ਵਿਅਕਤੀ ਦੇ ਧੁਰ ਅੰਦਰੋਂ ਪ੍ਰਾਪਤ ਹੋਣ ਵਾਲੀ ਸ਼ਕਤੀ ਦਾ ਸਿੱਧਾ ਸਬੰਧ ਉਸ ਦੇ ਦ੍ਰਿਸ਼ਟੀਕੋਣ ਨਾਲ ਹੁੰਦਾ ਹੈ। ਦ੍ਰਿਸ਼ਟੀਕੋਣ ਜੇ ਸੇਵਾ ਧਰਮ ਵੱਲ ਝੁਕ ਜਾਂਦਾ ਹੈ ਤਾਂ ਇਸ ਨਾਲ ਧੁਰ ਅੰਦਰੋਂ ਅਸਾਧਾਰਨ ਸ਼ਕਤੀ ਪ੍ਰਾਪਤ ਹੁੰਦੀ ਹੈ। ਜੋ ਵਿਅਕਤੀ ਸੇਵਾ, ਧਰਮ ਨੂੰ ਅੱਗੇ ਰੱਖ ਲੈਂਦਾ ਹੈ, ਉਸ ਦੇ ਦਿਲੋ-ਦਿਮਾਗ ਤੋਂ ਹੰਕਾਰ ਦਾ ਭਾਵ ਮਿਟਣ ਲੱਗਦਾ ਹੈ। ਦਿਮਾਗ ਵਿਚ ਜਿਵੇਂ-ਜਿਵੇਂ ਇਸ ਊਰਜਾ ਦਾ ਵਾਧਾ ਹੁੰਦਾ ਹੈ, ਤਿਵੇਂ-ਤਿਵੇਂ ਜੀਵਨ ਵਿਚ ਖ਼ੁਸ਼ੀਆਂ-ਖੇੜੇ ਵਧਦੇ ਜਾਂਦੇ ਹਨ। ਛਲਾਵਾ-ਕਪਟ, ਦੁਸ਼ਟਤਾ ਨਾ ਸਿਰਫ਼ ਮਾਨਸਿਕ ਰੋਗਾਂ ਨੂੰ ਉਤਪੰਨ ਕਰਦੇ ਹਨ ਸਗੋਂ ਇਨ੍ਹਾਂ ਨੂੰ ਵਧਾਉਂਦੇ ਵੀ ਰਹਿੰਦੇ ਹਨ ਜਿਸ ਕਾਰਨ ਜੀਵਨ ਵਿਚ ਅਸ਼ਾਂਤੀ, ਉਥਲ-ਪੁਥਲ ਆਦਿ ਪੈਦਾ ਹੋ ਜਾਂਦੀ ਹੈ। ਹਰੇਕ ਮਨੁੱਖੀ ਸਰੀਰ ਵਿਚ ਰੂਹਾਨੀ ਅੰਮ੍ਰਿਤ ਲੁਕਿਆ ਰਹਿੰਦਾ ਹੈ ਜਿਸ ਦਾ ਸਿੱਧਾ ਸਬੰਧ ਪਰਮਾਰਥ ਨਾਲ ਹੁੰਦਾ ਹੈ। ਪਰਮਾਰਥ ਤੋਂ ਪ੍ਰਾਪਤ ਤਾਕਤ ਇਸ ਲੁਕੇ ਹੋਏ ਅੰਮ੍ਰਿਤ ਨੂੰ ਡੂੰਘਾਈਆਂ ਤੋਂ ਕੱਢ ਕੇ ਜੀਵਨ ਦੇ ਧਰਾਤਲ 'ਤੇ ਲੈ ਆਉਂਦੀ ਹੈ ਜੋ ਭੌਤਿਕ ਜੀਵਨ ਨੂੰ ਅੰਮ੍ਰਿਤਮਈ ਕਰ ਦਿੰਦਾ ਹੈ। ਜੋ ਲੋਕ ਸਵਾਰਥ ਵਿਚ ਫਸੇ ਰਹਿੰਦੇ ਹਨ ਉਨ੍ਹਾਂ ਨੂੰ ਇਸ ਅੰਮ੍ਰਿਤ ਦੀ ਮਹਿਕ ਨਹੀਂ ਮਿਲ ਪਾਉਂਦੀ ਕਿਉਂਕਿ ਇਹ ਅੰਮ੍ਰਿਤ ਸਰੀਰ ਦੀਆਂ ਗਹਿਰਾਈਆਂ ਵਿਚ ਰਹਿਣ ਦੇ ਬਾਵਜੂਦ ਸਰੀਰ ਦੇ ਧਰਾਤਲ ਤਕ ਨਹੀਂ ਆ ਪਾਉਂਦਾ। ਅਜਿਹਾ ਇਸ ਲਈ ਕਿਉਂਕਿ ਗਹਿਰਾਈਆਂ ਤੋਂ ਇਸ ਨੂੰ ਪਿਘਲਾ ਕੇ ਲਿਆਉਣ ਵਾਲੇ ਦਿਮਾਗ ਦੀਆਂ ਤਰੰਗਾਂ ਇਨ੍ਹਾਂ ਲੋਕਾਂ ਵਿਚ ਵਿਕਸਤ ਹੀ ਨਹੀਂ ਹੋ ਪਾਉਂਦੀਆਂ। ਵੱਖ-ਵੱਖ ਧਰਮ ਗ੍ਰੰਥਾਂ ਵਿਚ ਵੀ ਕਿਹਾ ਗਿਆ ਹੈ ਕਿ ਜੋ ਵਿਅਕਤੀ ਸਿਰਫ਼ ਆਪਣੇ ਸੁੱਖ ਦਾ ਧਿਆਨ ਰੱਖਦੇ ਹਨ, ਦੂਜਿਆਂ ਦੇ ਹਿੱਤ ਦੀ ਪ੍ਰਵਾਹ ਨਹੀਂ ਕਰਦੇ, ਉਹ ਵੱਡੀਆਂ ਮੁਸੀਬਤਾਂ ਵਿਚ ਫਸੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਕੋਲ ਧਨ-ਦੌਲਤ, ਜ਼ਮੀਨ-ਜਾਇਦਾਦ ਹੋਣ ਦੇ ਬਾਵਜੂਦ ਉਨ੍ਹਾਂ ਦੇ ਜੀਵਨ 'ਚ ਅੰਧਕਾਰ ਭਰਿਆ ਰਹਿੰਦਾ ਹੈ। ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਰਹਿੰਦੇ ਹਨ। ਪਿਆਰ ਹਾਸਲ ਕਰਨ ਲਈ ਅਜਿਹੇ ਲੋਕ ਤੜਫਦੇ ਰਹਿੰਦੇ ਹਨ। ਭਾਵੇਂ ਅਜਿਹੇ ਲੋਕ ਜਿੰਨੀ ਮਰਜ਼ੀ ਧਨ-ਦੌਲਤ ਇਕੱਠੀ ਕਰ ਲੈਣ ਪਰ ਉਹ ਰੱਬੀ ਦ੍ਰਿਸ਼ਣੀਕੋਣ ਤੋਂ ਸਦਾ ਘਾਟੇ ਵਿਚ ਰਹਿੰਦੇ ਹਨ। ਇਨ੍ਹਾਂ ਦੀ ਸਾਰੀ ਮਾਨਸਿਕ ਸੁੱਖ-ਸ਼ਾਂਤੀ ਨਸ਼ਟ-ਭ੍ਰਿਸ਼ਟ ਹੋ ਜਾਂਦੀ ਹੈ। ਇਸ ਦੇ ਉਲਟ ਜੋ ਵਿਅਕਤੀ ਪਰਮਾਰਥ, ਸੇਵਾ, ਤਿਆਗ ਅਤੇ ਨਿਰਸਵਾਰਥ ਪ੍ਰੇਮ ਨੂੰ ਜੀਵਨ ਦੀ ਮੁੱਖ ਨੀਤੀ ਬਣਾ ਕੇ ਜ਼ਿੰਦਗੀ ਗੁਜ਼ਾਰਦੇ ਹਨ, ਉਹ ਜੀਵਨ ਦੇ ਆਨੰਦ ਦਾ ਬਾਖੂਬੀ ਅਹਿਸਾਸ ਕਰਦੇ ਰਹਿੰਦੇ ਹਨ। ਅਜਿਹੇ ਲੋਕਾਂ ਦੇ ਸੱਚੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ।

-ਵੀਕੇ ਜਾਇਸਵਾਲ।

Posted By: Sukhdev Singh