹਿਆਂ ’ਚੋਂ 76 ’ਤੇ ਤਾਲਿਬਾਨ ਦਾ ਕਬਜ਼ਾ ਹੈ। ਸਿਰਫ਼ 127 ਜ਼ਿਲੇ੍ਹ ਚੁਣੀ ਹੋਈ ਗਨੀ ਸਰਕਾਰ ਕੋਲ ਹਨ। ਬਾਕੀ ਬਚੇ ਜ਼ਿਲ੍ਹਿਆਂ ਲਈ ਅਫ਼ਗਾਨ ਸੈਨਾ ਤੇ ਤਾਲਿਬਾਨ ਵਿਚਾਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਅਫ਼ਗਾਨ ਸੈਨਾ ਯਕੀਨਨ ਕਮਜ਼ੋਰ ਪੈ ਜਾਵੇਗੀ। ਪਾਕਿ ਦਾ ਇਰਾਦਾ ਹੈ ਕਿ ਉਹ ਕਾਬੁਲ ’ਚ ਮਜ਼ਬੂਤ ਹੋ ਰਹੇ ਭਾਰਤ ਨੂੰ ਉੱਥੋਂ ਪੂਰੀ ਤਰ੍ਹਾਂ ਕੱਢ ਦੇਵੇ।

ਰੂਸ ਨੇ ਤਿੰਨ ਦਹਾਕੇ ਪਹਿਲਾਂ ਅਫ਼ਗਾਨਿਸਤਾਨ ਦੇ ਖਣਿਜ ਸਰੋਤਾਂ ਤਾਂਬੇ, ਲੋਹੇ ਤੇ ਲਿਥੀਅਨ ’ਤੇ ਨਜ਼ਰਾਂ ਗੱਡੀਆਂ ਹੋਈਆਂ ਸਨ। ਭਾਵੇਂ ਰੂਸ ਨੂੰ ਅਫ਼ਗਾਨਿਸਤਾਨ ’ਚੋਂ ਨਿਕਲਿਆਂ 3 ਦਹਾਕੇ ਹੋ ਗਏ ਹਨ ਪਰ ਪਾਕਿਸਤਾਨ ਜਾਣਦਾ ਹੈ ਕਿ ਅਜੇ ਵੀ ਉੱਥੇ ਰੂਸ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਮਜ਼ਬੂਤ ਮੌਜੂਦਗੀ ਹੈ। ਮੱਧ ਏਸ਼ੀਆ ਦੇ ਅਫ਼ਗਾਨਿਸਤਾਨ ਨਾਲ ਲੱਗਣ ਵਾਲੇ ਦੇਸ਼ਾਂ ਵਿਚ ਰੂਸ ਦਾ ਦਖ਼ਲ ਹੈ। ਹਾਲ ਹੀ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਆਪਣੇ ਇਸਲਾਮਾਬਾਦ ਦੌਰੇ ਦੌਰਾਨ ਪਾਕਿ ਹੁਕਮਰਾਨਾਂ ਨਾਲ ਅਫ਼ਗਾਨਿਸਤਾਨ ਦੇ ਭਵਿੱਖ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਪਾਕਿ ਰੂਸ ਨਾਲ ਤਾਲਮੇਲ ਬਣਾ ਕੇ ਅਫ਼ਗਾਨਿਸਤਾਨ ਵਿਚ ਆਪਣੇ ਹਿੱਤਾਂ ਦੀ ਰਾਖੀ ਕਰਨ ਦੀ ਕੋਸ਼ਿਸ਼ ਵਿਚ ਹੈ। ਭਾਵੇਂ ਇਹ ਕੰਮ ਆਸਾਨ ਨਹੀਂ ਕਿਉਂਕਿ ਉੱਥੇ ਤਾਲਿਬਾਨ ਦੀ ਮੌਜੂਦਗੀ ਲਈ ਤਿੰਨ ਸ਼ਕਤੀਸ਼ਾਲੀ ਜਨਜਾਤੀਆਂ ਤਾਜਿਕ, ਹਜ਼ਾਰਾ ਤੇ ਉਜ਼ਬੇਕ ਵੱਡੀ ਚੁਣੌਤੀ ਹਨ। ਫਿਰ ਅਫ਼ਗਾਨ ਫ਼ੌਜ ਵਿਚ ਵੀ ਇਨ੍ਹਾਂ ਜਨਜਾਤੀਆਂ ਦੀ ਖਾਸੀ ਤਾਦਾਦ ਹੈ। ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਜਦੋਂ ਤਾਲਿਬਾਨ ਹਮਲਾਵਰ ਹੋਵੇਗਾ ਤਾਂ ਅਫ਼ਗਾਨਿਸਤਾਨ ’ਚ ਖਾਨਾਜੰਗੀ ਭੜਕੇਗੀ ਤੇ ਅਫ਼ਗਾਨ ਸ਼ਰਨਾਰਥੀਆਂ ਦੀਆਂ ਭੀੜਾਂ ਪਾਕਿਸਤਾਨ ਦੇ ਸਰਹੱਦੀ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿਚ ਪੁੱਜਣਗੀਆਂ ਜਿੱਥੇ ਪਹਿਲਾਂ ਹੀ 14 ਲੱਖ ਤੋਂ ਜ਼ਿਆਦਾ ਸ਼ਰਨਾਰਥੀ ਹਨ।

ਵੱਡਾ ਸਵਾਲ ਇਹ ਹੈ ਕਿ ਕੀ ਤਾਲਿਬਾਨ ਪਾਕਿਸਤਾਨ ਦੇ ਇਸ਼ਾਰੇ ’ਤੇ ਚੱਲਣਗੇ? ਤਾਲਿਬਾਨ ਨੇ ਪਿਛਲੇ ਕੁਝ ਸਾਲਾਂ ’ਚ ਰੂਸ ਅਤੇ ਈਰਾਨ ਨਾਲ ਆਪਣੇ ਸਬੰਧ ਵਿਕਸਤ ਕਰ ਲਏ ਹਨ। ਈਰਾਨ ਤਾਲਿਬਾਨ ਨੂੰ ਹਥਿਆਰ ਅਤੇ ਸਿਖਲਾਈ ਤਾਂ ਦਿੰਦਾ ਹੀ ਹੈ ਪਰ ਉਨ੍ਹਾਂ ਦੇ ਡੂੰਘੇ ਸਬੰਧਾਂ ਦਾ ਪਤਾ ਉਸ ਵੇਲੇ ਲੱਗਾ ਸੀ ਜਦੋਂ ਮਈ 2016 ਵਿਚ ਈਰਾਨ ਤੋਂ ਪਾਕਿਸਤਾਨ ਪਰਤਦਾ ਤਾਲਿਬਾਨ ਕਮਾਂਡਰ ਮੁੱਲਾ ਮਨਸੂਰ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ। ਪਿਛਲੇ ਸਾਲ ਜਨਵਰੀ ’ਚ ਅਮਰੀਕੀ ਹਮਲੇ ’ਚ ਮਾਰੇ ਗਏ ਈਰਾਨੀ ਫ਼ੌਜ ਦੇ ਕਮਾਂਡਰ ਕਾਸਿਮ ਸੁਲੇਮਾਨੀ ਅਤੇ ਤਾਲਿਬਾਨ ਵਿਚਕਾਰ ਗਹਿਰੇ ਸਬੰਧ ਸਨ। ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ਨੂੰ ਲੈ ਕੇ ਈਰਾਨ ਕੀ ਰੁਖ਼ ਅਪਣਾਉਂਦਾ ਹੈ, ਇਸ ’ਤੇ ਨਜ਼ਰਾਂ ਟਿਕੀਆਂ ਰਹਿਣਗੀਆਂ। ਪਾਕਿਸਤਾਨ ਦੀ ਸਰਹੱਦ ਈਰਾਨ ਨਾਲ ਲੱਗਦੀ ਹੈ। ਉੱਥੋਂ ਇੱਕੋ-ਇਕ ਮਹੱਤਵਪੂਰਨ ਵਪਾਰਕ ਰਸਤਾ ਪਾਕਿਸਤਾਨ ਦੇ ਕਰਾਚੀ ਤੋਂ ਕੋਇਟਾ, ਕੰਧਾਰ, ਹੈਰਾਤ ਹੁੰਦਾ ਹੋਇਆ ਤੁਰਕਮੀਨਸਤਾਨ ਵਿਚ ਜਾ ਨਿਕਲਦਾ ਹੈ ਜਿੱਥੋਂ ਅੱਗੇ ਮੱਧ ਏਸ਼ੀਆ ਦੇ ਦੇਸ਼ਾਂ ਤਕ ਜਾਂਦਾ ਹੈ। ਤਾਲਿਬਾਨ ਦੇ ਸ਼ਾਸਨਕਾਲ ਦੌਰਾਨ ਪਾਕਿਸਤਾਨ ਨੇ ਇਸ ਲਾਂਘੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਈਰਾਨ ਨੇ ਉਸ ਦੀ ਯੋਜਨਾ ਨਾਕਾਮ ਕਰ ਦਿੱਤੀ ਸੀ। ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਇਕ ਹੋਰ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ ਕਿਉਕਿ ਤਾਲਿਬਾਨ ਦਾ ਪ੍ਰਭਾਵ ਵਧਣ ਕਾਰਨ ਅਫੀਮ ਦੀ ਖੇਤੀ ਵਧੇਗੀ। ਤਾਲਿਬਾਨ ਆਪਣੀ ਆਮਦਨ ਦਾ 60% ਅਫੀਮ ਤੋਂ ਪ੍ਰਾਪਤ ਕਰਦਾ ਹੈ। ਅਫੀਮ ਦੇ ਕਾਰੋਬਾਰ ਵਿਚ ਦੁਨੀਆ ਭਰ ’ਚ ਅਫ਼ਗਾਨਿਸਤਾਨ ਦੀ 90% ਹਿੱਸੇਦਾਰੀ ਹੈ। ਤੀਹ ਲੱਖ ਅਫ਼ਗਾਨੀ ਅਫੀਮ ਦੀ ਖੇਤੀ ਨਾਲ ਜੁੜੇ ਹੋਏ ਹਨ ਅਤੇ 6 ਲੱਖ ਲੋਕਾਂ ਨੂੰ ਇਹ ਰੁਜ਼ਗਾਰ ਮੁਹੱਈਆ ਕਰਵਾਉਂਦੀ ਹੈ।

ਜਿੱਥੋਂ ਤਕ ਭਾਰਤ ਦੀ ਗੱਲ ਹੈ, ਉਸ ਨੂੰ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਹੋਵੇਗੀ ਕਿਉਂਕਿ ਕਾਬਲ ਵਿਚ 20 ਸਾਲਾਂ ਤਕ ਕਰਜ਼ਈ ਅਤੇ ਗਨੀ ਨਾਲ ਉਸ ਦੇ ਗੂੜੇ੍ਹ ਸਬੰਧਾਂ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਕਸ਼ਮੀਰ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਦੇ ਕੋਲ ਵੀ ਇਸ ਵਿਸ਼ੇ ’ਤੇ ਚਿੰਤਤ ਹੋਣ ਦੇ ਕਈ ਕਾਰਨ ਹਨ। ਇਨ੍ਹਾਂ ਹਾਲਤਾਂ ’ਚ ਉਸ ਨੂੰ ਪਾਕਿਸਤਾਨ, ਈਰਾਨ ਅਤੇ ਹੋਰਨਾਂ ਖੇਤਰਾਂ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਕ ਬਹੁਤ ਹੀ ਸਰਗਰਮ ਰਣਨੀਤਕ ਭੂਮਿਕਾ ਨਿਭਾਉਣੀ ਹੋਵੇਗੀ। ਅਫ਼ਗਾਨਿਸਤਾਨ ਦੇ ਵਿਕਾਸ ਕਾਰਜਾਂ ਵਿਚ ਵੀ ਭਾਰਤ ਦਾ ਵੱਡਾ ਯੋਗਦਾਨ ਹੈ। ਉਹ ਉਸ ਨੂੰ ਭਰਵੀਂ ਵਿੱਤੀ ਮਦਦ ਵੀ ਦੇ ਰਿਹਾ ਹੈ। ਉਸ ਦੀ ਸੰਸਦ ਭਵਨ ਦੇ ਨਿਰਮਾਣ ਲਈ ਉਹ ਵੱਡੀ ਰਕਮ ਖ਼ਰਚ ਰਿਹਾ ਹੈ। ਅਜਿਹੇ ’ਚ ਜੇਕਰ ਅਮਰੀਕੀ ਫ਼ੌਜ ਅਫ਼ਗਾਨਿਸਤਾਨ ਨੂੰ ਅਲਵਿਦਾ ਕਹਿੰਦੀ ਹੈ ਤਾਂ ਭਾਰਤ ਦੇ ਹਿੱਤਾਂ ਨੂੰ ਵੱਡੀ ਢਾਅ ਲੱਗ ਸਕਦੀ ਹੈ। ਹੋਰ ਚੁਣੌਤੀਆਂ ਦੇ ਨਾਲ-ਨਾਲ ਉਸ ਲਈ ਅਫ਼ਗਾਨਿਸਤਾਨ ’ਚ ਸ਼ਾਂਤੀ ਵਾਰਤਾ ਦੀ ਸ਼ੁਰੂਆਤ ਅਤੇ ਅਮਨ-ਸ਼ਾਂਤੀ ਬਹਾਲ ਕਰਨਾ ਮੁੱਖ ਚੁਣੌਤੀਆਂ ਹਨ।

-ਮੋਬਾਈਲ ਨੰ. : 98140-82217

Posted By: Sunil Thapa