ਧਰਤੀ ਨੂੰ ਜ਼ਿੰਦਗੀ ਦਾ ਧਰਮ ਆਖਿਆ ਜਾ ਸਕਦਾ ਹੈ। ਧਰਤੀ ਅਤੇ ਜ਼ਿੰਦਗੀ ਦੇ ਆਪੇ 'ਚੋਂ ਪੈਦਾ ਹੋਈ ਵਾਰਤਾ ਦੀ ਸੋਹਣੀ ਕਹਾਣੀ ਵਾਲੀ ਆਵਾਜ਼ ਦੇ ਅਰਥਾਂ ਨੂੰ ਸਮਝਾਉਣ ਤੇ ਸਮਝਣ ਵਾਲੀ ਭਾਵਨਾ ਨੂੰ ਸਨੇਹ ਦਾ ਰੁਤਬਾ ਪ੍ਰਾਪਤ ਹੁੰਦਾ ਰਹਿੰਦਾ ਹੈ। ਜਦੋਂ ਕਦੇ ਸਨੇਹ ਦੀ ਭਾਵਨਾ ਸ਼ਾਂਤ ਭਾਵ ਨਾਲ ਮਹਿਕਦੀ ਅਤੇ ਟਹਿਕਦੀ ਹੈ ਤਦ ਸੁਗੰਧਮਈ ਵਾਤਾਵਰਨ ਦੇ ਬੋਲਾਂ ਦੀ ਬਾਣੀ ਕਵਿਤਾ ਵਾਂਗ ਬਹੁਤ ਸਾਰਾ ਕੁਝ ਕਹਿ ਕੇ ਵੀ ਅਕੱਥ ਦੇ ਅੰਗ-ਸੰਗ ਤੁਰਦੀ ਰਹਿੰਦੀ ਹੈ। ਕੱਥ ਵਿਚ ਭੌਤਿਕਤਾ ਤੇ ਅਕੱਥ ਵਿਚ ਭਾਵਨਾਤਮਿਕਤਾ ਹੁੰਦੀ ਹੈ। ਇਸ ਤਰ੍ਹਾਂ ਦੇ ਅੰਤਰ ਦੀ ਜਾਣਕਾਰੀ ਲਈ ਗਿਆਨਸ਼ੀਲ-ਜਜ਼ਬਿਆਂ ਦੀ ਨਿਰਮਲਤਾ ਨੂੰ ਅਪਣਾਉਣਾ ਪੈਂਦਾ ਹੈ। ਤਿਆਗ, ਤਪੱਸਿਆ, ਸੰਜਮ, ਸਾਦਗੀ, ਸਪੱਸ਼ਟਤਾ, ਸਹਿਜਤਾ, ਸਰਲਤਾ ਤੇ ਸਨੇਹ ਦੇ ਨਾਲ-ਨਾਲ ਸੁੰਦਰਤਾ ਨੂੰ ਜਜ਼ਬਿਆਂ ਦੀ ਨਿਰਮਲਤਾ ਕਿਹਾ ਜਾ ਸਕਦਾ ਹੈ। ਜਜ਼ਬਿਆਂ 'ਚੋਂ ਸਨੇਹ ਅਤੇ ਸਨੇਹ ਦੀ ਪਵਿੱਤਰਤਾ 'ਚੋਂ ਪਿਆਰ ਦੀ ਕਰੂੰਬਲ ਪੈਦਾ ਹੁੰਦੀ ਹੈ। ਪਿਆਰ ਵਿਗੁੱਤਾ ਆਪਾ ਹੀ ਸੁਨੇਹ ਵਾਂਗ ਜਿਊਂਦਾ ਹੋਇਆ ਸਨੇਹਮਈ ਸਥਿਤੀਆਂ ਵਾਲੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਸਮਾਜਿਕ-ਸਿਰਜਣਾ ਦੀ ਮੌਲਿਕਤਾ ਦਾ ਮੂਲਮੰਤਰ ਹੁੰਦਾ ਹੈ ਸਨੇਹ। ਮੁੱਢ ਕਦੀਮ ਤੋਂ ਹੀ ਬਹੁਤ ਸਾਰੀਆਂ ਸਿਆਸੀ ਸ਼ਖ਼ਸੀਅਤਾਂ ਨਿੱਜਵਾਦ ਨੂੰ ਅਪਣਾਉਂਦਿਆਂ ਹੋਇਆਂ ਸਮਾਜਿਕ ਸੰਦਰਭ ਨੂੰ ਅਣਡਿੱਠ ਕਰ ਕੇ ਆਪਣੇ ਆਪੇ ਦੇ ਆਲੇ-ਦੁਆਲੇ ਹੀ ਚਕਰਾਉਂਦੀਆਂ ਰਹੀਆਂ ਹਨ। ਇੰਜ ਸਨੇਹਹੀਣ-ਮਨਸੂਬਿਆਂ ਕਾਰਨ ਸਮਾਜਿਕ ਔਕੜਾਂ ਨੂੰ ਮਿਟਾਉਣ ਲਈ ਆਰਥਿਕ ਪ੍ਰਬੰਧ ਅਧੂਰੇ ਬਣੇ ਰਹਿੰਦੇ ਹਨ। ਆਰਥਿਕ ਪ੍ਰਬੰਧ ਦੇ ਅਧੂਰੇਪਣ 'ਚੋਂ ਗ਼ਰੀਬੀ ਪੈਦਾ ਹੁੰਦੀ ਹੈ। ਗ਼ੁਰਬਤ ਕਾਰਨ ਜ਼ਿੰਦਗੀ ਵਿਚਲੀ ਰੌਣਕ ਗੁਆਚਦੀ ਰਹਿੰਦੀ ਹੈ। ਮਨੁੱਖ ਦੇ ਆਪੇ 'ਚੋਂ ਗੁਆਚੀ ਰੌਣਕ ਦਾ ਗ਼ਮ ਜ਼ਿੰਦਗੀ ਦੀਆਂ ਸਦਾਚਾਰਕ ਕੀਮਤਾਂ ਨੂੰ ਭੁਲਾ ਬੈਠਦਾ ਹੈ। ਇਸ ਕਾਰਨ ਸਨੇਹ ਸਮਾਪਤ ਹੋਣ ਲੱਗ ਪੈਂਦਾ ਹੈ। ਸਨੇਹ ਨੂੰ ਸਦਾਚਾਰਕ ਉਤਪਤੀ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ। ਹਰ ਕਿਸਮ ਦਾ ਸਾਮੰਤਵਾਦੀ ਵਿਹਾਰ ਸਦਾਚਾਰ ਦੇ ਉਲਟ ਹੁੰਦਾ ਹੈ। ਸਿਆਣਪ ਨੂੰ ਸਿਆਸਤ ਦੀ ਆਬਰੂ ਕਿਹਾ ਜਾ ਸਕਦਾ ਹੈ। ਨਾਸਮਝੀ ਵਾਲੀ ਸਿਆਸਤ ਖ਼ੁਦ ਹੀ ਬੇਇੱਜ਼ਤ ਨਹੀਂ ਹੁੰਦੀ ਸਗੋਂ ਸਮਾਜਿਕ ਸਿਲਸਿਲਿਆਂ ਨੂੰ ਵੀ ਬੇਇੱਜ਼ਤ ਕਰਦੀ ਹੈ। ਇਸ ਲਈ ਸਿਆਸੀ ਪੁਰਸ਼ ਲਈ ਨੀਤੀਵੇਤਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ।

ਓਮ ਪ੍ਰਕਾਸ਼ ਗਾਸੋ

94635-61123

Posted By: Sarabjeet Kaur