-ਸੌਰਭ ਕਪੂਰ

ਭਾਰਤ ਦੁਨੀਆ ਦਾ ਸਭ ਤੋਂ ਵੱਧ ਯੁਵਾ ਵਰਗ ਵਾਲਾ ਦੇਸ਼ ਹੈ। ਇਸ ਨੂੰ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ-ਵਿਵਸਥਾ ਦਾ ਤਗਮਾ ਵੀ ਹਾਸਲ ਹੈ। ਵਿਗਿਆਨ ਅਤੇ ਤਕਨੀਕ ਵਿਚ ਕਮਾਲ ਕਰਦੇ ਵਿਗਿਆਨੀ, ਖੇਡਾਂ ਦੀ ਦੁਨੀਆ ’ਚ ਵੱਧਦੇ ਕਦਮ, ਇਹੀ ਹੈ ਅੱਜ ਦੇ ਭਾਰਤ ਦੀ ਪਛਾਣ ਅਤੇ ਇਸ ਪਛਾਣ ਦਾ ਸਿਹਰਾ ਜਾਂਦਾ ਹੈ ਦੇਸ਼ ਦੇ ਨੌਜਵਾਨ ਵਰਗ ਨੂੰ।

ਅੱਜ 12 ਜਨਵਰੀ ਨੂੰ ਸਭ ਥਾਵਾਂ ’ਤੇ ਵਿਵੇਕਾਨੰਦ ਜੈਅੰਤੀ ਅਤੇ ਯੁਵਾ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਦੇ ਸਬੰਧ ਵਿਚ ਦੇਖਣਾ ਹੋਵੇਗਾ ਕਿ ਅੱਜ ਦੇ ਨੌਜਵਾਨ ਵਰਗ ਦੀ ਦਸ਼ਾ ਤੇ ਦਿਸ਼ਾ ਕੀ ਹੋਣੀ ਚਾਹੀਦੀ ਹੈ, ਉਸ ਨੂੰ ਦੇਸ਼ ਲਈ ਕੀ ਕਰਨਾ ਚਾਹੀਦਾ ਹੈ।

ਸਵਾਮੀ ਵਿਵੇਕਾਨੰਦ ਦਾ ਜਨਮ 12 ਜਨਵਰੀ 1863 ਨੂੰ ਕਲਕੱਤਾ ਵਿਖੇ ਹੋਇਆ ਸੀ। ਉਸ ਵੇਲੇ 1857 ਦੇ ਆਜ਼ਾਦੀ ਅੰਦੋਲਨ ਦੀ ਅਸਫਲਤਾ ਕਾਰਨ ਪੂਰਾ ਦੇਸ਼ ਨਿਰਾਸ਼ਾ ’ਚ ਡੁੱਬਿਆ ਹੋਇਆ ਸੀ। ਅੱਧੀ ਦੁਨੀਆ ’ਤੇ ਰਾਜ ਕਰਨ ਵਾਲੇ ਅੰਗਰੇਜ਼ਾਂ ਦਾ ਦਮਨ ਭਰਿਆ ਸਖ਼ਤ ਸ਼ਾਸਨ ਤੇ ਈਸਾਈ ਮਿਸ਼ਨਰੀਆਂ ਦੇ ਜ਼ਬਰਦਸਤ ਪ੍ਰਚਾਰ ਕਾਰਨ ਉਸ ਸਮੇਂ ਲੋਕਾਂ ਵਿਚ ਭਾਰੀ ਨਿਰਾਸ਼ਾ ਸੀ।

ਪੂਰੀ ਦੁਨੀਆ ਵਿਚ ਈਸਾਈ ਮਿਸ਼ਨਰੀਆਂ ਨੇ ਇਹ ਪ੍ਰਚਾਰ ਕੀਤਾ ਕਿ ਭਾਰਤ ਇਕ ਪੱਛੜਿਆ ਅਤੇ ਅਨਪੜ੍ਹ ਲੋਕਾਂ ਦਾ ਦੇਸ਼ ਹੈ। ਵੇਦ ਆਜੜੀਆਂ ਦੇ ਗੀਤ ਹਨ।

ਅਜਿਹੇ ਕੂੜ-ਪ੍ਰਚਾਰ ਕਾਰਨ ਉਹ ਸੇਵਾ ਦੇ ਨਾਂ ’ਤੇ ਵਿਦੇਸ਼ਾਂ ਤੋਂ ਧਨ ਇਕੱਠਾ ਕਰਦੇ ਸਨ ਅਤੇ ਭਾਰਤ ’ਚ ਈਸਾਈ ਧਰਮ ਨੂੰ ਫੈਲਾਉਂਦੇ ਸਨ। ਸੰਨ 1893 ਵਿਚ ਸ਼ਿਕਾਗੋ ਵਿਖੇ ਵਿਸ਼ਵ ਧਰਮ ਸੰਮੇਲਨ ਦੇ ਮੰਚ ਤੋਂ ਜਦੋਂ ਭਾਰਤ ਦੇ ਨੌਜਵਾਨ ਸੰਨਿਆਸੀ ਸਵਾਮੀ ਵਿਵੇਕਾਨੰਦ ਨੇ ਵੇਦਾਂਤ ਅਤੇ ਭਾਰਤੀ ਦਰਸ਼ਨ ਦੀ ਮਹਾਨਤਾ ਦੱਸੀ ਤਾਂ ਪੂਰਾ ਵਿਸਸ਼ਵ ਹੈਰਾਨ ਰਹਿ ਗਿਆ।

ਉਨ੍ਹਾਂ ਦੇ ਭਾਸ਼ਣ ਦੇ ਦੂਜੇ ਦਿਨ ਪ੍ਰਸਿੱਧ ਅਖ਼ਬਾਰ ‘ਨਿਊਯਾਰਕ ਹੈਰਾਲਡ’ ਨੇ ਲਿਖਿਆ ਸੀ ‘ਵਿਸ਼ਵ ਧਰਮ ਸੰਮੇਲਨ ’ਚ ਸ਼ਾਮਲ ਹੋਣ ਵਾਲਿਆਂ ’ਚੋਂ ਸਵਾਮੀ ਵਿਵੇਕਾਨੰਦ ਸਭ ਤੋਂ ਮਹਾਨ ਧਾਰਮਿਕ ਨੇਤਾ ਸਨ। ਉਨ੍ਹਾਂ ਦੇ ਭਾਸ਼ਣ ਸੁਣ ਕੇ ਇਹ ਲੱਗਾ ਕਿ ਇੰਨੇ ਮਹਾਨ ਦੇਸ਼ ਵਿਚ ਈਸਾਈ ਮਿਸ਼ਨਰੀ ਭੇਜਣਾ ਕਿੰਨੀ ਮੂਰਖਤਾ ਵਾਲੀ ਗੱਲ ਹੈ।’ ਸਵਾਮੀ ਵਿਵੇਕਾਨੰਦ ਨੇ ਉਸ ਤੋਂ ਬਾਅਦ ਪੂਰੇ ਦੇਸ਼ ਵਿਚ ਘੁੰਮ ਕੇ ਦੇਸ਼ ਭਗਤੀ ਦੀ ਭਾਵਨਾ ਜਗਾਈ ਅਤੇ ਹੀਣ ਭਾਵਨਾ ਨੂੰ ਖ਼ਤਮ ਕੀਤਾ।

ਉਨ੍ਹਾਂ ਨੇ ਨੌਜਵਾਨ ਸ਼ਕਤੀ ਨੂੰ ਲਲਕਾਰਿਆ। ਉਨ੍ਹਾਂ ਸਦਕਾ ਦੇਸ਼ ਹੀਣ-ਭਾਵਨਾ ਅਤੇ ਨਿਰਾਸ਼ਾ ਦੀ ਨੀਂਦ ਤੋਂ ਜਾਗਿਆ ਅਤੇ ਉਸ ਤੋਂ ਬਾਅਦ ਆਜ਼ਾਦੀ ਲਈ ਅੰਦੋਲਨ ਹੋਰ ਪ੍ਰਚੰਡ ਹੋਇਆ ਜਿਸ ਸਦਕਾ ਮੁਲਕ ਨੇ ਆਜ਼ਾਦੀ ਹਾਸਲ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕੀ ਸਵਾਮੀ ਵਿਵੇਕਾਨੰਦ ਅਜਿਹੇ ਨੌਜਵਾਨ ਸਨ ਜਿਨ੍ਹਾਂ ਨੇ ਸੰਤ ਬਣ ਕੇ ਪੂਰੀ ਦੁਨੀਆ ਨੂੰ ਭਾਰਤ ਦੀ ਪਛਾਣ ਕਰਵਾਈ।ਇਸੇ ਕਾਰਨ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ, “ਸਵਾਮੀ ਵਿਵੇਕਾਨੰਦ ਜੀ ਨੇ ਧਰਮ ਨੂੰ ਇਕ ਨਵਾਂ ਅਰਥ ਦਿੱਤਾ।

ਉਨ੍ਹਾਂ ਦੇ ਵਿਚਾਰਾਂ ਨੇ ਨੌਜਵਾਨ ਵਰਗ ’ਤੇ ਅਮਿੱਟ ਛਾਪ ਛੱਡੀ। ਅਸਲ ’ਚ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਸੰਸਥਾਪਕ ਸਵਾਮੀ ਵਿਵੇਕਾਨੰਦ ਸਨ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਕਿਹਾ ਸੀ ਕਿ ਵਿਵੇਕਾਨੰਦ ਪ੍ਰਾਚੀਨ ਅਤੇ ਆਧੁਨਿਕ ਭਾਰਤ ਨੂੰ ਜੋੜਨ ਵਾਲਾ ਵਿਲੱਖਣ ਪੁਲ ਸੀ। ਉਨ੍ਹਾਂ ਨੇ ਪ੍ਰਾਚੀਨ ਨੀਂਹ ’ਤੇ ਨਵ-ਨਿਰਮਾਣ ਦਾ ਮਹੱਤਵਪੂਰਨ ਕੰਮ ਕੀਤਾ।

ਭਾਰਤ ਦੇ ਪ੍ਰਸਿੱਧ ਕਮਿਊਨਿਸਟ ਨੇਤਾ ਹੀਰੇਨ ਮੁਖਰਜੀ ਨੇ ਕਿਹਾ ਸੀ “ਸਵਾਮੀ ਵਿਵੇਕਾਨੰਦ ਇਕ ਅਜਿਹੇ ਸੰਨਿਆਸੀ ਸਨ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦੀ ਦੁਰਦਸ਼ਾ ਉੱਤੇ ਖ਼ੂਨ ਦੇ ਹੰਝੂ ਵਹਾਏ ਸਨ। ਉਨ੍ਹਾਂ ਨੇ ਆਪਣੀ ਮੁਕਤੀ ਲਈ ਆਪਣਾ ਘਰ-ਪਰਿਵਾਰ ਤਿਆਗਿਆ ਪਰ ਉਸੇ ਮੁਕਤੀ ਨੂੰ ਦੇਸ਼ ਵਾਸੀਆਂ ਲਈ ਤਿਆਗ ਦਿੱਤਾ। ਇਹੀ ਕਾਰਨ ਹੈ ਕਿ ਮੇਰੇ ਵਰਗਾ ਨਾਸਤਕ ਵਿਅਕਤੀ ਵੀ ਉਸ ਮਹਾਪੁਰਸ਼ ਅੱਗੇ ਨਤਮਸਤਕ ਹੁੰਦਾ ਹੈ।’’

ਸਵਾਮੀ ਵਿਵੇਕਾਨੰਦ ਨੇ ਸੰਨਿਆਸ ਨੂੰ ਇਕ ਨਵੀਂ ਪਰਿਭਾਸ਼ਾ ਦਿੱਤੀ। ਉਸ ਤੋਂ ਪਹਿਲਾਂ ਸੰਨਿਆਸ ਲੈ ਕੇ ਘਰ-ਬਾਰ ਅਤੇ ਸੰਸਾਰ ਨੂੰ ਛੱਡ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸੰਨਿਆਸ ਦਾ ਅਰਥ ਹੈ ਕਿ ਹੁਣ ਭਾਰਤ ਦਾ ਸੰਨਿਆਸੀ ਆਪਣੇ ਲਈ ਨਹੀਂ, ਸਗੋਂ ਮਾਤਭੂਮੀ ਲਈ, ਸਿਰਫ਼ ਮਨੁੱਖਤਾ ਲਈ ਜੀਵੇਗਾ। ਉਨ੍ਹਾਂ ਕਿਹਾ ਸੀ, “ਮੈਂ ਉਸੇ ਨੂੰ ਮਹਾਤਮਾ ਕਹਿੰਦਾ ਹਾਂ ਜਿਸ ਦਾ ਦਿਲ ਗਰੀਬਾਂ ਲਈ ਰੌਂਦਾ ਹੈ, ਨਹੀਂ ਤਾਂ ਉਹ ਦੁਰਆਤਮਾ ਹੈ।’’ ਦੇਸ਼ ਦੀ ਗਰੀਬੀ, ਭੁੱਖਮਰੀ ਨੂੰ ਵੇਖ ਕੇ ਸਵਾਮੀ ਜੀ ਬਹੁਤ ਦੁਖੀ ਹੁੰਦੇ ਸਨ।

ਉਹ ਇਕ ਇਨਕਲਾਬੀ ਸੰਨਿਆਸੀ ਸਨ। ਇਸ ਲਈ ਭਾਰਤ ਦੀ ਗਰੀਬੀ ਅਤੇ ਉਸ ਪ੍ਰਤੀ ਖ਼ੁਸ਼ਹਾਲ ਲੋਕਾਂ ਦੀ ਬੇਰੁਖੀ ਨੂੰ ਦੇਖ ਕੇ ਉਨ੍ਹਾਂ ਕਿਹਾ ਸੀ, ‘‘ਜੋ ਲੋਕ ਸਾਧਨਾਂ ਨਾਲ ਸੰਪੰਨ ਹੁੰਦੇ ਹਨ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਂਦੇ ਹਨ ਪਰ ਨਾ ਤਾਂ ਦੇਸ਼ ਦੇ ਗਰੀਬਾਂ ਬਾਰੇ ਕੁਝ ਸੋਚਦੇ ਹਨ ਅਤੇ ਨਾ ਹੀ ਕੁਝ ਕਰਦੇ ਹਨ, ਉਹ ਸਭ ਦੇਸ਼ਧ੍ਰੋਹੀ ਹਨ।’’

ਅੱਜ ਵੀ ਭਾਰਤ ਦਾ ਕੋਈ ਵੀ ਮਹਾਪੁਰਸ਼ ਨੇਤਾ ਇੰਨੇ ਸਖ਼ਤ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦਾ। ਸਵਾਮੀ ਵਿਵੇਕਾਨੰਦ ਮਨੁੱਖ ਦੇ ਨਿਰਮਾਣ ’ਤੇ ਬਹੁਤ ਜ਼ੋਰ ਦਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਵਿਅਕਤੀ ਨਿਰਮਾਣ ਅਤੇ ਚਰਿੱਤਰ ਨਿਰਮਾਣ ਸਭ ਤੋਂ ਜ਼ਰੂਰੀ ਹੈ। ਭਾਰਤ ’ਚ ਸਭ ਕੁਝ ਸੀ ਪਰ ਦੇਸ਼-ਭਗਤ ਚੰਗੇ ਮਨੁੱਖਾਂ ਦੀ ਕਮੀ ਕਾਰਨ ਭਾਰਤ ਗੁਲਾਮ ਹੋਇਆ ਅਤੇ ਸਦੀਆਂ ਤਕ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਰਿਹਾ। ਉਨ੍ਹਾਂ ਨੇ ਕਿਹਾ ਸੀ “ਮਨੁੱਖ ਦੀ ਸਿਰਫ਼ ਮਨੁੱਖ ਹੀ ਜ਼ਰੂਰਤ ਹੈ ਅਤੇ ਸਭ ਕੁਝ ਹੋ ਜਾਵੇਗਾ ਪਰ ਲੋੜ ਹੈ ਇਮਾਨਦਾਰ ਨੌਜਵਾਨਾਂ ਦੀ।’’

ਉਹ ਪੂਰਾ ਜੀਵਨ ਇਸੇ ਗੱਲ ’ਤੇ ਜ਼ੋਰ ਦਿੰਦੇ ਰਹੇ। ਇਕ ਦਿਨ ਸਵਾਮੀ ਵਿਵੇਕਾਨੰਦ ਕੋਲ ਇਕ ਨੌਜਵਾਨ ਆਇਆ। ਉਸ ਨੇ ਕਿਹਾ ਮੈਂ ਤੁਹਾਡੇ ਤੋਂ ਗੀਤਾ ਪੜ੍ਹਨੀ ਚਾਹੁੰਦਾ ਹਾਂ। ਸਵਾਮੀ ਜੀ ਨੇ ਯੁਵਕ ਨੂੰ ਧਿਆਨ ਨਾਲ ਵੇਖਿਆ ਅਤੇ ਕਿਹਾ ਕਿ ਛੇ ਮਹੀਨੇ ਹਰ ਰੋਜ਼ ਫੁੱਟਬਾਲ ਖੇਡੋ, ਫਿਰ ਆਓ, ਤਦ ਮੈਂ ਗੀਤਾ ਪੜ੍ਹਾਵਾਂਗਾ।’’ ਨੌਜਵਾਨ ਹੈਰਾਨ ਹੋ ਗਿਆ। ਗੀਤਾ ਵਰਗੇ ਪਵਿੱਤਰ ਗ੍ਰੰਥ ਦੇ ਅਧਿਐਨ ਵਿਚ ਫੁੱਟਬਾਲ ਕਿੱਥੋਂ ਆ ਗਿਆ? ਸਵਾਮੀ ਜੀ ਨੇ ਸਮਝਾਇਆ ਕਿ ਭਗਵਤਗੀਤਾ ਵੀਰਾਂ ਦਾ ਸ਼ਾਸਤਰ ਹੈ। ਇਕ ਸੈਨਾਨੀ ਦੁਆਰਾ ਇਕ ਮਹਾਰਥੀ ਨੂੰ ਦਿੱਤਾ ਗਿਆ ਉਪਦੇਸ਼ ਹੈ।

ਇਸ ਲਈ ਪਹਿਲਾਂ ਸਰੀਰ ਦਾ ਬਲ ਵਧਾਓ। ਸਰੀਰ ਸਿਹਤਮੰਦ ਹੋਵੇਗਾ ਤਾਂ ਸਮਝ ਵੀ ਠੀਕ ਤਰੀਕੇ ਨਾਲ ਆਵੇਗੀ। ਭਾਵ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਸੰਭਾਲਣ ਲਈ ਸਿਹਤਮੰਦ ਤਨ ਤੇ ਮਨ ਚਾਹੀਦਾ ਹੈ। ਸਵਾਮੀ ਵਿਵੇਕਾਨੰਦ ਮੇਰੇ ਜੀਵਨ ਦੇ ਆਦਰਸ਼ ਅਤੇ ਰਾਹ ਦਸੇਰੇ ਰਹੇ ਹਨ।

ਉਨ੍ਹਾਂ ਦੀ 150 ਵੀਂ ਜੈਅੰਤੀ ਤੋਂ ਹੀ ਮੈਨੂੰ ਸਮਾਜ ਵਿਚ ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ ਸੰਗਠਨ ਨਾਲ ਪੂਰੀ ਤਰ੍ਹਾਂ ਜੁੜਨ ਅਤੇ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਉਸ ਤੋਂ ਬਾਅਦ ਹੀ ਮੇਰੇ ਮਨ ਵਿਚ ਇਹ ਵਿਚਾਰ ਆਇਆ ਕਿ ਸਭ ਤੋਂ ਵੱਡਾ ਕੰਮ ਸਵਾਮੀ ਜੀ ਦੇ ਵਿਚਾਰਾਂ ਦਾ ਅੱਜ ਦੇ ਨੌਜਵਾਨ ਵਰਗ ’ਚ ਹੀ ਪ੍ਰਚਾਰ ਕਰਨਾ ਹੈ। ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਭਾਰਤ ਚੌਰਾਹੇ ’ਤੇ ਖੜ੍ਹਾ ਹੈ। ਆਰਥਿਕ ਵਿਕਾਸ ਤਾਂ ਹੋ ਰਿਹਾ ਹੈ ਪਰ ਸਮਾਜਿਕ ਨਿਆਂ ਨਹੀਂ ਹੋ ਰਿਹਾ।

ਵਿਸ਼ਵ ਦੇ ਅਮੀਰ ਦੇਸ਼ਾਂ ਵਿਚ ਭਾਰਤ ਦਾ ਨਾਮ ਹੈ ਪਰ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਭੁੱਖੇ ਲੋਕ ਭਾਰਤ ਵਿਚ ਹਨ। ਦੇਸ਼ ਭਗਤੀ, ਅਨੁਸ਼ਾਸਨ ਅਤੇ ਰਾਸ਼ਟਰੀ ਚਰਿੱਤਰ ਨੂੰ ਵਧਾਉਣ ਦੀ ਲੋੜ ਹੈ। ਅੱਜ ਇਕ ਵਾਰ ਫਿਰ ਸਵਾਮੀ ਜੀ ਦੇ ਸੰਦੇਸ਼ ਨੂੰ ਵਿਵਹਾਰ ’ਚ ਲਿਆਉਣ ਦੀ ਲੋੜ ਹੈ। ਸਵਾਮੀ ਵਿਵੇਕਾਨੰਦ ਸਿਰਫ਼ 39 ਸਾਲ 5 ਮਹੀਨੇ ਅਤੇ 24 ਦਿਨ ਇਸ ਸੰਸਾਰ ਵਿਚ ਰਹੇ ਪਰ ਉਨ੍ਹਾਂ ਦੀ ਦਿਵਿਆ ਜੋਤੀ ਯੁਗਾਂ-ਯੁਗਾਂ ਤਕ ਭਾਰਤ ਦੀ ਰਾਹ ਦਸੇਰੀ ਸਿੱਧ ਹੁੰਦੀ ਰਹੇਗੀ। ਸਵਾਮੀ ਜੀ ਦੇ ਜਨਮ ਦਿਨ ’ਤੇ ਹਰ ਭਾਰਤ ਵਾਸੀ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ।

Posted By: Jagjit Singh